ਬਰਸਾਤ ਦੇ ਮੌਸਮ ਵਿੱਚ, ਪਾਣੀ ਦੀ ਉਪਲਬੱਧਤਾ ਭਰਪੂਰ ਹੁੰਦੀ ਹੈ। ਬਰਸਾਤੀ ਪਾਣੀ ਦੀ ਠੀਕ ਢੰਗ ਨਾਲ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਧਰਤੀ ਹੇਠਲੇ ਪਾਣੀ 'ਤੇ ਨਿਰਭਰਤਾ ਘੱਟ ਤੋਂ ਘੱਟ ਕੀਤੀ ਜਾਵੇ। ਬਰਸਾਤ ਦੇ ਮੌਸਮ ਦੌਰਾਨ ਖੇਤਾਂ ਵਿੱਚ ਪਾਣੀ ਦੀ ਸੰਭਾਲ ਲਈ ਇੱਥੇ ਕੁਝ ਪ੍ਰਭਾਵਸ਼ਾਲੀ ਰਣਨੀਤੀਆਂ ਹਨ:
1. ਲੋੜ ਅਧਾਰਿਤ ਸਿੰਚਾਈ: ਅੱਜ ਦੇ ਸਮੇਂ, ਮਾਨਸੂਨ ਦੇ ਮੌਸਮ ਦੀ ਭਵਿੱਖਬਾਣੀ ਬਹੁਤ ਜਲਦੀ ਕੀਤੀ ਜਾਂਦੀ। ਇਸ ਲਈ ਸਿੰਚਾਈ ਦੀ ਵਿਉਂਤਬੰਦੀ ਇਸ ਤਰ੍ਹਾਂ ਕੀਤੀ ਜਾਵੇ ਕਿ ਕਿਸਾਨ ਧਰਤੀ ਹੇਠਲੇ ਪਾਣੀ ਦੀ ਬਜਾਏ ਬਰਸਾਤੀ ਪਾਣੀ ਦੀ ਵਰਤੋਂ ਕਰਨ।
2. ਫਸਲਾਂ ਦੀ ਚੋਣ ਅਤੇ ਸਮਾਂ: ਬਰਸਾਤ ਦੇ ਮੌਸਮ ਦੌਰਾਨ, ਫਸਲਾਂ ਦੀਆਂ ਉਹ ਕਿਸਮਾਂ ਚੁਣੋ ਜੋ ਬਰਸਾਤ ਦੇ ਮੌਸਮ ਲਈ ਢੁੱਕਵੀਂਆਂ ਹੋਣ ਅਤੇ ਜ਼ਿਆਦਾ ਨਮੀ ਨੂੰy ਬਰਦਾਸ਼ਤ ਕਰ ਸਕਦੀਆਂ ਹੋਣ। ਢੁਕਵੀਆਂ ਫਸਲਾਂ ਦੀ ਚੋਣ ਕਰਕੇ ਅਤੇ ਉਹਨਾਂ ਦੀ ਕਾਸ਼ਤ ਦੇ ਸਮੇਂ ਅਨੁਸਾਰ, ਕਿਸਾਨ ਮੀਂਹ ਦੇ ਪਾਣੀ ਦੀ ਵਰਤੋਂ ਨੂੰ ਅਨੁਕੂਲ ਬਣਾ ਸਕਦੇ ਹਨ।
3. ਖੇਤਾਂ ਵਿੱਚ ਫੀਲਡ ਡਰੇਨੇਜ ਨੂੰ ਅਨੁਕੂਲ ਬਣਾਓ: ਬਰਸਾਤ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਡਰੇਨੇਜ ਸਿਸਟਮ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਸੇਮ ਦੀ ਸਮੱਸਿਆ ਅਤੇ ਖਾਦਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਸਹੀ ਡਰੇਨੇਜ ਸਿਸਟਮ ਦੀ ਲੋੜ ਹੈ।
4. ਹਾਰਵੈਸਟਿੰਗ ਨੂੰ ਲਾਗੂ ਕਰੋ: ਖੇਤ ਪੱਧਰ 'ਤੇ ਬਰਸਾਤੀ ਪਾਣੀ ਨੂੰ ਇਕੱਠਾ ਕਰਨ ਵਾਲੀਆਂ ਪ੍ਰਣਾਲੀਆਂ ਜਿਵੇਂ ਕਿ ਤਲਾਬ, ਟੈਂਕੀਆਂ ਜਾਂ ਜਲ ਭੰਡਾਰਾਂ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ। ਇਕੱਠੇ ਕੀਤੇ ਮੀਂਹ ਦੇ ਪਾਣੀ ਨੂੰ ਸੁੱਕੇ ਮੌਸਮ ਦੌਰਾਨ ਸਿੰਚਾਈ ਲਈ ਵਰਤਿਆ ਜਾਣਾ ਚਾਹੀਦਾ ਹੈ। ਇਸ ਪਾਣੀ ਨੂੰ ਧਰਤੀ ਹੇਠਾਂ ਰੀਚਾਰਜ ਲਈ ਵੀ ਵਰਤਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Rain Water : ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਲਈ ਇਹ ਤਰੀਕੇ ਅਪਣਾਓ!
5. ਨਿਰੰਤਰ ਨਿਗਰਾਨੀ: ਮਿੱਟੀ ਦੀ ਨਮੀ ਦੇ ਪੱਧਰ ਦੇ ਨਾਲ ਮੌਸਮ ਦੇ ਪੂਰਵ ਅਨੁਮਾਨਾਂ ਦੀ ਨਿਯਮਤ ਤੌਰ 'ਤੇ ਨਿਗਰਾਨੀ ਦੀ ਲੋੜ ਹੁੰਦੀ ਹੈ। ਕਿਸਾਨਾਂ ਨੂੰ ਫਸਲਾਂ ਦੇ ਪਾਣੀ ਦੀਆਂ ਲੋੜਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਮੀਹਾਂ ਦੇ ਮੌਸਮ ਵਿੱਚ ਸਿੰਚਾਈ ਨੂੰ ਸਮੇਂ ਸਿਰ ਕੀਤਾ ਜਾ ਸਕੇ।
ਬਰਸਾਤ ਦੇ ਮੌਸਮ ਦੌਰਾਨ ਖੇਤੀਬਾੜੀ ਵਿੱਚ ਪਾਣੀ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ। ਉਪਰੋਕਤ ਤਰੀਕਿਆਂ ਨੂੰ ਲਾਗੂ ਕਰਕੇ, ਕਿਸਾਨ ਪਾਣੀ ਦੀ ਵਰਤੋਂ ਨੂੰ ਅਨੁਕੂਲ ਬਣਾ ਸਕਦੇ ਹਨ, ਪਾਣੀ ਦੀ ਕਮੀ ਦੇ ਮੱਦੇਨਜ਼ਰ ਵਾਤਾਵਰਣ ਦੇ ਦੁਸ਼ਪ੍ਰਭਾਵਾਂ ਨੂੰ ਘਟਾ ਸਕਦੇ ਹਨ।
ਚੇਤਨ ਸਿੰਗਲਾ, ਅਮੀਨਾ ਰਹੇਜਾ ਅਤੇ ਰਾਕੇਸ਼ ਸ਼ਾਰਦਾ
ਮਿੱਟੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Recharge the ground water in the Rain