ਪਾਣੀ ਕੁਦਰਤ ਵਲੋਂ ਬਖਸ਼ੀ ਅਣਮੁਲੀ ਦਾਤ ਅਤੇ ਜੀਵਨ ਦਾ ਅਧਾਰ ਹੈ । ਪਰ ਪਾਣੀ ਦੇ ਸੋਮੇ ਜ਼ਰੂਰਤ ਤੋਂ ਕਿਤੇ ਘੱਟ ਹੋ ਗਏ ਹਨ। ਇਸ ਕੁਦਰਤੀ ਸੋਮੇ ਦੀ ਬੇਸਮਝੀ ਅਤੇ ਬੇਕਦਰੀ ਨਾਲ ਕੀਤੀ ਗਈ ਵਰਤੋਂ ਨਾਲ ਇਸ ਵਿਚ ਆ ਰਹੀ ਕਮੀ ਸਾਰੇ ਸੰਸਾਰ ਲਈ ਚਿੰਤਾ ਦਾ ਵਿਸ਼ਾ ਬਣ ਚੁਕੀ ਹੈ। ਪੰਜਾਬ ਵਿਚ ਵੀ ਧਰਤੀ ਹੇਠਲਾ ਪਾਣੀ ਪਿਛਲੇ ਕੁੱਝ ਦਹਾਕਿਆਂ ਤੋਂ ਬੁੱਹਤ ਹੇਠਾਂ ਚਲਾ ਗਿਆ ਹੈ। ਇਸ ਤੋਂ ਇਲਾਵਾ ਮੀਹਾਂ ਦੇ ਘੱੱਟਣ ਅਤੇ ਇਕਸਾਰ ਨਾ ਪੈਣ ਕਰਕੇ ਪਾਣੀ ਦੀ ਕਮੀ ਹੋਰ ਵੀ ਵੱਧ ਗਈ ਹੈ।
ਜਿਸ ਕਰਕੇ ਧਰਤੀ ਹੇਠਲੇ ਪਾਣੀ ਤੇ ਸਿੰਚਾਈ ਵਾਸਤੇ ਨਿਰਭਰਤਾ ਵੱਧ ਗਈ ਹੈ। ਇਸ ਦੇ ਨਾਲ ਨਾਲ ਜ਼ਮੀਨੀ ਪਾਣੀ ਦਾ ਰੀਚਾਰਜ ਵੀ ਘੱਟਣ ਕਰਕੇ ਜ਼ਮੀਨੀ ਪਾਣੀ ਦੀ ਸਤ੍ਹਾ ਤੇਜ਼ੀ ਨਾਲ ਹੇਠਾਂ ਜਾ ਰਹੀ ਹੈ। ਇਕ ਅਨੁਮਾਨ ਅਨੁਸਾਰ ਜੇ ਜ਼ਮੀਨੀ ਪਾਣੀ ਦੇ ਡਿਗਦੇ ਪੱਧਰ ਨੂੰ ਠਲ੍ਹ ਨਾ ਪਾਈ ਗਈ ਤਾਂ ਪੰਜਾਬ ਦੀ ਖੇਤੀ ਨੁੰ ਇਸ ਪੱਧਰ ਤੇ ਕਾਇਮ ਰੱਖਣਾ ਮੁਸ਼ਕਲ ਹੋ ਜਾਵੇਗਾ।ਕਿਸਾਨ ਵੀਰ ਝੋਨੇ ਦੇ ਖੇਤਾਂ ਵਿਚ ਵੱਧ ਤੋਂ ਵੱਧ ਸਮੇਂ ਲਈ ਖੜ੍ਹਾ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਜਿਸ ਨਾਲ ਨਾ ਸਿਰਫ ਪਾਣੀ ਦੀ ਦੂਰਵਰਤੋਂ ਹੁੰਦੀ ਹੈ ਸਗੋਂ ਜ਼ਮੀਨੀ ਪਾਣੀ ਕੱਢਣ ਦੇ ਖਰਚੇ ਵੀ ਵੱਧ ਜਾਂਦੇ ਹਨ। ਇਕ ਅਨੁਮਾਨ ਅਨੁਸਾਰ ਇਹ ਖਰਚੇ ਸਾਲਾਨਾ 1500 ਕਰੋੜ ਤਕ ਪੁਹੰਚ ਜਾਂਦੇ ਹਨ। ਇਸ ਤੋਂ ਇਲਾਵਾ ਪਾਣੀ ਦੀ ਸਤ੍ਹਾ ਵਿੱਚ ਗਿਰਾਵਟ ਕਰਕੇ ਪਾਣੀ ਦਾ ਖਾਰਾਪਣ ਵੱਧ ਜਾਂਦਾ ਹੈ।ਝੋਨਾ ਪੰਜਾਬ ਦੀ ਮੁੱਖ ਫਸਲ ਹੋਣ ਕਰਕੇ ਇਸ ਵਿੱਚ ਹੀ ਪਾਣੀ ਦੀ ਕੁੱਲ ਵਰਤੋਂ ਦਾ 67 ਪ੍ਰਤੀਸ਼ਤ ਪਾਣੀ ਖੱਪਤ ਹੁੰਦਾ ਹੈ। ਇਸ ਕਰਕੇ ਝੋਨੇ ਦੇ ਖੇਤਾਂ ਵਿੱਚ ਪਾਣੀ ਸੰਜਮ ਨਾਲ ਲਾਉਣ ਦੀਆਂ ਅਸਰਦਾਰ ਤਕਨੀਕਾਂ ਨੂੰ ਅਪਣਾ ਕੇ ਇਸ ਫਸਲ ਵਿੱਚ ਪਾਣੀ ਦੀ ਲਾਗਤ ਨੂੰ ਵੱਡੀ ਮਾਤਰਾ ਵਿਚ ਘਟਾਇਆ ਜਾ ਸਕਦਾ ਹੈ। ਇਹਨਾਂ ਤਕਨੀਕਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਹੇਠਾਂ ਦਿਤੀ ਗਈ ਹੈ।
1.ਲੇਜ਼ਰ ਕਰਾਹਾ ਦੀ ਵਰਤੋਂ: ਲੇਜ਼ਰ ਕਰਾਹਾ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਹੈ, ਜਿਸ ਨਾਲ ਲੋੜੀਂਦੀ-ਢਲਾਣ ਮੁਤਾਬਿਕ ਖੇਤ ਨੂੰ ਬਹੁਤ ਵਧੀਆ ਤਰੀਕੇ ਨਾਲ ਪੱਧਰ ਕੀਤਾ ਜਾਂਦਾ ਹੈ। ਇਸ ਨੂੰ 50 ਹਾਰਸ ਪਾਵਰ ਦੇ ਟਰੈਕਟਰ ਨਾਲ ਚਲਾਇਆ ਜਾਂਦਾ ਹੈ। ਲੇਜ਼ਰ ਕਰਾਹੇ ਨਾਲ ਜ਼ਮੀਨ ਨੂੰ ਪੱਧਰ ਕਰਨ ਨਾਲ ਪਾਣੀ ਦੀ 25-30 ਪ੍ਰਤੀਸ਼ਤ ਬੱਚਤ ਹੁੰਦੀ ਹੈ। ਝਾੜ ਵਿੱਚ 5-10 ਪ੍ਰਤੀਸ਼ਤ ਵਾਧਾ ਹੁੰਦਾ ਹੈ ਅਤੇ ਖਾਦਾਂ ਤੇ ਨਦੀਨ ਨਾਸ਼ਕਾਂ ਦੀ ਸੁਚੱਜੀ ਵਰਤੋਂ ਹੁੰਦੀ ਹੈ।
2 ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ: ਪਾਣੀ ਦੀ ਬੱਚਤ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਪੀ ਆਰ 126, ਪੀ ਆਰ 124, ਪੀ ਆਰ 127 ਅਤੇ ਪੀ ਆਰ 121 ਨੂੰ ਤਰਜੀਹ ਦਿਉ। ਇਹ ਕਿਸਮਾਂ ਕ੍ਰਮਵਾਰ 93, 105, 107 ਅਤੇ 110 ਦਿਨਾਂ ਵਿੱਚ ਪੱਕ ਜਾਂਦੀਆਂ ਹਨ। ਕਿਸਾਨ ਵੀਰ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੂਸਾ 44/ਪੀਲੀ ਪੂਸਾ ਦੀ ਕਾਸ਼ਤ ਨਾ ਕਰਨ ਕਿੳੌਕਿ ਇਹ ਕਿਸਮਾਂ ਪੀ ਆਰ ਕਿਸਮਾਂ ਨਾਲੋਂ 15-20 ਪ੍ਰਤੀਸ਼ਤ ਜ਼ਿਆਦਾ ਪਾਣੀ ਲੈਂਦੀਆਂ ਹਨ ।
3.ਝੋਨੇ ਦੀ ਲੁਆਈ ਮੋਨਸੂਨ ਦੇ ਨੇੜੇ ਸ਼ੁਰੂ ਕੀਤੀ ਜਾਵੇ ਝੋਨੇ ਵਿੱਚ ਪਾਣੀ ਦੀ ਲਾਗਤ ਵਾਸ਼ਪੀਕਰਨ, ਤਾਪਮਾਨ ਅਤੇ ਹਵਾ ਵਿੱਚਲੀ ਨਮੀ ਤੇ ਨਿਰਭਰ ਕਰਦੀ ਹੈ । ਜੇਕਰ ਝੋਨਾ ਮਈ ਜਾਂ ਜੂਨ ਦੇ ਸ਼ੁਰੂ ਵਿੱਚ ਲਗਾਇਆ ਜਾਵੇ ਤਾਂ ਪਾਣੀ ਦਾ ਵਾਸ਼ਪੀਕਰਨ ਬੱਹੁਤ ਜ਼ਿਆਦਾ ਹੁੰਦਾ ਹੈ। ਇਸ ਕਰਕੇ ਪਾਣੀ ਦੀ ਖੱਪਤ ਜ਼ਿਆਦਾ ਹੁੰਦੀ ਹੈ । ਜੇਕਰ ਝੋਨੇ ਦੀ ਲੁਆਈ ਮੋਨਸੂਨ ਦੇ ਨੇੜੇ (ਜਿਵੇਂ ਕਿ ਪੁਰਾਣੇ ਸਮੇਂ ਵਿਚ ਹੁੰਦਾ ਸੀ) ਯਾਣੀ ਅੱਧ ਜੂਨ ਤੋਂ ਬਾਅਦ ਸ਼ੁਰੂ ਕੀਤੀ ਜਾਵੇ ਤਾਂ ਪਾਣੀ ਦੀ ਖੱਪਤ ਘੱਟ ਹੋਵੇਗੀੇ। ਇੱਕ ਅਨੁਮਾਨ ਅਨੁਸਾਰ ਇੱਕ ਜੂਨ ਨੂੰ ਲਗਾਏ ਝੋਨੇ ਵਿੱਚ ਵਾਸ਼ਪੀਕਰਨ 620 ਮਿਲੀ ਮੀਟਰ ਅਤੇ 21 ਜੂਨ ਨੂੰ ਲਗਾਏ ਝੋਨੇ ਵਿਚ 520 ਮਿਲੀ ਮੀਟਰ ਹੁੰਦੀ ਹੈ। ਇਸੇ ਤਰ੍ਹਾਂ ਲੇਟ ਲਗਾਏ ਝੋਨੇ ਵਿੱਚ ਪਾਣੀ ਦੀ ਖੱਪਤ ਵੀ ਘੱਟ ਹੋਵੇਗੀ ਅਤੇ ਇਸ ਦੇ ਨਤੀਜੇ ਵਜੋਂ ਜ਼ਮੀਨ ਹੇਠਲੇ ਪਾਣੀ ਦੀ ਘੱਟ ਵਰਤੋਂ ਹੋਣ ਕਰਕੇ ਪਾਣੀ ਦੇ ਸਤਰ ਨੂੰ ਥੱਲੇ ਜਾਣ ਤੋਂ ਰੋਕਿਆ ਜਾ ਸਕੇਗਾ।ਇਸ ਗੱਲ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਨੇ “ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੋਇਲ ਵਾਟਰ ਐਕਟ 2009” ਪਾਸ ਕੀਤਾ ਜਿਸ ਤਹਿਤ ਹੁਣ ਝੋਨਾ ਲਾਉਣਾ ਸ਼ੁਰੂ ਕਰਨ ਦੀ ਮਿਤੀ ਮਿੱਥੀ ਜਾਂਦੀ ਹੈ ।
4. ਪਾਣੀ ਸੁਕਾ ਕੇ ਲਾਉ: ਕਿਸਾਨ ਵੀਰਾਂ ਵਿੱਚ ਇੱਕ ਆਮ ਧਾਰਨਾ ਵੇਖਣ ਨੂੰ ਮਿਲਦੀ ਹੈ ਕਿ ਝੋਨੇ ਵਿਚ ਲਗਾਤਾਰ ਪਾਣੀ ਖੜ੍ਹਾ ਰੱਖਣ ਦੀ ਲੋੜ ਹੁੰਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਿਫਾਰਸ਼ ਅਨੁਸਾਰ, ਝੋਨੇ ਵਿੱਚ ਸਿਰਫ ਪਹਿਲੇ ਦੋ ਹਫਤੇ ਪਾਣੀ ਖੜ੍ਹਾ ਰੱਖਣ ਦੀ ਲੋੜ ਹੈ ਤਾਂ ਕਿ ਝੋਨੇ ਦੀ ਪਨੀਰੀ ਦੇ ਬੂਟੇ ਜੰਮ ਪੈਣ ਅਤੇ ਨਦੀਨਾਂ ਦੀ ਰੋਕਥਾਮ ਹੋ ਜਾਵੇ। ਇਸ ਲਈ ਕਿਸਾਨ ਵੀਰਾਂ ਨੂੰ ਨਦੀਨ ਨਾਸ਼ਕਾਂ ਦੀ ਵਰਤੋਂ ਵੀ ਸਮੇਂ ਸਿਰ ਕਰ ਲੈਣੀ ਚਾਹੀਦੀ ਹੈ। ਉਸ ਤੋਂ ਬਾਅਦ ਪਾਣੀ ਜ਼ੀਰਣ ਤੋਂ ਦੋ ਦਿਨ ਬਾਅਦ ਝੋਨੇ ਨੂੰ ਪਾਣੀ ਲਗਾਉਣਾ ਚਾਹੀਦਾ ਹੈ।ਪਰ ਇਸ ਗੱਲ ਦਾ ਧਿਆਨ ਵੀ ਰੱਖਣਾ ਹੈ ਕਿ ਖੇਤ ਵਿਚ ਤੇੜਾਂ ਨਾ ਪੈਣ।ਕਿਸਾਨ ਵੀਰਾਂ ਦੇ ਖੇਤਾਂ ਵਿਚ ਇਹ ਆਮ ਦੇਖਣ ਵਿਚ ਆਇਆ ਹੈ ਕਿ ਜਿਸ ਸਾਲ ਮੀਹ ਜ਼ਿਆਦਾ ਪੈਣ ਉਸ ਸਾਲ ਝੋਨੇ ਦਾ ਝਾੜ ਘੱਟ ਜਾਂਦਾ ਹੈ। ਇਸ ਦਾ ਮੁੱਖ ਕਾਰਨ ਨਮੀ ਦੇ ਜ਼ਿਆਦਾ ਵੱਧਣ ਕਰਕੇ ਕੀੜੇ ਮਕੋੜੇ ਅਤੇ ਬਿਮਾਰੀਆਂ ਦਾ ਵੱਧ ਜਾਣਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਇਹ ਦਰਸਾਇਆ ਗਿਆ ਹੈ ਕਿ ਵਧੇਰੇ ਨਮੀ ਕਾਰਨ ਝੋਨੇ ਦੀ ਭੂਰੀ ਟਿੱਡੀ ਅਤੇ ਪੱਤਾ ਲਪੇਟ ਸੁੰਢੀ ਦਾ ਹੱਮਲਾ ਵੱਧ ਜਾਂਦਾ ਹੈ। ਇਸੇ ਤਰਾਂ ਝੋਨੇ ਦੀਆ ਬਿਮਾਰੀਆਂ ਜਿਵੇਂ ਕਿ ਤਣੇ ਦਾ ਝੁਲਸ ਰੋਗ ਅਤੇ ਝੂਠੀ ਕਾਂਗਿਆਰੀ ਖੜੇ ਪਾਣੀ ਨਾਲ ਵੱਧ ਵੇਖਣ ਵਿੱਚ ਮਿਲੀਆਂ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਝੋਨੇ ਵਿਚ ਲਗਾਤਾਰ ਪਾਣੀ ਖੜਾ ਕਰਨ ਨਾਲ ਝਾੜ ਘੱਟ ਸਕਦਾ ਹੈ। ਸੋ ਕਿਸਾਨ ਵੀਰਾਂ ਨੂੰ ਇਹ ਸਲਾਹ ਦਿਤੀ ਜਾਂਦੀ ਹੈ ਕਿ ਉਹ ਆਪਣੇ ਖੇਤਾਂ ਵਿਚ ਪਾਣੀ ਸੁਕਾਅ ਕੇ ਲਾਉਣ ਅਤੇ ਪਾਣੀ ਦੀ ਬੱਚਤ ਕਰਨ। ਕ੍ਰਿਸ਼ੀ ਵਿਗਿਆਨ ਕੇਂਦਰ, ਕਪੂਰਥਲਾ ਵਲੋਂ ਪਿਛਲੇ ਸਾਲ ਲਗਾਏ ਗਏ 52 ਪਰਦ੍ਰਸ਼ਨੀ ਪਲਾਟਾਂ ਵਿਚ 14.2 % ਪਾਣੀ ਦੀ ਬਚਤ ਕੀਤੀ ਗਈ ਹੈ ਅਤੇ ਨਤੀਜੇ ਹੇਠਾਂ ਦਿਤੇ ਗਏ ਹਨ।
5.ਬਿਨਾਂ ਕੱਦੂ ਕੀਤੇ ਝੋਨੇ/ ਬਾਸਮਤੀ ਦੀ ਸਿੱਧੀ ਬਿਜਾਈ: ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ ਦੀ ਬੱਚਤ ਤੋਂ ਇਲਾਵਾ ਪਨੀਰੀ ਉਗਾਉਣ, ਢੋਆ-ਢੁਆਈ ਅਤੇ ਖੇਤ ਵਿੱਚ ਪਨੀਰੀ ਲਾਉਣ ਦਾ ਖਰਚਾ ਬਚਦਾ ਹੈ। ਬਿਨਾਂ ਕੱਦੂ ਕੀਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਖੇਤ ਵਿੱਚ ਪਾਣੀ ਖੜਾਉਣ ਦੀ ਲੋੜ ਨਹੀਂ ਪੈਂਦੀ।ਸਿੱਧੀ ਬਿਜਾਈ ਨਾਲ, ਕੱਦੂ ਕੀਤੇ ਝੋਨੇ ਦੇ ਮੁਕਾਬਲੇ 10-15 ਫੀਸਦੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।
6.ਵੱਟਾਂ/ਬੈੱਡਾਂ ਤੇ ਲੁਆਈ: ਭਾਰੀਆਂ ਜ਼ਮੀਨਾਂ ਵਿੱਚ ਪਾਣੀ ਦੀ ਬੱਚਤ ਲਈ ਝੋਨੇ ਦੀ ਲੁਆਈ ਵੱਟਾਂ (60 ਸੈਂ:ਮੀ)/ਬੈੱਡਾਂ (67.5 ਸੈਂ:ਮੀ) ਤੇ ਕੀਤੀ ਜਾ ਸਕਦੀ ਹੈ। ਖੇਤ ਨੂੰ ਬਿਨਾਂ ਕੱਦੂ ਕੀਤੇ ਤਿਆਰ ਕਰਕੇ ਬਿਜਾਈ ਵੇਲੇ ਸਿਫ਼ਾਰਸ਼ ਕੀਤੀਆਂ ਖਾਦਾਂ ਦਾ ਛੱਟਾ ਦਿਉ ਅਤੇ ਰਿਜ਼ਰ/ਕਣਕ ਲਈ ਵਰਤੇ ਜਾਂਦੇ ਬੈੱਡਪਲਾਂਟਰ ਨਾਲ ਵੱਟਾਂ/ ਬੈੱਡ ਤਿਆਰ ਕਰੋ। ਵੱਟਾਂ/ਬੈੱਡਾਂ ਦੀਆਂ ਖਾਲ਼ੀਆਂ ਨੂੰ ਪਾਣੀ ਨਾਲ ਭਰਕੇ ਤੁਰੰਤ ਬਾਅਦ ਵੱਟਾਂ/ਬੈੱਡਾਂ ਦੀਆਂ ਦੋਨਾਂ ਪਾਸੇ ਦੀਆਂ ਢਲਾਨਾਂ ਦੇ ਅੱਧ ਵਿਚਕਾਰ (ਬੈੱਡਾਂ ਤੇ 9 ਸੈਂਟੀਮੀਟਰ ਅਤੇ ਵੱਟਾਂ ਤੇ 10 ਸੈਂਟੀਮੀਟਰ ਦੇ ਫ਼ਾਸਲੇ) ਤੇ ਝੋਨੇ ਦੇ ਬੂਟੇ ਲਾਓ। ਲੁਆਈ ਤੋਂ ਪੰਦਰਾਂ ਦਿਨਾਂ ਦੌਰਾਨ ਹਰ ਰੋਜ਼ ਪਾਣੀ ਦਿਉ। ਇਸ ਤੋਂ ਬਾਅਦ ਖਾਲ਼ੀਆਂ ਵਿੱਚ ਪਹਿਲੇ ਪਾਣੀ ਦੇ ਜ਼ੀਰਨ ਤੋਂ ਦੋ ਦਿਨ ਬਾਅਦ ਪਾਣੀ ਲਾਓ। ਇਹ ਧਿਆਨ ਰਹੇ ਕਿ ਖਾਲ਼ੀਆਂ ਵਿੱਚ ਤਰੇੜਾਂ ਨਾ ਪੈਣ।
7.ਝੋਨਾ ਵੱਢਣ ਤੋਂ 15 ਦਿਨ ਪਹਿਲਾਂ ਪਾਣੀ ਬੰਦ ਕਰਨਾ:ਪੰਜਾਬ ਐਗਰੀਕਲਚਰਲ ਯੁਨੀਵਰਸਿਟੀ ਦੀ ਸਿਫਾਰਸ਼ ਅਨੁਸਾਰ ਝੋਨਾ ਵੱਢਣ ਤੋਂ 15 ਦਿਨ ਪਹਿਲ਼ਾਂ ਖੇਤਾਂ ਨੂੰ ਪਾਣੀ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ।ਇਸ ਨਾਲ ਇਕ ਤਾਂ ਫਸਲ ਦੀ ਕਟਾਈ ਸੋਖੀ ਹੋਵੇਗੀ ਅਤੇ ਦਾਣਿਆਂ ਵਿਚਲੀ ਨਮੀ ਘੱਟ ਹੋਣ ਕਰਕੇ ਚੰਗਾ ਮੰਡੀਕਰਨ ਹੋਵੇਗਾ ਅਤੇ ਨਾਲ ਹੀ ਝੋਨੇ ਪਿਛੋਂ ਬੀਜਣ ਵਾਲੀ ਹਾੜ੍ਹੀ ਦੀ ਫਸਲ ਵੀ ਸਮੇ ਸਿਰ ਬੀਜੀ ਜਾ ਸਕੇਗੀ।
ਸੋ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਉਪੱਰ ਦੱਸੀਆਂ ਤਕਨੀਕਾਂ ਨੂੰ ਅਪਣਾਕੇ ਝੋਨੇ ਵਿੱਚ ਪਾਣੀ ਦੀ ਖੱਪਤ ਨੂੰ ਘਟਾਉਣਤਾਂ ਜੋ ਇਸ ਅਨਮੁਲੀ ਦਾਤ ਨੂੰ ਆਉਣ ਵਾਲੀਆਂ ਪੁਸ਼ਤਾਂ ਵਾਸਤੇ ਬਚਾਕੇ ਰੱਖਿਆ ਜਾ ਸਕੇ।
ਗੋਬਿੰਦਰ ਸਿੰਘ, ਅਮਿਤ ਸਲਾਰੀਆ ਅਤੇ ਜੁਗਰਾਜ ਸਿੰਘ
ਕ੍ਰਿਸ਼ੀ ਵਿਗਿਆਨ ਕੇਂਦਰ,ਕਪੂਰਥਲਾ
Summary in English: Tips for saving water in paddy