ਝੋਨਾ ਪੰਜਾਬ ਦੀ ਸਾਉਣੀ ਦੀ ਪ੍ਰਮੁੱਖ ਫਸਲ ਹੈ ਜਿਹੜੀ ਕਿ ਤਕਰੀਬਨ 31.45 ਲੱਖ ਹੈਕਟੇਅਰ ਰਕਬੇ ਉਪਰ ਬੀਜੀ ਜਾਂਦੀ ਹੈ। ਆਮ ਤੌਰ 'ਤੇ ਝੋਨੇ/ਬਾਸਮਤੀ ਦੀ ਕਾਸ਼ਤ ਲਈ ਕੱਦੂ ਕੀਤੇ ਖੇਤ ਵਿੱਚ ਪਨੀਰੀ ਦੀ ਲੁਆਈ ਕੀਤੀ ਜਾਂਦੀ ਹੈ। ਪਿਛਲੇ ਸਾਲਾਂ ਵਿੱਚ ਮਸ਼ੀਨ ਨਾਲ ਪਨੀਰੀ ਦੀ ਲੁਆਈ ਦਾ ਰੁਝਾਨ ਵਧਿਆ ਹੈ। ਤੰਦਰੁਸਤ ਪਨੀਰੀ ਹੀ ਚੰਗੀ ਫ਼ਸਲ ਦੀ ਬੁਨਿਆਦ ਹੁੰਦੀ ਹੈ ਅਤੇ ਇਸ ਦੀ ਤਿਆਰੀ ਲਈ ਹੇਠ ਲਿਖੀਆਂ ਤਕਨੀਕਾਂ ਨੂੰ ਅਪਣਾਉਣਾ ਚਾਹੀਦਾ ਹੈ:-
ਪਨੀਰੀ ਦੀ ਬਿਜਾਈ ਦਾ ਸਮਾਂ:
ਨਰੋਈ ਪਨੀਰੀ ਤਿਆਰ ਕਰਨ ਲਈ ਬਿਜਾਈ ਦੇ ਸਮੇਂ ਅਤੇ ਢੰਗ ਦੀ ਬਹੁਤ ਮਹੱਤਤਾ ਹੈ। ਝੋਨੇ (ਪਰਮਲ) ਦੀ ਵਧੀਆ ਕੁਆਲਿਟੀ ਅਤੇ ਪਾਣੀ ਦੀ ਬੱਚਤ ਕਰਨ ਲਈ ਪਨੀਰੀ ਦੀ ਬਿਜਾਈ 20 ਮਈ-20 ਜੂਨ ਅਤੇ ਲੁਆਈ 20 ਜੂਨ-10 ਜੁਲਾਈ ਦਰਮਿਆਨ ਕਰੋ। ਇਸ ਨਾਲ ਤਣੇ ਦੇ ਗੜੂੰਏਂ ਦਾ ਹਮਲਾ ਵੀ ਘੱਟ ਹੁੰਦਾ ਹੈ। ਪੀ ਆਰ 126 ਤੋਂ ਚੰਗਾ ਝਾੜ ਲੈਣ ਲਈ ਇਸ ਦੀ ਬਿਜਾਈ 5 ਤੋ 20 ਜੂਨ ਦਰਮਿਆਨ ਕਰੋ।
ਪਨੀਰੀ ਬਿਜਾਈ ਤੋਂ 25-30 ਦਿਨਾਂ ਪਿੱਛੋਂ ਪੁੱਟ ਕੇ ਖੇਤ ਵਿੱਚ ਲਾਉਣ ਲਈ ਤਿਆਰ ਹੋ ਜਾਂਦੀ ਹੈ। ਮਾੜੇ ਪਾਣੀ ਵਾਲੇ ਇਲਾਕਿਆਂ ਵਿੱਚ ਪੀ ਆਰ 127 ਕਿਸਮ ਦੀ ਕਾਸ਼ਤ ਨਾ ਕੀਤੀ ਜਾਵੇ।ਬਾਸਮਤੀ ਕਿਸਮਾਂ ਵਿੱਚ ਵਧੀਆ ਪਕਾਉਣ ਅਤੇ ਖਾਣ ਵਾਲੇ ਗੁਣ ਤਾਂ ਹੀ ਆ ਸਕਦੇ ਹਨ ਜੇਕਰ ਇਹ ਕਿਸਮਾਂ ਕੁਝ ਠੰਢੇ ਤਾਪਮਾਨ ਵਿੱਚ ਪੱਕਣ।
ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਨੂੰ ਅਪੀਲ, ਝੋਨੇ ਦੀਆਂ ਇਹ ਨੋਟੀਫਾਈਡ ਹਾਈਬ੍ਰਿਡ ਕਿਸਮਾਂ ਹੀ ਵਰਤੋਂ
ਬੀਜ ਦੀ ਸੋਧ-ਭੂਰੇ ਧੱਬਿਆਂ ਦਾ ਰੋਗ, ਮੁੱਢਾਂ ਦਾ ਗਾਲ੍ਹਾ (ਝੰਡਾ ਰੋਗ) ਅਤੇ ਭੁਰੜ ਰੋਗ ਆਦਿ ਬੀਜ ਰਾਹੀਂ ਲੱਗਣ ਵਾਲੀਆਂ ਬਿਮਾਰੀਆਂ ਹਨ ਜਿਨ੍ਹਾਂ ਦੀ ਰੋਕਥਾਮ ਬੀਜ ਦੀ ਸੋਧ ਕਰਕੇ ਆਸਾਨੀ ਨਾਲ ਹੋ ਜਾਂਦੀ ਹੈ।ਬੀਜ ਦੀ ਸੋਧ ਕਰਨ ਲਈ ਇੱਕ ਕਿੱਲੋ ਬੀਜ ਵਾਸਤੇ 3 ਗ੍ਰਾਮ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨੂੰ 10 ਮਿਲੀਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ ਪਹਿਲਾਂ ਸੋਧ ਲਵੋ।
ਪਨੀਰੀ ਦੀ ਬਿਜਾਈ:
ਪਨੀਰੀ ਦੀ ਲੁਆਈ ਹੱਥਾਂ ਨਾਲ (ਆਮ ਵਿਧੀ) ਜਾਂ ਮਸ਼ੀਨਾਂ ਨਾਲ ਕੀਤੀ ਜਾ ਸਕਦੀ ਹੈ। ਪੈਡੀ ਟਰਾਂਸਪਲਾਂਟਰ ਮਸ਼ੀਨਾ ਨਾਲ ਝੋਨੇ ਦੀ ਪਨੀਰੀ ਦੀ ਲੁਅਈ ਸੁਖਾਲੀ, ਘੱਟ ਸਮੇਂ ਵਿੱਚ, ਘੱਟ ਲੇਬਰ ਨਾਲ ਕੀਤੀ ਜਾ ਸਕਦੀ ਹੈ। ਮਸ਼ੀਨ ਨਾਲ ਬੂਟਿਆਂ ਦੀ ਗਿਣਤੀ ਪ੍ਰਤੀ ਵਰਗ ਮੀਟਰ ਵੀ ਸੁਨਿਸ਼ਚਿਤ ਕੀਤੀ ਜਾ ਸਕਦੀ ਹੈ।
ਜਿਸ ਖੇਤ ਵਿੱਚ ਪਨੀਰੀ ਬੀਜਣੀ ਹੋਵੇ, ਉੱਥੇ 12-15 ਟਨ ਪ੍ਰਤੀ ਏਕੜ ਗਲੀ-ਸੜੀ ਰੂੜੀ ਜਾਂ ਕੰਪੋਸਟ ਖਾਦ ਪਾ ਕੇ ਵਾਹੁਣ ਉਪਰੰਤ ਪਾਣੀ ਲਾ ਦਿਉ। ਨਦੀਨ ਉੱਗ ਪੈਣ ਉਪਰੰਤ ਖੇਤ ਨੂੰ ਦੋ ਵਾਰ ਵਾਹ ਕੇ ਤਿਆਰ ਕਰ ਲਵੋ ਤਾਂ ਜੋ ਪਨੀਰੀ ਵਿੱਚ ਨਦੀਨ ਅਤੇ ਝੋਨੇ ਦੇ ਆਪ-ਮੁਹਾਰੇ ਉੱਗੇ ਬੂਟਿਆਂ (ਵਲੰਟੀਅਰ ਝੋਨਾ) ਦੀ ਸ਼ਿਕਾਇਤ ਘੱਟ ਹੋਵੇ।
ਇਹ ਵੀ ਪੜ੍ਹੋ : ਕਿਸਾਨ ਵੀਰੋ ਝੋਨੇ ਦੀ ਕਾਸ਼ਤ ਦੌਰਾਨ ਪਾਣੀ ਦੀ ਸੁਚੱਜੀ ਵਰਤੋਂ ਲਈ ਅਪਣਾਓ ਇਹ 5 ਤਰੀਕੇ
ਝੋਨੇ ਦੀ ਫ਼ਸਲ ਵਿੱਚ ਰਲਾ ਜਾਂ ਕਿਸਮਾਂ ਦੇ ਮਿਸ਼ਰਣ ਦਾ ਮੁੱਖ ਕਾਰਣ ਪਿਛਲੇ ਸਾਲ ਦਾ ਝੋਨੇ ਦਾ ਕਿਰਿਆ ਬੀਜ ਹੈ ਜਿਹੜਾ ਪਨੀਰੀ ਵਿੱਚ ਆਮ-ਮੁਹਾਰੇ ਜੰਮ ਪੈਂਦਾ ਹੈ ਅਤੇ ਰਲੇ ਦਾ ਕਾਰਣ ਬਣਦਾ ਹੈ। ਇੱਕ ਏਕੜ ਲਈ ਪਨੀਰੀ ਤਿਆਰ ਕਰਨ ਲਈ ਸਾਢੇ ਛੇ ਮਰਲੇ ਥਾਂ ਵਿੱਚ 1 ਕਿਲੋ ਯੂਰੀਆ ਅਤੇ 2.5 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਬਿਜਾਈ ਸਮੇਂ ਪਾਉ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਦੇ ਅਧਾਰ ਤੇ ਕਰੋ।
ਪਨੀਰੀ ਦੀ ਸਾਂਭ-ਸੰਭਾਲ:
ਪਨੀਰੀ ਦੀ ਸਮੇਂ-ਸਮੇਂ ਤੇ ਨਿਰੀਖਣ ਕਰਦੇ ਰਹੋ। ਸਾਢੇ ਛੇ ਮਰਲੇ ਥਾਂ ਵਿੱਚ ਪਨੀਰੀ ਵਿੱਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 3 ਦਿਨਾਂ ਪਿੱਛੋਂ 20 ਮਿਲੀਲਿਟਰ ਸੋਫਿਟ 37.5 ਈ ਸੀ (ਪ੍ਰੈਟੀਲਾਕਲੋਰ + ਸੇਫਨਰ ਮਿਲੀਆਂ ਹੋਈਆਂ) ਜਾਂ ਬਿਜਾਈ ਤੋਂ 7 ਦਿਨਾਂ ਪਿੱਛੋਂ 50 ਮਿਲੀਲਿਟਰ ਬੂਟਾਕਲੋਰ 50 ਈ ਸੀ ਨੂੰ 2.5 ਕਿਲੋ ਰੇਤ ਵਿੱਚ ਮਿਲਾ ਕੇ ਛੱਟਾ ਦਿਉ।
ਪਨੀਰੀ ਵਿੱਚ ਸਵਾਂਕ ਅਤੇ ਅਤੇ ਝੋਨੇ ਦੇ ਮੋਥਿਆਂ ਦੀ ਅਸਰਦਾਰ ਰੋਕਥਾਮ ਲਈ ਬਿਜਾਈ ਤੋਂ 15-20 ਦਿਨਾਂ ਪਿੱਛੋਂ 4 ਮਿਲੀਲਿਟਰ ਨੌਮਿਨੀ ਗੋਲਡ/ਵਾਸ਼ ਆਊਟ/ਮਾਚੋ/ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 6 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਛੇਤੀ-ਛੇਤੀ ਭਰਵੇਂ ਪਾਣੀ ਪਨੀਰੀ ਨੂੰ ਦਿਉ ਅਤੇ ਫ਼ੈਰਸ ਸਲਫ਼ੇਟ ਦੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ। ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ ਅਤੇ 100 ਲਿਟਰ ਪਾਣੀ ਪ੍ਰਤੀ ਏਕੜ) ਘੋਲ ਵਰਤੋ।
ਜੇਕਰ ਪਨੀਰੀ ਦੇ ਪੁਰਾਣੇ ਪੱਤੇ ਜੰਗਾਲੇ ਜਿਹੇ ਅਤੇ ਭੂਰੇ (ਜ਼ਿੰਕ ਦੀ ਘਾਟ) ਜਾਪਣ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਅਤੇ 100 ਲਿਟਰ ਪਾਣੀ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ ਅਤੇ 100 ਲਿਟਰ ਪਾਣੀ) ਪ੍ਰਤੀ ਏਕੜ ਦੇ ਹਿਸਾਬ ਛਿੜਕੋ।
ਪਿਛਲੇ ਸਾਲਾਂ ਦੌਰਾਨ ਦੇਖਣ ਵਿੱਚ ਆਇਆ ਹੈ ਕਿ ਝੋਨੇ ਦੀ ਪਨੀਰੀ ਧੋੜੀਆਂ ਵਿੱਚ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਸਦੀਆਂ ਜੜ੍ਹਾਂ ਉੱਪਰ ਗੰਢਾਂ ਬਣ ਜਾਂਦੀਆਂ ਹਨ। ਇਹ ਨੀਮਾਟੋਡ ਦੇ ਹਮਲੇ ਦੀਆਂ ਨਿਸ਼ਾਨੀਆਂ ਹਨ। ਆਮ ਤੌਰ ਤੇ ਕੱਦੂ ਕਰਕੇ ਪਨੀਰੀ ਬੀਜਣ ਨਾਲ ਇਹ ਸਮੱਸਿਆ ਘੱਟ ਆਉਂਦੀ ਹੈ।
ਖੇਤ ਵਿੱਚ ਨੀਮਾਟੋਡ ਦੀ ਰੋਕਥਾਮ ਲਈ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਖੇਤ ਵਿੱਚ 1 ਕਿਲੋ ਸਰੋਂ ਦੀ ਖਲ ਪ੍ਰਤੀ ਮਰਲਾ ਦੇ ਹਿਸਾਬ ਨਾਲ ਪਾਉ। ਖਿਆਲ ਰਹੇ ਕਿ ਖੇਤ ਵਿੱਚ ਖਲ ਪਾਉਣ ਅਤੇ ਪਨੀਰੀ ਦੀ ਬਿਜਾਈ ਦਰਮਿਆਨ 10 ਦਿਨ ਦਾ ਵਕਫ਼ਾ ਜ਼ਰੂਰ ਰੱਖੋ।
ਇਹ ਵੀ ਪੜ੍ਹੋ : ਝੋਨੇ ਦੇ ਖੇਤ ਵਿੱਚ ਅਜ਼ੋਲਾ ਤਿਆਰ ਕਰਨ ਦਾ ਵਧੀਆ ਤਰੀਕਾ
ਬੂਟਿਆਂ ਦੇ ਮਧਰੇਪਣ ਦੇ ਰੋਗ ਪ਼੍ਰਤੀ ਰਹੋ ਸੁਚੇਤ:
ਬੂਟਿਆਂ ਦਾ ਮਧਰਾ ਰਹਿ ਜਾਣਾ ਝੋਨੇ ਦਾ ਇੱਕ ਨਵਾਂ ਰੋਗ ਹੈ ਜੋ ਕਿ ਪਹਿਲੀ ਵਾਰ ਸੰਨ 2022 ਵਿੱਚ ਵੇਖਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਾਇੰਸਦਾਨਾਂ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਰਵੇਖਣ ਦੌਰਾਨ ਇਹ ਰੋਗ ਫਤਿਹਗੜ੍ਹ ਸਾਹਿਬ, ਪਟਿਆਲਾ, ਹੁਸ਼ਿਆਰਪੁਰ, ਲੁਧਿਆਣਾ, ਪਠਾਨਕੋਟ, ਮੋਹਾਲੀ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਝੋਨੇ/ਬਾਸਮਤੀ ਦੇ ਬੂਟਿਆਂ ਵਿੱਚ ਪਾਇਆ ॥ ਇਸ ਰੋਗ ਦਾ ਹਮਲਾ ਅੱਧ-ਜੁਲਾਈ ਤੋਂ ਬਾਅਦ ਸ਼ੁਰੂ ਹੋਇਆ ਅਤੇ ਝੋਨੇ ਦੀਆਂ ਸਾਰੀਆਂ ਕਿਸਮਾਂ ਵਿੱਚ ਇਸ ਰੋਗ ਦੀ ਸਮੱਸਿਆ ਵੇਖੀ ਗਈ।
ਸਾਇੰਸਦਾਨਾਂ ਵੱਲੋਂ ਇਸ ਰੋਗ ਦੇ ਕਾਰਨ ਦੀ ਪਹਿਚਾਣ ਸਦਰਨ ਰਾਈਸ ਬਲੈਕ ਸਟਰੀਕਡ ਡਵਾਰਫ ਵਾਇਰਸ ਵਜੋਂ ਕੀਤੀ ਗਈ ਜੋ ਕਿ ਇੱਕ ਵਿਸ਼ਾਣੂੰ ਹੈ। ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ।ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਇੱਕ ਤਿਹਾਈ ਰਹਿ ਜਾਂਦੀ ਹੈ। ਜਿਆਦਾ ਹਮਲੇ ਕਾਰਨ ਬੂਟੇ ਮੁਰਝਾ ਕੇ ਸੁੱਕ ਜਾਂਦੇ ਹਨ।
ਇਹ ਵਿਸ਼ਾਣੂੰ ਰੋਗ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਫੈਲਦਾ ਹੈ ਜੋ ਝੋਨੇ ਦੀਆਂ ਮੋਜੂਦਾ ਸਾਰੀਆਂ ਕਿਸਮਾਂ ਉੱਤੇ ਹਮਲਾ ਕਰ ਸਕਦਾ ਹੈ। ਇਸ ਦੀ ਰੋਕਥਾਮ ਲਈ ਵੱਟਾਂ ਬੰਨਿਆਂ ਅਤੇ ਪਾਣੀ ਵਾਲੀਆਂ ਖਾਲ੍ਹਾਂ ਨੂੰ ਨਦੀਨ ਮੁਕਤ ਰੱਖੋ। ਪਨੀਰੀ ਦੀ ਬਿਜਾਈ ਤੋਂ ਹੀ ਇਸ ਰੋਗ ਨੂੰ ਫੈਲਾਉਣ ਵਾਲੇ ਕੀੜੇ ਦੀ ਸੁਚੱਜੀ ਰੋਕਥਾਮ ਲਈ ਝੋਨੇ ਦੀ ਫਸਲ ਦਾ ਸਮੇਂ-ਸਮੇਂ ਸਿਰ ਨਿਰੀਖਣ ਕਰਦੇ ਰਹੋ।
ਟਿੱਡੇ ਦੀ ਆਮਦ ਵੇਖਣ ਲਈ ਰਾਤ ਨੂੰ ਪਨੀਰੀ/ਖੇਤ ਨੇੜੇ ਬਲਬ ਜਗਾ ਕੇ ਰੱਖੋ ਕਿਉਂਕਿ ਇਹ ਕੀੜਾ ਰੋਸ਼ਨੀ ਵੱਲ ਆਕਰਸ਼ਿਤ ਹੁੰਦਾ ਹੈ। ਜੇਕਰ ਟਿੱਡੇ ਦਾ ਹਮਲਾ ਨਜ਼ਰ ਆਵੇ ਤਾਂ ਇਸ ਦੀ ਰੋਕਥਾਮ ਲਈ 94 ਮਿ.ਲਿ. ਪੈਕਸਾਲੋਨ ਜਾਂ 80 ਗ੍ਰਾਮ ਓਸ਼ੀਨ/ਟੋਕਨ/ਡੋਮੀਨੈਂਟ ਜਾਂ 120 ਗ੍ਰਾਮ ਚੈੱਸ ਜਾਂ 400 ਮਿ.ਲਿ. ਆਰਕੈਸਟਰਾ ਜਾਂ 300 ਮਿ.ਲਿ. ਇਮੈਜ਼ਨ ਜਾਂ 80 ਮਿ.ਲਿ. ਇਕੋਟਿਨ ਨੂੰ 100 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਬੂਟਿਆਂ ਤੇ ਛਿੜਕਾਅ ਕਰੋ।
ਸਿਮਰਜੀਤ ਕੌਰ, ਅਮਰਜੀਤ ਸਿੰਘ ਅਤੇ ਕੇ. ਐਸ ਸੂਰੀ
Summary in English: The foundation of a disease-free crop is a healthy seedling