ਰਾਮਪੁਰਾ ਫੂਲ ਦੇ 4 ਵਿਦਿਆਰਥੀਆਂ ਦੀ ਇੱਕ ਮੰਦਭਾਗੇ ਸੜਕ ਹਾਦਸੇ ਵਿੱਚ ਮੌਤ, ਗਡਵਾਸੂ ਵਿਖੇ ਵਿਛੜੀਆਂ ਰੂਹਾਂ ਨੂੰ ਦਿੱਤੀ ਗਈ ਭਾਵਭਿੰਨੀ ਸ਼ਰਧਾਂਜਲੀ।
Condolences Held at Gadvasu: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਦੇ ਚਾਰ ਵਿਦਿਆਰਥੀ ਇਕ ਮੰਦਭਾਗੇ ਸੜਕ ਹਾਦਸੇ ਵਿੱਚ ਅਕਾਲ ਚਲਾਣਾ ਕਰ ਗਏ ਸਨ। ਇਨ੍ਹਾਂ ਵਿਛੜੀਆਂ ਰੂਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਦੇਣ ਲਈ ਯੂਨੀਵਰਸਿਟੀ ਦੇ ਲੁਧਿਆਣਾ ਅਤੇ ਰਾਮਪੁਰਾ ਫੂਲ ਕੈਂਪਸ ਵਿਖੇ ਇਕ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ।
ਗਡਵਾਸੂ ਵਿਖੇ ਆਯੋਜਿਤ ਸ਼ੋਕ ਸਭਾ ਵਿੱਚ ਬੋਲਦਿਆਂ ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ, ਵੈਟਨਰੀ ਯੂਨੀਵਰਸਿਟੀ ਨੇ ਦੱਸਿਆ ਕਿ ਇਹ ਵਿਦਿਆਰਥੀ ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਵਿਖੇ ਬੈਚਲਰ ਆਫ ਵੈਟਨਰੀ ਸਾਇੰਸ ਅਤੇ ਐਨੀਮਲ ਹਸਬੈਂਡਰੀ ਦੀ ਚੌਥੇ ਸਾਲ ਦੀ ਪੜ੍ਹਾਈ ਕਰ ਰਹੇ ਸਨ।
ਉਨ੍ਹਾਂ ਦਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੇ ਨਾਮ ਲੁਕੇਸ਼ ਕੁਮਾਰ, ਰੋਹਨ ਸ਼ਰਮਾ, ਸਿਮਰਨਦੀਪ ਸਿੰਘ ਅਤੇ ਸ਼ੈਲਿਜ ਗੁਲੇਰੀਆ ਸਨ। ਨਵੇਂ ਸਾਲ ਦੀਆਂ ਛੁੱਟੀਆਂ ਤੋਂ ਬਾਅਦ ਇਹ ਵਿਦਿਆਰਥੀ ਇਕ ਟੈਕਸੀ ਰਾਹੀਂ ਵਾਪਸ ਰਾਮਪੁਰਾ ਫੂਲ ਆਪਣੇ ਕਾਲਜ ਜਾ ਰਹੇ ਸਨ, ਜਿਸ ਦੌਰਾਨ ਜਲੰਧਰ ਦੇ ਨੇੜੇ ਇਹ ਭਿਆਨਕ ਹਾਦਸਾ ਵਾਪਰ ਗਿਆ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ, ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਇਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ। ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਦੇ ਡੀਨ, ਡਾ. ਬਲਜਿੰਦਰ ਕੁਮਾਰ ਬਾਂਸਲ ਨੇ ਵੀ ਸ਼ਰਧਾਂਜਲੀ ਦਿੱਤੀ ਅਤੇ ਇਸ ਹਾਦਸੇ ਬਾਰੇ ਦੱਸਿਆ।
ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ. ਐਸ. ਕੇ. ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਅਤੇ ਡਾ. ਬਾਂਸਲ ਖੁਦ ਡਾ. ਐਨ. ਡੀ. ਸਿੰਘ, ਸੁਰੱਖਿਆ ਇੰਚਾਰਜ ਯੂਨੀਵਰਸਿਟੀ ਪਰਿਵਾਰ ਨੂੰ ਹੌਸਲਾ ਦੇਣ ਲਈ ਅਤੇ ਕੁਝ ਸਰਕਾਰੀ ਕਾਰਜਾਂ ਵਿੱਚ ਉਨ੍ਹਾਂ ਦਾ ਸਾਥ ਦੇਣ ਲਈ ਜਲੰਧਰ ਗਏ। ਸ਼ੋਕ ਸਭਾ ਵਿੱਚ ਸ਼ਾਮਿਲ ਸਾਰਿਆਂ ਨੇ ਦੋ ਮਿੰਟ ਦਾ ਮੌਨ ਰੱਖ ਕੇ ਇਨ੍ਹਾਂ ਵਿਛੜੇ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਹ ਵੀ ਪੜ੍ਹੋ : PM Modi ਦੀ ਮਾਤਾ Heeraben Modi ਪੰਚਤੱਤ ਵਿੱਚ ਵਿਲੀਨ, ਫ਼ਾਨੀ ਸੰਸਾਰ ਨੂੰ ਕਿਹਾ ਅਲਵਿਦਾ
ਮੌਤ ਸੱਚ ਹੈ ਅਤੇ ਸਰੀਰ ਨਾਸ਼ਵਾਨ, ਇਹ ਜਾਣ ਕੇ ਆਪਣੇ ਪਿਆਰਿਆਂ ਦੇ ਵਿਛੋੜੇ ਨੂੰ ਦੇਖ ਕੇ ਦੁੱਖ ਹੁੰਦਾ ਹੈ। ਸਾਨੂੰ ਪਰਮੇਸ਼ੁਰ ਅੱਗੇ ਇਹ ਪ੍ਰਾਰਥਨਾ ਕਰਨੀ ਚਾਹੀਦੀ ਹੈ ਵਿਛੜੀ ਆਤਮਾ ਨੂੰ ਸ਼ਾਂਤੀ ਅਤੇ ਮੁਕਤੀ ਮਿਲੇ। ਪ੍ਰਮਾਤਮਾ ਇਸ ਦੁੱਖ ਦੀ ਘੜੀ ਵਿੱਚ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਦਿਲੋਂ ਸ਼ਰਧਾਂਜਲੀ।
Summary in English: Condolences held at Gadvasu, an emotional tribute to the departed souls