Good News: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਨੇ ਡਾ. ਕੰਵਰ ਬਰਜਿੰਦਰ ਸਿੰਘ ਨੂੰ ਚਾਰ ਸਾਲਾਂ ਲਈ ਖੇਤਰੀ ਖੋਜ ਸਟੇਸਨ ਬੱਲੋਵਾਲ ਸੌਂਖੜੀ ਦਾ ਨਿਰਦੇਸ਼ਕ ਨਿਯੁਕਤ ਕੀਤਾ ਹੈ।
ਡਾ. ਸਿੰਘ ਨੇ ਫਾਰਮ ਨੇ ਜ਼ਿਲ੍ਹਾ ਪਸਾਰ ਮਾਹਿਰ ਵਜੋਂ ਆਪਣਾ ਕਾਰਜ ਕਿਸਾਨ ਸਲਾਹਕਾਰ ਸੇਵਾ ਕੇਂਦਰ, ਜਲੰਧਰ ਤੋਂ ਜਨਵਰੀ 2003 ਵਿੱਚ ਸ਼ੁਰੂ ਕੀਤਾ ਅਤੇ ਅਗਸਤ 2008 ਤੱਕ ਉਹ ਉਥੇ ਕਾਰਜਸ਼ੀਲ ਰਹੇ। ਇਸ ਉਪਰੰਤ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਦੇ ਉਪ ਨਿਰਦੇਸ਼ਕ ਰਹੇ ਅਤੇ ਲਾਢੋਵਾਲ ਦੇ ਯੂਨੀਵਰਸਿਟੀ ਬੀਜ ਫਾਰਮ ਦੇ ਨਿਰਦੇਸ਼ਕ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ। ਮੌਜੂਦਾ ਸਮੇਂ ਉਹ ਪੀ.ਏ.ਯੂ. (PAU) ਦੇ ਪੌਦਾ ਹਸਪਤਾਲ ਦੇ ਇੰਚਾਰਜ਼ ਹਨ।
ਇਹ ਵੀ ਪੜ੍ਹੋ: Dr. Dhanwinder Singh ਦੀ PAU ਦੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਵਜੋਂ ਨਿਯੁਕਤੀ
ਡਾ. ਕੰਵਰ ਬਰਜਿੰਦਰ ਸਿੰਘ ਦੀਆਂ ਰਾਸਟਰੀ ਅਤੇ ਅੰਤਰਰਾਸਟਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ 29 ਖੋਜ ਪ੍ਰਕਾਸ਼ਨਾਵਾਂ, ਕਾਨਫਰੰਸਾਂ/ਸੈਮੀਨਾਰਾਂ ਦੀ ਕਾਰਵਾਈ ਵਿੱਚ ਪ੍ਰਕਾਸ਼ਿਤ/ਪੇਸ਼ ਕੀਤੇ ਗਏ 42 ਪੇਪਰ, 4 ਪੁਸਤਕ ਅਧਿਆਏ, ਰਸਾਲਿਆਂ ਵਿੱਚ 74 ਮਕਬੂਲ ਲੇਖ ਅਤੇ ਅਖਬਾਰਾਂ ਵਿੱਚ 32 ਲੇਖਾਂ ਤੋਂ ਇਲਾਵਾ ਪਸਾਰ ਬੁਲੇਟਿਨਾਂ ਦੇ ਰੂਪ ਵਿੱਚ 14 ਪ੍ਰਕਾਸਨਾਵਾਂ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਦੇ ਲਾਭ ਲਈ ਸਿੰਚਾਈ ਪਾਣੀ ਅਤੇ ਖਾਦਾਂ ਦੀ ਢੁੱਕਵੀਂ ਵਰਤੋਂ ਬਾਰੇ 18 ਖੇਤ ਦਿਵਸ, 262 ਖੇਤ ਪ੍ਰਦਰਸਨ, 151 ਖੇਤ ਟਰਾਇਲ, 72 ਭਾਸ਼ਣ, 42 ਟੀਵੀ ਅਤੇ 16 ਰੇਡੀਓ ਭਾਸਣ ਦਿੱਤੇ ਹਨ। ਉਨ੍ਹਾਂ ਨੇ ਮੁੱਖ ਨਿਗਰਾਨ ਦੇ ਤੌਰ ਤੇ 2 ਐਡਹਾਕ ਖੋਜ ਪ੍ਰੋਜੈਕਟ ਅਤੇ ਸਹਿ-ਨਿਗਰਾਨ ਦੇ ਤੌਰ ’ਤੇ 11 ਐਡਹਾਕ ਖੋਜ ਪ੍ਰੋਜੈਕਟ ਹਾਸਲ ਕੀਤੇ।
ਇਹ ਵੀ ਪੜ੍ਹੋ: PAU ਦੇ ਫਸਲ ਵਿਗਿਆਨੀ ਡਾ. ਸੋਹਨ ਸਿੰਘ ਵਾਲੀਆ ਬਣੇ ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ
ਪਸਾਰ ਮਾਹਿਰ ਵਜੋਂ ਪੀ.ਏ.ਯੂ. ਕੈਂਪਸ ਵਿੱਚ 10 ਕਿਸਾਨ ਮੇਲੇ ਆਯੋਜਿਤ ਕਰਨ ਤੋਂ ਇਲਾਵਾ 4 ਪ੍ਰਦਰਸਨ ਯੂਨਿਟਾਂ ਨੂੰ ਵਿਕਸਤ ਕਰਨ ਅਤੇ ਪੀ.ਏ.ਯੂ. ਦੀ ਹਾੜੀ-ਸਾਉਣੀ ਦੀਆਂ ਫ਼ਸਲਾਂ ਦੀ ਕਿਤਾਬ ਵਿੱਚ 11 ਸਿਫਾਰਸਾਂ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਡਾ. ਸਿੰਘ ਜੂਨੀਅਰ ਫੈਲੋਸ਼ਿਪ, ਸਰਵੋਤਮ ਡਾਕਟੋਰਲ ਖੋਜ ਲਈ ਇੰਡੀਅਨ ਸੋਸਾਇਟੀ ਆਫ ਸੋਇਲ ਸਾਇੰਸ ਜੋਨਲ ਐਵਾਰਡ, ਸਰਵੋਤਮ ਪ੍ਰੋਜੈਕਟ ਕਰਨ ਲਈ ਨਾਬਾਰਡ ਸਟੇਟ ਐਵਾਰਡ ਅਤੇ ਕਿਸਾਨ ਮੇਲਿਆਂ ਵਿੱਚ 4 ਤਕਨਾਲੋਜੀ ਪ੍ਰਦਰਸਨੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਵਿਗਿਆਨੀ ਹਨ।
ਉਨ੍ਹਾਂ ਨੇ ਭੂਮੀ ਵਿਗਿਆਨ ਦੇ ਵਿਸੇ ਵਿੱਚ ਮੁੱਖ ਸਲਾਹਕਾਰ ਵਜੋਂ 5 ਐਮਐਸਸੀ ਅਤੇ 3 ਪੀਐਚਡੀ ਵਿਦਿਆਰਥੀਆਂ ਦਾ ਮਾਰਗਦਰਸਨ ਕੀਤਾ ਹੈ। ਉਹ ਅੰਡਰਗਰੈਜੂਏਟ ਅਤੇ ਪੋਸਟ ਗ੍ਰੈਜੂਏਟ ਅਧਿਆਪਨ ਕੋਰਸਾਂ ਵਿੱਚ ਸਰਗਰਮੀ ਨਾਲ ਸ਼ਾਮਲ ਰਹੇ ਅਤੇ ਉਹਨਾਂ ਦੇ ਪੀਐਚ.ਡੀ. ਵਿਦਿਆਰਥੀਆਂ ਨੇ ਸਾਲ 2022 ਵਿੱਚ ਡਾਕਟੋਰਲ ਖੋਜ ਲਈ ਵੱਕਾਰੀ ਪ੍ਰਧਾਨ ਮੰਤਰੀ ਫੈਲੋਸ਼ਿਪ ਹਾਸਲ ਕੀਤੀ ਹੈ।
Summary in English: Dr Kanwar Barjinder Singh appointed Director of Regional Research Center Ballowal Sonkhri