KVK Amritsar: ਪੀਏਯੂ ਦੇ ਕਿਸਾਨ ਮੇਲਿਆਂ ਦੀ ਲੜੀ ਦੀ ਸ਼ੁਰੂਆਤ 5 ਮਾਰਚ 2024 ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਤੋਂ ਹੋਈ, ਜਿੱਥੇ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲਾ ਲਾਇਆ ਗਿਆ। ਇਸ ਮੇਲੇ ਦਾ ਉਦਘਾਟਨ ਮੇਲੇ ਦੇ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਮਜੀਠਾ ਦੇ ਐੱਸ.ਡੀ.ਐਮ ਕੁਮਾਰੀ ਹਰਨੂਰ ਕੌਰ ਢਿੱਲੋਂ, ਪੀ.ਸੀ.ਐੱਸ ਸ਼ਾਮਿਲ ਸਨ। ਜ਼ਿਲ੍ਹਾ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਜਤਿੰਦਰ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਆਪਣੇ ਭਾਸ਼ਣ ਵਿੱਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਮੇਲੇ ਸਿੱਖਣ-ਸਿਖਾਉਣ ਦਾ ਅਮਲ ਹਨ। ਨਵੀਆਂ ਤਕਨੀਕਾਂ ਅਪਣਾ ਕੇ ਆਪਣੀ ਖੇਤੀ ਨੂੰ ਅੱਗੇ ਲਿਜਾਣ ਵਾਲੇ ਕਿਸਾਨਾਂ ਕੋਲੋਂ ਦੂਜਿਆਂ ਨੂੰ ਸਿੱਖਣ ਦੀ ਲੋੜ ਹੈ। ਉਨ੍ਹਾਂ ਖੇਤੀ ਸਾਹਿਤ ਨਾਲ ਜੁੜਨ ਦੀ ਲੋੜ ਉੱਪਰ ਜ਼ੋਰ ਦਿੰਦਿਆਂ ਸਾਉਣੀ ਦੀਆਂ ਫ਼ਸਲਾਂ ਦੀ ਕਿਤਾਬ ਨੂੰ ਖੋਜ ਸਿੱਟਿਆਂ ਉੱਪਰ ਆਧਾਰਿਤ ਕਿਹਾ ਤੇ ਕਿਸਾਨਾਂ ਨੂੰ ਇਸ ਨੂੰ ਖਰੀਦਣ ਲਈ ਅਪੀਲ ਕੀਤਾ।
ਪਰਿਵਾਰ ਦੀ ਆਮਦਨ ਲਈ ਲਗਾਤਾਰ ਕੋਸ਼ਿਸ਼ਾਂ: VC
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਖੇਤੀ ਪਰਿਵਾਰਾਂ ਦੀ ਆਮਦਨ ਵਧਾਉਣ ਦੇ ਮੰਤਵ ਨਾਲ ਯੂਨੀਵਰਸਿਟੀ ਨੇ ਇਹ ਸੁਨੇਹਾ ਘਰ-ਘਰ ਪੁਚਾਉਣ ਦਾ ਬੀੜਾ ਚੁੱਕਿਆ ਹੈ। ਪਸ਼ੂ ਪਾਲਣ, ਸ਼ਹਿਦ ਮੱਖੀ ਪਾਲਣ ਅਤੇ ਪੋਲਟਰੀ ਤੋਂ ਇਲਾਵਾ ਨਵੇਂ ਸਹਾਇਕ ਕਿੱਤਿਆਂ ਜਿਵੇਂ ਖੁੰਬਾਂ ਦੀ ਕਾਸ਼ਤ, ਬੀਜ ਉਤਪਾਦਨ ਅਤੇ ਖੇਤੀ ਪ੍ਰੋਸੈਸਿੰਗ ਕੇਂਦਰਾਂ ਨੂੰ ਅਪਣਾਉਣ ਦੇ ਲਾਭ ਕਿਸਾਨਾਂ ਨੂੰ ਦੱਸੇ। ਉਨ੍ਹਾਂ ਕਿਹਾ ਕਿ ਅਜੋਕਾ ਦੌਰ ਪਰਿਵਾਰ ਦੀ ਆਮਦਨ ਲਈ ਲਗਾਤਾਰ ਕੋਸ਼ਿਸ਼ਾਂ ਦਾ ਹੈ ਤੇ ਯੂਨੀਵਰਸਿਟੀ ਇਸ ਸੰਬੰਧੀ ਵਿਗਿਆਨਕ ਸਿਖਲਾਈ ਲਗਾਤਾਰ ਕਿਸਾਨਾਂ ਨੂੰ ਦੇ ਰਹੀ ਹੈ।
ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਜੁੜੋ: VC
ਪ੍ਰੋਸੈਸਿੰਗ ਅਤੇ ਮੁੱਲ ਵਾਧੇ ਨੂੰ ਮੌਜੂਦਾ ਦੌਰ ਦੇ ਸਹਾਇਕ ਕਿੱਤੇ ਆਖਦਿਆਂ ਵਾਈਸ ਚਾਂਸਲਰ ਨੇ ਇਸ ਸੰਬੰਧੀ ਸਿਖਲਾਈ ਲਈ ਕ੍ਰਿਸ਼ੀ ਵਿਗਿਆਨ ਕੇਂਦਰਾਂ ਜਾਂ ਯੂਨੀਵਰਸਿਟੀ ਨਾਲ ਜੁੜਨ ਦਾ ਖੁੱਲ੍ਹਾ ਸੱਦਾ ਦਿੱਤਾ। ਕਿਸਾਨਾਂ ਨੂੰ ਨਵੀਂ ਖੇਤੀ ਜਾਣਕਾਰੀ ਲਈ ਮੇਲਿਆਂ ਵਿਚ ਯੂਨੀਵਰਸਿਟੀਆਂ ਦੀਆਂ ਸਟਾਲਾਂ ਤੇ ਮਾਹਿਰਾਂ ਨਾਲ ਸੰਪਰਕ ਬਣਾਉਣ ਦਾ ਕਿਹਾ ਤੇ ਖੇਤੀ ਪ੍ਰਦਰਸ਼ਨੀਆਂ ਵਿਚ ਅੱਖੀਂ ਦੇਖਣ ਨੂੰ ਪਹਿਲ ਦੇਣ ਲਈ ਕਿਹਾ।
ਸਿਫਾਰਿਸ਼ਾਂ ਨੂੰ ਲਾਗੂ ਕਰਨਾ ਲਾਜ਼ਮੀ: VC
ਉਨ੍ਹਾਂ ਨੇ ਕਣਕ ਝੋਨੇ ਤੋਂ ਇਲਾਵਾ ਗੰਨੇ ਅਤੇ ਹੋਰ ਫ਼ਸਲਾਂ ਬਾਰੇ ਦੱਸਦਿਆਂ ਅਗੇਤੀਆਂ, ਦਰਮਿਆਨੀਆਂ ਅਤੇ ਪਛੇਤੀਆਂ ਕਿਸਮਾਂ ਦਾ ਜ਼ਿਕਰ ਕੀਤਾ। ਫਲਦਾਰ ਫ਼ਸਲਾਂ ਵਿੱਚ ਨਾਖ ਤੇ ਲੀਚੀ ਨੂੰ ਇਲਾਕੇ ਦੀਆਂ ਫ਼ਸਲਾਂ ਆਖਦਿਆਂ ਬਾਗ਼ ਲਾਉਣ ਬਾਰੇ ਸਰਕਾਰੀ ਯੋਜਨਾਵਾਂ ਦਾ ਹਵਾਲਾ ਦਿੰਦਿਆਂ ਡਾ. ਗੋਸਲ ਨੇ ਇਸਦਾ ਲਾਹਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਝੋਨੇ ਦੀਆਂ ਘੱਟ ਪਾਣੀ ਖਪਤ ਕਰਨ ਵਾਲੀਆਂ ਅਤੇ ਘੱਟ ਪਰਾਲ ਵਾਲੀਆਂ ਕਿਸਮਾਂ ਦੀ ਕਾਸ਼ਤ ਨੂੰ ਸਮੇਂ ਅਤੇ ਵਾਤਾਵਰਨ ਸੰਭਾਲ ਦੀ ਮੰਗ ਕਿਹਾ। ਬਾਸਮਤੀ ਦੀ ਕਾਸ਼ਤ ਲਈ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨਾ ਲਾਜ਼ਮੀ ਹੈ ਤਾਂ ਕਿ ਰਸਾਇਣਿਕ ਰਹਿੰਦ ਖੂੰਹਦ ਦੀ ਮਾਤਰਾ ਘਟਾਈ ਜਾ ਸਕੇ।
ਖੇਤੀ ਖਰਚੇ ਘਟਾਉਣ ਦਾ ਸੰਦੇਸ਼: VC
ਡਾ. ਗੋਸਲ ਨੇ ਮਿੱਟੀ ਅਤੇ ਜ਼ਮੀਨ ਦੀ ਸਿਹਤ ਲਈ ਰੂੜੀ ਅਤੇ ਹਰੀ ਖਾਦ ਦੇ ਨਾਲ ਨਾਲ ਜੈਵਿਕ ਖਾਦਾਂ ਦੀ ਵਰਤੋਂ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਫਸਲੀ ਰਹਿੰਦ ਖੂਹੰਦ ਦੀ ਸੰਭਾਲ ਲਈ ਪੀਏਯੂ ਦੀਆਂ ਮਸ਼ੀਨਰੀ ਤਕਨੀਕਾਂ ਬਾਰੇ ਦੱਸਿਆ ਅਤੇ ਗੁੱਲੀ ਡੰਡਾ ਆਦਿ ਤੋਂ ਬੱਚਤ ਲਈ ਸਰਫੇਸ ਸੀਡਿੰਗ ਅਪਣਾਉਣ ਉੱਪਰ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀ ਖਰਚੇ ਘਟਾਉਣ ਦੇ ਖੇਤਰ ਵਿਚ ਖਾਦਾਂ ਦੀ ਢੁਕਵੀਂ ਵਰਤੋਂ ਜ਼ਰੂਰ ਕੀਤੀ ਜਾਵੇ ਅਤੇ ਇਸ ਸੰਬੰਧ ਵਿਚ ਪੀਏਯੂ ਦੀਆਂ ਸਿਫਾਰਿਸ਼ਾਂ ਜ਼ਰੂਰ ਅਪਣਾਈਆਂ ਜਾਣ।
ਸੋਸ਼ਲ ਮੀਡੀਆ ਰਾਹੀਂ ਯੂਨੀਵਰਸਿਟੀ ਨਾਲ ਜੁੜੋ: VC
ਕਣਕ ਝੋਨੇ ਫਸਲੀ ਚੱਕਰ ਕਾਰਨ ਜ਼ਮੀਨ ਦੀ ਹੋਰ ਰਹੀ ਸਖ਼ਤ ਪਰਤ ਨੂੰ ਉਨ੍ਹਾਂ ਡੂੰਘੇ ਹਲ ਚੀਜ਼ਲਰ ਦੀ ਵਰਤੋਂ ਦੀ ਸਿਫਾਰਿਸ਼ ਬਾਰੇ ਦੱਸਿਆ ਅਤੇ ਸੌਰ ਊਰਜਾ ਵੱਲ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਇਸਦੇ ਲਾਹੇਵੰਦ ਪੱਖਾਂ ਵੱਲ ਇਸ਼ਾਰਾ ਕੀਤਾ। ਡਾ. ਗੋਸਲ ਨੇ ਕਿਹਾ ਕਿ ਕਿਸਾਨ ਅਤੇ ਯੂਨੀਵਰਸਿਟੀ ਨੂੰ ਛੇ ਮਹੀਨੇ ਬਾਅਦ ਕਿਸਾਨ ਮੇਲਿਆਂ ਵਿੱਚ ਮਿਲਣ ਦੇ ਨਾਲ-ਨਾਲ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਜੁੜੇ ਰਹਿਣਾ ਪਵੇਗਾ। ਇਸ ਨਾਲ ਖੇਤੀ ਵਿਗਿਆਨਕ ਜਾਣਕਾਰੀ ਕਿਸਾਨਾਂ ਤਕ ਲਗਾਤਾਰ ਪਹੁੰਚਦੀ ਰਹੇਗੀ।
ਪੰਜਾਬ ਦੇ ਕਿਸਾਨ ਭਰਾਵਾਂ ਨੂੰ ਦੱਸ ਦੇਈਏ ਕਿ ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਦਾ ਲਾਹਾ ਲੈਣ ਲਈ ਉਹ ਵੱਖ-ਵੱਖ ਐਪਾਂ ਦੇ ਕੋਡ ਸਕੈਨ ਕਰਨ ਦੀ ਵਿਧੀ ਨੂੰ ਆਪਣਾ ਸਕਦੇ ਹਨ। ਇਸ ਮੌਕੇ ਵਾਈਸ ਚਾਂਸਲਰ ਨੇ ਕਿਸਾਨਾਂ ਨੂੰ ਅਗਲੇ ਫ਼ਸਲੀ ਸੀਜ਼ਨ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਲਗਾਤਾਰ ਯੂਨੀਵਰਸਿਟੀ ਨਾਲ ਜੁੜੇ ਰਹਿਣ।
Summary in English: Amritsar News: Kisan Mela starts from Krishi Vigyan Kendra Nag Kalan for kharif crops, PAU Vice Chancellor's message to Punjab farmers