Farmer Protest: ਕਿਸਾਨ ਮਜ਼ਦੂਰ ਸਬੰਧੀ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੇ ਕਿਸਾਨ ਅੰਦੋਲਨ ਲਈ ਭਾਰਤ ਪੱਧਰ 'ਤੇ ਤਿਆਰੀਆਂ ਦੇ ਦੌਰ ਚੱਲ ਰਹੇ ਹਨ ਅਤੇ ਭਾਰਤ ਦੇ 76 ਸੰਘਰਸ਼ੀਲ ਸੰਗਠਨਾਂ ਵੱਲੋਂ ਕਿਸਾਨ ਮਜਦੂਰ ਮੋਰਚਾ ਦੇ ਫ਼ੋਰਮ ਵਜੋਂ ਵੱਡੀਆਂ ਲਾਮਬੰਦੀਆਂ ਜਾਰੀ ਹਨ। ਇਸ ਗੱਲ ਦੀ ਜਾਣਕਾਰੀ ਕਿਸਾਨ ਮਜਦੂਰ ਮੋਰਚੇ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਨੇ 23 ਜਨਵਰੀ ਨੂੰ ਅਮ੍ਰਿਤਸਰ ਵਿੱਚ ਪ੍ਰੈਸ ਵਾਰਤਾ ਦੌਰਾਨ ਦਿੱਤੀ।
ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਮੋਰਚੇ ਦੀਆਂ 76 ਜਥੇਬੰਦੀਆਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 13 ਫਰਵਰੀ ਦੇ ਦਿੱਲੀ ਕਿਸਾਨ ਅੰਦੋਲਨ ਲਈ ਤਿਆਰ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਨਵਰੀਤ ਸਿੰਘ ਡਿਬਡਿਬਾ ਸਮੇਤ ਦਿੱਲੀ ਮੋਰਚੇ ਦੇ ਸਾਰੇ ਸ਼ਹੀਦਾਂ ਨੂੰ ਪੁਰੇ ਦੇਸ਼ ਵਿੱਚ ਸ਼ਾਮ ਨੂੰ ਕੈਂਡਲ ਮਾਰਚ ਕਰਕੇ ਸ਼ਰਧਾਂਜਲੀ ਦਿੱਤੀ ਜਾਵੇਗੀ।
ਕਿਸਾਨ ਅੰਦੋਲਨ ਲਈ ਤਿਆਰੀ ਪ੍ਰੋਗਰਾਮ
ਅੱਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਤੋਂ 10, ਹਰਿਆਣਾ ਤੋਂ 6 , ਉੱਤਰ ਪ੍ਰਦੇਸ਼ ਤੋਂ 5, ਰਾਜਿਸਥਾਨ ਤੋਂ 3, ਪੋਂਡਿਚਿਰੀ ਤੋਂ 5, ਬਿਹਾਰ ਤੋਂ 5, ਤਾਮਿਲਨਾਡੂ ਤੋਂ 22, ਕੇਰਲ ਤੋਂ 17, ਹਿਮਾਚਲ ਪ੍ਰਦੇਸ਼ ਤੋਂ 3 ਜਥੇਬੰਦੀਆਂ ਨੇ ਵੱਧ ਚੜ੍ਹ ਕੇ ਦਿੱਲੀ ਕਿਸਾਨ ਅੰਦੋਲਨ ਵਿੱਚ ਪਹੁੰਚਣ ਲਈ ਤਿਆਰੀ ਪ੍ਰੋਗਰਾਮ ਉਲੀਕੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਜਥੇਬੰਦੀਆਂ ਦੀ ਮੰਗ ਹੈ ਕਿ ਸਾਰੀਆਂ ਫ਼ਸਲਾਂ ਦੀ ਖਰੀਦ 'ਤੇ ਐਮਐਸਪੀ ਗਰੰਟੀ ਕਨੂੰਨ ਬਣਾਇਆ ਜਾਵੇ ਅਤੇ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਸ਼ਿਫਾਰਸ਼ ਅਨੁਸਾਰ ਦਿੱਤੇ ਜਾਣ।
ਕਿਸਾਨਾਂ ਦੀਆਂ ਮੰਗਾਂ
ਇਸ ਦੇ ਨਾਲ ਹੀ ਕਿਸਾਨ ਅਤੇ ਖੇਤ ਮਜ਼ਦੂਰ ਦੀ ਕਰਜ਼ਾ ਮੁਕਤੀ, 58 ਸਾਲ ਦੀ ਉਮਰ ਤੋਂ ਵੱਧ ਦੇ ਕਿਸਾਨ ਅਤੇ ਖੇਤ ਮਜ਼ਦੂਰ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ, ਸੋਧਾਂ ਰੱਦ ਕਰਕੇ ਜ਼ਮੀਨ ਐਕਵਾਇਰ ਕਰਨ ਸਬੰਧੀ ਕਾਨੂੰਨ ਨੂੰ 2013 ਦੇ ਸਰੂਪ ਵਿੱਚ ਬਹਾਲ ਕੀਤਾ ਜਾਵੇ, ਭਾਰਤ ਵਿਸ਼ਵ ਵਪਾਰ ਸੰਸਥਾ ਵਿਚੋਂ ਬਾਹਰ ਆਵੇ, ਲਖੀਮਪੁਰ ਖੀਰੀ ਦੇ ਕਤਲਕਾਂਡ ਕੇਸ ਵਿੱਚ ਦੋਸ਼ੀਆਂ ਵਿਰੁੱਧ ਕਾਰਵਾਈ ਕਰ ਇਨਸਾਫ ਕੀਤਾ ਜਾਵੇ, ਬਿਜਲੀ ਸੋਧ ਬਿੱਲ 2020 ਨੂੰ ਪੂਰੇ ਤਰੀਕੇ ਨਾਲ ਰੱਦ ਕੀਤਾ ਜਾਵੇ, ਕਿਸਾਨੀ ਸੈਕਟਰ ਨੂੰ ਪ੍ਰਦੂਸ਼ਣ ਕਨੂੰਨ ਵਿਚੋਂ ਬਾਹਰ ਕਢਿਆ ਜਾਵੇ, ਫ਼ਸਲੀ ਬੀਮਾ ਯੋਜਨਾ ਲਾਗੂ ਕੀਤੀ ਜਾਵੇ।
ਸੰਘਰਸ਼ ਲਈ ਤਿਆਰ
ਉਨ੍ਹਾਂ ਕਿਹਾ ਕਿ ਭਾਰਤ ਭਰ ਤੋਂ ਜਥੇਬੰਦੀਆਂ ਲਗਾਤਾਰ ਕਿਸਾਨ ਮਜਦੂਰ ਮੋਰਚਾ ਨਾਲ ਸੰਪਰਕ ਵਿੱਚ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਕਿਸਾਨ ਅੰਦੋਲਨ ਲਈ ਸੈਕੜੇ ਸੰਘਠਨ ਅਤੇ ਲੱਖਾਂ ਕਿਸਾਨ ਮਜਦੂਰ ਤੇ ਆਮ ਲੋਕ ਸੰਘਰਸ਼ ਦੇ ਮੈਦਾਨ ਵਿੱਚ ਉਤਰਨਗੇ। ਇਸ ਮੌਕੇ ਜ਼ਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ, ਕੰਧਾਰ ਸਿੰਘ ਭੋਏਵਾਲ ਸ਼ਵਿੰਦਰ ਸਿੰਘ ਰੂਪੋਵਾਲੀ, ਸਰਵਣ ਸਿੰਘ ਮਾਨ, ਲਖਬੀਰ ਸਿੰਘ ਰੂਪੋਵਾਲੀ ਹਾਜ਼ਿਰ ਰਹੇ।
Summary in English: 76 organizations of the Kisan Mazdoor Morcha are mobilized, ready for the February 13 Kisan Andolan