KVK Patiala: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਪਿੰਡ ਅਸਰਪੁਰ ਵਿਖੇ ਮਿਤੀ 25.07.2024 ਨੂੰ ਟਮਾਟਰ ਦੀ ਫਸਲ ਦੀਆਂ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਬਾਰੇ ਕਿਸਾਨ ਵਿਗਿਆਨੀ ਮਿਲਣੀ ਦਾ ਆਯੋਜਨ ਕੀਤਾ ਗਿਆ।
ਇਸ ਮਿਲਣੀ ਵਿਚ ਪਿੰਡ ਅਸਰਪੁਰ, ਜੋਗੀਪੁਰ, ਫਤਿਹਪੁਰ, ਕਰਤਾਰਪੁਰ ਅਤੇ ਪੂਨੀਆਂ ਦੇ ਤਕਰੀਬਨ 80 ਕਿਸਾਨਾਂ ਵੱਲੋਂ ਸ਼ਿਰਕਤ ਕੀਤੀ ਗਈ। ਇਸ ਪ੍ਰੋਗਰਾਮ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੇ ਵਿਗਿਆਨੀਆਂ ਦੇ ਨਾਲ-ਨਾਲ ਪੀ.ਏ.ਯੂ., ਲੁਧਿਆਣਾ ਦੇ ਸਬਜ਼ੀ ਵਿਭਾਗ ਦੇ ਵਿਗਿਆਨੀਆਂ ਨੇ ਉਚੇਚੇ ਤੌਰ ਤੇ ਭਾਗ ਲਿਆ।
ਇਸ ਮੌਕੇ ਬੋਲਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੇ ਇੰਚਾਰਜ ਕਮ ਪ੍ਰੋਫੈਸਰ ਡਾ. ਗੁਰਉਪਦੇਸ਼ ਕੌਰ ਨੇ ਆਏ ਹੋਏ ਕਿਸਾਨਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਕੇ.ਵੀ.ਕੇ. ਦੀਆਂ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਕਿੱਤਾ-ਮੁਖੀ ਸਿਖਲਾਈ ਪ੍ਰੋਗਰਾਮ, ਖੇਤ ਦਿਵਸ ਅਤੇ ਕਿਸਾਨ ਮੇਲਿਆਂ ਆਦਿ ਬਾਰੇ ਜਾਣਕਾਰੀ ਦਿੱਤੀ। ਪੀ.ਏ.ਯੂ. ਤੋਂ ਆਏ ਸਬਜ਼ੀ ਬਰੀਡਰ ਡਾ. ਸ਼ੈਲੇਸ਼ ਜਿੰਦਲ ਨੇ ਕਿਸਾਨਾਂ ਨੂੰ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਟਮਾਟਰ ਦੀਆਂ ਸੁਧਰੀਆਂ ਕਿਸਮਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਅਤੇ ਟਮਾਟਰ ਦੀ ਫ਼ਸਲ ਦੇ ਉਤਪਾਦਨ ਦੀਆਂ ਵਿਗਿਆਨਕ ਸਿਫਾਰਸ਼ਾਂ ਬਾਰੇ ਜਾਣਕਾਰੀ ਦਿੱਤੀ।
ਇਸੇ ਤਰ੍ਹਾਂ ਡਾ. ਅਭਿਸ਼ੇਕ, ਪੌਦਾ ਰੋਗ ਵਿਗਿਆਨੀ (ਸਬਜ਼ੀਆਂ), ਪੀ.ਏ.ਯੂ. ਨੇ ਟਮਾਟਰ ਦੀ ਫਸਲ ਤੇ ਹਮਲਾ ਕਰਨ ਵਾਲੇ ਵਿਸ਼ਾਣੂ ਰੋਗਾਂ ਦੀਆਂ ਨਿਸ਼ਾਨੀਆਂ ਅਤੇ ਸੁਚੱਜੀ ਰੋਕਥਾਮ ਦੀਆਂ ਤਕਨੀਕਾਂ ਬਾਰੇ ਚਾਨਣਾ ਪਾਇਆ। ਡਾ. ਐਚ. ਐਸ. ਭੁੱਲਰ, ਕੀਟ ਵਿਗਿਆਨੀ (ਸਬਜ਼ੀਆਂ) ਨੇ ਟਮਾਟਰ ਦੇ ਹਾਨੀਕਾਰਕ ਕੀੜਿਆਂ ਦੀ ਸਮੇਂ ਸਿਰ ਪਹਿਚਾਣ ਅਤੇ ਇਲਾਜ ਬਾਰੇ ਦੱਸਿਆ।
ਇਸ ਪ੍ਰੋਗਰਾਮ ਵਿਚ ਡਾ. ਰਚਨਾ ਸਿੰਗਲਾ, ਪ੍ਰੋਫੈਸਰ (ਬਾਗਬਾਨੀ) ਨੇ ਟਮਾਟਰ ਦੀ ਸਿਹਤਮੰਦ ਨਰਸਰੀ ਤਿਆਰ ਕਰਨ ਦੇ ਨੁਕਤੇ ਸਾਂਝੇ ਕੀਤੇ। ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ) ਨੇ ਟਮਾਟਰ ਦੀ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਦੇ ਮੁੱਲ ਵਾਧੇ ਵਾਸਤੇ ਵੀ ਉਪਰਾਲੇ ਕਰਨ। ਇਸ ਪ੍ਰੋਗਰਾਮ ਦਾ ਸੰਚਾਲਣ ਕਰਦਿਆਂ ਡਾ. ਹਰਦੀਪ ਸਿੰਘ ਸਭਿਖੀ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਟਮਾਟਰ ਦੀ ਫਸਲ ਨੂੰ ਪੈਣ ਵਾਲੀ ਗੰਭੀਰ ਬਿਮਾਰੀ ਪਿਛੇਤੇ ਝੁਲਸ ਰੋਗ ਤੋਂ ਬਚਣ ਲਈ ਸਰਵਪੱਖੀ ਰੋਕਥਾਮ ਦੇ ਉਪਰਾਲੇ ਅਪਣਾਉਣ ਲਈ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ: Kisan Mela 2024: ਸਤੰਬਰ ਮਹੀਨੇ 'ਚ ਹੋਣ ਵਾਲੇ ਕਿਸਾਨ ਮੇਲਿਆਂ ਦਾ ਪੂਰਾ ਵੇਰਵਾ, ਇੱਥੇ ਕਲਿੱਕ ਕਰੋ
ਇਸ ਕਿਸਾਨ ਮਿਲਣੀ ਵਿਚ ਅਸਰਪੁਰ ਅਤੇ ਨਾਲ ਦੇ ਪਿੰਡਾਂ ਤੋਂ ਆਏ ਅਗਾਂਹਵੱਧੂ ਕਿਸਾਨਾਂ ਗੁਰਮੀਤ ਸਿੰਘ, ਬਰਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਨੇ ਟਮਾਟਰ ਦੀ ਫਸਲ ਦੇ ਉਤਪਾਦਨ ਸਬੰਧੀ ਦਰਪੇਸ਼ ਮੁਸ਼ਕਿਲਾਂ ਬਾਰੇ ਵਿਗਿਆਨੀਆਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਦੇ ਹੱਲ ਜਾਣੇ। ਪਿੰਡ ਦੇ ਕਿਸਾਨਾਂ ਨੇ ਵਿਗਿਆਨੀਆਂ ਦੀ ਟੀਮ ਦਾ ਇਸ ਪ੍ਰੋਗਰਾਮ ਦਾ ਆਯੋਜਨ ਕਰਨ ਲਈ ਧੰਨਵਾਦ ਵੀ ਕੀਤਾ।
Summary in English: Farmer-scientist meeting on tomato crop production and plant protection techniques