ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਸਾਉਣੀ ਮੁਹਿੰਮ ਤਹਿਤ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਦੀਨਾਨਗਰ ਬਲਾਕ ਦੇ ਪਿੰਡ ਗਾਲ੍ਹੜੀ ਵਿਖੇ ਲਗਾਇਆ ਗਿਆ, ਜਿਸ ਦੀ ਅਗਵਾਈ ਡਾ. ਅਮਰੀਕ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਨੇ ਕੀਤੀ।
ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਡਾ. ਮੋਹਨ ਸਿੰਘ ਦੇ ਪ੍ਰਬੰਧਾਂ ਹੇਠ ਲਗਾਏ ਗਏ ਕਿਸਾਨ ਜਾਗਰੂਕਤਾ ਕੈੰਪ ਵਿੱਚ ਖੇਤੀਬਾੜੀ ਅਫ਼ਸਰ ਡਾ. ਹਰਬਿੰਦਰ ਸਿੰਘ, ਡਾ. ਬਲਜਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਡਾ. ਦਮਨਪ੍ਰੀਤ ਕੌਰ, ਖੇਤੀਬਾੜੀ ਵਿਸਥਾਰ ਅਫਸਰ ਰਾਜੇਸ਼ ਕੁਮਾਰ, ਗੁਰਪਿੰਦਰ ਸਿੰਘ ਏ ਟੀ ਐਮ, ਬਲਬੀਰ ਸਿੰਘ ਚਿੱਟੀ ਹੋਰ ਸਟਾਫ ਅਤੇ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ।
ਕੈਂਪ ਵਿੱਚ ਮੌਜੂਦ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨਾਲ ਭਵਿੱਖ ਦੀ ਖੇਤੀ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਕੁਝ ਕਿਸਾਨ ਖੇਤਾਂ ਵਿੱਚ ਰਵਾਇਤੀ ਖਾਦ ਪਾ ਕੇ ਇਸ ਨੂੰ ਖੁੱਲ੍ਹੇ ਵਿੱਚ ਛੱਡ ਦਿੰਦੇ ਹਨ, ਜਿਸ ਕਾਰਨ ਇਸ ਵਿੱਚ ਮੌਜੂਦ ਪੌਸ਼ਟਿਕ ਤੱਤ ਖ਼ਤਮ ਹੋ ਜਾਂਦੇ ਹਨ। ਇਸ ਲਈ ਖੇਤਾਂ ਵਿਚ ਰੂੜ੍ਹੀ ਖਾਦ ਪਾਉਣ ਤੋਂ ਬਾਅਦ ਵਾਹ ਕੇ ਪਾਣੀ ਲਗਾ ਦੇਣ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕਣਕ ਦੇ ਨਾੜ ਨੂੰ ਤਵੀਆਂ, ਰੋਟਾਵੇਟਰ ਜਾਂ ਹਲ ਨਾਲ ਵਾਹੁਣਾ ਚਾਹੀਦਾ ਹੈ ਅਤੇ ਅੱਗ ਨਹੀਂ ਲਗਾਉਣੀ ਚਾਹੀਦੀ। ਉਨ੍ਹਾਂ ਕਿਹਾ ਕਿ ਬਾਸਮਤੀ ਦੀ ਫ਼ਸਲ ਦੇ ਸਫਲ ਉਤਪਾਦਨ ਵਿੱਚ ਝੰਡਾ ਰੋਗ ਇੱਕ ਵੱਡੀ ਸਮੱਸਿਆ ਹੈ। ਇਸ ਲਈ ਇਸ ਬਿਮਾਰੀ ਦੀ ਰੋਕਥਾਮ ਲਈ ਜ਼ਰੂਰੀ ਹੈ ਕਿ ਪਨੀਰੀ ਦੀ ਬਿਜਾਈ ਸਿਫ਼ਾਰਸ਼ ਕੀਤੇ ਸਮੇਂ 'ਤੇ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਕੀਤੀ ਜਾਵੇ।
ਡਾ. ਹਰਬਿੰਦਰ ਸਿੰਘ ਨੇ ਕਿਹਾ ਕਿ ਸਿਹਤਮੰਦ ਫ਼ਸਲ ਦੀ ਕਾਸ਼ਤ ਲਈ ਜ਼ਰੂਰੀ ਹੈ ਕਿ ਉਸ ਫ਼ਸਲ ਦਾ ਬੀਜ ਸ਼ੁੱਧ ਅਤੇ ਉੱਚ ਗੁਣਵੱਤਾ ਵਾਲਾ ਹੋਵੇ ਤਾਂ ਜੋ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਬਾਸਮਤੀ ਦਾ ਬੀਜ ਭਰੋਸੇਯੋਗ ਸੰਸਥਾਵਾਂ ਜਿਵੇਂ ਕਿ ਪਨਸੀਡ, ਪੀਏਯੂ, ਇਫਕੋ, ਕਰੀਭਕੋ, ਐਨਐਫਐਲ ਜਾਂ ਲਾਇਸੰਸਸ਼ੁਦਾ ਕਿਸਾਨਾਂ ਤੋਂ ਖਰੀਦਿਆ ਜਾਵੇ।
ਇਹ ਵੀ ਪੜ੍ਹੋ : ਮੋਗਾ ਵਿਖੇ Job Camp, Last Date 31 ਮਈ, ਜਾਣਕਾਰੀ ਲਈ ਇਸ ਨੰਬਰ 'ਤੇ ਕਰੋ ਸੰਪਰਕ
ਉਨ੍ਹਾਂ ਕਿਹਾ ਕਿ ਬੀਜ ਖਰੀਦਣ ਤੋਂ ਬਾਅਦ ਡੀਲਰ ਤੋਂ ਬਿੱਲ ਜ਼ਰੂਰ ਲੈਣਾ ਚਾਹੀਦਾ ਹੈ। ਡਾ. ਦਮਨਪ੍ਰੀਤ ਕੌਰ ਨੇ ਕਿਹਾ ਕਿ ਬਾਸਮਤੀ ਦੀ ਫ਼ਸਲ ਨੂੰ ਝੰਡਾ ਰੋਗ ਬਿਮਾਰੀ ਤੋਂ ਬਚਾਉਣ ਲਈ ਬੀਜਾਂ ਅਤੇ ਜੜ੍ਹਾਂ ਵਿੱਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਝੋਨੇ ਦੀ ਕਾਸ਼ਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਫ਼ਸਲ ਨੂੰ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਸਿਫ਼ਾਰਸ਼ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰਨੀ ਜ਼ਰੂਰੀ ਹੈ।
ਡਾ. ਬਲਜਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ (PM Kisan Yojana) ਤਹਿਤ ਲਾਭਪਾਤਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦਾ ਜ਼ਮੀਨੀ ਰਿਕਾਰਡ ਪੋਰਟਲ 'ਤੇ ਸਹੀ ਨਹੀਂ ਹੈ, ਉਹ ਆਪਣੇ ਆਧਾਰ ਕਾਰਡ ਬਣਾ ਕੇ ਖੇਤੀਬਾੜੀ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਉਣ, ਤਾਂ ਜੋ ਜ਼ਮੀਨੀ ਰਿਕਾਰਡ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਮਨਦੀਪ ਕੌਰ ਭੂਮੀ ਰੱਖਿਆ ਇੰਸਪੈਕਟਰ ਨੇ ਭੂਮੀ ਰੱਖਿਆ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : June-July 'ਚ ਹੋਣ ਜਾ ਰਹੇ ਹਨ ਡੇਅਰੀ ਸਿਖਲਾਈ ਕੋਰਸ, 28 ਜੂਨ ਨੂੰ ਹੋਵੇਗਾ Interview
ਸਟੇਜ ਸਕੱਤਰ ਦੀ ਡਿਊਟੀ ਡਾ. ਮੋਹਨ ਸਿੰਘ ਨੇ ਬਾਖ਼ੂਬੀ ਨਿਭਾਉਂਦੇ ਹੋਏ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਜ਼ਮੀਨ ਨੂੰ ਠੰਡਾ ਕਰਨ ਦੇ ਨਾਂਅ 'ਤੇ ਧਰਤੀ ਹੇਠਲੇ ਪਾਣੀ ਨੂੰ ਬਰਬਾਦ ਨਾ ਕੀਤਾ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਨੂੰ ਅਪਣਾਉਣ ਤਾਂ ਜੋ ਖੇਤੀ ਲਾਗਤਾਂ ਘਟਾ ਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਅੰਤ ਵਿੱਚ ਅਗਾਂਹਵਧੂ ਕਿਸਾਨ ਰਣਜੀਤ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਆਪਣੇ ਤਜ਼ਰਬੇ ਕਿਸਾਨਾਂ ਨਾਲ ਸਾਂਝੇ ਕੀਤੇ ਅਤੇ ਕਿਸਾਨਾਂ ਨੂੰ ਕੁਝ ਖੇਤਰਾਂ ਵਿੱਚ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਲਈ ਪ੍ਰੇਰਿਤ ਕੀਤਾ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ (District Public Relations Office, Gurdaspur)
Summary in English: Big news for Punjab farmers who are benefiting from PM Kisan Yojana