1. Home
  2. ਖੇਤੀ ਬਾੜੀ

ਸ਼ਹਿਦ ਦੀਆਂ ਮੱਖੀਆਂ ’ਚ ਸਵਾਰਮਿੰਗ ਦੀ ਸਮੱਸਿਆ

ਸਹਿਦ ਦੀਆਂ ਮੱਖੀਆਂ ਪਾਲਣ ਸਮੇਂ ਕਈ ਸਮੱਸਿਆਵਾਂ ’ਚੋਂ ਗੁਜ਼ਰਨਾ ਪੈਂਦਾ ਹੈ, ਜਿਨ੍ਹਾਂ ਵਿੱਚੋਂ ਸਵਾਰਮਿੰਗ ਦੀ ਸਮੱਸਿਆ ਪ੍ਰਮੁੱਖ ਹੈ।

KJ Staff
KJ Staff
Honey bee

Honey bee

ਸਹਿਦ ਦੀਆਂ ਮੱਖੀਆਂ ਪਾਲਣ ਸਮੇਂ ਕਈ ਸਮੱਸਿਆਵਾਂ ’ਚੋਂ ਗੁਜ਼ਰਨਾ ਪੈਂਦਾ ਹੈ, ਜਿਨ੍ਹਾਂ ਵਿੱਚੋਂ ਸਵਾਰਮਿੰਗ ਦੀ ਸਮੱਸਿਆ ਪ੍ਰਮੁੱਖ ਹੈ।

ਨੁਕਸਾਨ

ਮੱਖੀਆਂ ਦੀ ਸਵਾਰਮਿੰਗ ਨਾਲ ਕਟੁੰਬ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਸੈੱਲਾਂ ਵਿੱਚੋਂ ਨਵੀਂ ਰਾਣੀ ਮੱਖੀ ਨਿਕਲ ਤਾਂ ਆਉਂਦੀ ਹੈ ਪਰ ਇਹ ਰਾਣੀ ਮੱਖੀ ਜੇ ਕਿਸੇ ਕਾਰਨ ਗਰਭਿਤ ਨਾ ਹੋ ਸਕੇ ਜਾਂ ਕਿਸੇ ਕਾਰਨ ਕਟੁੰਬ ’ਚ ਵਾਪਸ ਨਾ ਆ ਸਕੇ ਤਾਂ ਕਟੁੰਬ ਦਾ ਬਲ ਘਟ ਜਾਂਦਾ ਹੈ ਅਤੇ ਜੇ ਇਨ੍ਹਾਂ ਕਟੁੰਬਾਂ ਲਈ ਸਮੇਂ ਸਿਰ ਢੁੱਕਵੇਂ ਪ੍ਰਬੰਧ ਨਾ ਕੀਤੇ ਜਾਣ ਤਾਂ ਇਹ ਹੌਲੀ-ਹੌਲੀ ਖ਼ਤਮ ਹੋ ਜਾਂਦੇ ਹਨ। ਜੇਕਰ ਰਾਣੀ ਮੱਖੀ ਪੁਰਾਣੇ ਕਟੁੰਬ ਵਿਚ ਕੁਝ ਦੇਰ ਬਾਅਦ ਗਰਭਿਤ ਹੋ ਵੀ ਜਾਵੇ ਤਾਂ ਇਹ ਕਟੁੰਬ ਕਾਮਾ ਮੱਖੀਆਂ ਦੀ ਘਾਟ ਕਾਰਨ ਜ਼ਿਆਦਾ ਸ਼ਹਿਦ ਇਕੱਠਾ ਨਹੀ ਕਰ ਸਕਦਾ। ਇਸ ਲਈ ਸਵਾਰਮਿੰਗ ਨੂੰ ਰੋਕਣ ਦੇ ਢੁੱਕਵੇਂ ਉਪਰਾਲੇ ਕੀਤੇ ਜਾਣੇ ਬੇਹੱਦ ਜ਼ਰੂਰੀ ਹਨ।

ਕਾਰਨ

ਮੱਖੀਆਂ ਦੇ ਸਵਾਰਮ ਕਰਨ ਦੇ ਕਈ ਕਾਰਨ ਹਨ, ਜਿਵੇਂ ਬਰੂਡ ਦੇ ਵਾਧੇ ਵਾਸਤੇ ਛੱਤਾ ਬਣਾਉਣ ਜਾਂ ਪੱਕੇ ਹੋਏ ਸ਼ਹਿਦ ਨੂੰ ਸਟੋਰ ਕਰਨ ਲਈ ਜਗ੍ਹਾ ਦੀ ਕਮੀ ਕਾਰਨ ਛੱਤਾ ਬਣਾਉਣ ਵਾਲੀਆਂ ਜਾਂ ਪੋਲਨ, ਨੈਕਟਰ ਇਕੱਠਾ ਕਰਨ ਵਾਲੀਆਂ ਮੱਖੀਆਂ ਨੂੰ ਕੋਈ ਕੰਮ ਨਹੀ ਲੱਭਦਾ ਅਤੇ ਉਹ ਸੁਸਤ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਛੋਟੀ ਉਮਰ ਦੀਆਂ ਮੱਖੀਆਂ ਦੀ ਗਿਣਤੀ ਵਧਣ ਨਾਲ ਛੱਤੇ ’ਤੇ ਭੀੜ ਪੈਣਾ, ਹਵਾ ਦੀ ਘੱਟ ਆਮਦ, ਵਧੇਰੇ ਤਾਪਮਾਨ, ਰਾਣੀ ਮੱਖੀ ਦਾ ਵਡੇਰੀ ਉਮਰ ਦਾ ਹੋਣਾ ਤੇ ਘੱਟ ਮਾਤਰਾ ’ਚ ਆਂਡੇ ਦੇਣਾ ਆਦਿ ਸਵਾਰਮਿੰਗ ਦੇ ਮੁੱਖ ਕਾਰਨ ਹਨ। ਬਸੰਤ ਰੁੱਤ ਦੌਰਾਨ ਤਾਪਮਾਨ ’ਚ ਵਾਧੇ, ਰਾਣੀ ਮੱਖੀ ਨੂੰ ਉਸ ਦੀ ਦੇਖਭਾਲ ਕਰਨ ਵਾਲੀਆਂ ਮੱਖੀਆਂ ਵੱਲੋਂ ਵੱਧ ਖ਼ੁਰਾਕ ਖੁਆਏ ਜਾਣ ਨਾਲ ਰਾਣੀ ਮੱਖੀ ਦੀ ਆਂਡੇ ਦੇਣ ਦੀ ਗਤੀ ਵਧਦੀ ਰਹਿੰਦੀ ਹੈ ਤੇ ਹੌਲੀ-ਹੌਲੀ ਸਿਖ਼ਰ ’ਤੇ ਪਹੁੰਚ ਜਾਂਦੀ ਹੈ। ਤਿੰਨ ਹਫ਼ਤੇ ਬਾਅਦ ਸੈੱਲਾਂ ਵਿੱਚੋਂ ਮੱਖੀਆਂ ਸੰੁਡੀ ਤੇ ਪਿਊਪਾ ਅਵਸਥਾ ਪੂਰੀ ਕਰਨ ਤੋਂ ਬਾਅਦ ਬਾਲਗ ਰੂਪ ’ਚ ਬਾਹਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਇਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਮੱਖੀਆਂ ਦੀ ਸੈੱਲਾਂ ਵਿੱਚੋਂ ਨਿਕਲਣ ਦੀ ਗਤੀ ਰਾਣੀ ਮੱਖੀ ਦੇ ਆਂਡੇ ਪਾਉਣ ਦੀ ਗਤੀ ਨਾਲੋਂ ਵੱਧ ਜਾਂਦੀ ਹੈ। ਵੱਧ ਗਿਣਤੀ ’ਚ ਨਵੀਆਂ ਨਿਕਲੀਆਂ ਨਰਸ ਮੱਖੀਆਂ ਬਰੂਡ ਨੂੰ ਭੋਜਨ ਖੁਆਉਣ ਤੇ ਰਾਜ ਮੱਖੀਆਂ ਨਵਾਂ ਛੱਤਾ ਤਿਆਰ ਕਰਨ ਲਈ ਉਤਸੁਕ ਹੁੰਦੀਆਂ ਹਨ ਪਰ ਰਾਣੀ ਮੱਖੀ ਜਗ੍ਹਾਂ ਦੀ ਘਾਟ ਕਾਰਨ ਨਵੇਂ ਆਂਡੇ ਨਹੀ ਦੇ ਸਕਦੀ, ਜਿਸ ਕਾਰਨ ਨਵਾਂ ਬਰੂਡ ਤਿਆਰ ਨਹੀਂ ਹੁੰਦਾ, ਜਿਸ ਨੂੰ ਨਵੀਆਂ ਨਿਕਲੀਆਂ ਨਰਸ ਮੱਖੀਆਂ ਭੋਜਨ ਖੁਆ ਸਕਣ। ਇਸ ਤਰ੍ਹਾਂ ਇਹ ਨਰਸ ਮੱਖੀਆਂ ਕੰਮ ਦੀ ਘਾਟ ਕਾਰਨ ਵਿਹਲਾ ਮਹਿਸੂਸ ਕਰਦੀਆਂ ਹਨ। ਇਸੇ ਤਰ੍ਹਾਂ ਬਸੰਤ ਰੁੱਤ ’ਚ ਫੁੱਲਾਂ ਦੀ ਬਹੁਤਾਤ ਕਾਰਨ ਬਾਹਰ ਕੰਮ ਕਰਨ ਗਈਆਂ ਫੋਰੇਜਰ ਮੱਖੀਆਂ ਕਾਫ਼ੀ ਮਾਤਰਾ ’ਚ ਨੈਕਟਰ ਤੇ ਪੋਲਨ ਲੈ ਆਉਂਦੀਆਂ ਹਨ ਪਰ ਜਗ੍ਹਾਂ ਦੀ ਕਮੀ ਕਾਰਨ ਵਾਧੂ ਸ਼ਹਿਦ ਨੂੰ ਜਮ੍ਹਾਂ ਕਰਨ ’ਚ ਉਨ੍ਹਾਂ ਨੂੰ ਮੁਸ਼ਕਲ ਆਉਂਦੀ ਹੈ। ਅਜਿਹੀ ਸਥਿਤੀ ’ਚ ਮੱਖੀਆਂ ਅੰਦਰ ਛੱਤੇ ਨੂੰ ਛੱਡਣ (ਸਵਾਰਮ ਕਰਨ) ਦੀ ਤਾਂਘ ਪੈਦਾ ਹੋ ਜਾਂਦੀ ਹੈ।

ਸਵਾਰਮ ਦਾ ਵਿਕਸਿਤ ਹੋਣਾ

ਰਾਣੀ ਮੱਖੀ ਦੀ ਆਂਡੇ ਪਾਉਣ ਦੀ ਗਤੀ ’ਚ ਵਾਧੇ ਕਾਰਨ ਉਸ ਦੀ ਦੇਖਭਾਲ ਕਰਨ ਵਾਲੀਆਂ ਮੱਖੀਆਂ, ਜਿਨ੍ਹਾਂ ਦੀ ਗਿਣਤੀ ਆਮ ਹਾਲਤ ’ਚ 10-12 ਹੁੰਦੀ ਹੈ, ਦੱੁਗਣੀ ਹੋ ਜਾਂਦੀ ਹੈ। ਰਾਣੀ ਮੱਖੀ ਦੀ ਖੁਰਾਕ ਵੱਧ ਜਾਂਦੀ ਹੈ। ਅਜਿਹੀ ਹਾਲਤ ’ਚ ਰਾਣੀ ਮੱਖੀ ਇਕ ਮਿੰਟ ’ਚ ਇਕ ਆਂਡਾ ਅਤੇ ਲਗਪਗ 1500 ਆਂਡੇ ਪ੍ਰਤੀ ਦਿਨ ਪਾਉਣ ਲਗਦੀ ਹੈ। ਰਾਣੀ ਮੱਖੀ ਖ਼ਾਲੀ ਸੈੱਲਾਂ ਦੀ ਖੋਜ ’ਚ ਰਹਿੰਦੀ ਹੈ, ਜਿਨ੍ਹਾਂ ਵਿਚ ਖ਼ਾਲੀ ਹੋਏ ਰਾਣੀ ਸੈੱਲ ਵੀ ਸ਼ਾਮਿਲ ਹੁੰਦੇ ਹਨ। ਜਦੋਂ ਰਾਣੀ ਸੈੱਲਾਂ ਵਿਚ ਦਿੱਤੇ ਆਂਡਿਆਂ ’ਚੋਂ ਸੁੰਡੀਆਂ ਨਿਕਲ ਆਉਂਦੀਆਂ ਹਨ ਤਾਂ ਮੱਖੀਆਂ ਉਨ੍ਹਾਂ ਨੂੰ ਕਾਫ਼ੀ ਮਾਤਰਾ ’ਚ ਰਾਇਲ ਜੈਲੀ ਖੁਆਉਂਦੀਆਂ ਹਨ ਪਰ ਨਾਲ ਹੀ ਰਾਣੀ ਮੱਖੀ ਦੀ ਖ਼ੁਰਾਕ ਘਟਾ ਦਿੰਦੀਆਂ ਹਨ। ਰਾਣੀ ਮੱਖੀ ਸਵਾਰਮਿੰਗ ਵਾਲੇ ਦਿਨ ਤਕ ਆਂਡੇ ਪਾਉਣੇ ਜਾਰੀ ਰੱਖਦੀ ਹੈ ਪਰ ਆਂਡੇ ਪਾਉਣ ਦੀ ਗਤੀ ’ਚ ਕਾਫ਼ੀ ਕਮੀ ਆ ਜਾਂਦੀ ਹੈ। ਖ਼ੁਰਾਕ ’ਚ ਕਮੀ ਕਾਰਨ ਰਾਣੀ ਮੱਖੀ ਦੇ ਧੜ ਦਾ ਆਕਾਰ ਛੋਟਾ ਹੋ ਜਾਂਦਾ ਹੈ ਤੇ ਉਸ ਦਾ ਭਾਰ ਲਗਪਗ ਇਕ-ਤਿਹਾਈ ਰਹਿ ਜਾਂਦਾ ਹੈ ਅਤੇ ਇਸ ਤਰ੍ਹਾਂ ਉਹ ਆਸਾਨੀ ਨਾਲ ਉੱਡ ਸਕਦੀ ਹੈ। ਸਵਾਰਮਿੰਗ ਵਾਲੇ ਮੌਸਮ ਵਿਚ ਜੇਕਰ ਰਾਣੀ ਸੈੱਲਾਂ ’ਚ ਦੋ ਜਾਂ ਇਸ ਤੋਂ ਵੱਧ ਦਿਨਾਂ ਦੀਆਂ ਸੁੰਡੀਆਂ ਨਜ਼ਰ ਆਉਣ ਅਤੇ ਰਾਣੀ ਮੱਖੀ ਦਾ ਭਾਰ ਘਟਿਆ ਹੋਵੇ ਤਾਂ ਇਹ ਕਟੁੰਬ ਦੀਆਂ ਮੱਖੀਆਂ ਦੇ ਸਵਾਰਮ ਕਰਨ ਦਾ ਪੱਕਾ ਸੰਕੇਤ ਹੈ।

Honee bee

Honee bee

ਰੋਕਥਾਮ

ਸਵਾਰਮਿੰਗ ਨੂੰ ਰੋਕਣ ਲਈ ਸ਼ਹਿਦ ਮੱਖੀ ਪਾਲਕ ਕੁਝ ਅਹਿਮ ਨੁਕਤਿਆਂ ਨੂੰ ਜ਼ਰੂਰ ਧਿਆਨ ’ਚ ਰੱਖਣ :
ਕਟੁੰਬ ’ਚ ਹੋਰ ਜਗ੍ਹਾ ਦੇਣੀ ਕਟੁੰਬ ਵਿਚ ਜਗ੍ਹਾ ਤੇ ਹਵਾ ਦੀ ਕਮੀ ਮੱਖੀਆਂ ਦੇ ਸਵਾਰਮ ਕਰਨ ਦਾ ਮੁੱਖ ਕਾਰਨ ਹੈ। ਮੱਖੀਆਂ ਦੀ ਭੀੜ ਨੂੰ ਘੱਟ ਕਰਨ ਲਈ ਬਕਸੇ ’ਚ ਲੋੜ ਮੁਤਾਬਿਕ ਹੋਰ ਛੱਤੇ ਜਾਂ ਮੋਮ ਦੀਆਂ ਬੁਨਿਆਦੀ ਸ਼ੀਟਾਂ ਲੱਗੇ ਫਰੇਮ ਦੇਵੋ। ਨਵੇਂ ਫਰੇਮ ਬਰੂਡ ਵਾਲੇ ਪਹਿਲੇ ਫਰੇਮਾਂ ਦੇ ਵਿਚਕਾਰ ਪਾਉ। ਜੇ ਨਵੇਂ ਫਰੇਮ ਬਰੂਡ ਤੋਂ ਦੂਰ ਬਾਹਰਲੇ ਪਾਸੇ ਦਿੱਤੇ ਜਾਣ ਤਾਂ ਮੱਖੀਆਂ ਇਨ੍ਹਾਂ ਉੱਪਰ ਛੇਤੀ ਕੰਮ ਕਰਨਾ ਸ਼ੁਰੂ ਨਹੀਂ ਕਰਦੀਆਂ ਤੇ ਪੁਰਾਣੇ ਫਰੇਮਾਂ ’ਚ ਪਹਿਲਾਂ ਵਾਂਗ ਭੀੜ ਬਣੀ ਰਹਿੰਦੀ ਹੈ। ਜੇ ਬਰੂਡ ਚੈਂਬਰ ’ਚ ਸਾਰੇ ਛੱਤੇ ਪੂਰੇ ਭਰੇ ਹੋਣ ਤਾਂ ਵਾਧੂ ਜਗ੍ਹਾ ਦੇਣ ਲਈ ਸੁਪਰ ਚੈਂਬਰ ਦੀ ਵਰਤੋਂ ਕਰੋ।

ਰਾਣੀ ਦੇ ਖੰਭ ਕੱਟਣੇ

ਜੇਕਰ ਰਾਣੀ ਮੱਖੀ ਦੇ ਅਗਲੇ ਖੰਭਾਂ ਵਿੱਚੋਂ ਸੱਜਾ ਜਾਂ ਖੱਬਾ ਖੰਭ ਲੰਬਾਈ ਰੁਖ਼ ਕਰੀਬ ਇਕ-ਤਿਹਾਈ ਜਾਂ ਅੱਧਾ ਕੱਟ ਦਿੱਤਾ ਜਾਵੇ ਤਾਂ ਰਾਣੀ ਮੱਖੀ ਉੱਡ ਨਹੀ ਸਕਦੀ ਅਤੇ ਸਵਾਰਮ ਨਹੀ ਦੇ ਸਕਦੀ। ਦੋਵਾਂ ਪਾਸਿਆਂ ਦੇ ਖੰਭ ਕੱਟਣ ਨਾਲ ਰਾਣੀ ਮੱਖੀ ਆਪਣੇ ਭਾਰ ਵਿਚ ਸਮਤੋਲ ਰੱਖਣ ’ਚ ਕਾਮਯਾਬ ਹੋ ਜਾਂਦੀ ਹੈ ਅਤੇ ਸਵਾਰਮ ਦੇ ਸਕਦੀ ਹੈ।

ਕਟੁੰਬ ਨੂੰ ਵੰਡਣਾ

ਜ਼ਿਆਦਾ ਭੀੜ ਕਾਰਨ ਕਟੁੰਬ ਸਵਾਰਮ ਦਿੰਦੇ ਹਨ। ਇਸ ਲਈ ਮੱਖੀਆਂ ਦੀ ਬਹੁਤਾਤ ਵਾਲੇ ਕਟੁੰਬਾਂ ਨੂੰ ਵੰਡਣ ਨਾਲ ਸਵਾਰਮ ਨੂੰ ਰੋਕਿਆ ਜਾ ਸਕਦਾ ਹੈ।

ਪੁਰਾਣੀ ਰਾਣੀ ਮੱਖੀ ਬਦਲਣਾ

ਤਿੰਨ ਸਾਲ ਪੁਰਾਣੇ ਛੱਤੇ ਅਤੇ ਡੇਢ ਸਾਲ ਤੋਂ ਪੁਰਾਣੀ ਰਾਣੀ ਮੱਖੀ ਨੂੰ ਬਦਲਣ ਨਾਲ ਸਵਾਰਮਿੰਗ ਘਟ ਜਾਂਦੀ ਹੈ। ਨਵੀਂ ਰਾਣੀ ਮੱਖੀ ਨਾਲ ਕਟੁੰਬ ਵੀ ਤਾਕਤਵਰ ਬਣਦਾ ਹੈ।

ਰਾਣੀ ਗਾਰਡ ਦੀ ਵਰਤੋਂ

ਜ਼ਿਆਦਾ ਭੀੜ ਵਾਲੇ ਕਟੁੰਬਾਂ ਦੇ ਗੇਟ ’ਤੇ ਜਾਲੀ ਲਗਾ ਦੇਣੀ ਚਾਹੀਦੀ ਹੈ। ਇਸ ਜਾਲੀ ਨੂੰ ਬਕਸੇ ਦੇ ਗੇਟ ਮੂਹਰੇ ਲਗਾਉਣ ਨਾਲ ਕਾਮਾ ਮੱਖੀਆਂ ਤਾਂ ਆਸਾਨੀ ਨਾਲ ਇਸ ਵਿੱਚੋਂ ਲੰਘ ਸਕਦੀਆਂ ਹਨ ਪਰ ਰਾਣੀ ਮੱਖੀ ਨਹੀਂ।

ਰਾਣੀ ਮੱਖੀ ਨੂੰ ਸਵਾਰਮ ਦੇ ਪਿੱਛੇ ਜਾਣ ਤੋਂ ਰੋਕਣਾ

ਸਵਾਰਮ ਸਮੇਂ ਜੇ ਰਾਣੀ ਮੱਖੀ ਨੂੰ ਇਸ ਦੇ ਪਿੱਛੇ ਨਾ ਜਾਣ ਦਿੱਤਾ ਜਾਵੇ ਅਤੇ ਕੈਦ ਕਰ ਲਿਆ ਜਾਵੇ ਜਾਂ ਰਾਣੀ ਮੱਖੀ ਪਿੱਛਾ ਕਰਦੇ ਹੋਏ ਰਸਤਾ ਭਟਕ ਜਾਵੇ ਤਾਂ ਸਵਾਰਮ ਬਕਸੇ ਅੰਦਰ ਵਾਪਸ ਆ ਜਾਂਦਾ ਹੈ। ਅਸਲ ਵਿਚ ਬਕਸੇ ਨੂੰ ਛੱਡਣ ਤੋਂ ਪਹਿਲਾਂ ਮੱਖੀਆਂ ਆਪਣਾ ਮਿਹਦਾ ਸ਼ਹਿਦ ਨਾਲ ਭਰ ਲੈਂਦੀਆਂ ਹਨ। ਸ਼ਹਿਦ ਭਰੇ ਮਿਹਦੇ ਨਾਲ ਮਾਂ ਕਟੁੰਬ ਦੀ ਯਾਦ ਭੁੱਲ ਜਾਂਦੀ ਹੈ। ਸਵਾਰਮ ਸਮੇਂ ਜਿਨ੍ਹਾਂ ਮੱਖੀਆਂ ਦਾ ਮਿਹਦਾ ਸ਼ਹਿਦ ਨਾਲ ਭਰਿਆ ਨਹੀਂ ਹੁੰਦਾ ਉਹ ਵਾਪਸ ਕਟੁੰਬ ’ਚ ਆ ਜਾਂਦੀਆਂ ਹਨ।

ਸਵਾਰਮ ਨੂੰ ਫੜਨਾ

ਸਵਾਰਮ ਦਿੱਤੇ ਕਟੁੰਬ ਦੀਆਂ ਮੱਖੀਆਂ ਨੂੰ ਫੜਿਆ ਜਾ ਸਕਦਾ ਹੈ। ਇਹ ਮੱਖੀਆਂ ਕਟੁੰਬ ਉੱਪਰ ਕੁਝ ਦੇਰ ਦਾਇਰੇ ’ਚ ਘੁੰਮਦੀਆਂ ਹਨ। ਰਾਣੀ ਮੱਖੀ ਦਾਇਰੇ ਦੇ ਵਿਚਕਾਰ ਹੁੰਦੀ ਹੈ। ਉੱਡ ਰਹੀਆਂ ਮੱਖੀਆਂ ’ਤੇ ਸਪਰੇਅ ਪੰਪ ਨਾਲ ਪਾਣੀ ਛਿੜਕ ਕੇ ਖੰਭ ਗਿੱਲੇ ਕਰ ਦਿੱਤੇ ਜਾਣ ਤਾਂ ਮੱਖੀਆਂ ਨੇੜੇ ਹੀ ਕਿਸੇ ਨੀਵੀਂ ਥਾਂ ’ਤੇ ਬੈਠ ਜਾਂਦੀਆਂ ਹਨ। ਬੈਠੀਆਂ ਹੋਈਆਂ ਇਨ੍ਹਾਂ ਮੱਖੀਆਂ ਨੂੰ ਫੜਨ ਲਈ ਟੋਕਰੀ, ਛੋਟੇ ਬਕਸੇ ਜਾਂ ਜਾਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਵਾਰਮ ਦੇਣ ਵਾਲੀਆਂ ਮੱਖੀਆਂ ਖ਼ੁਰਾਕ ਨਾਲ ਲੱਦੀਆਂ ਹੁੰਦੀਆਂ ਹਨ ਇਸ ਲਈ ਉਨ੍ਹਾਂ ਦੀ ਡੰਗ ਮਾਰਨ ਦੀ ਰੁਚੀ ਬਹੁਤ ਘੱਟ ਹੁੰਦੀ ਹੈ ਇਸ ਲਈ ਇਨ੍ਹਾਂ ਮੱਖੀਆਂ ਨੂੰ ਹੱਥਾਂ ਨਾਲ ਵੀ ਟੋਕਰੀ ’ਚ ਪਾਇਆ ਜਾ ਸਕਦਾ ਹੈ। ਫੜੀਆਂ ਹੋਈਆਂ ਮੱਖੀਆਂ ਨੂੰ ਹਨੇਰਾ ਹੋਣ ਤੋਂ ਥੋੜ੍ਹਾ ਪਹਿਲਾਂ ਇਕ ਖ਼ਾਲੀ ਬਕਸੇ ਵਿਚ ਪਾ ਦਿਉ। ਇਸ ਖ਼ਾਲੀ ਬਕਸੇ ਵਿਚ ਇਕ ਛੱਤਾ ਬਰੂਡ ਦਾ, ਜਿਹੜਾ ਕਿ ਦੂਸਰੇ ਕਟੰੁਬ ਤੋਂ ਮੱਖੀਆਂ ਝਾੜ ਕੇ ਲਿਆਂਦਾ ਹੋਵੇ, ਦੇ ਦੇਣਾ ਚਾਹੀਦਾ ਹੈ। ਦੋ ਹੋਰ ਛੱਤੇ ਸ਼ਹਿਦ ਜਾਂ ਖੰਡ ਦੇ ਘੋਲ ਅਤੇ ਪੋਲਨ ਦੇ ਭਰੇ ਹੋਏ ਇਸ ਬਕਸੇ ਵਿਚ ਦੇਵੋ। ਫੜੇ ਹੋਏ ਸਵਾਰਮ ਦਾ ਤਦ ਤਕ ਨਿਰੀਖਣ ਕਰਦੇ ਰਹੋ ਜਦ ਤਕ ਰਾਣੀ ਮੱਖੀ ਆਂਡੇ ਨਾ ਦੇਣ ਲੱਗ ਜਾਵੇ ਜਾਂ ਮੱਖੀਆਂ ਛੱਤਾ ਬਣਾਉਣਾ ਨਾ ਸ਼ੁਰੂ ਕਰ ਦੇਣ।

ਸਵਾਰਮ ਤੋਂ ਪਹਿਲੇ ਸੰਕੇਤ

ਛੋਟੀ ਉਮਰ ਦੀਆਂ ਮੱਖੀਆਂ ਦਾ ਵਧੇਰੇ ਗਿਣਤੀ ’ਚ ਹੋਣਾ ਅਤੇ ਨਰਸ ਮੱਖੀਆਂ ਦੀ ਥਾਂ ਛੋਟੀ ਉਮਰ ਦੀਆਂ ਇਨ੍ਹਾਂ ਮੱਖੀਆਂ ਦੁਆਰਾ ਬਰੂਡ ਨੂੰ ਢੱਕਣਾ, ਨਰਸ ਮੱਖੀਆਂ ਦੁਆਰਾ ਬਰੂਡ ਦੀ ਦੇਖਭਾਲ ਕਰਨ ਦੀ ਥਾਂ ਦੂਸਰੀਆਂ ਸੈੱਲਾਂ ਦੀ ਸਫ਼ਾਈ, ਰਾਣੀ ਮੱਖੀ ਨੂੰ ਵੱਧ ਤੋਂ ਵੱਧ ਭੋਜਨ ਖੁਆਉਣ ਲਈ ਉਤਸ਼ਾਹਿਤ ਹੋਣਾ ਤਾਂ ਕਿ ਉਹ ਜ਼ਿਆਦਾ ਆਂਡੇ ਪਾ ਸਕੇ ਆਦਿ ਜ਼ਿੰਮੇਵਾਰੀਆਂ ਨਿਭਾਉਣਾ ਅਤੇ ਛੱਤੇ ਦੇ ਹੇਠਲੇ ਪਾਸੇ ਕਈ ਰਾਣੀ ਸੈੱਲਾਂ ਦਾ ਬਣਨਾ ਸਵਾਰਮਿੰਗ ਸ਼ੁਰੂ ਹੋਣ ਤੋਂ ਪਹਿਲਾਂ ਦੇ ਕੁਝ ਸੰਕੇਤ ਹਨ।

ਰਾਣੀ ਮੱਖੀ ਦੇ ਸੈੱਲ ਤੋੜਨਾ

ਸਵਾਰਮ ਦੇਣ ਵਾਲੇ ਕਟੁੰਬ ਵਿਚ ਕੁਝ ਰਾਣੀ ਸੈੱਲ ਤਿਆਰ ਹੋ ਜਾਂਦੇ ਹਨ। ਜੇਕਰ ਇਕ ਚੰਗੀ ਰਾਣੀ ਦੇ ਹੁੰਦਿਆਂ ਵੀ ਕਟੁੰਬ ਰਾਣੀ ਸੈੱਲ ਬਣਾ ਲਵੇ ਤਾਂ ਉਨ੍ਹਾਂ ਰਾਣੀ ਸੈੱਲਾਂ ਨੂੰ ਤੋੜ ਦੇਣ ਨਾਲ ਇਹ ਸਵਾਰਮ ਨਹੀਂ ਦੇ ਸਕਦਾ। ਹਾਈਵ ਟੂਲ ਦੀ ਮਦਦ ਨਾਲ ਇਨ੍ਹਾਂ ਸੈੱਲਾਂ ਨੂੰ ਤੋੜ ਦੇਵੋ ਜਾਂ ਕੱਟ ਕੇ ਕਿਸੇ ਹੋਰ ਰਾਣੀ ਰਹਿਤ ਕਟੁੰਬ ਨੂੰ ਦੇ ਦੇਵੋ। ਇਸ ਨਾਲ ਪੁਰਾਣਾ ਕਟੁੰਬ ਸਵਾਰਮ ਵੀ ਨਹੀਂ ਦੇਵੇਗਾ ਅਤੇ ਨਵੇਂ ਬਕਸੇ ਵੀ ਤਿਆਰ ਹੋ ਜਾਣਗੇ।


- ਗੁਰਮੀਤ ਸਿੰਘ

 

Summary in English: The problem of swarming in bees

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters