ਅੱਜ ਅਸੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਕਣਕ ਸਮੇਤ ਹੋਰ ਫ਼ਸਲਾਂ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਲਈ ਵਿਕਸਤ ਤਕਨੀਕਾਂ ਬਾਰੇ ਦੱਸਣ ਜਾ ਰਹੇ ਹਾਂ।
ਪਿਛਲੇ 4-5 ਦਹਾਕਿਆਂ ਦੌਰਾਨ ਪੰਜਾਬ ਨੇ ਖੇਤੀ ਵਿੱਚ ਬਹੁਤ ਵੱਡੀਆ ਮੱਲਾਂ ਮਾਰੀਆਂ ਹਨ। ਇਸ ਯੋਗਦਾਨ ਸਦਕਾ ਪੰਜਾਬ ਨੂੰ ਰਾਸ਼ਟਰ ਦਾ ਅੰਨ ਦਾਤਾ ਹੋਣ ਦਾ ਮਾਣ ਵੀ ਹਾਸਿਲ ਹੋਇਆ ਅਤੇ ਰਾਸ਼ਟਰੀ ਪੱਧਰ ਤੇ ਪੰਜਾਬ ਨੂੰ ਕਈ ਸਨਮਾਨ ਵੀ ਹਾਸਿਲ ਹੋਏ। ਖੇਤੀ ਦੇ ਚੰਗੇ ਉਤਪਾਦਨ ਦੇ ਨਾਲ-ਨਾਲ ਪੰਜਾਬ ਦੇ ਕੁਦਰਤੀ ਵਸੀਲਿਆਂ ਖਾਸ ਕਰਕੇ ਪਾਣੀ ਅਤੇ ਮਿੱਟੀ ਨੂੰ ਵੱਡਾ ਖੋਰਾ ਲੱਗਿਆ। ਪਾਣੀ ਦੇ ਪੱਧਰ ਦਾ ਹੇਠਾਂ ਜਾਣ ਦਾ ਨਤੀਜਾ ਇਹ ਹੋਇਆ ਕਿ ਆਮ ਮੋਟਰਾਂ (Centrifugal pump) ਪਾਣੀ ਕੱਢਣ ਦੇ ਅਸਮਰੱਥ ਹੋ ਗਈਆਂ, ਜਿਸ ਕਾਰਨ ਇਨ੍ਹਾਂ ਮੋਟਰਾਂ (Centrifugal pump) ਦੀ ਥਾਂ ਤੇ ਮੱਛੀ ਮੋਟਰਾਂ (Submersible pump) ਲਾਉਣੀਆਂ ਪਈਆਂ, ਜਿਨ੍ਹਾਂ ਉੱਤੇ ਬਹੁਤ ਵੱਡਾ ਖਰਚਾ ਕਰਨਾ ਪਿਆ ਅਤੇ ਨਾਲ ਦੀ ਨਾਲ ਬਿਜਲੀ (Power) ਦੀ ਲੋੜ ਵੀ ਬਹੁਤ ਜਿਆਦਾ ਵਧ ਗਈ।
ਇਹ ਗੱਲ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਪਾਣੀ ਜਿੰਦਗੀ ਦਾ ਆਧਾਰ ਹੈ ਅਤੇ ਪਾਣੀ ਤੋਂ ਬਿਨ੍ਹਾਂ ਜੀਵਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਜਿਸ ਰਫਤਾਰ ਨਾਲ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਹੇਠਾਂ ਜਾ ਰਿਹਾ ਹੈ, ਜੇਕਰ ਇਸ ਨੂੰ ਠੱਲ੍ਹ ਨਾ ਪਾਈ ਤਾਂ ਆਉਣ ਵਾਲੇ ਸਮੇਂ ਵਿੱਚ ਇਸਦੇ ਬਹੁਤ ਹੀ ਭਿਆਨਕ ਸਿੱਟੇ ਨਿਕਲਣਗੇ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਨੇ ਪਾਣੀ ਦੀ ਸੁਚੱਜੀ ਵਰਤੋਂ ਵਾਸਤੇ ਕਈ ਤਕਨੀਕਾਂ ਦਿੱਤੀਆਂ ਹਨ ਜਿਨ੍ਹਾਂ ਦੀ ਚਰਚਾ ਹੇਠਾਂ ਕੀਤੀ ਜਾ ਰਹੀ ਹੈ।
ਲੇਜ਼ਰ ਕਰਾਹਾ ਦੀ ਵਰਤੋਂ:
ਲੇਜ਼ਰ ਕਰਾਹਾ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਹੈ, ਜਿਸ ਨਾਲ ਲੋੜੀਂਦੀ-ਢਲਾਣ ਮੁਤਾਬਿਕ ਖੇਤ ਨੂੰ ਬਹੁਤ ਵਧੀਆ ਤਰੀਕੇ ਨਾਲ ਪੱਧਰ ਕੀਤਾ ਜਾਂਦਾ ਹੈ। ਇਸ ਨੂੰ 50 ਹਾਰਸ ਪਾਵਰ ਦੇ ਟਰੈਕਟਰ ਨਾਲ ਚਲਾਇਆ ਜਾਂਦਾ ਹੈ। ਲੇਜ਼ਰ ਕਰਾਹੇ ਨਾਲ ਜ਼ਮੀਨ ਨੂੰ ਪੱਧਰ ਕਰਨ ਨਾਲ ਪਾਣੀ ਦੀ 25-30 ਪ੍ਰਤੀਸ਼ਤ ਬੱਚਤ ਹੁੰਦੀ ਹੈ। ਝਾੜ ਵਿੱਚ 5-10 ਪ੍ਰਤੀਸ਼ਤ ਵਾਧਾ ਹੁੰਦਾ ਹੈ ਅਤੇ ਖਾਦਾਂ ਤੇ ਨਦੀਨ ਨਾਸ਼ਕਾਂ ਦੀ ਸੁਚੱਜੀ ਵਰਤੋਂ ਹੁੰਦੀ ਹੈ।
ਇਹ ਵੀ ਪੜ੍ਹੋ: ਪਾਣੀ ਦੀ ਬੱਚਤ ਅਤੇ ਫ਼ਸਲਾਂ ਦਾ ਝਾੜ ਵਧਾਉਣ ਲਈ ਮੱਲਚ ਦੀ ਵਰਤੋਂ
ਕਣਕ ਦੀ ਫ਼ਸਲ ਵਿੱਚ ਪਾਣੀ ਦੀ ਸੁਚੱਜੀ ਵਰਤੋਂ:
● ਛੋਟੇ ਕਿਆਰੇ ਪਾਓ: ਆਮ ਤੌਰ ਤੇ ਕਿਸਾਨ ਵੀਰ ਕਣਕ ਵਿੱਚ ਬਹੁਤ ਵੱਡੇ ਅਕਾਰ ਦੇ ਕਿਆਰੇ (3-4 ਕਨਾਲਾਂ ਜਾਂ ਵੱਧ) ਬਣਾਉਂਦੇ ਹਨ, ਜਿਸ ਨਾਲ ਹਰ ਸਿੰਚਾਈ ਪਿੱਛੇ ਬਹੁਤ ਸਾਰਾ ਪਾਣੀ ਬਰਬਾਦ ਹੁੰਦਾ ਹੈ। ਤਜ਼ਰਬਿਆਂ ਤੋਂ ਇਹ ਗੱਲ ਪਤਾ ਲਗਦੀ ਹੈ ਕਿ ਛੋਟੇ ਕਿਆਰਿਆਂ ਨਾਲ ਪਾਣੀ ਦੀ ਵੱਡੀ ਬਚਤ ਕੀਤੀ ਜਾ ਸਕਦੀ ਹੈ। ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਭਾਰੀਆਂ ਜ਼ਮੀਨਾਂ ਵਿਚ 8 ਅਤੇ ਹਲਕੀਆਂ ਜ਼ਮੀਨਾਂ ਵਿਚ 16 ਕਿਆਰੇ ਪ੍ਰਤੀ ਏਕੜ ਬਣਾਉਣ ਨਾਲ ਕਣਕ ਦਾ ਝਾੜ ਘਟਾਏ ਬਿਨਾਂ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।
● ਬੈੱਡਾਂ ਉੱਤੇ ਬਿਜਾਈ: ਬੈੱਡਾਂ ਤੇ ਕਣਕ ਦੀ ਬਿਜਾਈ ‘ਬੈੱਡ ਪਲਾਂਟਰ’ ਨਾਲ ਕੀਤੀ ਜਾ ਸਕਦੀ ਹੈ। ਇਸ ਵਿਧੀ ਵਿੱਚ 37.5 ਸੈਂਟੀਮੀਟਰ ਚੌੜੇ ਬੈੱਡ ਉਤੇ 20 ਸੈਂਟੀਮੀਟਰ ਵਿੱਥ ਤੇ ਕਣਕ ਦੀਆਂ ਦੋ ਕਤਾਰਾਂ ਬੀਜੀਆਂ ਜਾਂਦੀਆਂ ਹਨ। ਦੋ ਬੈੱਡਾਂ ਵਿਚਕਾਰ 30 ਸੈਂਟੀਮੀਟਰ ਚੌੜੀ ਖਾਲੀ ਬਣ ਜਾਂਦੀ ਹੈ। ਇਸ ਵਿਧੀ ਨਾਲ ਆਮ ਪੱਧਰੀ ਬਿਜਾਈ ਦੇ ਬਰਾਬਰ ਜਾਂ ਵੱਧ (3-4%) ਝਾੜ ਮਿਲਦਾ ਹੈ ਅਤੇ ਪਾਣੀ ਦੀ ਚੰਗੀ ਬੱਚਤ ਹੋ ਜਾਂਦੀ ਹੈ। ਬੈੱਡਾਂ ਤੇ ਬੀਜੇ ਬੂਟੇ ਬੈੱਡਾਂ ਅੰਦਰ ਪੋਰੀ ਗਈ ਰਸਾਇਣਕ ਖਾਦ ਦੀ ਵਰਤੋਂ ਜ਼ਿਆਦਾ ਸੁਚੱਜੇ ਢੰਗ ਨਾਲ ਕਰਦੇ ਹਨ, ਕਿਉਂਕਿ ਬੈੱਡਾਂ ਵਿੱਚ ਬੂਟਿਆਂ ਦੀਆਂ ਜੜ੍ਹਾਂ ਜ਼ਿਆਦਾ ਸੰਘਣੀਆਂ ਹੁੰਦੀਆਂ ਹਨ।
ਕਣਕ ਤੋਂ ਇਲਾਵਾ ਗੋਭੀ ਸਰ੍ਹੋਂ, ਸੋਇਆਬੀਨ, ਬਹਾਰ ਰੁੱਤ ਦੀ ਮੱਕੀ ਆਲੂ, ਝੋਨਾ ਅਤੇ ਨਰਮੇ ਨੂੰ ਬੈੱਡਾਂ ਉੱਪਰ ਬੀਜ ਕੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਮੱਕੀ ਨੂੰ ਖਾਲੀਆਂ ਵਿੱਚ ਬੀਜਿਆ ਜਾਵੇ ਤਾਂ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।
ਹੋਰ ਫ਼ਸਲਾਂ ਲਈ ਪਾਣੀ ਦੀ ਸੁਚੱਜੀ ਵਰਤੋਂ:
● ਫ਼ਸਲੀ ਰਹਿੰਦ-ਖੂੰਹਦ ਦੀ ਮੱਲਚਿੰਗ ਵਜੋਂ ਵਰਤੋਂ: ਜੇਕਰ ਫਸਲੀ ਰਹਿੰਦ-ਖੂੰਹਦ ਜਾਂ ਝੋਨੇ ਦੀ ਪਰਾਲੀ ਨੂੰ ਫਸਲਾਂ ਵਿੱਚ ਮੱਲਚ ਵਜੋਂ ਪਾਈਏ ਤਾਂ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ਅਤੇ ਨਦੀਨ ਵੀ ਘੱਟ ਉੱਗਦੇ ਹਨ। ਝੋਨੇ ਦੀ ਪਰਾਲੀ ਦੀ ਮੱਲਚਿੰਗ ਕਮਾਦ ਅਤੇ ਆਲੂਆਂ ਵਿੱਚ ਸਿਫ਼ਾਰਿਸ਼ ਕੀਤੀ ਜਾਂਦੀ ਹੈ।ਕਮਾਦ ਦਾ ਜੰਮ ਅੱਧ ਅਪ੍ਰੈਲ ਵਿਚ ਪੂਰਾ ਹੋ ਜਾਵੇ ਤਾਂ ਕਮਾਦ ਦੀਆਂ ਲਾਈਨਾਂ ਵਿਚਕਾਰ ਝੋਨੇ ਦੀ ਪਰਾਲੀ ਜਾਂ ਕਮਾਦ ਦੀ ਖੋਰੀ ਜਾਂ ਦਰਖਤਾਂ ਦੇ ਪੱਤੇ ਆਦਿ ਖਿਲਾਰ ਦਿਉ। ਇਕ ਏਕੜ ਲਈ ਇਹ ਫ਼ਸਲੀ ਰਹਿੰਦ-ਖੂੰਹਦ 20 ਤੋਂ 25 ਕੁਇੰਟਲ ਕਾਫੀ ਹੈ। ਜ਼ਮੀਨ ਵਿੱਚ ਸਿੱਲ੍ਹ ਵੀ ਸਾਂਭੀ ਰਹਿੰਦੀ ਹੈ। ਨਦੀਨਾਂ ਦਾ ਵਾਧਾ ਵੀ ਘੱਟ ਜਾਂਦਾ ਹੈ ਅਤੇ ਆਗ ਦਾ ਗੜੂੰਆਂ ਵੀ ਘੱਟ ਨੁਕਸਾਨ ਕਰਦਾ ਹੈ। ਜਿਥੇ ਪਾਣੀ ਦੀਆਂ ਸਹੂਲਤਾਂ ਘੱਟ ਹੋਣ ਉਥੇ ਇਸ ਤਰ੍ਹਾਂ ਨਾਲ ਕਮਾਦ ਦੀ ਉਪਜ ਵਿਚ ਵੀ ਵਾਧਾ ਹੁੰਦਾ ਹੈ।
● ਪਲਾਸਟਿਕ ਮੱਲਚ: ਪੋਲੀਨੈੱਟ ਹਾਊਸ ਵਿੱਚ ਟਮਾਟਰ, ਸ਼ਿਮਲਾ ਮਿਰਚ ਅਤੇ ਬੈਂਗਣਾਂ ਵਿੱਚ ਕਾਲੇ ਰੰਗ ਦੀ ਪਲਾਸਟਿਕ ਸ਼ੀਟ ਵਿਛਾਉਣ ਨਾਲ ਪਾਣੀ ਦੀ ਚੰਗੀ ਬੱਚਤ, ਨਦੀਨਾਂ ਦੀ ਰੋਕਥਾਮ ਦੇ ਨਾਲ ਨਾਲ ਅਗੇਤਾ ਤੇ ਚੰਗਾ ਝਾੜ ਪ੍ਰਾਪਤ ਹੁੰਦਾ ਹੈ। ਖੁੱਲੇ ਖੇਤਾਂ ਵਿੱਚ ਬੈਂਗਣਾਂ ਅਤੇ ਬਹਾਰ ਰੁੱਤ ਦੀ ਮੱਕੀ ਵਿੱਚ ਪਾਣੀ ਦੀ ਬੱਚਤ ਲਈ 25 ਮਾਇਕਰੋਨ ਪਲਾਸਟਿਕ ਮੱਲਚ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਸੁੱਕਦਾ ਪੰਜਾਬ!! ਕਰੋ ਪਾਣੀ ਦੀ ਸੁਚੱਜੀ ਵਰਤੋਂ
● ਤੁਪਕਾ ਸਿੰਚਾਈ ਵਿਧੀ: ਇਸ ਵਿਧੀ ਵਿੱਚ ਪਾਣੀ ਨੂੰ ਮੁੱਖ ਸੋਮੇ (ਖੂਹ/ ਤਲਾਬ/ਨਹਿਰ) ਤੋਂ ਪੰਪ ਦੀ ਸਹਾਇਤਾ ਨਾਲ ਖੇਤ ਵਿੱਚ ਪਹੁੰਚਾਇਆ ਜਾਂਦਾ ਹੈ। ਕਿਉਂਕਿ ਪਾਣੀ ਸਾਫ ਨਹੀਂ ਹੁੰਦਾ ਇਸ ਲਈ ਫਿਲਟਰ ਦੀ ਲੋੜ ਪੈਂਦੀ ਹੈ। ਇਸ ਤੋਂ ਬਾਅਦ ਪਾਣੀ ਮੁੱਖ ਪਾਈਪ ਲਾਈਨ ਵਿੱਚੋਂ ਹੁੰਦੇ ਹੋਏ ਉਪ ਮੁੱਖ ਪਾਈਪ ਲਾਈਨ ਅਤੇ ਲੇਟਰਲ ਪਾਈਪ ਦੁਆਰਾ ਬੂਟਿਆਂ ਤੱਕ ਪਹੁੰਚਦਾ ਹੈ।
ਫਰਟੀਗੇਸ਼ਨ (ਖਾਦਾਂ ਨੂੰ ਘੋਲ ਦੀ ਸ਼ਕਲ ਵਿੱਚ ਤੁਪਕਾ ਸਿੰਚਾਈ ਵਾਲੇ ਪਾਣੀ ਨਾਲ ਫ਼ਸਲ ਦੀਆਂ ਜੜ੍ਹਾਂ ਨੇੜੇ ਪਾਉਣਾ), ਤੁਪਕਾ ਸਿੰਚਾਈ ਦਾ ਜ਼ਰੂਰੀ ਅੰਗ ਹੈ। ਕਿਉਂਕਿ ਜ਼ਮੀਨ ਦੇ ਗਿੱਲੇਪਣ ਦਾ ਘੇਰਾ ਘੱਟ ਹੁੰਦਾ ਹੈ, ਇਸ ਲਈ ਜੜ੍ਹਾਂ ਇੱਕ ਜਗ੍ਹਾ ਤੇ ਬਣੀਆਂ ਰਹਿੰਦੀਆਂ ਹਨ। ਬੂਟੇ ਦੀ ਪੈਦਾਵਾਰ ਲਈ ਜ਼ਰੂਰੀ ਤੱਤ ਜਲਦੀ ਨਾਲ ਜੜ੍ਹਾਂ ਤੋਂ ਹੇਠਾ ਜ਼ਮੀਨ ਵਿੱਚ ਚਲੇ ਜਾਂਦੇ ਹਨ ਇਸ ਲਈ ਖੁਰਾਕੀ ਤੱਤਾਂ ਦੀ ਪੁਰਤੀ ਲਈ ਇਨ੍ਹਾਂ ਨੂੰ ਪਾਣੀ ਦੇ ਨਾਲ ਹੀ ਪਾ ਦਿੱਤਾ ਜਾਂਦਾ ਹੈ। ਇਸ ਵਿਧੀ ਨਾਲ ਖਾਦ ਸਿਰਫ ਲੋੜੀਂਦੀ ਜਗ੍ਹਾ ਤੇ ਇਕਸਾਰ ਪੈਂਦੀ ਹੈ, ਜਿਸ ਨਾਲ ਪਾਈ ਹੋਈ ਖਾਦ ਤੋ ਪੂਰਾ ਲਾਭ ਮਿਲਦਾ ਹੈ ਅਤੇ ਖਾਦ ਦੀ ਬਚਤ ਹੁੰਦੀ ਹੈ।
ਬਹੁਤ ਸਾਰੀਆਂ ਠੋਸ ਅਤੇ ਤਰਲ ਖਾਦਾਂ ਫਰਟੀਗੇਸ਼ਨ ਲਈ ਵਰਤੀਆਂ ਜਾਂਦੀਆਂ ਹਨ। ਠੋਸ ਖਾਦਾਂ, ਤਰਲ ਖਾਦਾਂ ਦੇ ਮੁਕਾਬਲੇ ਸਸਤੀਆਂ ਹੁੰਦੀਆਂ ਹਨ। ਫਰਟੀਗੇਸ਼ਨ ਵਿੱਚ ਖਾਦਾਂ ਦੀ ਚੋਣ ਵੇਲੇ ਇਸ ਗੱਲ ਦਾ ਧਿਆਨ ਰੱਖੋ ਕਿ ਖਾਦ ਪਾਣੀ ਵਿੱਚ ਘੁਲਣਸ਼ੀਲ ਹੋਵੇ ਅਤੇ ਸਸਤੀ ਹੋਵੇ। ਪਾਣੀ ਅਤੇ ਖਾਦ ਦੀ ਆਪਸ ਵਿੱਚ ਪ੍ਰਤੀਕਿਰਆ ਨਹੀ ਹੋਣੀ ਚਾਹੀਦੀ। ਵੱਧ ਝਾੜ, ਪਾਣੀ ਅਤੇ ਖਾਦਾਂ ਦੀ ਬੱਚਤ ਲਈ ਇਹ ਇਕ ਕਾਰਗਰ ਸਿੰਚਾਈ ਵਿਧੀ ਹੈ।
ਤੁਹਾਨੂੰ ਦੱਸ ਦੇਈਏ ਕਿ ਤੁਪਕਾ ਸਿੰਚਾਈ ਪ੍ਰਣਾਲੀ ਫਸਲਾਂ, ਸਬਜੀਆਂ, ਫਲਾਂ ਅਤੇ ਫੁਲਾਂ ਲਈ ਵਰਤੀ ਜਾ ਸਕਦੀ ਹੈ। ਇਸ ਤਕਨੀਕ ਦੀ ਕਣਕ, ਬਹਾਰ ਰੁੱਤ ਦੀ ਮੱਕੀ, ਪਿਆਜ਼, ਕਿੰਨੂ, ਆਲੂ, ਬੈਂਗਣ, ਅਤੇ ਸ਼ਿਮਲਾ ਮਿਰਚਾਂ ਲਈ ਸਿਫਾਰਸ਼ ਕੀਤੀ ਹੈ। ਵੱਖੋ ਵੱਖਰੀਆਂ ਫ਼ਸਲਾਂ ਵਿੱਚ ਰਵਾਇਤੀ ਵਿਧੀ ਨਾਲੋਂ ਹੇਠ ਲਿਖੇ ਅਨੁਸਾਰ ਝਾੜ ਵਿੱਚ ਵਾਧਾ ਅਤੇ ਪਾਣੀ ਦੀ ਬੱਚਤ ਦਰਜ ਕੀਤੀ ਗਈ:
ਮਾੜੇ ਪਾਣੀਆਂ ਦੀ ਵਰਤੋਂ:
ਪੰਜਾਬ ਵਿੱਚ ਤਕਰੀਬਨ 42% ਧਰਤੀ ਹੇਠਲਾ ਪਾਣੀ ਸਿੰਚਾਈ ਪੱਖੋਂ ਮਾੜਾ ਹੈ। ਅਜਿਹੇ ਪਾਣੀ ਦੀ ਵਰਤੋਂ ਕਰਨ ਨਾਲ ਜਮੀਨਾਂ ਦੇ ਰਸਾਇਣਕ ਅਤੇ ਭੌਤਿਕ ਗੁਣਾਂ 'ਚ ਵਿਗਾੜ ਆ ਜਾਂਦਾ ਹੈ।
● ਜਮੀਨਾਂ 'ਚ ਲੂਣਾਂ ਦੀ ਮਾਤਰਾ ਵਧਣ ਕਰਕੇ ਫਸਲਾਂ ਤੇ ਇਨ੍ਹਾਂ ਦੇ ਮਾੜੇ ਲੱਛਣ ਆਉਂਦੇ ਹਨ।
● ਲੂਣਾਂ ਦੀ ਵਧੀ ਹੋਈ ਮਾਤਰਾ ਖੁਰਾਕੀ ਤੱਤਾਂ ਦੇ ਸੰਤੁਲਨ ਨੂੰ ਵੀ ਵਿਗਾੜ ਦਿੰਦੀ ਹੈ।
● ਪਾਣੀ 'ਚ ਸੋਡੇ ਦੀ ਜਿਆਦਾ ਮਾਤਰਾ ਜਮੀਨ ਦੇ ਚੀਕਣੇ ਕਣਾਂ ਨੂੰ ਖਿਲਾਰ ਦਿੰਦੀ ਹੈ ਅਤੇ ਜਮੀਨ ਦੇ ਮੁਸਾਮ ਬੰਦ ਹੋ ਜਾਂਦੇ ਹਨ ਅਜਿਹੀ ਹਾਲਤ ਵਿੱਚ ਜਮੀਨ ਦੀ ਪਾਣੀ ਜੀਰਣਸ਼ਕਤੀ ਘੱਟ ਜਾਂਦੀ ਹੈ ਅਤੇ ਫਸਲਾਂ ਨੂੰ (ਝੋਨੇ ਨੂੰ ਛੱਡ ਕੇ) ਮਾੜੀ ਹਵਾ ਖੋਰੀ ਦੀ ਸਮੱਸਿਆ ਵੀ ਆ ਜਾਂਦੀ ਹੈ।
● ਇਸ ਤੋਂ ਇਲਾਵਾ ਮਾੜੇ ਪਾਣੀ ਦੀ ਵਰਤੋਂ ਕਰਨ ਨਾਲ ਖੁਰਾਕੀ ਤੱਤਾਂ ਦੀ ਉਪਲਬੱਧਤਾ ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਲਈ ਜਰੂਰੀ ਹੈ ਕਿ ਆਪਣੇ ਟਿਊਬਵੈਲਾਂ ਦਾ ਪਾਣੀ ਟੈਸਟ ਕਰਵਾਈਏ।
● ਖਾਰਾ ਪਾਣੀ ਹੋਣ ਤੇ ਸਿਫਾਰਸ਼ ਅਨੁਸਾਰ ਜਿਪਸਮ ਦੀ ਮਾਤਰਾ ਪਾਓ ਅਤੇ ਜੇਕਰ ਪਾਣੀ ਲੂਣਾ ਹੈ ਤਾਂ ਇਸ ਨੂੰ ਚੰਗੇ ਪਾਣੀ ਨਾਲ ਰਲਾ ਕੇ ਜਾਂ ਫਿਰ ਅਦਲ-ਬਦਲ ਕੇ ਲਗਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਹਾੜੀ ਦੀਆਂ ਫ਼ਸਲਾਂ ਲਈ ਸੁਚੱਜੇ ਸਿੰਚਾਈ ਢੰਗ ਅਪਣਾਓ
Summary in English: Technologies for efficient use of water in wheat and other crops by PAU