Agribusiness: ਪੰਜਾਬ ਦੇ ਸਮਾਜਿਕ, ਉਦਯੋਗਿਕ, ਸੱਭਿਆਚਾਰਕ ਅਤੇ ਆਰਥਿਕ ਵਿਕਾਸ ਵਿੱਚ ਖੇਤੀਬਾੜੀ ਦਾ ਅਹਿਮ ਯੋਗਦਾਨ ਹੈ। ਸੂਬੇ ਦੀ 65 ਪ੍ਰਤੀਸ਼ਤ ਆਬਾਦੀ ਆਪਣੀ ਰੋਜ਼ੀ ਰੋਟੀ ਅਤੇ ਰੁਜ਼ਗਾਰ ਲਈ ਸਿੱਧੇ ਤੌਰ 'ਤੇ ਖੇਤੀਬਾੜੀ 'ਤੇ ਨਿਰਭਰ ਕਰਦੀ ਹੈ। ਪੰਜਾਬ ਵਾਸੀਆਂ ਦੀ ਜੀਵਨ-ਜਾਂਚ ਅਤੇ ਆਰਥਿਕਤਾ ਵਿੱਚ ਖੇਤੀਬਾੜੀ ਦੀ ਅਹਿਮ ਭੂਮਿਕਾ ਹੈ। ਖੇਤੀਬਾੜੀ ਇਹੋ ਜਿਹਾ ਕਿੱਤਾ ਹੈ ਜਿਸ ਵਿਚ ਮੁਨਾਫ਼ੇ ਦੀ ਬਹੁਤ ਸਮਰੱਥਾ ਹੈ। ਪਿੰਡਾਂ ਦੇ ਨੌਜਵਾਨਾਂ ਦੀ ਖੇਤੀ ਪ੍ਰਤੀ ਨਕਾਰਾਤਮਕ ਧਾਰਨਾ ਅਤੇ ਵਿਦੇਸ਼ਾਂ ਵੱਲ ਪ੍ਰਵਾਸ ਦੇ ਰੁਝਾਨ ਕਾਰਣ ਵੀ ਖੇਤੀ ਤੋਂ ਮੁਨਾਫ਼ੇ ਦੀ ਸਮਰੱਥਾ ਨੂੰ ਵਧਾਇਆ ਨਹੀਂ ਜਾ ਸਕਿਆ ਜਿਸ ਕਾਰਣ ਇਕ ਕਿਸਾਨ ਅਤੇ ਗੈਰ ਕਿਸਾਨ ਦੇ ਆਰਥਿਕ ਅਤੇ ਸਮਾਜਿਕ ਪੱਧਰ ਵਿੱਚ ਬਹੁਤ ਵੱਡਾ ਅੰਤਰ ਹੈ।
ਕਿਸਾਨਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਖੇਤੀ ਨੂੰ ਲਾਹੇਵੰਦ ਬਣਾਉਣਾ ਅਹਿਮ ਹੈ ਜਿਸ ਦੇ ਲਈ ਖੇਤੀ ਤੋਂ ਖੇਤੀ ਕਾਰੋਬਾਰ ਵੱਲ ਤਬਦੀਲ ਹੋਣਾ ਬੇਹਦ ਲਾਜ਼ਮੀ ਹੈ। ਸਫਲ ਖੇਤੀ ਵਪਾਰ ਲਈ ਨੌਜਵਾਨ ਪੀੜ੍ਹੀ ਦਾ ਖੇਤੀ ਵਲ ਰੁੁੁਝਾਨ ਅਤੇ ਸ਼ਮੂਲੀਅਤ ਅਹਿਮ ਹੈ। ਖੇਤੀ ਉਤਪਾਦਨ ਅਤੇ ਮੰਡੀਕਰਨ ਸਬੰਧੀ ਉੱਭਰ ਰਹੀਆਂ ਚੁਣੌਤੀਆਂ ਨੂੰ ਨਜਿੱਠਣ ਲਈ ਨੌਜਵਾਨਾਂ ਦੀ ਊਰਜਾ, ਉਤਸ਼ਾਹ ਅਤੇ ਤਕਨੀਕੀ ਗਿਆਨ ਨੂੰ ਹੁਨਰ ਵਿਕਾਸ ਲਈ ਵਰਤਣਾ ਚਾਹੀਦਾ ਹੈ ਅਤੇ ਉਹਨਾਂ ਦੀ ਖੇਤੀਬਾੜੀ ਵਿੱਚ ਸ਼ਮੂਲੀਅਤ ਕਰਵਾ ਕੇ ਖੇਤੀ ਤੋਂ ਮੁਨਾਫ਼ੇ ਦੀ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ। ਕਿਸਾਨ ਆਪਣੀ ਖੇਤੀ ਅਤੇ ਸਹਾਇਕ ਧੰਦਿਆਂ ਲਈ ਸਿਰਤੋੜ ਯਤਨ ਕਰਦਾ ਹੈ ਪਰ ਜਦ ਮੰਡੀਕਰਨ ਦੀ ਗੱਲ ਆਉਂਦੀ ਹੈ ਤਾਂ ਉਸ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਹੈ। ਉਤਪਾਦਨ ਦੇ ਵਿਕਰੀ ਮੁੱਲ ਅਤੇ ਉਤਪਾਦ ਦੇ ਪ੍ਰਚੂਨ ਮੁੱਲ ਵਿਚ ਬਹੁਤ ਵੱਡਾ ਅੰਤਰ ਹੈ ਅਤੇ ਇਹ ਅੰਤਰ ਦਿਨੋ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਇਸ ਅੰਤਰ ਵਿਚਕਾਰ ਪ੍ਰੋਸੈਸਿੰਗ, ਮੰਡੀਕਰਨ ਅਤੇ ਢੋਆ-ਢੁਆਈ ਦਾ ਖਰਚਾ ਹੁੰਦਾ ਹੈ ਪਰ ਆਪਣੀ ਜਿਣਸ ਦਾ ਪੂਰਾ ਮੁੱਲ ਅਤੇ ਬੇਹਤਰ ਮੁਨਾਫ਼ਾ ਕਮਾਉਣ ਲਈ ਉਸ ਨੂੰ ਪ੍ਰੋਸੈਸਿੰਗ ਅਤੇ ਮੰਡੀਕਰਨ ਵਾਲੇ ਪਾਸੇ ਆਪਣਾ ਹਿੱਸਾ ਪਾਉਣਾ ਪਵੇਗਾ। ਖੇਤੀ ਨੂੰ ਮੁੜ ਸੁਰਜੀਤ ਅਤੇ ਪ੍ਰਫੁੱਲਿਤ ਕਰਨ ਲਈ ਅਤੇ ਪੇਂਡੂ ਨੌਜਵਾਨਾਂ ਨੂੰ ਖੇਤੀਬਾੜੀ ਵੱਲ ਆਕਰਸ਼ਿਤ ਕਰਨ ਲਈ ਖੇਤੀ ਤੋਂ ਖੇਤੀ ਉੱਦਮ ਵੱਲ ਪ੍ਰੀਵਰਤਨ ਇੱਕ ਜ਼ਰੂਰੀ ਮਾਰਗ ਹੈ।
ਸਾਡੇ ਕਿਸਾਨਾਂ ਕੋਲ ਸਦੀਆਂ ਤੋਂ ਸਥਾਨਕ ਫਸਲਾਂ ਦੀ ਕਾਸ਼ਤ ਅਤੇ ਸਥਿਰਤਾ ਦਾ ਪਰੰਪਰਾਗਤ ਗਿਆਨ ਅਤੇ ਅਭਿਆਸ ਹੈ ਪਰ ਖੇਤੀ ਉਤਪਾਦਨ ਅਤੇ ਮੰਡੀਕਰਨ ਸਬੰਧੀ ਉੱਭਰ ਰਹੀਆਂ ਚੁਣੌਤੀਆਂ ਨੂੰ ਨਜਿੱਠਣ ਲਈ ਅਤੇ ਜ਼ਰੂਰੀ ਹੁਨਰ ਅਤੇ ਸਮਰੱਥਾਵਾਂ ਨੂੰ ਹਾਸਲ ਕਰਨ ਲਈ ਨੌਜਵਾਨਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਫਸਲਾਂ ਦੇ ਕੁਸ਼ਲ ਪ੍ਰਬੰਧਨ ਵਿਗਿਆਨ ਅਤੇ ਤਕਨੀਕੀ ਜਾਣਕਾਰੀ, ਡਿਜੀਟਲ ਸੂਚਨਾਵਾਂ, ਮੰਡੀਕਰਨ ਅਤੇ ਪ੍ਰਬੰਧਕੀ ਮੁਹਾਰਤ ਲਈ ਨੌਜਵਾਨਾਂ ਦਾ ਝੁਕਾਅ ਖੇਤੀਬਾੜੀ ਵੱਲ ਵਧਾਉੁਣਾ ਬਹੁਤ ਜ਼ਰੂਰੀ ਹੈ। ਪੰਜਾਬ ਵਿੱਚ 70 ਪ੍ਰਤੀਸ਼ਤ ਨੌਜਵਾਨ ਪੇਂਡੂ ਇਲਾਕਿਆਂ ਵਿੱਚ ਰਹਿੰਦੇ ਹਨ, ਉਹਨਾਂ ਦੀ ਤਕਨੀਕੀ ਕੰਮ ਸਿਖਣ ਅਤੇ ਵਪਾਰਕ ਪਹਿਲੂਆਂ ਨੂੰ ਅਪਣਾਉੁਣ ਦੀ ਸਮਰੱਥਾ ਨੂੰ ਵਰਤਣਾ ਚਾਹੀਦਾ ਹੈ ਤਾਂ ਜੋ ਖੇਤੀ ਤੋਂ ਉੱਚ ਮੁੱਲ ਦੀ ਸਮਰੱਥਾ ਨੂੰ ਵਧਾਇਆ ਜਾ ਸਕੇ। ਸੋ ਕਿਸਾਨਾਂ ਦੇ ਪਰੰਪਰਾਗਤ ਗਿਆਨ ਦੇ ਨਾਲ ਨੌਜਵਾਨਾਂ ਦਾ ਤਕਨੀਕੀ ਤੇ ਵਿਗਿਆਨਕ ਗਿਆਨ ਦਾ ਸੁਮੇਲ ਖੇਤੀ ਨੂੰ ਸਫ਼ਲ ਉੱਦਮ ਬਣਾਏਗਾ, ਜਿਸ ਨਾਲ ਉਹਨਾਂ ਦਾ ਆਰਥਿਕ ਤੇ ਸਮਾਜਿਕ ਪੱਧਰ ਵੀ ਉੱਚਾ ਹੋਵੇਗਾ ਅਤੇ ਨੌਜਵਾਨਾਂ ਵਿੱਚ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਵੀ ਘਟੇਗਾ।
ਖੇਤੀ ਵਿੱਚ ਮੁਨਾਫ਼ੇੇ ਦੀ ਸਮਰੱਥਾ ਵਧਾਉਣ ਲਈ ਕਿਸਾਨਾਂ ਵਿੱਚ ਸਭ ਤੋਂ ਪਹਿਲਾਂ ਆਪਣੀ ਉਪਜ ਦੀ ਪ੍ਰੋਸੈਸਿੰਗ ਕਰਕੇ ਵੱਖ-ਵੱਖ ਉਤਪਾਦ ਬਣਾਉਣ ਦਾ ਹੁਨਰ ਵਿਕਸਿਤ ਕਰਨਾ ਜ਼ਰੂਰੀ ਹੈ ਤਾਂ ਜੋ ਉਪਜ ਦਾ ਮੁੱਲ ਵਧਾਇਆ ਜਾ ਸਕੇ। ਲੰਮੇ ਸਮੇਂ ਤੋਂ ਕਿਸਾਨ ਆਪਣੀ ਉਪਜ ਨੂੰ ਸੰਭਾਲਣ ਅਤੇ ਉਸ ਦੇ ਮੁੱਲ ਵਿੱਚ ਵਾਧਾ ਕਰਨ ਦੇ ਰੁਝਾਨ ਪ੍ਰਤੀ ਆਰਾਮਦੇਹ ਰਹੇ ਹਨ। ਹਰ ਸਾਲ ਸਾਡੇ ਪੰਜਾਬ ਦੇ ਉਤਪਾਦਨ ਦਾ ਜ਼ਿਆਦਾ ਹਿੱਸਾ ਜਿਵੇਂ ਕਿ 30 ਪ੍ਰਤੀਸ਼ਤ ਕਣਕ, 50 ਪ੍ਰਤੀਸ਼ਤ ਫ਼ਲ ਅਤੇ ਸਬਜੀਆਂ ਅਤੇ 15 ਪ੍ਰਤੀਸ਼ਤ ਝੋਨਾ ਨਾ ਸੰਭਾਲੇ ਜਾਣ ਕਾਰਨ ਨਸ਼ਟ ਹੋ ਜਾਂਦਾ ਹੈ। ਸੋ ਕਟਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਉਸ ਦੀ ਪ੍ਰੋਸੈਸਿੰਗ ਕਰਨੀ ਲਾਜ਼ਮੀ ਹੈ। ਇਹ ਜਿੱਥੇ ਉਪਜ ਦੀ ਮਿਆਦ ਵਧਾ ਕੇ ਖਾਣਯੋਗ, ਸੁਆਦੀ ਅਤੇ ਸੁਰੱਖਿਅਤ ਉਤਪਾਦ ਬਣਾਉਂਦੀ ਹੈ, ਉੱਥੇ ਉਪਜ ਦੇ ਮੁੱਲ ਵਿੱਚ ਕਈ ਗੁਣਾਂ ਵਾਧਾ ਕਰਦੀ ਹੈ।
ਪਿੰਡਾਂ ਦੇ ਨੌਜਵਾਨਾਂ ਵਿੱਚ ਪ੍ਰੋਸੈਸਿੰਗ ਦਾ ਹੁਨਰ ਵਿਕਸਿਤ ਕਰਕੇ ਪ੍ਰੋਸੈਸਿੰਗ ਯੂਨਿਟਾਂ ਲਗਾ ਕੇ ਅਲੱਗ-ਅਲੱਗ ਉਤਪਾਦ ਬਣਾਉਣ ਦੀਆਂ ਗਤੀਵਿਧੀਆਂ ਪਿੰਡਾਂ ਵਿੱਚ ਹੋਰਨਾਂ ਲਈ ਰੋਜ਼ਗਾਰ ਪੈਦਾ ਕਰਨਗੀਆਂ ਅਤੇ ਆਮਦਨੀ ਵੀ ਵਧਾਉਣਗੀਆਂ। ਪਿੰਡਾਂ ਦੇ ਨੌਜਵਾਨਾਂ ਵਿੱਚ ਇਹ ਹੁਨਰ ਵਿਕਸਿਤ ਕਰਕੇ ਖੇਤੀ ਉੱਦਮ ਵੱਲ ਲਿਜਾਣ ਲਈ ਖੇਤੀਬਾੜੀ ਮੰਤਰਾਲਾ ਭਾਰਤ ਸਰਕਾਰ ਵੱਲੋਂ ਵੀ ਨੌਜਵਾਨਾਂ ਨੂੰ ਖੇਤੀਬਾੜੀ ਵੱਲ ਆਕਰਸ਼ਿਤ ਕਰਨ ਲਈ ਸਪੈਸ਼ਲ ਪਹਿਲਕਦਮੀਆਂ ਕੀਤੀਆਂ ਗਈਆਂ ਹਨ। Attracting and Retaining Rural Youth in Agriulture (ARYA) Scheme ਵਿੱਚ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੀਆਂ ਉੱਦਮੀ ਗਤੀਵਿਧੀਆਂ ਵਿੱਚ ਪੇਂਡੂ ਨੌਜਵਾਨਾਂ ਨੂੰ ਸ਼ਕਤੀਕਰਨ ਅਤੇ ਸ਼ਾਮਿਲ ਕਰਨ ਤੇ ਕੇਂਦਰਿਤ ਕਰਦੀ ਹੈ ਤਾਂ ਜੋ ਖੇਤੀਬਾੜੀ ਤੋਂ ਵੱਧ ਤੋਂ ਵੱਧ ਮੁਨਾਫ਼ੇ ਨੂੰ ਯਕੀਨੀ ਬਣਾਇਆ ਜਾਵੇ ਅਤੇ ਰੁਜ਼ਗਾਰ ਪੈਦਾ ਕੀਤੇ ਜਾਣ।
ਇਹ ਵੀ ਪੜੋ: Agri Business: ਖੇਤੀਬਾੜੀ ਖੇਤਰ 'ਚ ਇਹ 10 ਤਰ੍ਹਾਂ ਦੇ ਉਦਯੋਗ ਲਗਾਉਣ 'ਤੇ ਸਰਕਾਰ ਵੱਲੋਂ ਮਦਦ
ਪੰਜਾਬ ਦੇ ਆਮ ਲੋਕਾਂ ਦਾ ਉੱਚਾ ਜੀਵਨ ਪੱਧਰ ਅਤੇ ਆਰਾਮਦਾਇਕ ਜੀਵਨ ਸ਼ੈਲੀ ਕਾਰਨ ਉਹਨਾਂ ਦੀ ਮੰਗ ਪ੍ਰੋਸੈਸ ਕੀਤੇ ਭੋਜਨ ਪਦਾਰਥਾਂ ਲਈ ਜ਼ਿਆਦਾ ਹੈ। ਕੋਵਿਡ-19 ਮਹਾਂਮਾਰੀ ਤੋਂ ਬਾਅਦ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਭੋਜਨ ਪਦਾਰਥਾਂ ਦੀ ਸ਼ੁੱਧਤਾ ਅਤੇ ਸਿਹਤ ਲਈ ਸੁਰੱਖਿਅਤਾ ਨੂੰ ਲੈ ਕੇ ਖਪਤਕਾਰਾਂ ਵਿੱਚ ਜਾਗਰੂਕਤਾ ਵੀ ਬਹੁਤ ਵਧੀ ਹੈ, ਉਹਨਾਂ ਦਾ ਰੁਝਾਨ ਅਤੇ ਭਰੋਸਾ, ਉਤਪਾਦਕਾਂ/ ਪ੍ਰੋਸੈਸਰਾਂ ਤੋਂ ਸਿੱਧੇ ਹੀ ਉਤਪਾਦ ਖਰੀਦਣ ਵੱਲ ਜ਼ਿਆਦਾ ਵਧਿਆ ਹੈ। ਸੋ ਖਪਤਕਾਰਾਂ ਦਾ ਇਹ ਝੁਕਾਅ ਅਤੇ ਵਿਸ਼ਵਾਸ ਉਤਪਾਦਕਾਂ ਨੂੰ ਬਹੁਤ ਵਧੀਆ ਮੌਕਾ ਪ੍ਰਦਾਨ ਕਰ ਰਿਹਾ ਹੈ ਕਿ ਉਹ ਵੱਖ-ਵੱਖ ਉਪਜਾਂ ਦੀ ਪ੍ਰੋਸੈਸਿੰਗ ਕਰਕੇ ਵੱਖ-ਵੱਖ ਉੱਚ ਮਿਆਰੀ ਉਤਪਾਦ ਬਣਾਉਣ ਅਤੇ ਖਪਤਕਾਰਾਂ ਦੀਆਂ ਰੋਜ਼ ਦੀਆਂ ਜ਼ਰੂਰਤਾਂ ਪੂਰੀਆਂ ਕਰਨ। ਜਦੋਂ ਕਿਸਾਨ ਆਪਣੀ ਪੈਦਾਵਾਰ ਦੀ ਮਾਰਕੀਟਿੰਗ ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰਣਗੇ ਤਾਂ ਖ੍ਰੀਦਦਾਰ ਆਪਣੇ ਆਪ ਉਸ ਦੇ ਦਰਵਾਜ਼ੇ ਤੇ ਦਸਤਕ ਦੇਣਗੇ।
ਪਿੰਡ ਪੱਧਰ 'ਤੇ ਐਗਰੋ ਪ੍ਰੋਸੈਸਿੰਗ ਮਸ਼ੀਨਾਂ ਜਿਵੇਂ ਕਿ ਛੋਟੀ ਆਟਾ ਚੱਕੀ, ਮਿੰਨੀ ਰਾਈ ਮਿੱਲ, ਆਇਲ ਐਕਸਪੈਲਰ, ਮਸਾਲਾ ਗਰਾਈਂਡਰ, ਦਾਲ ਮਿੱਲ, ਕਪਾਹ ਗਿੰਨਿੰਗ ਮਸ਼ੀਨ, ਪੇਂਜਾ, ਫੀਡ ਮਿੱਲ ਆਦਿ ਮਸ਼ੀਨਾਂ ਕਿਸਾਨਾਂ ਲਈ ਛੋਟੇ ਪੱਧਰ ਤੇ ਪ੍ਰੋਸੈਸਿੰਗ ਕਰਨ ਹਿੱਤ ਬਹੁਤ ਲਾਹੇਵੰਦ ਹਨ, ਜਿਹਨਾਂ ਦੀ ਕਿਸਾਨ ਆਪਣੇ ਪੱਧਰ ਤੇ ਵੀ ਸਾਂਭ-ਸੰਭਾਲ ਕਰ ਸਕਦਾ ਹੈ ਅਤੇ ਇਹਨਾਂ ਤੇ ਖਰਚਾ ਵੀ ਬਹੁਤ ਘੱਟ ਆਉਂਦਾ ਹੈ।ਸਰਕਾਰ ਵੱਲੋਂ ਇਹਨਾਂ ਨੂੰ ਲਗਾਉਣ ਲਈ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਕੁੁਝ ਸਕੀਮਾਂ ਜਿਵੇਂ ਕਿ PM-FME (Pardhan Mantri’s Formalization of Micro Food Processing Enterprise) ਸਕੀਮ ਛੋਟੇ ਅਤੇ ਸੀਮਤ ਕਿਸਾਨਾਂ ਨੂੰ ਪ੍ਰੋਸੈਸਿੰਗ ਮਸ਼ੀਨਰੀ ਲਈ ਵੱਧ ਤੋਂ ਵੱਧ 10 ਲੱਖ ਰੁਪਏ ਦੇ ਲੋਨ 'ਤੇ 35% ਤੱਕ ਸਬਸਿਡੀ ਦਿੰਦੀ ਹੈ। ਪੰਜਾਬ ਵਿੱਚ ਇਹ ਸਕੀਮ ਪੰਜਾਬ ਐਗਰੋ ਵੱਲੋਂ ਲਾਗੂ ਕੀਤੀ ਜਾ ਰਹੀ ਹੈ ਤੇ ਇਸ ਵਿੱਚ ਕਿਸਾਨਾਂ ਨੂੰ ਸਫਲ ਮੰਡੀਕਰਨ ਲਈ ਪ੍ਰੋਸੈਸਿੰਗ ਦੀ ਵਿਗਿਆਨਕ ਤਕਨੀਕ, ਉਤਪਾਦਾਂ ਦੀ ਪੈਕਿੰਗ, ਲੇਬਲਿੰਗ ਸਬੰਧੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ।
ਪਿੰਡ ਪੱਧਰ ਤੇ ਐਗਰੋ ਪ੍ਰੋਸੈਸਿੰਗ ਕੰਪਲੈਕਸ/ ਯੂਨਿਟਾਂ ਲਗਾਉਣ ਅਤੇ ਲਈ ਉੱਦਮੀਕਰਨ ਵਿਕਾਸ ਹਿਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਸੀਫੇਟ (CIPHET) ਪੀ.ਏ.ਯੂ. ਲੁਧਿਆਣਾ ਵੱਲੋਂ ਵੀ ਉੱਦਮੀਕਰਨ ਵਿਕਾਸ ਪ੍ਰੋਗਰਾਮ (Enterpreneurship Development Program) ਅਧੀਨ ਪ੍ਰੋਸੈਸਿੰਗ, ਪੈਕਿੰਗ ਸਬੰਧੀ ਟ੍ਰੇਨਿੰਗਾਂ ਅਤੇ ਸਹੂਲਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਲਾਵਾ RKVY-RAFTAAR ਸਕੀਮ ਅਧੀਨ ਐਗਰੋਸਟਾਰਟਅਪਸ ਜੋ ਵਪਾਰ ਲਈ ਤਿਆਰ ਹਨ, ਨੂੰ 2 ਮਹੀਨੇ ਦੀ ਵਰਕਸ਼ਾਪ, ਗ੍ਰਾਂਟ ਇਨ ਏਡ 25 ਲੱਖ ਰੁਪਏ ਤੱਕ ਦੀ ਸਹੂਲਤ ਦਿੱਤੀ ਜਾਂਦੀ ਹੈ। ਪੰਜਾਬ ਖੇਤੀਬਾੜੀ ਵਿਭਾਗ ਦੇ ਮਾਰਕੀਟਿੰਗ ਸ਼ੈਕਸ਼ਨ ਵੱਲੋਂ ਵੀ ਖੇਤੀ ਉਤਪਾਦਾਂ ਦੀ ਕਵਾਲਿਟੀ ਪ੍ਰਮਾਣਿਕਤਾ, ਉੱਦਮੀਕਰਨ ਹੁਨਰ ਸਿਖਾਉਣ ਅਤੇ ਉੱਦਮੀਆਂ ਦੇ ਸੈਲਫ ਹੈਲਪ ਗਰੁੱਪ ਬਨਵਾ ਕੇ ਸਵੈ ਮੰਡੀਕਰਨ ਲਈ ਜਰੂਰੀ ਵਪਾਰਕ ਪਹਿਲੂਆਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ।
ਇਹ ਵੀ ਪੜੋ: PAU ਵੱਲੋਂ Agriculture Industry ਨੂੰ ਹੁਲਾਰਾ, ਨਵੇਂ Entrepreneurs ਲਈ ਸਿਖਲਾਈ ਪ੍ਰੋਗਰਾਮ ਦੇ ਉਪਰਾਲੇ
ਖੇਤੀ ਵਪਾਰ ਦੀ ਸਫਲਤਾ ਲਈ ਉਤਪਾਦਾਂ ਦੀ ਗੁਣਵੱਤਾ ਦੇ ਮਿਆਰਾਂ 'ਤੇ ਪੂਰਾ ਨਿਯੰਤਰਣ ਰੱਖਦੇ ਹੋਏ ਮਾਰਕੀਟਿੰਗ ਹੁਨਰ (ਸੁਚੱਜੀ ਪੈਕਿੰਗ, ਲੇਬਲਿੰਗ, ਬਰਾਂਡਿੰਗ) ਵੀ ਵਿਕਸਿਤ ਕਰਨੇ ਜ਼ਰੂਰੀ ਹਨ। ਕਿਸੇ ਉਤਪਾਦ ਦੇ ਉਤਪਾਦਕ ਅਤੇ ਵਪਾਰੀ ਵੱਲੋਂ ਤੈਅ ਵਿਕਰੀ ਮੁੱਲ ਵਿੱਚ ਬਹੁਤ ਵੱਡਾ ਫ਼ਰਕ ਸਿਰਫ਼ ਵਪਾਰਕ ਮਾਪਦੰਡਾਂ ਦਾ ਹੈ ਜਿਸਨੂੰ ਉਤਪਾਦਕ ਸਮਝਣ ਲਈ ਝਿਜਕਦਾ ਹੈ ਅਤੇ ਵਪਾਰੀ ਉਹਨਾਂ ਨੂੰ ਅਪਣਾ ਕੇ ਉਤਪਾਦਕ ਦਾ ਬਣਦਾ ਮੁੱਲ ਵੀ ਆਪਣੀ ਜੇਬ ਵਿੱਚ ਪਾਉਂਦਾ ਹੈ। ਸੋ ਉਪਜ ਦਾ ਪੂਰਾ ਮੁੱਲ ਪਾਉਣ ਲਈ ਅਤੇ ਆਪਣੇ ਉਤਪਾਦਾਂ ਦੇ ਸਫਲ ਵਪਾਰ ਲਈ ਕੁਆਲਿਟੀ ਮਾਪਦੰਡਾਂ ਦੇ ਨਾਲ ਨਾਲ ਵਪਾਰਕ ਮਾਪਦੰਡਾਂ ਨੂੰ ਅਪਣਾਉਣਾ ਵੀ ਲਾਜ਼ਮੀ ਹੈ ਤਾਂ ਜੋ ਤਿਆਰ ਉਤਪਾਦ ਉੱਚ ਮੁੱਲ ਤੇ ਹਰ ਮਾਰਕੀਟ ਵਿੱਚ ਸਵੀਕਾਰਯੋਗ ਹੋਣ ਅਤੇ ਆਪਣਾ ਪਰਿਪੱਕ ਸਥਾਨ ਬਣਾ ਸਕਣ।
ਲੋਕਾਂ ਵਿੱਚ ਵਿਸ਼ਵਾਸ ਅਤੇ ਪ੍ਰਤਿਸ਼ਠਾ ਪੈਦਾ ਕਰਨ ਲਈ ਆਪਣੇ ਉਤਪਾਦਾਂ ਦੀ ਸਥਾਈ ਪਹਿਚਾਣ, ਉਤਪਾਦਾਂ ਦੀ ਤਾਜ਼ਗੀ, ਸ਼ੁੱਧਤਾ, ਪੌਸ਼ਟਿਕਤਾ ਦੀ ਵਿਸਤ੍ਰਿਤ ਜਾਣਕਾਰੀ ਦੇਣੀ ਬੇਹੱਦ ਜ਼ਰੂਰੀ ਹੈ। ਕਿਸਾਨ ਆਪਣੇ ਖੇਤੀ ਉਤਪਾਦਾਂ ਅਤੇ ਉਪ-ਉਤਪਾਦਾਂ ਨੂੰ ਵਪਾਰਕ ਪੱਖੋਂ (ਪੈਕਿੰਗ, ਲੇਬਲਿੰਗ, ਬਰਾਂਡਿੰਗ) ਤਿਆਰ ਕੇ ਉਹਨਾਂ ਤੋਂ ਉਚ ਮੁੱਲ ਪਾਉਣ ਲਈ ਸੋਸ਼ਲ ਮੀਡੀਆ ਮਾਰਕੀਟਿੰਗ, ਈ-ਮਾਰਕੀਟਿੰਗ , ਆਫਲਾਈਨ ਮਾਰਕੀਟਿੰਗ ਸਾਧਨਾਂ ਰਾਹੀਂ ਸੁਚਾਰੂ ਅਤੇ ਸਫਲ ਮੰਡੀਕਰਨ ਕਰ ਸਕਦੇ ਹਨ। ਉਤਪਾਦਕਾਂ/ਪ੍ਰੋਸੈਸਰਾਂ ਵੱਲੋਂ ਆਪਣੇ ਨਿਰਧਾਰਿਤ ਮੁੱਲ ਤੇ ਉਤਪਾਦਾਂ ਦਾ ਸਵੈ ਮੰਡੀਕਰਨ ਕਰਨ ਨਾਲ ਜਿੱਥੇ ਉੱਦਮੀਕਰਨ ਦੀ ਭਾਵਨਾ ਆਏਗੀ, ਉੱਥੇ ਅਪਣੇ ਉਤਪਾਦਾਂ 'ਤੇ ਖੁਦ ਦੀ ਮਲਕੀਅਤ ਉਹਨਾਂ ਦਾ ਆਤਮ ਵਿਸ਼ਵਾਸ ਵੀ ਵਧਾਏਗੀ, ਜਿਸ ਨਾਲ ਉਹ ਹੋਰ ਮਜ਼ਬੂਤੀ ਨਾਲ ਲੋਕਲ ਮੰਡੀਆਂ ਤੱਕ ਸੀਮਿਤ ਨਾ ਰਹਿ ਕੇ ਰਾਸ਼ਟਰੀ/ ਅੰਤਰਰਾਸ਼ਟਰੀ ਮੰਡੀਆਂ ਤੱਕ ਪਹੁੰਚ ਬਣਾਉਣਗੇ।
ਵਿਸ਼ਵੀਕਰਨ ਅਤੇ ਉਦਾਰੀਕਰਨ ਨਾਲ ਖੇਤੀਬਾੜੀ ਉੱਦਮੀਕਰਨ ਦਾ ਪੱਧਰ ਬਹੁਤ ਵਿਆਪਕ ਹੋ ਗਿਆ ਹੈ। ਵੱਖੋ-ਵੱਖਰੇ ਖਪਤਕਾਰਾਂ ਦੀ ਜੀਵਨਸ਼ੈਲੀ, ਵਾਤਾਵਰਣ ਸਬੰਧੀ ਨਿਯਮਾਂ, ਉਤਪਾਦਾਂ ਦੀ ਗੁਣਵਤਾ ਦੀਆਂ ਨਵੀਆਂ ਲੋੜਾਂ, ਸਥਿਰਤਾ, ਭੋਜਨ ਅਤੇ ਪੋਸ਼ਣ ਸੁਰੱਖਿਆ ਆਦਿ ਤਬਦੀਲੀਆਂ ਨੇ ਖੇਤੀ ਉੱਦਮਤਾ ਅਤੇ ਨਵੀਨਤਾ ਲਈ ਰਾਹ ਸਾਫ਼ ਕਰ ਦਿੱਤਾ ਹੈ। ਖੇਤੀ ਉਤਪਾਦਕ ਅਤੇ ਪ੍ਰੋਸੈਸਰ ਤਕਨੀਕੀ, ਵਪਾਰਕ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਅਪਣਾ ਕੇ ਸਫ਼ਲ ਉੱਦਮੀ ਬਣ ਸਕਦੇ ਹਨ।ਖੇਤੀ ਉੱਦਮਤਾ ਸਾਡੇ ਨੌਜਵਾਨਾਂ ਅਤੇ ਕਿਸਾਨਾਂ ਨੂੰ ਨਾ ਸਿਰਫ਼ ਆਤਮ ਨਿਰਭਰ ਬਣਾਏਗੀ ਬਲਕਿ ਓਹਨਾਂ ਵਿਚ ਹੋਰਨਾਂ ਲਈ ਰੋਜਗਾਰ ਪੈਦਾ ਕਰਨ ਦੀ ਸਮਰੱਥਾ ਪੈਦਾ ਕਰੇਗੀ। ਸਿਰਫ਼ ਸਰਕਾਰ ਦੀਆਂ ਦਿੱਤੀਆਂ ਸਹਾਇਤਾਂ 'ਤੇ ਨਿਰਭਰ ਰਹਿਣ ਵਾਲੀ ਸੋਚ ਨੂੰ ਛੱਡ ਕੇ ਨਵੀਆਂ ਤਕਨੀਕਾਂ, ਆਧੁਨਿਕ ਗਿਆਨ, ਵਪਾਰਕ ਦ੍ਰਿਸ਼ਟੀਕੋਣ, ਵਿਗਿਆਨਕ ਸੋਚ ਅਪਣਾ ਕੇ ਅਪਨੇ ਹੀ ਦੇਸ਼ 'ਚ ਰਹਿ ਕੇ ਅਪਨੇ ਸਫ਼ਲ ਖੇਤੀ ਵਪਾਰ ਨੂੰ ਵਿਦੇਸ਼ਾਂ ਵਿਚ ਵੀ ਚਮਕਾ ਸਕਦੇ ਹੋਂ ਅਤੇ ਖੂਬ ਕਮਾ ਸਕਦੇ ਹੋਂ।
ਡਾ. ਮਨਮੀਤ ਮਾਨਵ
ਸਹਾਇਕ ਮਾਰਕੀਟਿੰਗ ਅਫ਼ਸਰ, ਲੁਧਿਆਣਾ
Summary in English: Agribusiness in India: Agricultural enterprises for the empowerment of farmers and youth