
ਫਲਾਂ-ਸਬਜ਼ੀਆਂ ਦੀ ਕਾਸ਼ਤ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵਿਚਾਰਾਂ
Kisan Committee: ਪੀ.ਏ.ਯੂ ਦੇ ਪਾਲ ਆਡੀਟੋਰੀਅਮ ਵਿਚ ਕਿਸਾਨ ਕਮੇਟੀ ਅਤੇ ਫਲ ਸਬਜ਼ੀ ਉਤਪਾਦਕਾਂ ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿਚ ਪੀ.ਏ.ਯੂ ਦੇ ਉੱਚ ਅਧਿਕਾਰੀਆਂ ਤੋਂ ਬਿਨਾਂ ਫਲ ਅਤੇ ਸਬਜ਼ੀ ਮਾਹਿਰਾਂ ਅਤੇ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵਿਚਾਰ ਕੇ ਇਨ੍ਹਾਂ ਦੇ ਹੱਲ ਲਈ ਚਰਚਾ ਕੀਤੀ ਗਈ।
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਇਸ ਮੌਕੇ ਫਲਾਂ ਅਤੇ ਸਬਜ਼ੀਆਂ ਬੀਜਣ ਵਾਲੇ ਕਿਸਾਨਾਂ ਦੇ ਨਾਲ ਮਾਹਿਰਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅਜੋਕਾ ਦੌਰ ਰਵਾਇਤੀ ਫ਼ਸਲੀ ਚੱਕਰ ਦੇ ਨਾਲ ਹੀ ਮੰਡੀ ਦੀਆਂ ਲੋੜਾਂ ਮੁਤਾਬਕ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਦਾ ਵੀ ਹੈ। ਅੱਜ ਦਾ ਖਪਤਕਾਰ ਵੀ ਪੋਸ਼ਕਤਾ ਬਾਰੇ ਜਾਗਰੂਕ ਹੈ ਤੇ ਕਿਸਾਨਾਂ ਨੂੰ ਇਸੇ ਗੱਲ ਦੇ ਮੱਦੇਨਜ਼ਰ ਫਲ ਸਬਜ਼ੀ ਦੀ ਵਿਗਿਆਨਕ ਖੇਤੀ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਇਸ ਕਾਰਜ ਲਈ ਪੀ ਏ ਯੂ ਦੀਆਂ ਕਿਸਮਾਂ ਅਤੇ ਕਾਸ਼ਤ ਤਕਨੀਕਾਂ ਵੱਲ ਵਿਸ਼ੇਸ਼ ਧਿਆਨ ਦਿਵਾਇਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਵੀ ਹਾਜ਼ਿਰ ਕਿਸਾਨਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਬਜ਼ੀ ਦੀ ਕਾਸ਼ਤ ਬਾਰੇ ਪੀ ਏ ਯੂ ਦੇ ਕੇਂਦਰ ਨੂੰ ਰਾਸ਼ਟਰੀ ਪੱਧਰ ਤੇ ਮਾਨਤਾ ਮਿਲੀ ਹੈ। ਨਾਲ ਹੀ ਡਾ ਢੱਟ ਨੇ ਸਬਜ਼ੀਆਂ ਅਤੇ ਫਲਾਂ ਸੰਬੰਧੀ ਯੂਨੀਵਰਸਿਟੀ ਦੀਆਂ ਖੋਜ ਸਰਗਰਮੀਆਂ ਸਾਂਝੀਆਂ ਕੀਤੀਆਂ। ਵਿਸ਼ੇਸ਼ ਤੌਰ ਤੇ ਆਲੂਆਂ ਦੇ ਬੀਜ ਉਤਪਾਦਨ ਬਾਰੇ ਉਨ੍ਹਾਂ ਨੇ ਨਵੀਨ ਤਕਨੀਕਾਂ ਦਾ ਜ਼ਿਕਰ ਕੀਤਾ।
ਡਾ. ਢੱਟ ਨੇ ਦੱਸਿਆ ਕਿ ਫਲਾਂ ਦੇ ਖੇਤਰ ਵਿਚ ਵੀ ਯੂਨੀਵਰਸਿਟੀ ਨੇ ਖਾਸ ਉੱਦਮ ਕੀਤੇ ਹਨ। ਉਨ੍ਹਾਂ ਡਰੈਗਨ ਫਰੂਟ ਅਤੇ ਅਮਰੂਦਾਂ ਤੋਂ ਬਿਨਾਂ ਕਿੰਨੂ ਦੀਆਂ ਕਿਸਮਾਂ ਦਾ ਜ਼ਿਕਰ ਇਸ ਪ੍ਰਸੰਗ ਵਿਚ ਕੀਤਾ। ਇਸਦੇ ਨਾਲ ਹੀ ਡਾ ਢੱਟ ਨੇ ਮੀਟਿੰਗ ਵਿਚ ਸ਼ਾਮਿਲ ਹੋਣ ਵਾਲੇ ਅਗਾਂਹਵਧੂ ਫਲ ਸਬਜ਼ੀ ਉਤਪਾਦਕਾਂ ਦਾ ਧੰਨਵਾਦ ਵੀ ਕੀਤਾ।
ਇਹ ਵੀ ਪੜ੍ਹੋ: ਮਾਹਿਰਾਂ ਵੱਲੋਂ Sangrur ਦੇ ਪਿੰਡ ਭੂੰਦੜ ਭੈਣੀ ਦੇ ਕਈ ਕਿਸਾਨਾਂ ਦੇ ਮਿੱਟੀ-ਪਾਣੀ ਦੀਆਂ ਰਿਪੋਰਟਾਂ ਦੀ ਵਿਆਖਿਆ, ਵੱਖ-ਵੱਖ ਸ਼੍ਰੇਣੀਆਂ ਬਾਰੇ ਹੋਈਆਂ ਵਿਚਾਰਾਂ
ਪਿਛਲੀ ਮੀਟਿੰਗ ਦੀ ਕਾਰਵਾਈ ਰਿਪੋਰਟ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ ਜੀ ਪੀ ਐੱਸ ਸੋਢੀ ਨੇ ਪੜ੍ਹੀ। ਉਨ੍ਹਾਂ ਵਲੋਂ ਪੇਸ਼ ਰਿਪੋਰਟ ਦੇ ਅਧਾਰ ਤੇ ਇਹ ਨਿਸ਼ਚਿਤ ਹੋਇਆ ਕਿ ਯੂਨੀਵਰਸਿਟੀ ਅਤੇ ਇਸਦੇ ਖੇਤਰੀ ਖੋਜ ਕੇਂਦਰਾਂ ਵਲੋਂ ਕਿਸਾਨਾਂ ਦੇ ਮੁੱਦਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ।
ਕਿਸਾਨਾਂ ਵੱਲੋਂ ਪੇਸ਼ ਸਮੱਸਿਆਵਾਂ ਅਤੇ ਸਵਾਲਾਂ ਨੂੰ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਪੇਸ਼ ਕੀਤਾ। ਕਿਸਾਨਾਂ ਨੇ ਕਣਕ ਝੋਨੇ ਦੇ ਫਸਲੀ ਚੱਕਰ ਵਿਚ ਪੱਕੇ ਬਦਲਾਅ ਲਈ ਮੱਕੀ ਅਤੇ ਬਦਲਵੀਆਂ ਫਸਲਾਂ ਬਾਰੇ ਸੁਝਾਅ ਵੀ ਦਿੱਤੇ ਅਤੇ ਯੂਨੀਵਰਸਿਟੀ ਵਲੋਂ ਕੀਤੀਆਂ ਜਾ ਰਹੀਆਂ ਖੋਜਾਂ ਬਾਬਤ ਮਾਲੂਮਾਤ ਵੀ ਲਈ। ਇਸ ਤੋਂ ਬਿਨਾਂ ਝੋਨੇ ਅਤੇ ਬਾਸਮਤੀ ਵਿਚ ਨਮੀ ਘਟਾਉਣ, ਮਾੜੇ ਪਾਣੀਆਂ ਦੀ ਸੁਯੋਗ ਵਰਤੋਂ, ਬਾਸਮਤੀ ਦੀ ਕਾਸ਼ਤ ਦੇ ਵਿਗਿਆਨਕ ਢੰਗ, ਜੈਵਿਕ ਖੇਤੀ ਅਤੇ ਫਲਾਂ ਦੇ ਨਵੇਂ ਬਾਗਾਂ ਦੀ ਲਵਾਈ ਬਾਰੇ ਸਵਾਲ ਪੁੱਛੇ ਗਏ। ਪੀ.ਏ.ਯੂ ਦੇ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਮਾਹਿਰਾਂ ਨੇ ਮੌਕੇ ਤੇ ਹੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਸੁਝਾਵਾਂ ਨੂੰ ਅਗਲੀ ਮੀਟਿੰਗ ਤਕ ਕਾਰਵਾਈ ਵਿਚ ਲਿਆਉਣ ਲਈ ਦਰਜ ਕੀਤਾ ਗਿਆ।
Summary in English: Discussions held in the meeting of the farmers' committee and fruit and vegetable producers in PAU