Direct Sowing of Paddy: ਪੀਏਯੂ (PAU) ਨੇ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਭਾਰਤੀ ਖੇਤੀ ਖੋਜ ਪ੍ਰੀਸ਼ਦ ਅਤੇ ਅੰਤਰਰਾਸ਼ਟਰੀ ਚੌਲ ਖੋਜ ਕੇਂਦਰ ਫਿਲਪਾਈਨਜ਼ ਨਾਲ ਮਿਲ ਕੇ ਭਾਰਤ ਦੇ ਹਿੰਦ-ਗੰਗਾ ਮੈਦਾਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਪਹਿਲਕਦਮੀ ਕੀਤੀ ਹੈ | ਇਸ ਸੰਬੰਧੀ ਇੱਕ ਕਾਰਜ ਯੋਜਨਾ ਦੀ ਰੂਪਰੇਖਾ 2023 ਤੋਂ 2027 ਤੱਕ ਬਨਾਉਣ ਲਈ ਅੱਜ ਪੀ.ਏ.ਯੂ. ਵਿਖੇ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ।
ਇਸ ਵਿਚਾਰ-ਵਟਾਂਦਰਾ ਸਮਾਗਮ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ ਜਦਕਿ ਇਸ ਵਿੱਚ ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਫਿਲਪਾਈਨਜ਼ ਤੋਂ ਪ੍ਰਸਿੱਧ ਝੋਨਾ ਬਰੀਡਿੰਗ ਮਾਹਿਰ ਡਾ. ਹੰਸ ਭਾਰਦਵਾਜ, ਕੇਂਦਰ ਦੇ ਨਿਰਦੇਸ਼ਕ ਜਨਰਲ ਡਾ. ਜੀਨ ਬਲੀ ਤੋਂ ਇਲਾਵਾ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਜੀਤ ਰਾਮ, ਸੀ ਆਰ ਡੀ ਗੋਰਖਪੁਰ ਦੇ ਚੇਅਰਮੈਨ ਡਾ. ਬੀ.ਐਨ. ਸਿੰਘ, ਬਿਲ ਅਤੇ ਮਲਿੰਡਾ ਗੇਟਸ ਫਾਊਡੇਸ਼ਨ ਦੇ ਫ਼ਸਲ ਖੋਜ ਅਤੇ ਵਿਕਾਸ ਨਿਰਦੇਸ਼ਕ ਡਾ. ਰੈਨੀ ਲੈਫਿਟੀ, ਫਾਊਂਡੇਸ਼ਨ ਦੇ ਸੀਨੀਅਰ ਅਧਿਕਾਰੀ ਡਾ. ਵਿਪੁਲਾ ਸ਼ੁਕਲਾ, ਆਈ ਆਰ ਆਰ ਆਈ ਦੇ ਖੇਤਰੀ ਬਰੀਡਿੰਗ ਮੁਖੀ ਡਾ. ਵਿਕਾਸ ਕੁਮਾਰ ਇਸ ਸਮਾਰੋਹ ਵਿੱਚ ਸ਼ਾਮਿਲ ਹੋਏ। ਇਸ ਤੋਂ ਇਲਾਵਾ ਬਿਲ ਅਤੇ ਮਲਿੰਡਾ ਗੇਟਸ ਡਾ. ਗੈਰੀ ਐਟਲਿਨ, ਸੀਨੀਅਰ ਪ੍ਰੋਗਰਾਮ ਅਫਸਰ ਆਨਲਾਈਨ ਸ਼ਾਮਲ ਹੋਏ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਪੀ.ਏ.ਯੂ. ਵੱਲੋਂ ਜਾਰੀ ਕੀਤੀ ਅਤੇ ਕਿਸਾਨਾਂ ਵੱਲੋਂ ਅਪਨਾਈ ਗਈ ਤਰ-ਵਤਰ ਸਿੱਧੀ ਬਿਜਾਈ ਤਕਨੀਕ ਉੱਪਰ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਡਾ. ਗੋਸਲ ਨੇ ਕਿਹਾ ਕਿ ਇਸ ਤਕਨੀਕ ਦੀ ਸਿਫ਼ਾਰਸ਼ ਕਰੋਨਾ ਦੌਰ ਵਿੱਚ ਮਜ਼ਦੂਰੀ ਦੀ ਘਾਟ ਦੌਰਾਨ 2020 ਵਿੱਚ ਪੀ.ਏ.ਯੂ. ਵੱਲੋਂ ਕੀਤੀ ਗਈ ਸੀ ਜਦਕਿ ਇਸ ਤਕਨੀਕ ਦਾ ਮੰਤਵ ਪਾਣੀ ਦੀ ਵਰਤੋਂ ਨੂੰ ਘਟਾਉਣਾ ਸੀ।
ਉਨ੍ਹਾਂ ਦੱਸਿਆ ਕਿ ਤਰ-ਵਤਰ ਖੇਤ ਵਿੱਚ ਲੱਕੀ ਸੀਡ ਡਰਿੱਲ ਨਾਲ ਝੋਨੇ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਪਹਿਲਾ ਪਾਣੀ ਬਿਜਾਈ ਤੋਂ 21 ਦਿਨਾਂ ਬਾਅਦ ਲਾਉਣ ਦੀ ਤਜ਼ਵੀਜ਼ ਹੈ। ਇਸ ਨਾਲ 15-20 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ। ਨਾਲ ਹੀ ਝੋਨੇ ਵਿੱਚ ਆਇਰਨ ਦੀ ਘਾਟ ਨਹੀਂ ਆਉਂਦੀ, ਜੜਾਂ ਜ਼ਿਆਦਾ ਡੂੰਘੀਆਂ ਜਾਂਦੀਆਂ ਹਨ, ਨਦੀਨਾਂ ਜਮ ਘੱਟ ਹੁੰਦਾ ਹੈ ਅਤੇ ਕੱਦੂ ਵਾਲੇ ਝੋਨੇ ਦੇ ਮੁਕਾਬਲੇ ਹੀ ਝਾੜ ਆਉਣ ਦੀ ਸੰਭਾਵਨਾ ਹੁੰਦੀ ਹੈ। ਡਾ. ਗੋਸਲ ਨੇ ਬੈੱਡਾਂ ਉੱਪਰ ਸਿੱਧੀ ਬਿਜਾਈ ਦੀ ਤਰ-ਵਤਰ ਤਕਨੀਕ ਬਾਰੇ ਗੱਲ ਕਰਦਿਆਂ ਕਿਹਾ ਕਿ ਇਸਦਾ ਵਿਕਾਸ ਅਤੇ ਸਿਫ਼ਾਰਸ਼ 2022 ਵਿੱਚ ਕੀਤੀ ਗਈ।
ਇਹ ਤਕਨੀਕ ਸਿੱਧੇ ਵਾਹਨ ਵਿੱਚ ਬੀਜੇ ਗਏ ਤਰ-ਵੱਤਰ ਬਿਜਾਈ ਵਾਲੇ ਝੋਨੇ ਨਾਲੋਂ ਸਿੰਚਾਈ ਵਿੱਚ 8 ਪ੍ਰਤੀਸਤ ਦੇ ਕਰੀਬ ਪਾਣੀ ਦੀ ਬੱਚਤ ਕਰਦੀ ਹੈ। ਡਾ. ਗੋਸਲ ਨੇ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਵੀ ਕੀਤਾ ਜਿਨ੍ਹਾਂ ਵਿੱਚ ਲੱਕੀ ਸੀਡ ਡਰਿੱਲ ਲਈ ਸਬਸਿਡੀ, ਸਿੱਧੇ ਪ੍ਰਦਰਸ਼ਨ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਪ੍ਰਦਰਸ਼ਨੀਆਂ ਸ਼ਾਮਿਲ ਹਨ।
ਸਿੱਧੀ ਬਿਜਾਈ ਤਕਨਾਲੋਜੀ ਦੇ ਸੁਧਾਰ ਵਿੱਚ ਹੋਰ ਕੰਮ ਕਰਨ ਦੀ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਵਾਤਾਵਰਨ ਪੱਖੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਘੱਟ ਮਿਆਦ ਵਿੱਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਹੈ ਜਿਸਨੂੰ ਕਿਸਾਨਾਂ ਨੇ ਵੱਡੀ ਪੱਧਰ ਤੇ ਅਪਣਾਇਆ ਹੈ। ਨਾਲ ਹੀ ਉਹਨਾਂ ਕਿਹਾ ਕਿ ਜੈਵਿਕ/ਅਜੈਵਿਕ ਤਨਾਵਾਂ ਤੋਂ ਇਲਾਵਾ ਸੁਧਰੀਆਂ ਖੇਤੀ ਤਕਨੀਕਾਂ ਅਤੇ ਮਸ਼ੀਨੀਕਰਨ ਵਿੱਚ ਸੋਧ ਲਈ ਪੀ.ਏ.ਯੂ. ਲਗਾਤਾਰ ਕਾਰਜ ਕਰ ਰਹੀ ਹੈ।
ਝੋਨੇ ਦੀ ਖੋਜ ਦੀ ਸਾਂਝੀਦਾਰ ਸੰਸਥਾਵਾਂ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਡਾ ਹੰਸ ਭਾਰਦਵਾਜ ਨੇ ਕਿਹਾ ਕਿ ਸਮਰੱਥਾ ਲਈ ਨਿਰੰਤਰ ਸੁਧਾਰ ਨਿੱਜੀ ਪੱਧਰ ਤੋਂ ਲੈ ਕੇ ਸੰਸਥਾਵਾਂ ਤੱਕ ਕਿਸੇ ਵੀ ਕੰਮ ਦੀ ਸਫਲਤਾ ਦਾ ਅਧਾਰ ਹੈ ਅਤੇ ਸਿੱਧੀ ਬਿਜਾਈ ਬਾਰੇ ਇਹ ਯੋਜਨਾ ਵੀ ਇਸੇ ਪ੍ਰਸੰਗ ਵਿੱਚ ਪ੍ਰਭਾਵਸ਼ਾਲੀ ਸਾਬਤ ਹੋਵੇਗੀ। ਉਨ੍ਹਾਂ ਨੇ ਸਿੱਧੀ ਬਿਜਾਈ ਵਾਲੇ ਝੋਨੇ ਨੂੰ ਸਮਾਜਿਕ-ਆਰਥਿਕ ਅਤੇ ਵਾਤਾਵਰਣ ਪੱਖੋਂ ਸਥਿਰ ਬਣਾਉਣ ਲਈ ਸੰਯੁਕਤ ਅਤੇ ਵਿਗਿਆਨਕ ਪਹੁੰਚ ਦੀ ਲੋੜ ’ਤੇ ਜੋਰ ਦਿੱਤਾ।
ਇਹ ਵੀ ਪੜ੍ਹੋ : Good News: PAU ਦੇ ਵਿਦਿਆਰਥੀਆਂ ਨੇ All India Inter Agri Games 'ਚ ਮਾਰੀਆਂ ਮੱਲ੍ਹਾਂ
ਇੱਕ ਵੀਡੀਓ ਸੰਦੇਸ ਵਿੱਚ ਡਾ. ਜੀਨ ਬਾਲੀ ਨੇ ਜਲਵਾਯੂ ਤਬਦੀਲੀ ਦੇ ਬੁਰੇ ਪ੍ਰਭਾਵਾਂ ਲਈ ਝੋਨੇ ਦੇ ਉਤਪਾਦਨ ਦੀਆਂ ਕਮੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਨਾਲ ਵਾਤਾਵਰਨੀ ਤਬਦੀਲ਼ੀਆਂ ਤੇਜ਼ ਹੋਈਆਂ ਹਨ। ਉਨ੍ਹਾਂ ਇਸਾਰਾ ਕੀਤਾ ਕਿ ਝੋਨੇ ਦੀ ਕਾਸਤ ਗਿੱਲੀ ਜਮੀਨ ਅਤੇ ਜੰਗਲਾਂ ਵਿੱਚ ਰਿਹਾਇਸ ਦੇ ਨੁਕਸਾਨ ਦਾ ਇੱਕ ਪ੍ਰਮੁੱਖ ਕਾਰਨ ਹੈ ਜੋ ਵਿਸਵ ਦੇ ਇੱਕ ਤਿਹਾਈ ਤਾਜੇ ਪਾਣੀ ਦੀ ਵਰਤੋਂ ਤੋਂ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਇਹ ਕਾਸ਼ਤ ਢੰਗ ਧਰਤੀ ਉੱਪਰ ਮਨੁੱਖ ਵੱਲੋਂ ਪੈਦਾ ਹੋ ਰਹੀ ਮੀਥੇਨ ਦਾ 10ਵੇਂ ਹਿੱਸੇ ਦਾ ਕਾਰਨ ਵੀ ਬਣਦਾ ਹੈ। ਹੋਰ ਗੱਲ ਕਰਦਿਆਂ ਡਾ. ਜੀਨ ਬਲੀ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਅਤੇ ਘੱਟ ਮਿਆਦ ਵਾਲੀਆਂ ਕਿਸਮਾਂ ਨਾਲ ਪਾਣੀ ਦੀ ਬੱਚਤ ਮਜ਼ਦੂਰਾਂ ਦੀ ਘੱਟ ਲੋੜ, ਘੱਟ ਪ੍ਰਦੂਸ਼ਣ ਅਤੇ ਫ਼ਸਲੀ ਤੀਬਰਤਾ ਵਿੱਚ ਤੇਜ਼ੀ ਆਉਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਣਾ ਸੰਭਵ ਹੋ ਸਕਦਾ ਹੈ।
ਡਾ. ਬੀ.ਐਨ. ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਪਨੀਰੀ ਦੀ ਸੰਭਾਲ ਦਾ ਖਰਚਾ ਬੱਚਦਾ ਹੈ, ਲੁਆਈ ਦੀ ਮਜ਼ਦੂਰੀ ਬਚਣ ਦੇ ਨਾਲ-ਨਾਲ ਮਜ਼ਦੂਰਾਂ ਦੀ ਸਿਹਤ ਉੱਪਰ ਪੈਂਦੇ ਬੁਰੇ ਪ੍ਰਭਾਵ ਵੀ ਇਸ ਤਕਨੀਕ ਨਾਲ ਖਤਮ ਹੁੰਦੇ ਹਨ। ਇਸ ਤੋਂ ਬਿਨਾਂ ਨਦੀਨਾਂ ਵਰਗੀਆਂ ਕੁਝ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਇਸ ਮੌਕੇ ਅਗਾਂਹਵਧੂ ਕਿਸਾਨ ਹਰਮਿੰਦਰ ਸਿੰਘ ਸਿੱਧੂ ਨੇ ਲੱਕੀ ਸੀਡ ਡਰਿੱਲ ਦੀ ਵਰਤੋਂ ਕਰਦੇ ਹੋਏ ਪੀਏਯੂ ਦੁਆਰਾ ਸਿਫਾਰਿਸ ਕੀਤੀ ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ ਉਨ੍ਹਾਂ ਨੇ ਤਰ-ਵੱਤਰ ਤਕਨਾਲੋਜੀ ਨੂੰ ਉਤਸਾਹਿਤ ਕਰਨ ਅਤੇ ਅਗੇਤੀਆਂ ਕਿਸਮਾਂ ਦੇ ਵਿਕਾਸ ਲਈ ਕਿਸਾਨਾਂ ਦੀ ਅਗਵਾਈ ਵਾਲੇ ਪਸਾਰ ਕਾਰਜਾਂ ਦਾ ਸੁਝਾਅ ਦਿੱਤਾ।
ਇਹ ਵੀ ਪੜ੍ਹੋ : Agricultural Empowerment ਲਈ ਕੈਨੇਡਾ-ਅਧਾਰਤ ਪੀਏਯੂ ਅਲੂਮਨੀ ਸਪੋਰਟ ਵੀਸੀ ਵਿਜ਼ਨ
ਬਿਲ ਅਤੇ ਮੇਲਿੰਡਾ ਗੇਟਸ ਫਾਊਡੇਸ਼ਨ ਵੱਲੋਂ ਖੇਤੀਬਾੜੀ ਵਿਕਾਸ ਦੇ ਖੇਤਰ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਗੱਲ ਕਰਦਿਆਂ ਡਾ. ਰੇਨੀ ਲੈਫਿਟ ਨੇ ਕਿਹਾ ਕਿ ਫਾਊਂਡੇਸਨ ਇਸ ਭਰੋਸੇ ਦੁਆਰਾ ਚਲਾਈ ਜਾਂਦੀ ਹੈ ਕਿ ਸਾਰੇ ਮਨੁੱਖਾਂ ਦੀ ਜ਼ਿੰਦਗੀ ਬਰਾਬਰ ਦੀ ਮੁੱਲਵਾਨ ਹੈ ਅਤੇ ਹਰ ਇੱਕ ਨੂੰ ਸਿਹਤਮੰਦ, ਉਤਪਾਦਕ ਜੀਵਨ ਜਿਉਣ ਦਾ ਅਧਿਕਾਰ ਹੈ।
ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਕਿਸਾਨਾਂ ਨੂੰ ਕੁਦਰਤੀ ਸਰੋਤਾਂ ਦੀ ਸੀਮਾਂ ਅਤੇ ਜੈਵ ਵਿਭਿੰਨਤਾ ਦੇ ਨਾਲ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੀ ਜਰੂਰਤ ਤਹਿਤ ਟਿਕਾਊ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਵਧੇਰੇ ਉਤਪਾਦਕ ਬਣਨ ਦੀ ਲੋੜ ਹੈ।
ਡਾ. ਗੈਰੀ ਐਟਲਿਨ ਨੇ ਭਾਰਤੀ ਖੇਤੀ ਪ੍ਰਣਾਲੀ ਵਿੱਚ ਪਾਣੀ ਦੇ ਘਟਦੇ ਪੱਧਰ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਝੋਨੇ ਦੀ ਕਾਸ਼ਤ ਦੀਆਂ ਟਿਕਾਊ ਵਿਧੀਆਂ ਦੇ ਵਿਕਾਸ ਉੱਪਰ ਜੋਰ ਦਿੱਤਾ। ਉਨ੍ਹਾਂ ਝੋਨੇ ਦੀ ਸਿੱਧੀ ਬਿਜਾਈ ਦੇ ਕਈ ਲਾਭ ਗਿਣਾਏ ਜਿਨ੍ਹਾਂ ਵਿੱਚ ਸਿੰਚਾਈ ਦੇ ਪਾਣੀ ਦੀ ਬੱਚਤ, ਮਜਦੂਰੀ ਵਿੱਚ ਕਮੀ ਅਤੇ ਗੈਸਾਂ ਦਾ ਘੱਟ ਨਿਰਮਾਣ ਸ਼ਾਮਿਲ ਹੈ।
ਇਸ ਸਮਾਰੋਹ ਵਿੱਚ ਧੰਨਵਾਦ ਦੇ ਸ਼ਬਦ ਡਾ. ਵਿਕਾਸ ਕੁਮਾਰ ਸਿੰਘ ਨੇ ਕਹੇ। ਇਸ ਮੌਕੇ ਝੋਨੇ ਦੀ ਸਿੱਧੀ ਬਿਜਾਈ ਦੀ ਯੋਜਨਾ ਨੂੰ ਸਾਂਝੀਦਾਰਾਂ ਨਾਲ ਵਿਸਥਾਰ ਵਿੱਚ ਵਿਚਾਰਿਆ ਗਿਆ। ਦੁਪਹਿਰ ਦੇ ਖਾਣੇ ਤੋਂ ਬਾਅਦ ਦੇ ਸੈਸ਼ਨ ਵਿੱਚ ਕਾਸ਼ਤ ਦੇ ਵੱਖ-ਵੱਖ ਭਾਗਾਂ ਦੇ ਨਾਲ ਵਿਗਿਆਨੀਆਂ ਨੇ ਜਰਮਪਲਾਜ਼ਮ ਸੰਬੰਧੀ ਵਿਸਥਾਰ ਨਾਲ ਚਰਚਾ ਕੀਤੀ।
Summary in English: Direct sowing of paddy and short maturing paddy varieties recommended by PAU