ਇਹ ਇੱਕ ਕੋੜੀ ਸੱਚਾਈ ਹੈ ਕਿ ਕੋਈ ਵੀ ਕਾਸ਼ਤ ਕਿਸਾਨ ਆਪਣੇ ਦ੍ਰਿੜ ਇਰਾਦੇ ਨਾਲ ਹੀ ਰਿਸਕ ਲੈ ਕੇ ਕਰਦਾ ਹੈ। ਜਦਕਿ ਉਸ ਨੂੰ ਇਹ ਵੀ ਪਤਾ ਹੈ ਕਿ ਮੈਂ ਪਿਛਲੀ ਫ਼ਸਲ ਤੋਂ ਜੋਂ ਬਚਾਇਆ ਉਹ ਇਸ ਫ਼ਸਲ 'ਤੇ ਲਗਾ ਰਿਹਾ ਹਾਂ। ਜਿਸ ਦਾ ਕੋਈ ਫਿਕਸ ਰੇਟ ਨਹੀਂ ਉਹ ਕਿੱਥੇ ਵਿਕਰੀ ਹੋਊ ਪਤਾ ਨਹੀਂ। ਉਥੇ ਸਰਕਾਰਾਂ ਵੱਲੋਂ ਵੀ ਸ਼ਾਇਦ ਇਸ ਫ਼ਸਲ ਵੱਲ ਧਿਆਨ ਦੇਣਾ ਕਿਸਾਨਾਂ ਦੀ ਗੱਲ ਸੁਣਦਿਆਂ ਜ਼ਰੂਰੀ ਨਹੀਂ ਸਮਝਿਆ ਗਿਆ ਲੱਗਦਾ। ਉਥੇ ਨਾਂ ਹੀ ਜ਼ਿਲੇ 'ਚ ਕੋਈ ਪ੍ਰਾਈਵੇਟ ਜਾਂ ਸਰਕਾਰੀ ਪ੍ਰੌਸੈਸਿੰਗ ਪਲਾਂਟ ਤੱਕ ਸਥਾਪਤ ਹੋਰ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਨਹੀਂ ਲਗਾਇਆ। ਬੇਸ਼ੱਕ ਕਿਸਾਨਾਂ ਅਪੀਲ ਜ਼ਰੂਰ ਕੀਤੀ, ਪਰ ਇਸ ਫ਼ਸਲ ਦੇ ਰਿਸਕ ਪਿੱਛੇ ਕਿੰਨੇ ਲੋਕਾਂ ਨੂੰ ਤੁੜਵਾਈ ਤੇ ਗੋਡਾਈ, ਸਪਰੇਆਂ ਤੋਂ ਰੋਜ਼ਗਾਰ ਮਿਲ਼ੇ ਏਂ ਵੀ ਦੇਖਣ ਵਾਲੀ ਗੱਲ ਹੈ। ਸਭ ਤੋਂ ਵੱਡੀ ਗੱਲ ਸਾਹਮਣੇ ਆਈ ਕਿ ਏਸ ਮਿਰਚ ਦੀ ਕਾਸ਼ਤ ਨੂੰ ਪਾਣੀ ਨਾਂਮਾਤਰ ਲੋੜ ਹੈ ਉਹ ਵੀ ਮਹੀਨੇ ਚ ਕੇਵਲ ਇੱਕ ਵਾਰ ਜ਼ਿਆਦਾ ਪਾਣੀ ਜ਼ਹਿਰ ਵਾਂਗ ਏ।
ਆਉ ਗੱਲ ਕਰੀਏ ਏਨਾਂ ਕਿਸਾਨ ਭਰਾਵਾਂ ਨਾਲ਼ :-
1) ਨਰਿੰਦਰ ਸਿੰਘ (98153 - 30568 ) ਨੇ ਕਿਹਾ ਮੈਂ ਪਿਛਲੇ 11 ਸਾਲਾਂ ਤੋਂ 4 ਏਕੜ ਰਕਬੇ ਚ ਮਿਰਚਾਂ ਦੀ ਕਾਸ਼ਤ ਕਰ ਰਿਹਾ। ਪਨੀਰੀ ਅਸੀਂ ਚੱਕ ਦਾਨਾ ਨਵਾਂ ਸ਼ਹਿਰ ਆਰ ਐਸ ਸੀਡ ਧਨੋਲੇ ਤੋਂ ਸਾਨੂੰ ਬੱਸ ਰਾਹੀਂ ਭੇਜ ਦਿੰਦੇ ਹਨ। ਅਸੀਂ 10 ਬੰਦਿਆਂ ਨੂੰ ਰੋਜ਼ਗਾਰ ਦਿੱਤਾ। ਉਹਨਾਂ ਕਿਹਾ ਕਿ ਹੋਰਨਾਂ ਛੇ ਮਹੀਨੇ ਦੀਆਂ ਫ਼ਸਲਾਂ ਵੱਲ ਦੇਖੀਏ ਤਾਂ ਘਰਾਂ ਦੇ ਜ਼ਿਆਦਾ ਖ਼ਰਚ ਪੂਰੇ ਨਹੀਂ ਹੁੰਦੇ। ਕਿਸਾਨ ਤਾਂ ਬੱਸ ਆੜਤੀਏ ਕੋਲ ਪੈਸੇ ਫੜ ਲਈਏ ਜਾਂ ਬੈਂਕ ਚ ਲਿਮਟ ਨਵੀਂ ਪੁਰਾਣੀ ਹੁੰਦੀ ਰਹਿੰਦੀ। ਸਬਜ਼ੀਆਂ ਦੇ ਕਾਸ਼ਤਕਾਰਾਂ ਦੇ ਸਬਸਿਡੀ ਕਾਰਡ ਬਣਾਉਣ ਦੀ ਲੋੜ ਹੈ। ਮਿਰਚਾਂ ਦੀ ਕਾਸ਼ਤ ਤੇ ਦਵਾਈਆਂ 4000/- ਰੁਪਏ ਤੱਕ ਇਕ ਸਪਰੇਅ ਮਿਲ਼ਦੀ ਹੈ ਤੇ ਬਹੁਤ ਸਪਰੇਆਂ ਹੁੰਦੀਆਂ ਹਨ ਏਥੇ ਸਬਸਿਡੀ ਦੀ ਲੋੜ ਹੈ। ਅਸੀਂ ਗੁਰਦਾਸਪੁਰ ਦੇ ਆਰ ਕੇ ਵੀ ਆੜਤ ਕੋਲ ਇਮਾਨਦਾਰ ਬੰਦੇ ਹੋਂਣ ਕਰਕੇ ਵੇਚ ਦਿੰਦੇ ਹਾਂ। ਨਰਿੰਦਰ ਸਿੰਘ ਨੇ ਕਿਹਾ ਕਿ ਸਬਜ਼ੀ ਵਰਦਾਨ ਹੈ ਸਵੇਰੇ 4 ਵਜੇ ਸਬਜੀ ਵਿਕ ਗਈ ਤਾਂ ਪੈਸੇ ਉਸੇ ਸਮੇਂ ਜੇਬ ਵਿੱਚ। ਮਿਰਚ ਸਾਡੀ 13 ਦਿਨ ਤੁੜਵਾਈ ਚੱਲਦੀ। ਸਾਨੂੰ ਚੌਦਵੇਂ ਦਿਨ ਪੈਸੇ ਮਿਲ ਜਾਂਦੇ ਹੁਣ ਸਤੰਬਰ ਚ 40 ਰੁਪਏ ਤੱਕ ਵਿਕ ਰਹੀ ਹੈ।
ਸ਼ੁਰੂ ਚ ਮੰਦੀ ਦੇ ਦੌਰ ਬਾਰੇ ਦੱਸਿਆ ਕਿ ਮਿਰਚ ਜ਼ਿਆਦਾ ਹੋਂਣ ਕਰਕੇ 9 ਰੁਪਏ ਰੇਟ ਲੱਗਦਾ, ਉਲਟਾ ਸਾਡੇ ਹੀ ਪੱਲਿਉਂ ਪੈ ਜਾਂਦਾ। ਕਿਉਂਕਿ 5 ਰੁਪਏ ਲੇਬਰ,1 ਰੁਪਏ ਟਰਾਂਸਪੋਰਟ, 1 ਰੁਪਏ ਲਿਫਾਫਾ, 25 ਦਿਨਾ ਦੀ ਫ਼ਸਲ ਤੇ 4 ਸਪਰੇਆਂ ਦਾ ਖਰਚਾ, ਪੈ ਜਾਂਦੇ। ਉਹਨਾਂ ਕਿਹਾ ਕਿ ਸਬਜ਼ੀਆਂ ਦੀ ਕਾਸ਼ਤ 'ਚ ਮਹੀਨਾਵਾਰ ਤਨਖਾਹ ਜ਼ਰੂਰ ਲੱਗ ਜਾਂਦੀ ਹੈ ਜੋ ਰੋਜ਼ਾਨਾ ਵੀ ਚੱਲਦੀ ਰਹਿੰਦੀ ਹੈ। ਅਸੀਂ ਮਿਰਚਾਂ ਤੋਂ ਬਾਅਦ ਮੂਲੀਆਂ 4 ਕਨਾਲਾਂ 'ਚ ਲਗਾਉਂਦੇ ਹਾਂ ਜੋਂ ਅਗਾਂਹ ਵਿਆਹਾਂ ਦੇ ਸੀਜ਼ਨ 30 ਰੁਪਏ ਵੀ ਦੇ ਜਾਂਦੀ ਹੈ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਅੱਜ ਝੋਨੇ ਨੂੰ ਘਟਾ ਕੇ ਮਿਰਚਾਂ ਥੱਲੇ ਤੇ ਸਬਜ਼ੀਆਂ ਹੇਠ ਰਕਬੇ ਵਧਾਉਣ ਦੀ ਲੋੜ ਹੈ। ਸਰਕਾਰਾਂ 20-25 ਰੁਪਏ ਰੇਟ ਫਿਕਸ ਕਰੇਂ। ਜ਼ਿਲੇ 'ਚ ਕੋਈ ਫੈਕਟਰੀ ਨਹੀਂ ਯੂਨਿਟ ਸਥਾਪਿਤ ਕਰਨ ਦੀ ਲੋੜ ਹੈ। ਅਖ਼ੀਰ 'ਚ ਉਹਨਾਂ ਕਿਹਾ ਕਿ ਸਰਕਾਰ ਨੂੰ ਸਬਜ਼ੀ ਦੇ ਕਾਸ਼ਤਕਾਰਾਂ ਦੇ ਸਬਸਿਡੀ ਕਾਰਡ ਬਣਾਉਣ ਦੀ ਲੋੜ ਹੈ।
2) ਵਿਜੇ ਸਿੰਘ ( 98760 - 26967) ਨੇਂ ਕਿਹਾ ਮੈਂ ਪਿਛਲੇ 5 ਸਾਲਾਂ ਤੋਂ 1 ਏਕੜ ਰਕਬੇ ਚ ਕਿਸਮ 127 ਦੀ ਅੰਮ੍ਰਿਤਸਰ ਦੇ ਕਲੀਚਪੁਰ ਤੋਂ ਪਨੀਰੀ ਲਿਆਂ ਬਿਜਾਈ ਕਰਦਾ। ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਤੇ ਖੇਤੀਬਾੜੀ ਯੂਨੀਵਰਸਿਟੀ ਗੁਰਦਾਸਪੁਰ ਨਾਲ਼ ਫ਼ਸਲ ਦੇ ਸਲਾਹ ਸੁਝਾਅ ਲਈ ਰਾਬਤਾ ਰੱਖਦੇ ਹਾਂ। ਅਸੀਂ ਬਰਸੀਮ ਤੋਂ ਬਾਅਦ ਮਾਰਚ 'ਚ ਮਿਰਚ ਲਗਾਉਂਦੇ ਹਾਂ। ਅਸੀਂ ਏਸ ਕਾਸ਼ਤ ਨਾਲ 8 ਬੰਦਿਆਂ ਨੂੰ ਰੋਜ਼ਗਾਰ ਦਿੱਤਾ। ਜੁਲਾਈ ਵਿੱਚ ਬਰਸਾਤ ਕਾਰਨ ਬੂਟਿਆਂ 'ਚ ਪਾਣੀ ਖਲੋਣ ਨਾਲ ਕਾਫ਼ੀ ਬੂਟੇ ਮਰ ਜਾਂਦੇ ਹਨ। ਗੁਰਦਾਸਪੁਰ ਮੰਡੀ ਸ਼ੂਰੁ ਚ 10 ਰੁਪਏ ਜਾਂਦੀ ਹੈ ਉਲ਼ਟਾ ਪੱਲਿਉਂ ਪੈਸੇ ਪੈ ਜਾਂਦੇ ਹਨ ਕੇਵਲ ਅਗਸਤ ਸਤੰਬਰ 'ਚ ਪੈਸੇ ਦਿੰਦੀ ਹੈ। ਸਰਕਾਰ ਨੂੰ ਅਪੀਲ ਕੀਤੀ ਕਿ ਰੇਟ ਫਿਕਸ ਕਰੇਂ।
ਜੇਕਰ 20-25 ਰੁਪਏ ਰੇਟ ਹੋਵੇ ਤਾਂ ਦੱਸ ਰੁਪਏ ਬੱਚਦੇ ਹਨ ਨਹੀਂ ਤਾਂ ਲਿਫਾਫੇ, ਤੁੜਵਾਈ ਲੇਬਰ, ਟਰਾਂਸਪੋਰਟ, ਸਪਰੇਆਂ, ਪਨੀਰੀ ਖ਼ਰਚ ਸਭ ਖਰਚੇ ਪੱਲਿਉਂ ਪੈ ਜਾਂਦੇ। ਨਵੰਬਰ ਮਹੀਨੇ ਚ ਬੂਟੇ ਪੁੱਟ ਕੇ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ।ਨੋਜਵਾਨ ਕਿਸਾਨਾਂ ਨੂੰ ਵਿਜੇ ਸਿੰਘ ਨੇ ਅਪੀਲ ਕੀਤੀ ਕਿ ਕਣਕ ਝੋਨੇ ਨਾਲੋਂ ਏਸ ਦੇ ਪੈਸੇ ਬਿਜਾਈ ਤੋਂ ਵੀਹਾਂ ਦਿਨਾਂ ਬਾਅਦ ਆਉਂਣੇ ਸ਼ੁਰੂ ਹੋ ਜਾਂਦੇ ਹਨ ਜਿਸ ਨਾਲ ਘਰ ਦੇ ਥੋੜੇ ਬਹੁਤ ਖ਼ਰਚ ਤੁਰ ਪੈਂਦੇ ਹਨ। ਹਰ ਹਫ਼ਤੇ ਬਾਅਦ ਉਲੀ ਨਾਸ਼ਕ ਦੀ ਸਪਰੇਅ ਦੀ ਲੋੜ ਪੈਂਦੀ ਹੈ। ਸਪਰੇਅ ਬੇਹੱਦ ਮਹਿੰਗੀਆਂ ਹਨ ਸਰਕਾਰ ਨੂੰ ਚਾਹੀਦਾ ਕਿ ਏਸ ਕਾਸ਼ਤ ਲਈ ਸਬਸਿਡੀ ਦਵਾਈਆਂ ਤੇ ਜਾਰੀ ਕਰੇਂ। ਪ੍ਰੌਸੈਸਿੰਗ ਯੂਨਿਟਾਂ ਦੀ ਲੋੜ ਹੈ ਜ਼ਿਲੇ ਵਿੱਚ।
ਇਹ ਵੀ ਪੜ੍ਹੋ: Good News: ਪੰਜਾਬ ਦਾ ਪਹਿਲਾ ਡੇਅਰੀ ਪ੍ਰਫੁੱਲਤਾ ਕੇਂਦਰ ਡੇਅਰੀ ਉਦਯੋਗਿਕ ਤਕਨਾਲੋਜੀ ਕ੍ਰਾਂਤੀ ਦਾ ਬਣੇਗਾ ਧੁਰਾ
3) ਰਜਿੰਦਰ ਸਿੰਘ (95019 - 79931) ਨੇ ਕਿਹਾ ਕਿ ਮੈਂ ਪਿਛਲੇ 12 ਸਾਲਾਂ ਤੋਂ ਮਿਰਚਾਂ ਦੀ ਕਿਸਮ ਸੀ ਐਚ - 27 ਦੀ ਕਾਸ਼ਤ ਕਰ ਰਹੇ ਹਾਂ। ਪਨੀਰੀ ਅਸੀਂ ਅੰਮ੍ਰਿਤਸਰ ਦੇ ਪਿੰਡ ਕਲੀਚਪੁਰ, ਕਪੂਰਥਲਾ ਦੀ ਨਰਸਰੀ ਅਤੇ ਬਟਾਲੇ ਦੇ ਸਿਆਲਕਾ ਪਿੰਡ ਤੋਂ 60 ਪੈਸੇ ਪ੍ਰਤੀ ਬੂਟਾ ਲੈਦੇ ਹਾਂ। ਜਦਕਿ ਇੱਕ ਏਕੜ 'ਚ 8000-9000 ਬੂਟੇ ਲੱਗ ਜਾਂਦੇ ਹਨ। ਮੰਡੀਕਰਨ ਦਾ ਜ਼ਿਕਰ ਕਰਦਿਆਂ ਕਿਸਾਨ ਰਜਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਮਿਰਚਾਂ ਗੁਰਦਾਸਪੁਰ, ਪਠਾਨਕੋਟ ਦੀ ਮੰਡੀ ਤੇ ਜੰਮੂ ਦੇ ਤੇ ਕਈ ਸਾਧੂ ਚੱਕ ਦੇ ਵਪਾਰੀ ਲੈ ਜਾਂਦੇ ਹਨ। ਸ਼ੂਰੂਆਤ ਚ ਮੰਡੀ ਚ ਬੇਹੱਦ ਮਾੜਾ ਦੌਰ ਹੁੰਦਾ ਅਪ੍ਰੈਲ ਮਈ 'ਚ ਏਥੋਂ ਤੱਕ ਕਿ ਪੈਸੇ ਪੂਰੇ ਤਾਂ ਕੀ ਹੋਣੇ ਉਲ਼ਟਾ ਪੱਲਿਉਂ ਵੀ ਪੈਸਾ ਪੈ ਜਾਂਦਾ ਹੈ। 2 ਰੁਪਏ ਟਰਾਂਸਪੋਰਟ, 5 ਰੁਪਏ ਲੇਬਰ, 1 ਰੁਪਏ ਲਿਫਾਫੇ ਦਾ ਰੇਟ, ਸਪਰੇਆਂ ਵੀ ਪੱਲਿਉਂ ਪੈ ਜਾਂਦੀਆਂ ਜੇ ਰੇਟ 8 -10 ਰੁਪਏ ਮੰਡੀ ਚ ਹੋਵੇ ਤਾਂ ਏਨੇਂ ਤਾਂ ਪੈਦਾ ਕਰਨ ਚ ਖ਼ਰਚ ਹੀ ਆ ਗਿਆ ਪਰ ਬੱਚਤ ਨਹੀਂ ਬਹੁਤ ਵਾਰ ਸਾਨੂੰ ਮਾਰ ਪੈ ਜਾਂਦੀ ਹੈ। ਏਥੋਂ ਤੱਕ ਕਿ ਕਈ ਵਾਰ 15,000/- ਰੁਪਏ ਦੀ ਮਿਰਚ ਹੁੰਦੀ ਹੈ ਤੇ ਖ਼ਰਚ ਉਸ ਉਪਰ 25, 000/- ਰੁਪਏ ਆ ਜਾਂਦਾ ਪੱਲਿਉਂ ਪੈਸੇ ਦੇਣੇ ਪੈਂਦੇ।
ਅਸੀਂ 15 ਬੰਦਿਆਂ ਨੂੰ ਰੋਜ਼ਗਾਰ ਦਿੱਤਾ। ਜਦੋਂ ਆਖ਼ਰੀ ਸਮੇਂ ਅਗਸਤ ਲਾਗੇ ਕੁਝ ਰੇਟ ਚੰਗੇ ਮਿਲ਼ਣ ਲੱਗਦੇ ਹਨ ਪਰ ਮਿਰਚ ਖਤਮ ਹੋਣ ਕੰਢੇ ਹੁੰਦੀ ਹੈ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਏਸ ਦਾ ਰੇਟ ਘੱਟੋ ਘੱਟ 25 -30 ਰੁਪਏ ਪ੍ਰਤੀ ਕਿਲੋ ਫਿਕਸ ਕਰੇਂ, ਤਾਂ ਜੋ ਕਿਸਾਨ ਭਰਾਵਾਂ ਨੂੰ ਉਤਸ਼ਾਹ ਮਿਲ਼ੇ ਕਿੳਕਿ ਇਸ 'ਤੇ ਉਲੀਨਾਸ਼ਕ ਦੀ ਬਹੁਤ ਸਪਰੇਆਂ ਹੁੰਦੀਆਂ ਜੋਂ ਕਿ ਬੇਹੱਦ ਮਹਿੰਗੀਆਂ ਹਨ। ਦੂਜਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਚਿੱਲੀ ਸੌਸ ਪ੍ਰੌਸੈਸਿੰਗ ਯੂਨਿਟ ਸਥਾਪਿਤ ਕਰੇ ਤੇ ਰੇਟ ਫਿਕਸ ਘੋਸ਼ਿਤ ਕਰੇਂ ਸਰਕਾਰ। ਇਸ ਦੇ ਨਾਲ ਸਰਕਾਰ ਦਵਾਈਆਂ 'ਤੇ ਸਬਸਿਡੀ ਦੇਵੇ, ਕਿਉਂਕਿ ਇਸ 'ਤੇ ਜ਼ਿਆਦਾ ਖੱਪਾਈ ਕਰਕੇ ਕਣਕ ਝੋਨੇ ਜਿੰਨੇ ਹੀ ਪੈਸੇ ਮਿਲਣੇ ਹਨ ਤਾਂ ਕਿਸੇ ਵੀ ਜਿੰਮੀਦਾਰ ਨੇ ਇਸ ਕਾਸ਼ਤ ਦਾ ਰਿਸਕ ਨਹੀਂ ਲੈਣਾ। ਅਖ਼ੀਰ ਚ ਉਹਨਾਂ ਦੁੱਖੀ ਲਹਿਜ਼ੇ ਵਿੱਚ ਗੱਲ ਬਿਆਨ ਕੀਤੀ ਕਿ ਘਾਟੇ ਵਿੱਚ ਜਾਪਦੀ ਕਿਸਾਨੀ ਮਿੱਤਰੋ, ਤੁਰੀ ਜਾਂਦੀ ਬਾਹਰ ਨੂੰ ਜਵਾਨੀ ਮਿੱਤਰੋਂ।
4) ਬਲਵਿੰਦਰ ਸਿੰਘ (95017 - 84077) ਨੇ ਕਿਹਾ ਮੈਂ ਪਿਛਲੇ 6 ਸਾਲਾਂ ਤੋਂ 112 ਤੇ 127 ਕਿਸਮ ਦੀ ਜਗਰਾਉਂ ਤੇ ਅੰਮ੍ਰਿਤਸਰ ਤੋਂ ਪਨੀਰੀ ਲਿਆਂ ਕੇ 1 ਏਕੜ ਰਕਬੇ ਚ ਕਾਸ਼ਤ ਕਰਦਾ ਹਾਂ ਅਤੇ ਸੀਜ਼ਨ ਦੀ 150 ਕੁਇੰਟਲ ਰਹਿੰਦੀ ਹੈ ਤੇ 6 ਤੁੜਵਾਈ ਕਰਦੇ ਹਾਂ। ਆੜਤੀਏ ਗ੍ਰਾਹਕ ਜ਼ਿਆਦਾ ਹੋਣ ਕਰਕੇ ਤੇ ਮਾਲ ਘੱਟ ਹੋਣ ਕਰਕੇ ਬੋਲੀ ਕਰਵਾਉਂਦੇ ਹਨ ਤੇ ਫੇਰ 30 - 35 ਰੁਪਏ ਵੀ ਰੇਟ ਮਿਲ਼ ਜਾਂਦਾ ਹੈ। ਸਰਕਾਰ ਗੁਰਦਾਸਪੁਰ ਚਿੱਲੀ ਸੌਸ ਯੂਨਿਟ ਲਗਾਵੇਂ ਇਲਾਕੇ ਦੇ ਲੋਕਾਂ ਨੂੰ ਫਾਇਦਾ ਹੋਵੇ। ਇਸ ਦੇ ਨਾਲ ਗ੍ਰੀਨ ਹਾਊਸ ਤੇ ਸਰਕਾਰ ਸਬਸਿਡੀ ਦੇਵੇ ਤਾਂ ਜ਼ੋ ਮਿਰਚਾਂ ਖੁੱਲ੍ਹੇ 'ਚ ਬਿਮਾਰੀ ਤੇ ਉੱਲੀ ਨਾਲ ਗ੍ਰਸਤ ਹੋ ਜਾਂਦੀ ਹੈ ਜੋਂ ਇਸ ਸ਼ੈੱਡ 'ਚ ਬੱਚ ਸਕੇ। ਏ ਆਮ ਫ਼ਸਲ ਨਾਲੌ ਡੇਢ਼ ਲੱਖ ਤੱਕ ਨਿਕਲ ਜਾਂਦੀ ਹੈ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮਈ ਜੂਨ ਬਹੁਤ ਮੰਦੀ ਰਹਿੰਦੀ ਏਂ ਆੜਤੀਏ ਬੋਲੀ ਨਹੀਂ ਲਗਾਉਂਦੇ 7 ਰੁਪਏ ਮਿਲਦੇ ਹਨ। ਸਰਕਾਰਾਂ ਰੇਟ ਫਿਕਸ ਕਰੇਂ ਖਰਚੇ ਸਾਡੇ ਪੱਲਿਉਂ ਪੈ ਜਾਂਦੇ ਹਨ। ਜੇਕਰ 20-25 ਰੁਪਏ ਰੇਟ ਮਿਲ਼ੇ ਤਾਂ ਠੀਕ ਨਹੀਂ ਤਾਂ ਲੇਬਰ ਟਰਾਂਸਪੋਰਟ ਪਨੀਰੀ ਲਿਫ਼ਾਫ਼ੇ ਸਭ ਖਰਚੇ ਨਹੀਂ ਨਿਕਲਦੇ।
5) ਤਿਲਕ ਰਾਜ (98786 - 30189) ਨੇ ਕਿਹਾ ਮੈਂ ਪਿਛਲੇ 3 ਸਾਲ ਤੋਂ 1 ਏਕੜ ਰਕਬੇ ਚ ਕਿਸਮ 116 ਤੇ 127 ਅੰਮ੍ਰਿਤਸਰ ਦੇ ਕਲੀਚਪੁਰ ਨੇੜੇ ਗੋਬਿੰਦ ਨਰਸਰੀ ਤੋਂ 60 ਪੈਸੇ ਪ੍ਰਤੀ ਬੂਟਾ ਲਿਆਉਂਦੇ ਹਾਂ। ਅਸੀਂ ਪਨੀਰੀ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਸ਼ੂਰੂ ਕਰਕੇ ਅਕਤੂਬਰ 20 ਤੱਕ ਖ਼ਤਮ ਕਰਕੇ ਮੁੜਕੇ ਕਣਕ ਦੀ ਬਿਜਾਈ ਕਰਦੇ ਹਾਂ। ਮੰਡੀ ਬਾਰੇ ਦੱਸਿਆ ਕਿ ਪਠਾਨਕੋਟ ਤੇ ਗੁਰਦਾਸਪੁਰ ਆੜਤੀ ਬੋਲੀ ਲਗਾਉਂਦੇ ਹਨ। ਪੈਸੇ ਹਫਤਾਵਾਰੀ ਤੇ ਰੋਜ਼ਾਨਾ ਵੀ ਮਿਲ਼ ਜਾਂਦੇ ਹਨ। ਸ਼ੂਰੂਆਤ 'ਚ ਬਹੁਤ ਮਾਰ ਪੈਂਦੀ ਲਾਗਤ ਘੱਟ ਤੇ ਝਾੜ ਜ਼ਿਆਦਾ ਪੈਸੇ ਪੱਲਿਉਂ ਦੇਣੇ ਪੈਂਦੇ ਹਨ। ਅਸੀਂ ਹਰ 20 ਦਿਨਾਂ ਬਾਅਦ ਤੁੜਵਾਈ 10 ਬੰਦਿਆ ਨੂੰ ਰੋਜ਼ਗਾਰ ਦੇ ਕੇ ਕਰਦੇ ਹਾਂ। ਸਰਕਾਰਾਂ ਨੂੰ ਅਪੀਲ ਕੀਤੀ ਕਿ ਸਪਰੇਆਂ ਬਹੁਤ ਲੱਗਦੀ ਦਵਾਈਆਂ ਬਹੁਤ ਮਹਿੰਗੀ ਏਂ ਸਬਸਿਡੀ ਜਾਰੀ ਕਰੇ ਦੂਜਾ ਕੋਈ ਗੁਰਦਾਸਪੁਰ ਵਿੱਚ ਪ੍ਰੌਸੈਸਿੰਗ ਯੂਨਿਟ ਲਗਾਵੇਂ। ਇਸ ਫ਼ਸਲ 'ਚ ਮਹੀਨੇ 'ਚ ਕੇਵਲ ਇੱਕ ਹਲਕਾ ਪਾਣੀ ਲੱਗਦਾ ਜ਼ਿਆਦਾ ਪਾਣੀ ਏਸ ਲਈ ਜ਼ਹਿਰ ਐਂ।
ਇਹ ਵੀ ਪੜ੍ਹੋ: 8 ਕਿਸਾਨ ਭਰਾਵਾਂ ਨੇ ਆਪਣੇ ਤਜ਼ਰਬੇ ਕੀਤੇ ਸਾਂਝੇ, ਕਿਹਾ ਨਵੇਂ ਬੀਜਾਂ ਤੋਂ ਰਹੋ ਸਾਵਧਾਨ!
6) ਹਰਦੀਪ ਸਿੰਘ (78378 - 50202) ਨੇ ਕਿਹਾ ਕਿ ਮੈਂ ਪਿਛਲੇ 7 ਸਾਲਾਂ ਤੋਂ 3 ਏਕੜ ਚ ਕਿਸਮ ਸੀ ਐਚ 127 ਦੀ ਕਾਸ਼ਤ ਕਰ ਰਿਹਾ ਹਾਂ। ਪਨੀਰੀ ਅਸੀਂ ਕਪੂਰਥਲੇ ਤੋਂ ਲਿਆਉਂਦੇ ਹਾਂ। ਮੰਡੀਕਰਨ ਦੀ ਗੱਲ ਕਰਦਿਆਂ ਕਿਹਾ ਕਿ ਸਾਡੀ ਮਿਰਚਾਂ ਮੁਕੇਰੀਆਂ, ਧਾਰੀਵਾਲ, ਬਟਾਲੇ, ਪਠਾਨਕੋਟ, ਜ਼ਿਆਦਾ ਹੋਵੇ ਤਾਂ ਜਾਂਦੇ ਹਾਂ। ਏਸ ਸੀਜ਼ਨ 'ਚ ਮਿਰਚ ਜ਼ਿਆਦਾ ਸੀ ਰੇਟ 6 ਰੁਪਏ ਲੱਗੀ ਮਾਰਚ ਅਪ੍ਰੈਲ ਚ ਉਲਟਾ ਪੱਲਿਉਂ ਸਾਰੇ ਖ਼ਰਚ ਪਏ। ਹਰਦੀਪ ਸਿੰਘ ਨੇ ਕਿਹਾ ਕਿ ਅਗਸਤ ਚ 30 ਰੁਪਏ ਰੇਟ ਮਿਲਿਆ ਤੇ ਸਤੰਬਰ ਚ 40 ਰੁਪਏ ਕਿਉਕਿ ਮਿਰਚ ਘੱਟ ਹੁੰਦੀ ਹੈ। ਪੈਸੇ ਜ਼ਰੂਰ ਰੋਜ਼ ਦੇ ਰੋਜ਼ ਮਿਲ਼ ਜਾਂਦੇ ਹਨ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੱਤੇ ਇਕੱਠੇ ਹੋਣ ਦੀ ਤੇ ਉਲੀਨਾਸ਼ਕ ਦੀ ਤਿੰਨ ਚਾਰ ਸਪਰੇਅ ਕਰਨੀਂ ਪੈਂਦੀ, ਜਿਸਦੇ ਰੇਟ 4000/- ਰੁਪਏ ਤੱਕ ਬਹੁਤ ਜ਼ਿਆਦਾ ਹਨ। ਅਗਸਤ ਚ ਗੁੰਮ ਲੱਗਣ ਨਾਲ ਹੋਰ ਸਪਰੇਅ ਵੱਧਦੀ ਹੈ। ਉਹਨਾਂ ਕਿਹਾ ਕਿ ਅਪ੍ਰੈਲ ਤੋਂ ਲੈਕੇ ਨਵੰਬਰ ਤੱਕ ਪੈਸੇ ਮਿਲਦੇ ਰਹਿੰਦੇ ਹਨ। ਪਾਣੀ ਦੋ ਵਾਰ ਲਗਾਉਣ ਦੀ ਲੋੜ ਪੈਂਦੀ ਕੁੱਝ ਬਾਰਿਸ਼ ਚੱਲ ਪੈਂਦੀ। ਸਰਕਾਰਾਂ ਨੂੰ ਚਾਹੀਦਾ ਕਿ ਇਸਦਾ ਰੇਟ ਫਿਕਸ ਕਰੇਂ। ਅਸੀਂ 10 ਬੰਦਿਆਂ ਨੂੰ ਰੋਜ਼ਗਾਰ ਦਿੱਤਾ।
7) ਗੁਰਨਾਮ ਸਿੰਘ (62804 - 79192) ਨੇ ਕਿਹਾ ਮੈਂ ਪਿਛਲੇ 15 ਸਾਲਾਂ ਤੋਂ 3 ਏਕੜ ਰਕਬੇ ਵਿੱਚ 127 ਕਿਸਮ ਦੀ ਬਿਜਾਈ ਕਰ ਰਿਹਾ। ਉਹਨਾਂ ਕਿਹਾ ਕਿ ਏਸ ਕਾਸ਼ਤ ਥੱਲੇ ਬਹੁਤ ਸਾਰੇ ਕਿਸਾਨ ਠੇਕੇ ਤੇ ਮਹਿੰਗੀ ਜ਼ਮੀਨ ਲ਼ੈ ਕੇ ਕਾਸ਼ਤ ਕਰਨ ਲੱਗੇ, ਪਰ ਜਦੋਂ 8 - 9 ਰੁਪਏ ਰੇਟ ਮੰਦਾ ਮਿਲਿਆ ਤਾਂ ਏਥੋਂ ਤੱਕ ਕਿ ਕਈ ਵਾਰ ਹੋਰ ਥੱਲੇ 5 ਰੁਪਏ ਰੇਟ ਰਿਹਾ ਤਾਂ ਠੇਕੇ ਵਾਲੀ ਜ਼ਮੀਨ ਦੇ ਨਾਲ ਆਪਣੀ ਜ਼ਮੀਨ ਦੀ ਕਾਸ਼ਤ ਕਰਨੀ ਤੱਕ ਛੱਡ ਗਏ। ਪਰ ਮੈਂ ਰਿਸਕ ਲੈ ਕੇ ਕਾਸ਼ਤ ਕਰਨ ਲੱਗਾ। ਕਿਉਂਕਿ ਕਿ ਜਦੋਂ ਮਿਰਚ ਹੁੰਦੀ ਹੈ ਸ਼ੂਰੁਆਤ 'ਚ ਤਾਂ ਰੇਟ ਨਹੀਂ ਮਿਲਦਾ ਤੇ ਜਦੋਂ ਮਿਰਚ ਦੋ ਤਿੰਨ ਮਹੀਨੇ ਅਖ਼ੀਰ ਵਿੱਚ ਸਤੰਬਰ 'ਚ ਰੇਟ ਮਿਲ਼ਣ ਲੱਗਦਾ, ਉਦੋਂ ਮਿਰਚ ਖਤਮ ਹੋ ਜਾਂਦੀ ਹੈ। ਲੋਕ ਤਾਂਹੀ ਏਸ ਕਾਸ਼ਤ ਤੋਂ ਭੱਜਦੇ ਹਨ। ਬਾਕੀ ਸਪਰੇਅ, ਲੇਬਰ, ਟਰਾਂਸਪੋਰਟ, ਖ਼ਰਚ ਬਹੁਤ ਹਨ। ਪੈਸੇ ਰੋਜ਼ਾਨਾ ਜ਼ਰੂਰ ਮਿਲਦੇ ਹਨ ਇਸ ਦੇ ਨਾਲ ਘਰਾਂ ਦੇ ਰੋਜ਼ਾਨਾ ਖ਼ਰਚ ਜ਼ਰੂਰ ਤੁਰਨ ਲੱਗਦੇ ਹਨ ਹੋਰਨਾਂ ਛਿਮਾਹੀ ਫ਼ਸਲਾਂ ਨਾਲੋਂ। ਝੋਨੇ ਦਾ ਬਦਲ ਚੰਗਾ ਹੈ ਕਿਉਂਕਿ ਨਾ ਮਾਤਰ ਪਾਣੀ ਲੱਗਦਾ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮਿਰਚਾਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀਰਾਂ ਦਾ ਕੁਝ ਸੋਚੇ ਜਿੱਥੇ ਦਵਾਈਆਂ ਤੇ ਸਬਸਿਡੀ ਦੇਵੇ ਉਥੇ ਰੇਟ 30 ਰੁਪਏ ਫਿਕਸ ਕਰੇਂ। ਗੁਰਦਾਸਪੁਰ ਜ਼ਿਲ੍ਹੇ ਵਿੱਚ ਕੋਈ ਚਿਲੀ ਟੋਮੈਟੋ ਪ੍ਰੌਸੈਸਿੰਗ ਯੂਨਿਟ ਸਥਾਪਿਤ ਕਰੇਂ।
ਲਿਖ਼ਤ:- ਕਮਲਇੰਦਰਜੀਤ ਬਾਜਵਾ, ਬਲਾਕ ਟੈਕਨੋਲੋਜੀ ਮੈਨੇਜਰ, ਖੇਤੀਬਾੜੀ ਵਿਭਾਗ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ, ਮੋਬ :- 98150 - 82401.
Summary in English: 7 farmers changed the village of Dalle Gorian by cultivating chillies