ਪੰਜਾਬ 'ਚ ਪਹਿਲੀ ਵਾਰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਾਸੀਆਂ ਦੇ ਹੱਕਾਂ ਲਈ ਵੱਧ-ਚੜ ਕੇ ਕੰਮ ਕਰ ਰਹੀ ਹੈ, ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਸਕਣ। ਜਿਸਦੇ ਚਲਦਿਆਂ ਸੂਬੇ 'ਚ ਐਤਕੀਂ ਪਰਾਲੀ ਸਾੜਨ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਵੱਖੋ-ਵੱਖਰੀਆਂ ਯੋਜਨਾਵਾਂ ਵੀ ਉਲੀਕੀਆਂ ਗਈਆਂ ਹਨ। ਬਾਵਜੂਦ ਇਸਦੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਠੱਲ੍ਹ ਪਾਉਣ ਲਈ ਅੱਠ ਨੁਕਾਤੀ ਪਲਾਨ ਵੀ ਤਿਆਰ ਕੀਤਾ ਹੈ।
ਪੰਜਾਬ ਸਰਕਾਰ ਝੋਨੇ ਦੀ ਵਾਢੀ ਨੂੰ ਸਿਖਰ ਵੱਲ ਦੇਖਦਿਆਂ ਪਰਾਲੀ ਸਾੜਨ 'ਚ ਤੇਜ਼ੀ ਆਉਣ ਦੇ ਡਰੋਂ ਮੁਸਤੈਦ ਹੋ ਗਈ ਹੈ। ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਨਜਿੱਠਣ ਲਈ ਅੱਠ ਨੁਕਾਤੀ ਪਲਾਨ ਤਿਆਰ ਕੀਤਾ ਹੈ। ਇੰਨਾ ਹੀ ਨਹੀਂ, ਮੁੱਖ ਮੰਤਰੀ ਮਾਨ ਨੇ ਪਰਾਲੀ ਸਾੜਨ ਖਿਲਾਫ ਮੁਹਿੰਮ ਦੀ ਅਗਵਾਈ ਕਰਦਿਆਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਪਰਾਲੀ ਸਾੜਨ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਦਾ ਖੁਦ ਜਾਇਜ਼ਾ ਲੈਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯੋਜਨਾ ਨਤੀਜਾਮੁਖੀ ਢੰਗ ਨਾਲ ਲਾਗੂ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ।
ਸਰਕਾਰ ਨੇ 30 ਹਜ਼ਾਰ ਮਸ਼ੀਨਾਂ ਵੰਡੀਆਂ
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਕੀਮ ਤਹਿਤ ਸੂਬਾ ਸਰਕਾਰ ਵੱਲੋਂ ਹਾਲ ਹੀ ਵਿੱਚ ਖੇਤਾਂ ਵਿੱਚ ਪਰਾਲੀ ਨੂੰ ਸੰਭਾਲਣ ਲਈ 30,000 ਮਸ਼ੀਨਾਂ ਵੰਡੀਆਂ ਗਈਆਂ ਹਨ, ਜਿਸ ਨਾਲ ਅਜਿਹੀਆਂ ਮਸ਼ੀਨਾਂ ਦੀ ਹੁਣ ਕੁੱਲ ਗਿਣਤੀ 1.2 ਲੱਖ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਸੂਬੇ ਦੇ ਸਾਰੇ ਕਿਸਾਨਾਂ ਨੂੰ ਪਿੰਡ ਵਾਰ ਕਿਸਮ ਦੀਆਂ ਸੀਆਰਐਮ ਮਸ਼ੀਨਾਂ ਅਤੇ ਮਾਲਕਾਂ ਦੇ ਸੰਪਰਕ ਨੰਬਰ ਦਿੱਤੇ ਗਏ ਹਨ।
ਸਰਕਾਰ ਨੇ ਪਰਾਲੀ ਸਾੜਨ ਵਿਰੁੱਧ ਵਿੱਢੀ ਮੁਹਿੰਮ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਰਾਲੀ ਸਾੜਨ ਵਿਰੁੱਧ ਸੂਬੇ ਭਰ ਵਿੱਚ ਮੁਹਿੰਮ ਉਲੀਕੀ ਗਈ ਹੈ। ਇਸ ਦੇ ਮੱਦੇਨਜ਼ਰ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਸਮੱਸਿਆ ਤੋਂ ਜਾਣੂ ਕਰਵਾਉਣ ਲਈ ਵਿਧਾਇਕ ਅਤੇ ਅਧਿਕਾਰੀ ਸੰਵੇਦਨਸ਼ੀਲ ਇਲਾਕਿਆਂ ਵਿੱਚ ਮੀਟਿੰਗਾਂ ਕਰ ਰਹੇ ਹਨ, ਇਸ ਦੇ ਨਾਲ ਹੀ ਗੁਰਦੁਆਰਿਆਂ ਦੇ ਮੁਨਾਦੀਆਂ, ਸਰਪੰਚਾਂ, ਕਿਸਾਨ ਯੂਨੀਅਨਾਂ ਅਤੇ ਹੋਰਾਂ ਨਾਲ ਮੀਟਿੰਗਾਂ ਕਰ ਰਹੇ ਹਨ।
ਪੰਚਾਇਤਾਂ ਅਤੇ ਕਿਸਾਨਾਂ ਦਾ ਸਨਮਾਨ
ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੰਚਾਇਤਾਂ ਅਤੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਅਤੇ ਇਸ ਰੁਝਾਨ ਨੂੰ ਰੋਕਣ ਵਾਲੇ ਕਿਸਾਨਾਂ ਅਤੇ ਪੰਚਾਇਤਾਂ ਦਾ ਸਨਮਾਨ ਯਕੀਨੀ ਬਣਾਉਣ।
ਇਹ ਵੀ ਪੜ੍ਹੋ : ਡੀਏਪੀ ਖਾਦ ਦੀ ਕਮੀ ਕਾਰਣ ਕਣਕ ਦੀ ਬਿਜਾਈ 'ਚ ਦੇਰੀ, ਫ਼ਸਲ ਦੇ ਝਾੜ 'ਤੇ ਮਾੜਾ ਪ੍ਰਭਾਵ ਪੈਣ ਦਾ ਖ਼ਦਸ਼ਾ!
ਅਧਿਕਾਰੀਆਂ ਨੂੰ ਨਿਰਦੇਸ਼
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਰੋਜ਼ਾਨਾ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਰਵਾਈ ਕਰਨ ਲਈ ਇੰਟਰਨੈੱਟ ਰਾਹੀਂ ਛੇਤੀ ਡੇਟਾ ਪ੍ਰਦਾਨ ਕਰਨ ਲਈ ਵੀ ਆਖਿਆ। ਸੀ.ਐਮ ਮਾਨ ਵੱਲੋਂ ਅਧਿਕਾਰੀਆਂ ਨੂੰ ਸੂਬੇ ਦਾ ਵਾਤਾਵਰਨ ਦੂਸ਼ਿਤ ਕਰਨ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਲੋਕਾਂ ਤੋਂ ਸਹਿਯੋਗ ਦੀ ਅਪੀਲ
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਸਵੱਛ, ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।
Summary in English: CM Mann started work on war level, the government launched a campaign against stubble burning