ਕੋਰੋਨਾ ਸੰਕਟ ਨੇ ਸਮੁੱਚੇ ਸੰਸਾਰ ਨੂੰ ਭੰਬਲਭੂਸੇ ਵਿਚ ਪਾਇਆ ਹੋਇਆ ਹੈ। ਇਸ ਸੰਕਟ ਨੇ ਆਵਾਜਾਈ, ਵਪਾਰ ਆਦਿ ਠੱਪ ਕਰ ਦਿੱਤੇ ਹਨ। ਕਿਸਾਨੀ ਅਤੇ ਮਜ਼ਦੂਰ ਵਰਗ ਨੂੰ ਵੀ ਇਸ ਨੇ ਬਹੁਤ ਹੱਦ ਤੱਕ ਪ੍ਰਭਾਵਿਤ ਕੀਤਾ ਹੈ। ਕਿਸਾਨ, ਪੁੱਤਾਂ ਵਾਂਗੂੰ ਪਾਲੀ ਆਪਣੀ ਫ਼ਸਲ ਨੂੰ ਵੇਚ-ਵੱਟ ਕੇ ਜਿੰਨਾ ਸਮਾਂ ਨਿਸ਼ਚਿੰਤ ਨਹੀਂ ਹੁੰਦਾ ਓਨਾ ਸਮਾਂ ਉਸਦੀ ਜਾਨ ਮੁੱਠੀ ਵਿਚ ਹੀ ਰਹਿੰਦੀ ਹੈ। ਕੁਦਰਤੀ ਆਫ਼ਤਾਂ ਮਸਲਨ ਮੀਂਹ, ਹਨ੍ਹੇਰੀ ਆਦਿ ਦਾ ਡਰ ਉਸਨੂੰ ਪਲ-ਪਲ ਡਰਾਉਂਦਾ ਰਹਿੰਦਾ ਹੈ। ਫਿਰ ਮੰਡੀਆਂ ਵਿਚ ਪਤਾ ਨਹੀਂ ਕਿੰਨਾ ਸਮਾਂ ਰੁਲਣਾ ਪਵੇ। ਪਰ ਇਸ ਵਾਰ ਇਨ੍ਹਾਂ ਚੁਣੌਤੀਆਂ ਤੋਂ ਹਟ ਕੇ ਵੀ ਕਿਸਾਨ ਨੂੰ ਨਵੀਆਂ ਚੁਣੌਤੀਆਂ ਦੇ ਸਨਮੁੱਖ ਹੋਣਾ ਪੈ ਰਿਹਾ ਹੈ। ਕੋਰੋਨਾ ਸੰਕਟ ਦਾ ਅਸਰ ਕੰਬਾਈਨਾਂ ਵਾਲਿਆਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਕੰਬਾਈਨਾਂ ਦੇ ਮਾਲਕ ਆਪਣੇ ਖੇਤਰ ਨੂੰ ਛੱਡ ਕੇ ਦੂਰ-ਦੁਰਾਡੇ ਦੇ ਖੇਤਰਾਂ ਵਿਚ ਕਣਕ ਦੀ ਕਟਾਈ ਲਈ ਜਾਂਦੇ ਸਨ। ਇਸ ਵਾਰ ਕੋਰੋਨਾ ਨੇ ਇਸ ਗੱਲ 'ਤੇ ਕਾਫ਼ੀ ਹੱਦ ਤੱਕ ਰੋਕ ਲਾਈ ਹੈ। ਕਈ ਥਾਈਂ ਕੰਬਾਈਨਾਂ ਸਿਰਫ਼ ਦਿਨ ਵੇਲੇ ਹੀ ਕਣਕ ਵੱਢਦੀਆਂ ਹਨ ਤੇ ਰਾਤ ਨੂੰ ਬੰਦ ਰਹਿੰਦੀਆਂ ਹਨ, ਇਸ ਨਾਲ ਕਣਕਾਂ ਦੀ ਕਟਾਈ 'ਤੇ ਜ਼ਿਆਦਾ ਸਮਾਂ ਲੱਗਣਾ ਸੰਭਵ ਹੈ। ਦੂਜੇ ਪਾਸੇ ਕਿਸਾਨਾਂ ਨੂੰ ਆਪਣੀ ਕਣਕ ਕੱਟਣ ਤੋਂ ਪਹਿਲਾਂ ਲਿਖਵਾਉਣਾ ਪੈਂਦਾ ਹੈ ਕਿ ਉਸ ਨੇ ਕਿੰਨੇ ਕਿੱਲੇ ਕਣਕ ਦੀ ਕਟਾਈ ਕਰਵਾਉਣੀ ਹੈ। ਮੰਡੀਆਂ ਵਿਚ ਕਣਕ ਸੁੱਟਣ ਲਈ ਵੀ ਪਾਸ ਲੈਣਾ ਪੈਂਦਾ ਹੈ ਅਤੇ ਦਾਣਾ-ਮੰਡੀ ਵਿਚ ਕਣਕ ਲਿਜਾਣ ਦੀ ਮਾਤਰਾ ਵੀ ਸੀਮਤ ਅਤੇ ਨਿਸ਼ਚਿਤ ਕੀਤੀ ਗਈ ਹੈ। ਅਜਿਹੇ ਵਿਚ ਕਿਸਾਨਾਂ ਨੂੰ ਆਪਣੀ ਫ਼ਸਲ ਰੁਲਣ ਦਾ ਭੈਅ ਹੋਰ ਵਧ ਗਿਆ ਹੈ ਕਿਉਂਕਿ ਘਰਾਂ ਵਿਚ ਕਣਕ ਸੁੱਟਣੀ ਪੈ ਰਹੀ ਹੈ ਅਤੇ ਮੰਡੀਆਂ ਵਿਚ ਨਿਸ਼ਚਿਤ ਕੀਤੀ ਮਾਤਰਾ ਤੋਂ ਵੱਧ ਲਿਜਾ ਨਹੀਂ ਸਕਦੇ। ਘਰਾਂ ਵਿਚ ਪਈ ਕਣਕ ਅਤੇ ਮੰਡੀਆਂ ਵਿਚ ਪਈ ਕਣਕ ਕਾਰਨ ਕਿਸਾਨ ਦੀ ਜਾਨ ਘਟਦੀ ਰਹਿੰਦੀ ਹੈ ਕਿਉਂਕਿ ਇਸ ਵਾਰ ਮੌਸਮ ਠੰਢਾ ਚੱਲ ਰਿਹਾ ਹੈ ਅਤੇ ਬੱਦਲਵਾਈ ਵੀ ਬਣੀ ਰਹਿੰਦੀ ਹੈ।
ਜਿੱਥੇ ਇਕ ਪਾਸੇ ਮੌਸਮ ਦਾ ਡਰ ਹੈ ਉੱਥੇ ਨਾਲ ਹੀ ਕੋਰੋਨਾ ਵਰਗੀ ਮਹਾਂਮਾਰੀ ਦਾ ਵੀ ਹਰ ਪਲ ਡਰ ਨਾਲ-ਨਾਲ ਚੱਲ ਰਿਹਾ ਹੈ। ਬਾਹਰਲੇ ਪ੍ਰਾਂਤਾਂ ਤੋਂ ਉਸ ਰੂਪ ਵਿਚ ਮਜ਼ਦੂਰ ਵਰਗ ਜ਼ਿਆਦਾ ਨਹੀਂ ਆ ਸਕਿਆ ਜਿਵੇਂ ਪਹਿਲਾਂ ਆਇਆ ਕਰਦਾ ਸੀ। ਇਹ ਗੱਲ ਉਨ੍ਹਾਂ ਮਜ਼ਦੂਰਾਂ ਲਈ ਵੀ ਗੰਭੀਰ ਮਸਲਾ ਹੈ ਅਤੇ ਆੜ੍ਹਤੀਆ ਵਰਗ ਤੇ ਕਿਸਾਨਾਂ ਲਈ ਵੀ। ਘਰਾਂ ਅੰਦਰ ਬਿਠਾ ਦੇਣ ਵਾਲੀ ਗੰਭੀਰ ਬਿਮਾਰੀ ਦੇ ਚਲਦਿਆਂ ਅੰਨਦਾਤੇ ਨੂੰ ਮੰਡੀਆਂ ਵਿਚ ਕਣਕ ਦੀ ਰਾਖੀ ਵੀ ਬੈਠਣਾ ਪੈ ਰਿਹਾ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਲੋਕਾਂ ਦੇ ਸੰਪਰਕ ਵਿਚ ਵੀ ਆਉਣਾ ਪੈ ਰਿਹਾ ਹੈ। ਫ਼ਸਲ ਵੇਚਣ ਦੀ ਸਮੱਸਿਆ ਦੇ ਨਾਲ-ਨਾਲ ਇਹ ਮਸਲਾ ਵੀ ਗੰਭੀਰ ਅਤੇ ਗੌਲ਼ਣਯੋਗ ਹੈ। ਇਸ ਵਾਰ ਠੇਕੇ 'ਤੇ ਕਣਕ ਵਢਾਉਣ ਦਾ ਰੁਝਾਨ ਬਿਲਕੁਲ ਜਾਂ ਲੱਗਭਗ ਠੱਪ ਹੀ ਹੈ। ਇਸ ਗੱਲ ਨੇ ਪਿੰਡਾਂ ਦੇ ਮਜ਼ਦੂਰਾਂ ਨੂੰ ਵੀ ਧੱਕਾ ਲਾਇਆ ਹੈ ਅਤੇ ਹੜੰਬੇ ਵਾਲਿਆਂ ਨੂੰ ਵੀ। ਅਜਿਹੇ ਮਾਹੌਲ ਵਿਚ ਕਿਸਾਨ ਆਪਣੀ ਫ਼ਸਲ ਜਲਦੀ ਤੋਂ ਜਲਦੀ ਵੱਢ ਕੇ ਸੁਰਖਰੂ ਹੋਣਾ ਚਾਹੁੰਦਾ ਹੈ ਤਾਂ ਕਿ ਉਹ ਵੀ ਇਸ ਬਿਮਾਰੀ ਦੇ ਬਚਾਅ ਲਈ ਘਰਾਂ ਅੰਦਰ ਟਿਕ ਕੇ ਬੈਠ ਸਕੇ। ਕਿਸਾਨਾਂ ਅਤੇ ਮਜ਼ਦੂਰਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮੰਡੀਆਂ ਵਿਚ ਹੋਰ ਵਧੇਰੇ ਪੁਖਤਾ ਪ੍ਰਬੰਧ ਕਰੇ ਅਤੇ ਕਿਸਾਨਾਂ-ਮਜ਼ਦੂਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਮਜ਼ਦੂਰਾਂ ਲਈ ਇਕ ਹੋਰ ਸਮੱਸਿਆ ਵੀ ਆ ਰਹੀ ਹੈ ਕਿ ਜਿਹੜੇ ਮਜ਼ਦੂਰ ਹਰਿਆਣਾ ਵਰਗੇ ਪ੍ਰਾਂਤਾਂ ਵਿਚ ਸਰ੍ਹੋਂ ਦਾ ਸੀਜ਼ਨ ਲਾ ਕੇ ਆਏ ਹਨ ਅਤੇ ਪੈਦਲ ਜਾਂ ਕਿਸੇ ਵੀ ਰੂਪ ਵਿਚ ਆਪਣੇ ਪਿੰਡਾਂ ਤੱਕ ਪਹੁੰਚ ਗਏ ਹਨ ਉਨ੍ਹਾਂ ਨੂੰ ਪਛਾਣ-ਪਛਾਣ ਕੇ ਕੁਆਰੰਟਾਈਨ ਕੀਤਾ ਜਾ ਰਿਹਾ ਹੈ ਜਾਂ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਕ ਪਾਸੇ ਉਨ੍ਹਾਂ ਵਿਚ ਸਹਿਮ ਦਾ ਮਾਹੌਲ ਹੈ ਪਰ ਨਾਲ ਹੀ ਉਨ੍ਹਾਂ ਦਾ ਕਣਕ ਦਾ ਸੀਜ਼ਨ ਵੀ ਗੁਜ਼ਰਦਾ ਜਾ ਰਿਹਾ ਹੈ। ਜਿੱਥੇ ਉਹਨਾਂ ਨੇ ਇਸ ਸੀਜ਼ਨ ਵਿਚ ਦਿਹਾੜੀ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਨਾ ਸੀ ਉੱਥੇ ਉਹ ਬਿਲਕੁਲ ਮਾਯੂਸ ਨਜ਼ਰੀਂ ਪੈ ਰਹੇ ਹਨ। ਇਹ ਭਾਵੇਂ ਸਮੇਂ ਦੀ ਮੰਗ ਹੈ ਅਤੇ ਇਸ ਲਈ ਸਰਕਾਰਾਂ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਪਰ ਸਰਕਾਰਾਂ ਨੂੰ ਇਹੀ ਬੇਨਤੀ ਹੈ ਕਿ ਉਹ ਮਜ਼ਦੂਰ ਵਰਗ ਦੇ ਢਿੱਡ ਭਰਨ ਨੂੰ ਯਕੀਨੀ ਬਣਾਵੇ।
ਵਰਤਮਾਨ ਦੀਆਂ ਇਨ੍ਹਾਂ ਸਮੱਸਿਆਵਾਂ ਦੇ ਨਾਲ-ਨਾਲ ਨੇੜਲੇ ਭਵਿੱਖ ਲਈ ਵੀ ਮਜ਼ਦੂਰ ਅਤੇ ਕਿਸਾਨ ਵਰਗ ਚਿੰਤਤ ਹੈ। ਪਹਿਲਾਂ ਕਿਸਾਨਾਂ ਨੂੰ ਇਹ ਚਿੰਤਾ ਸੀ ਕਿ ਪਤਾ ਨਹੀਂ ਕਿ ਕਣਕ ਦੀ ਵਾਢੀ ਹੋਵੇਗੀ ਵੀ ਕਿ ਨਹੀਂ। ਇਸ ਮਸਲੇ ਤੋਂ ਬਾਅਦ ਹੁਣ ਝੋਨੇ ਦੀ ਲੁਆਈ ਲਈ ਕਿਸਾਨਾਂ ਅਤੇ ਮਜ਼ਦੂਰਾਂ ਵਿਚ ਚਿੰਤਾ ਹੈ। ਯੂ.ਪੀ., ਬਿਹਾਰ ਵਰਗੇ ਪ੍ਰਾਂਤਾਂ ਵਿਚੋਂ ਮਜ਼ਦੂਰ ਵਰਗ ਝੋਨਾ ਲਾਉਣ ਲਈ ਆ ਸਕਣਗੇ ਕਿ ਨਹੀਂ? ਪਿੰਡਾਂ ਵਾਲੇ ਮਜ਼ਦੂਰ ਇਕੱਠੇ ਹੋ ਕੇ ਝੋਨਾ ਲਾ ਸਕਣਗੇ ਕਿ ਨਹੀਂ? ਗੁਜਰਾਤ ਤੋਂ ਜਾਂ ਕਿਸੇ ਹੋਰ ਸਟੇਟਾਂ ਤੋਂ ਨਰਮੇ ਦਾ ਬੀਜ਼ ਲਿਆਂਦਾ ਜਾ ਸਕੇਗਾ ਕਿ ਨਹੀਂ? ਆਦਿ ਕੁਝ ਅਜਿਹੇ ਸੁਆਲ ਹਨ ਜਿਹੜੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਚਿੰਤਾ ਦਾ ਵਿਸ਼ਾ ਹਨ। ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਹਰ ਵਾਰ ਤਰ੍ਹਾਂ-ਤਰ੍ਹਾਂ ਦੀਆਂ ਮੁਸੀਬਤਾਂ ਝੱਲਦਾ ਕਿਸਾਨ ਇਸ ਵਾਰ ਕੋਰੋਨਾ ਸੰਕਟ ਵਿਚ ਦੋਹਰੀ-ਤੀਹਰੀ ਮਾਰ ਝੱਲਣ ਲਈ ਮਜ਼ਬੂਰ ਹੈ। ਸਰਕਾਰ ਨੂੰ ਕਿਸਾਨਾਂ ਅਤੇ ਮਜ਼ਦੂਰਾਂ ਦੀ ਸੁਰੱਖਿਆ ਅਤੇ ਭਵਿੱਖਮੁਖੀ ਯੋਜਨਾ ਦੇ ਪ੍ਰਬੰਧ ਯਕੀਨੀ ਬਣਾਉਣੇ ਚਾਹੀਦੇ ਹਨ।
Summary in English: Corona crisis, farmers and working class