ਪਿਛਲੇ ਸਾਲ ਦੌਰਾਨ ਇਹ ਦੇਖਣ ਵਿੱਚ ਆਇਆ ਹੈ ਕਿ ਗੈਰ-ਸਿਫਾਰਸ਼ ਕੀਟਨਾਸ਼ਕਾਂ ਦੀ ਵਰਤੋਂ ਅਤੇ ਛਿੜਕਾਅ ਦੇ ਗਲਤ ਢੰਗ ਕਾਰਣ ਕਈ ਥਾਵਾਂ 'ਤੇ ਮੱਕੀ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ ਹੈ। ਦਰਅਸਲ, ਫ਼ਾਲ ਆਰਮੀਵਰਮ ਦੀ ਜ਼ਿਆਦਾ ਵੱਧਣ-ਫੁੱਲਣ ਦੀ ਸਮਰੱਥਾ ਕਾਰਣ ਇਹ ਦੇਖਿਆ ਗਿਆ ਹੈ ਕਿ ਜੇ ਪਿੰਡ ਵਿੱਚੋਂ ਕਿਸੇ ਇੱਕ ਖੇਤ ਵਿੱਚ ਵੀ ਰੋਕਥਾਮ ਨਹੀਂ ਹੁੰਦੀ ਤਾਂ ਇਹ ਕੀੜਾ ਬਾਕੀ ਦੇ ਖੇਤਾਂ ਵਿੱਚ ਵੀ ਬਹੁਤ ਜਲਦ ਦੁਬਾਰਾ ਹਮਲਾ ਕਰ ਦਿੰਦਾ ਹੈ। ਇਸ ਕਾਰਣ ਰੋਕਥਾਮ ਲਈ ਬਾਰ-ਬਾਰ ਕੀਟਨਾਸ਼ਕਾਂ ਦਾ ਛਿੜਕਾਅ ਕਰਨਾ ਪੈ ਜਾਂਦਾ ਹੈ।
ਪੰਜਾਬ ਵਿੱਚ ਫ਼ਾਲ ਆਰਮੀਵਰਮ ਮੱਕੀ ਦੀ ਫ਼ਸਲ 'ਤੇ ਲ਼ਗਾਤਾਰ ਨੁਕਸਾਨ ਕਰ ਰਿਹਾ ਹੈ। ਇਸ ਕੀੜੇ ਦੀਆਂ ਛੋਟੀਆਂ ਸੁੰਡੀਆਂ ਪੱਤੇ ਦੀ ਸਤਿਹ ਨੂੰ ਖੁਰਚ ਕੇ ਖਾਂਦੀਆਂ ਹਨ। ਵੱਡੀਆਂ ਸੁੰਡੀਆਂ ਪੱਤਿਆਂ ਉੱਪਰ ਬੇਤਰਤੀਬੇ, ਗੋਲ ਜਾਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ ਅਤੇ ਗੋਭਾਂ ਵਿੱਚ ਵਿੱਠਾਂ ਦਿੰਦੀਆਂ ਹਨ। ਇਸ ਕੀੜੇ ਵਿੱਚ ਜ਼ਿਆਦਾ ਠੰਡ ਨੂੰ ਸਹਾਰਣ ਦੀ ਸਮੱਰਥਾ ਨਹੀਂ ਹੁੰਦੀ। ਜੇ ਕਿਸਾਨ ਵੀਰ ਚਾਰੇ ਵਾਲੀ ਮੱਕੀ ਨੂੰ ਅੱਧ ਦਸੰਬਰ ਤੱਕ ਵਰਤ ਲੈਣ ਤਾਂ ਦਸੰਬਰ ਅਤੇ ਜਨਵਰੀ ਦੀ ਠੰਡ ਕਾਰਣ ਇਸ ਕੀੜੇ ਦੀ ਗਿਣਤੀ ਬਹੁਤ ਘੱਟ ਜਾਵੇਗੀ ਅਤੇ ਅਗਲੀ ਫ਼ਸਲ ਤੱਕ ਇਸ ਦਾ ਪਸਾਰ ਘੱਟ ਹੋਵੇਗਾ।
ਕੀੜੇ ਦੀ ਪਹਿਚਾਣ, ਜੀਵਨ ਚੱਕਰ ਅਤੇ ਨੁਕਸਾਨ ਦੇ ਲੱਛਣ:
ਪਹਿਚਾਣ:
ਫ਼ਾਲ ਆਰਮੀਵਰਮ ਦੀਆਂ ਸੁੰਡੀਆਂ ਹਰੇ ਤੋਂ ਹਲਕੇ ਭੂਰੇ ਜਾਂ ਸੁਰਮਈ ਰੰਗ ਦੀਆਂ ਹੁੰਦੀਆਂ ਹਨ। ਸੁੰਡੀ ਦੀ ਪਛਾਣ ਪਿਛਲੇ ਸਿਰੇ ਵੱਲ ਚੌਰਸ ਆਕਾਰ ਵਿੱਚ ਬਣੇ ਚਾਰ ਬਿੰਦੂਆਂ ਅਤੇ ਸਿਰ ਵਾਲੇ ਪਾਸੇ ਚਿੱਟੇ ਰੰਗ ਦੇ ਅੰਗਰੇਜ਼ੀ ਦੇ ਅੱਖਰ ਦੇ ਪੁੱਠੇ ਨਿਸ਼ਾਨ ਤੋਂ ਹੋ ਜਾਂਦੀ ਹੈ। ਇਸ ਦਾ ਪਿਉਪਾ ਲਾਲ ਭੁਰੇ ਰੰਗ ਦਾ ਹੁੰਦਾ ਹੈ ਅਤੇ ਆਮ ਤੌਰ ਤੇ ਜ਼ਮੀਨ ਅੰਦਰ ਰਹਿੰਦਾ ਹੈ।
ਜੀਵਨ ਚੱਕਰ:
ਇਸ ਕੀੜੇ ਦੇ ਜੀਵਨ ਚੱਕਰ ਦੀ ਜਾਣਕਾਰੀ ਇਸ ਦੇ ਵਾਧੇ ਅਤੇ ਫ਼ੈਲਾਅ ਨੂੰ ਸਮਝਣ ਵਿੱਚ ਸਹਾਈ ਹੁੰਦੀ ਹੈ। ਇਸ ਕੀੜੇ ਦੀ ਮਾਦਾ ਪਤੰਗਾ 1500 ਆਂਡੇਂ ਦੇ ਸਕਦੀ ਹੈ ਅਤੇ 500 ਕਿਲੋਮੀਟਰ ਤੱਕ ਉੱਡ ਸਕਦੀ ਹੈ। ਇਸ ਕਰਕੇ ਫ਼ਾਲ ਆਰਮੀਵਰਮ ਇੱਕ ਪੀੜ੍ਹੀ ਵਿੱਚ ਹੀ ਵੱਡੇ ਖੇਤਰ ਵਿੱਚ ਫ਼ੈਲ ਸਕਦਾ ਹੈ। ਆਂਡੇ ਝੁੰਡਾਂ ਦੇ ਰੂਪ ਵਿੱਚ (100-150 ਆਂਡੇ ਪ੍ਰਤੀ ਝੁੰਡ) ਪੱਤੇ ਦੀ ਉੱਪਰਲੀ (ਆਮ ਤੌਰ ਤੇ) ਜਾਂ ਹੇਠਲੀ ਸਤਿਹ ਤੇ ਦਿੱਤੇ ਹੁੰਦੇ ਹਨ।
ਆਂਡਿਆਂ ਵਿੱਚੋਂ ਸੁੰਡੀਆਂ 4 ਤੋਂ 6 ਦਿਨਾਂ ਵਿੱਚ ਨਿਕਲ ਆਉਂਦੀਆਂ ਹਨ। ਅਨੁਕੂਲ ਹਲਾਤਾਂ ਵਿੱਚ ਸੁੰਡੀ 14 ਤੋਂ 20 ਦਿਨਾਂ ਤੱਕ ਪਲਦੀ ਹੈ। ਇਸ ਤੋਂ ਬਾਅਦ ਕੋਆ (ਪਿਉਪਾ) ਬਣਦਾ ਹੈ ਜੋ 8 ਤੋਂ 10 ਦਿਨਾਂ ਵਿੱਚ ਬਾਲਗ ਕੀੜਾ (ਪਤੰਗਾ) ਬਣ ਜਾਂਦਾ ਹੈ। ਬਾਲਗ ਕੀੜਾ 4 ਤੋਂ 6 ਦਿਨ ਜਿਉਂਦਾ ਰਹਿੰਦਾ ਹੈ। ਪੰਜਾਬ ਵਿੱਚ ਇਹ ਕੀੜਾ ਕਈ ਉਪਰਥੱਲੀ ਪੀੜ੍ਹੀਆਂ ਪੂਰੀਆਂ ਕਰਦਾ ਹੈ।
ਇਹ ਵੀ ਪੜ੍ਹੋ: Crop Protection Tips: ਫ਼ਸਲਾਂ ਨੂੰ ਕੋਹਰੇ ਤੋਂ ਬਚਾਉਣ ਲਈ ਕਿਸਾਨਾਂ ਨੂੰ ਸਲਾਹ
ਮੱਕੀ 'ਤੇ ਨੁਕਸਾਨ ਦੇ ਲੱਛਣ:
ਇਸ ਕੀੜਾ 10 ਦਿਨਾਂ ਦੀ ਫ਼ਸਲ ਤੋਂ ਲੈ ਕੇ ਛੱਲ਼ੀ ਬਣਨ ਤੱੱਕ ਫ਼ਸਲ ਨੂੰ ਨੁਕਸਾਨ ਪਹੁੰਚਾਉਂਦਾ ਹੈ। ਮੱਕੀ ਦੀ ਗੋਭ ਵਿੱਚ ਖਾਣਾ ਇਸ ਕੀੜੇ ਨੂੰ ਵਧੇਰੇ ਪਸੰਦ ਹੈ। ਆਮ ਤੌਰ 'ਤੇ ਇਸ ਕੀੜੇ ਦਾ ਹਮਲਾ ਖੇਤਾਂ ਵਿੱਚ ਧੌੜੀਆਂ ਵਿੱਚ ਸ਼ੁਰੂ ਹੋ ਕੇ ਬਹੁਤ ਜਲਦੀ ਸਾਰੇ ਖੇਤ ਵਿੱਚ ਫ਼ੈਲ ਜਾਂਦਾ ਹੈ। ਹਮਲੇ ਦੇ ਸ਼ੁਰੂਆਤ ਵਿੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਿਹ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਣ ਪੱਤਿਆਂ ੳੱਤੇ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣ ਜਾਂਦੇ ਹਨ।
ਜਦੋਂ ਸੁੰਡੀਆਂ ਵੱਡੀਆਂ ਹੁੰਦੀਆਂ ਹਨ ਤਾਂ ਪੱਤਿਆਂ ਉੱਪਰ ਬੇਤਰਤੀਬੇ, ਗੋਲ ਜਾਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ। ਇਨ੍ਹਾਂ ਮੋਰੀਆਂ ਦਾ ਆਕਾਰ ਸੁੰਡੀਆਂ ਦੇ ਵਿਕਾਸ ਨਾਲ ਵੱਧਦਾ ਜਾਂਦਾ ਹੈ। ਵੱਡੀਆਂ ਸੁੰਡੀਆਂ ਗੋਭ ਦੇ ਪੱਤਿਆਂ ਨੂੰ ਬੁਰੀ ਤਰ੍ਹਾਂ ਖਾ ਕੇ, ਇਨ੍ਹਾਂ ਗੋਭਾਂ ਵਿੱਚ ਭਾਰੀ ਮਾਤਰਾ ਵਿੱਚ ਵਿੱਠਾਂ ਦਿੰਦੀਆਂ ਹਨ। ਦਿਨ ਦੇ ਸਮੇਂ ਸੁੰਡੀਆਂ ਗੋਭ ਵਿੱਚ ਲੁਕ ਜਾਂਦੀਆਂ ਹਨ।
ਫ਼ਸਲ ਦਾ ਸਰਵੇਖਣ:
ਕਿਸਾਨ ਵੀਰਾਂ ਨੂੰ ਸ਼ੁਰੂ ਤੋਂ ਹੀ ਖੇਤਾਂ ਦਾ ਸਰਵੇਖਣ ਚੰਗੀ ਤਰ੍ਹਾਂ ਹਫ਼ਤੇ ਦੇ ਵਕਫ਼ੇ 'ਤੇ ਕਰਦੇ ਰਹਿਣਾ ਚਾਹੀਦਾ ਹੈ। ਸਰਵੇਖਣ ਲਈ ਖੇਤ ਦੀਆਂ ਸਾਈਡਾਂ ਤੋਂ 4-5 ਕਤਾਰਾਂ ਛੱਡ ਕੇ ਦੇ ਆਕਾਰ ਵਿੱਚ ਖੇਤ ਅੰਦਰ ਚੱਕਰ ਲਗਾਉਣਾ ਚਾਹੀਦਾ ਹੈ। ਸੁੰਡੀਆਂ ਦਾ ਹਮਲਾ ਦਿੱਸਦੇ ਹੀ ਇਸ ਦੇ ਜੀਵਨ ਚੱਕਰ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਤੁਰੰਤ ਆਪਣੇ ਖੇਤਾਂ ਵਿੱਚ ਢੁਕਵੇਂ ਰੋਕਥਾਮ ਉਪਰਾਲੇ ਕਰਨੇ ਚਾਹੀਦੇ ਹਨ।
Summary in English: Tips for farmers to limit attack of fall armyworm on maize crop