Chilli Cultivation: ਮਿਰਚਾਂ ਦੀਆਂ ਟਾਹਣੀਆਂ ਦਾ ਸੋਕਾ ਅਤੇ ਫਲਾਂ ਦਾ ਗਾਲ੍ਹਾ ਇੱਕ ਉੱਲੀ ਦੀ ਬਿਮਾਰੀ ਹੈ ਜੋ ਕਿ ਆਮ ਤੌਰ ਤੇ ਜੁਲਾਈ-ਅਗਸਤ ਮਹੀਨੇ ਦੌਰਾਨ ਜਿਆਦਾ ਹਮਲਾ ਕਰਦੀ ਹੈ। ਮੁੱਖ ਤੋਰ ਤੇ ਇਸ ਦਾ ਹਮਲਾ ਲਾਲ ਮਿਰਚਾਂ 'ਤੇ ਪਾਇਆ ਜਾਂਦਾ ਹੈ, ਪਰ ਕਈ ਵਾਰ ਇਹ ਹਰੀਆਂ ਮਿਰਚਾਂ 'ਤੇ ਵੀ ਆ ਜਾਂਦੀ ਹੈ ਜਿਸ ਕਰਕੇ ਸਾਡੇ ਮਿਰਚ ਉਤਪਾਦਕਾਂ ਦਾ ਖੇਤਾਂ ਵਿੱਚ ਅਤੇ ਢੋਆ-ਢੁਆਈ ਦੌਰਾਨ ਕਾਫੀ ਨੁਕਸਾਨ ਹੋ ਜਾਂਦਾ ਹੈ।
ਬਿਮਾਰੀ ਦੇ ਹਮਲੇ ਨਾਲ ਮਿਰਚਾਂ ਦੀਆਂ ਫਲਾਂ ਵਾਲੀਆਂ ਟਾਹਣੀਆਂ ਸਿਰੇ ਤੋਂ ਹੇਠਾਂ ਵੱਲ ਨੂੰ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਨ੍ਹਾਂ ਤੇ ਬਾਅਦ ਉੱਲੀ ਦੇ ਕਾਲੇ ਰੰਗ ਦੇ ਟਿਮਕਣੇ ਪੈਦਾ ਹੋ ਜਾਂਦੇ ਹਨ। ਲਾਲ ਮਿਰਚਾਂ ਤੇ ਬਿਮਾਰੀ ਦਾ ਹਮਲਾ ਵਧੇਰੇ ਹੋਣ ਕਾਰਨ ਇਨ੍ਹਾਂ ਤੇ ਗੋਲ ਤੋਂ ਲੰਬੂਤਰੇ ਹੇਠਾਂ ਧੱਸੇ ਹੋਏ ਧੱਬੇ ਪੈ ਜਾਂਦੇ ਹਨ ਅਤੇ ਮਿਰਚਾਂ ਘਸਮੈਲੇ ਰੰਗ ਦੀਆਂ ਹੋ ਕੇ ਡਿੱਗ ਪੈਂਦੀਆਂ ਹਨ।
ਕਿਸਾਨ ਵੀਰੋਂ ਇਸ ਬਿਮਾਰੀ ਦਾ ਹਮਲਾ ਜੁਲਾਈ-ਅਗਸਤ ਦੇ ਮਹੀਨੇ ਸ਼ੁਰੂ ਹੋ ਜਾਂਦਾ ਹੈ। ਇਨ੍ਹਾਂ ਮਹੀਨਿਆਂ ਦੌਰਾਨ ਬਾਰਿਸ਼ ਪੈਣ ਕਾਰਨ ਮੌਸਮ ਗਰਮ ਅਤੇ ਸਿੱਲ੍ਹਾ ਹੋ ਜਾਂਦਾ ਹੈ ਜੋ ਇਸ ਬਿਮਾਰੀ ਦੇ ਵੱਧਣ-ਫੁੱਲਣ ਲਈ ਬਹੁਤ ਅਨੁਕੂਲ ਹੁੰਦਾ ਹੈ।ਅਜਿਹੇ ਮੌਸਮ ਦੌਰਾਨ ਮਿਰਚਾਂ ਨੂੰ ਇਸ ਰੋਗ ਤੋਂ ਬਚਾਉਣਾ ਬਹੁਤ ਜਰੂਰੀ ਹੈ।
ਇਹ ਵੀ ਪੜ੍ਹੋ : ਇਹ ਕੀੜਾ ਇੱਕ ਸਾਲ ਵਿੱਚ ਤੁਹਾਨੂੰ ਬਣਾ ਸਕਦੈ ਕਰੋੜਪਤੀ
ਇਹ ਕੰਮ ਕਰਨ ਲਈ ਮਿਰਚਾਂ 'ਤੇ 250 ਮਿ.ਲਿ. ਫੋਲੀਕਰ ਜਾਂ 750 ਗ੍ਰਾਮ ਇੰਡੋਫਿਲ ਐਮ-45 ਜਾਂ ਬਲਾਈਟੌਕਸ ਨੂੰ 250 ਲਿਟਰ ਨੂੰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਅਤੇ ਬਾਅਦ ਵਿੱਚ ਬਿਮਾਰੀ ਦੀ ਤੀਬਰਤਾ ਅਨੁਸਾਰ 10 ਦਿਨਾਂ ਦੇ ਵਕਫੇ ਤੇ 3-4 ਛਿੜਕਾਅ ਹੋਰ ਦੁਹਰਾਓ। ਕਿਸਾਨ ਵੀਰੋ ਇਸ ਗੱਲ ਦਾ ਖਿਆਲ ਰੱਖਣਾ ਕਿ ਜੇਕਰ ਫੋਲੀਕਰ ਦਾ ਛਿੜਕਾਅ ਕੀਤਾ ਗਿਆ ਹੋਵੇ ਤਾਂ ਮਿਰਚ ਦੀ ਤੁੜਾਈ ਇਸ ਛਿੜਕਾਅ ਤੋਂ 4 ਕੁ ਦਿਨਾਂ ਬਾਅਦ ਕਰਨੀ ਹੈ।
ਅਮਰਜੀਤ ਸਿੰਘ ਅਤੇ ਹਰਦੀਪ ਸਿੰਘ ਸਭਿਖੀ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Protect Red and Green Chilli from branch drought and fruit blight