ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਮਾਇਕਰੋਬਾਇਓਲੋਜੀ ਵਿਭਾਗ ਦੇ ਪ੍ਰੋਫੈਸਰ, ਡਾ. ਨਰਿੰਦਰ ਸਿੰਘ ਸ਼ਰਮਾ ਯੂਨੀਵਰਸਿਟੀ ਦੀ ਸੇਵਾ ਤੋਂ ਮੁਕਤ ਹੋ ਗਏ।ਉਨ੍ਹਾਂ ਦੀ ਸੇਵਾ ਮੁਕਤੀ ਮੌਕੇ ਯੂਨੀਵਰਸਿਟੀ ਦੀ ਅਧਿਆਪਕ ਜਥੇਬੰਦੀ ਨੇ ਉਨ੍ਹਾਂ ਦੇ ਸਨਮਾਨ ਵਿਚ ਸਮਾਗਮ ਕੀਤਾ।ਇਸ ਮੌਕੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਬਤੌਰ ਮੁੱਖ ਮਹਿਮਾਨ ਪਧਾਰੇ।ਡਾ. ਇੰਦਰਜੀਤ ਸਿੰਘ ਨੇ ਡਾ. ਸ਼ਰਮਾ ਦੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ ਅਤੇ ਭਵਿੱਖੀ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਡਾ. ਏ ਕੇ ਅਰੋੜਾ, ਕੰਟਰੋਲਰ ਪ੍ਰੀਖਿਆਵਾਂ ਨੇ ਡਾ. ਸ਼ਰਮਾ ਦੇ ਅਧਿਆਪਨ, ਖੋਜ ਅਤੇ ਪ੍ਰਸ਼ਾਸਕੀ ਕਾਰਜਾਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ।ਡਾ. ਪਵਿੱਤਰ ਕੌਰ ਨੇ ਉਨ੍ਹਾਂ ਦੇ ਜੀਵਨ ਦੇ ਨਿਜੀ ਅਤੇ ਪੇਸ਼ੇਵਰ ਪਹਿਲੂਆਂ ਸੰਬੰਧੀ ਰੋਸ਼ਨੀ ਪਾਈ।
ਡਾ. ਸ਼ਰਮਾ ਨੂੰ ਉਨ੍ਹਾਂ ਦੇ ਵਿਦਿਆਰਥੀਆਂ, ਦੋਸਤਾਂ ਅਤੇ ਸਹਿਕਰਮੀਆਂ ਵਲੋਂ ਬੜੇ ਸੁਚੱਜੇ ਅਧਿਆਪਕ ਅਤੇ ਮਨੁੱਖ ਵਜੋਂ ਪਛਾਣਿਆ ਜਾਂਦਾ ਹੈ।ਉਨ੍ਹਾਂ ਨੇ ਆਪਣੀ ਬੈਚਲਰ ਆਫ ਵੈਟਨਰੀ ਸਾਇੰਸ, ਮਾਸਟਰ ਆਫ ਵੈਟਨਰੀ ਸਾਇੰਸ ਅਤੇ ਪੀਐਚ.ਡੀ ਦੀ ਡਿਗਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ।ਉਨ੍ਹਾਂ ਨੇ 1988 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਬਤੌਰ ਸਹਾਇਕ ਪ੍ਰੋਫੈਸਰ ਆਪਣਾ ਪੇਸ਼ੇਵਰ ਜੀਵਨ ਸ਼ੁਰੂ ਕੀਤਾ।
ਵੈਟਨਰੀ ਯੂਨੀਵਰਸਿਟੀ ਦੀ ਸਥਾਪਨਾ ਤੋਂ ਬਾਅਦ ਉਹ ਵਿਭਾਗ ਦੇ ਮੁਖੀ ਬਣੇ ਅਤੇ ਬਾਅਦ ਵਿਚ ਕੰਟਰੋਲਰ ਪ੍ਰੀਖਿਆਵਾਂ ਬਣੇ।ਉਨ੍ਹਾਂ ਨੇ ਲੋਕ ਸੂਚਨਾ ਅਫ਼ਸਰ, ਯੂਨੀਵਰਸਿਟੀ ਲਾਇਬ੍ਰੇਰੀਅਨ ਅਤੇ ਪਸ਼ੂਧਨ ਉਤਪਾਦ ਤਕਨਾਲੋਜੀ ਦੇ ਮੁਖੀ ਵਜੋਂ ਵੀ ਸੇਵਾਵਾਂ ਦਿੱਤੀਆਂ। 32 ਸਾਲ ਦੇ ਅਧਿਆਪਨ ਕਾਲ ਦੌਰਾਨ ਉਨ੍ਹਾਂ ਨੇ 16 ਐਮ ਵੀ ਐਸ ਸੀ ਅਤੇ 02 ਪੀਐਚ.ਡੀ ਵਿਦਿਆਰਥੀਆਂ ਦਾ ਵੈਟਨਰੀ ਮਾਇਕਰੋਬਾਇਓਲੋਜੀ ਖੇਤਰ ਵਿਚ ਖੋਜ ਮਾਰਗ ਦਰਸ਼ਨ ਕੀਤਾ।ਉਨ੍ਹਾਂ ਦੇ 107 ਖੋਜ ਪੱਤਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖੋਜ ਪੱਤਿ੍ਰਕਾਵਾਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ।ਉਨ੍ਹਾਂ ਦੇ ਸੇਵਾਕਾਲ ਦੌਰਾਨ 09 ਖੋਜ ਪ੍ਰਾਜੈਕਟ ਪ੍ਰਾਪਤ ਹੋਏ ਜੋ ਕਿ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖੋਜ ਸੰਸਥਾਵਾਂ ਤੋਂ ਮਿਲੇ ਸਨ।ਉਨ੍ਹਾਂ ਨੂੰ ਪੇਸ਼ੇਵਰ ਸੇਵਾਵਾਂ ਦੌਰਾਨ ਕਈ ਇਨਾਮਾਂ, ਸਨਮਾਨਾਂ ਨਾਲ ਨਿਵਾਜਿਆ ਗਿਆ।
ਡਾ. ਸਿਮਰਨਪ੍ਰੀਤ ਕੌਰ ਨੇ ਇਸ ਸਮਾਰੋਹ ਵਿਚ ਸ਼ਾਮਿਲ ਹੋਏ ਸਾਰੇ ਅਧਿਕਾਰੀਆਂ, ਅਧਿਆਪਕਾਂ ਅਤੇ ਪਤਵੰਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਉਨ੍ਹਾਂ ਦੇ ਅਧਿਆਪਕ ਸਾਥੀਆਂ ਨੇ ਸੇਵਾ ਮੁਕਤੀ ਉਪਰੰਤ ਉਨ੍ਹਾਂ ਦੇ ਸਿਹਤਮੰਦ ਅਤੇ ਜਜ਼ਬੇ ਭਰਪੂਰ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Dr. Narinder Singh Sharma retired from Veterinary University