Garlic Cultivation: ਲਸਣ ਆਪਣੇ ਸਵਾਦ ਦੇ ਨਾਲ-ਨਾਲ ਪ੍ਰਤੀਰੋਧਕ ਗੁਣਾਂ ਕਰਕੇ ਵੀ ਪਸੰਦ ਕੀਤਾ ਜਾਂਦਾ ਹੈ। ਇਸਦੀ ਵਰਤੋਂ ਕਈ ਤਰਾਂ ਨਾਲ ਕੀਤੀ ਜਾਂਦੀ ਹੈ। ਇਹ ਇੱਕ ਮਹੱਤਵਪੂਰਨ ਫ਼ਸਲ ਹੈ ਜੋ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਵਿੱਚ ਮਦਦ ਕਰ ਸਕਦੀ ਹੈ। ਅਜਿਹੇ 'ਚ ਅੱਜ ਅੱਸੀ ਤੁਹਾਡੇ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਲਸਣ ਦੀ 2 ਕਿਸਮਾਂ PG-18 ਅਤੇ PG-17 ਸਾਂਝੀ ਕਰਨ ਜਾ ਰਹੇ ਹਾਂ।
ਸਬਜ਼ੀਆਂ ਦਾ ਮਨੁੱਖੀ ਖੁਰਾਕ ਵਿੱਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਹੈ ਕਿਉਕਿ ਫਲਾਂ ਨੂੰ ਛੱਡ ਕੇ ਇਨ੍ਹਾਂ ਵਿੱਚ ਸਾਰੇ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਹੋਰ ਖਾਣ ਵਾਲੇ ਸਾਰੇ ਪਦਾਰਥਾਂ ਵਿੱਚ ਨਹੀ ਮਿਲਦੇ। ਲੱਸਣ ਠੰਢੇ ਮੋਸਮ ਦੀ ਫਸਲ ਹੈ। ਇਨ੍ਹਾਂ ਵਿੱਚ ਖੁਰਾਕੀ ਤੱਤ ਜਿਵੇਂ ਕਿ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਹੁੰਦੇ ਹਣ। ਲੱਸਣ ਖੁਨ ਵਿੱਚ ਕੋਲੇਸਟ੍ਰੋਲ ਘਟਾਉਣ ਵਾਸਤੇ ਲਾਹੇਵੰਦ ਹੈ। ਲਸਣ ਕੈਲਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਹੁੰਦਾ ਹੈ। ਲਸਣ ਵੱਚ ਮੌਜੂਦ ਐਲੀਸਨ ਖੂਨ ਵੱਚ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ ਜਦੋਂਕਿ ਲਸਣ ਦੀਆਂ ਗੋਲੀਆਂ ਅਤੇ ਕੈਪਸੂਲ ਦੀ ਵਰਤੋਂ ਦਵਾਈ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ। ਲਸਣ ਦੇ ਐਬਸਟਰੈਕਟ ਨੂੰ ਕੰਨ ਦੇ ਦਰਦ ਨੂੰ ਠੀਕ ਕਰਨ ਲਈ ਕੰਨ ਡ੍ਰੌਪ ਵਜੋਂ ਵਰਤਿਆ ਜਾਂਦਾ ਹੈ। ਲੱਸਣ ਖੁਨ ਵਿੱਚ ਕੋਲੈਸਟ੍ਰੋਲ ਘਟਾਉਣ ਵਾਸਤੇ ਲਾਹੇਵੰਦ ਹੈ।
ਲੱਸਣ ਦਰਮਿਆਨੀ ਗਰਮੀ ਅਤੇ ਸਰਦੀ ਵਿੱਚ ਚੰਗੀ ਤਰ੍ਹਾਂ ਵਧਦਾ-ਫੁੱਲਦਾ ਹੈ। ਛੋਟੇ ਦਿਨਾਂ ਵਿੱਚ ਲੱਸਣ ਦੇ ਗੰਢੇ ਮੋਟੇ ਬਣਦੇ ਹਨ। ਰੇਤਲੀ ਮੈਰਾ ਜ਼ਮੀਨ ਇਸਦੀ ਕਾਸ਼ਤ ਲਈ ਢੁੱਕਵੀਂ ਹੁੰਦੀ ਹੈ।
ਉੱਨਤ ਕਿਸਮਾਂ:
● ਪੀ.ਜੀ.-18: ਇਸ ਕਿਸਮ ਵਿੱਚ ਬੂਟੇ ਤੋਂ ਨਾੜ ਨਹੀਂ ਨਿਕਲਦੀ ਅਤੇ ਇਸਦੇ ਪੱਤੇ ਹਰੇ ਰੰਗ ਦੇ ਹੁੰਦੇ ਹਨ। ਗੰਢੇ ਮੋਟੇ (4.55 ਸੈਂਟੀਮੀਟਰ ਵਿਆਸ) ਅਤੇ ਦਿਲ ਖਿਚਵੇਂ ਹੁੰਦੇ ਹਨ। ਇੱਕ ਗੰਢੇ ਦਾ ਭਾਰ ਲਗਭਗ 28.4 ਗ੍ਰਾਮ ਅਤੇ ਇਸ ਵਿੱਚ 26 ਤੁਰੀਆਂ ਹੁੰਦੀਆਂ ਹਨ। ਤੁਰੀਆਂ ਦਰਮਿਆਨੀਆਂ ਮੋਟੀਆਂ ਅਤੇ ਚਿੱਟੇ ਰੰਗ ਦੀਆਂ ਹੁੰਦੀਆਂ ਹਨ। ਇਸ ਕਿਸਮ ਵਿੱਚ 38 ਪ੍ਰਤੀਸ਼ਤ ਸੁੱਕਾ ਮਾਦਾ ਅਤੇ 1.15 ਪ੍ਰਤੀਸ਼ਤਐਲੀਸਨ ਦੀ ਮਾਤਰਾ ਹੁੰਦੀ ਹੈ। ਇਸ ਦਾ ਝਾੜ 51 ਕੁਇੰਟਲ ਪ੍ਰਤੀ ਏਕੜ ਹੈ।
● ਪੀ.ਜੀ.-17: ਇਸ ਦੇ ਪੱਤੇ ਗੂੜ੍ਹੇ ਹਰੇ ਅਤੇ ਤੁਰੀਆਂ ਚਿੱਟੀਆਂ ਤੇ ਦਿਲ ਖਿਚ੍ਹਵੀਆਂ ਹੁੰਦੀਆਂ ਹਨ। ਗੰਢੇ ਇਕਸਾਰ ਵੱਡੇ ਤੇ ਚਿੱਟੇ ਰੰਗ ਦੇ ਹੁੰਦੇ ਹਨ। ਇਕ ਗੰਢੇ ਵਿੱਚ 25-30 ਤੁਰੀਆਂ ਹੁੰਦੀਆਂ ਹਨ। ਇਹ ਕਿਸਮ ਪੱਕਣ ਵਾਸਤੇ 165-170 ਦਿਨ ਲੈਂਦੀ ਹੈ। ਇਸ ਦਾ ਝਾੜ 50 ਕੁਇੰਟਲ ਪ੍ਰਤੀ ਏਕੜ ਹੈ।
ਇਹ ਵੀ ਪੜ੍ਹੋ : ਲਸਣ ਦੀ ਕਾਸ਼ਤ ਵਿਚ ਅਪਣਾਓ ਇਹ ਖੇਤੀਬਾੜੀ ਉਪਕਰਣ, ਅਤੇ ਵਧਾਓ ਉਤਪਾਦਨ
ਕਾਸ਼ਤ ਦੇ ਢੰਗ:
ਲੱਸਣ ਦੀ ਬਿਜਾਈ ਦਾ ਠੀਕ ਸਮਾਂ ਸਤੰਬਰ ਦੇ ਆਖਰੀ ਹਫ਼ਤੇ ਤੋਂ ਅਕਤੂਬਰ ਦਾ ਪਹਿਲਾ ਹਫ਼ਤਾ ਹੈ। ਇੱਕ ਏਕੜ ਦੀ ਬਿਜਾਈ ਲਈ 225-250 ਕਿਲੋ ਨਰੋਈਆਂ ਤੁਰੀਆਂ ਦੀ ਲੋੜ ਹੈ। ਘਰੇਲੂ ਬਗੀਚੀ ਵਿੱਚ ਜਾਂ ਛੋਟੀ ਪੱਧਰ ਤੇ ਚੋਕੇ ਨਾਲ ਬਿਜਾਈ ਕਰੋ, ਪਰ ਜੇਕਰ ਵਧੇਰੇ ਰਕਬੇ ਵਿੱਚ ਬਿਜਾਈ ਕਰਨੀ ਹੋਵੇ ਤਾਂ ਕੇਰੇ ਨਾਲ ਕਰੋ। ਬਿਜਾਈ 3-5 ਸੈਂਟੀਮੀਟਰ ਡੂੰਘੀ ਕਰੋ। ਲੱਸਣ ਦੀ ਬਿਜਾਈ ਹੱਥ ਨਾਲ ਚੱਲਣ ਵਾਲੇ ਪਲਾਂਟਰ ਨਾਲ ਵੀ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਕਰਨ ਵੇਲੇ ਬੀਜ ਇਕ ਇੰਚ ਡੂੰਘਾ ਬੀਜੋ।
ਪਲਾਂਟਰ ਨਾਲ 2-3 ਬੰਦੇ ਇਕ ਦਿਨ ਵਿਚ ਅੱਧੇ ਏਕੜ ਦੀ ਬਿਜਾਈ ਕਰ ਸਕਦੇ ਹਨ। ਵਧੇਰੇ ਝਾੜ ਪ੍ਰਾਪਤ ਕਰਨ ਲਈ ਕਤਾਰ ਤੋਂ ਕਤਾਰ 15 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ 7.5 ਸੈਂਟੀਮੀਟਰ ਫ਼ਾਸਲਾ ਰੱਖੋ। 20 ਟਨ ਗਲੀ-ਸੜੀ ਰੂੜੀ, 110 ਕਿਲੋ ਯੂਰੀਆ ਅਤੇ 155 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਸਾਰੀ ਰੂੜੀ ਅਤੇ ਫ਼ਾਸਫ਼ੋਰਸ ਬਿਜਾਈ ਤੋਂ ਪਹਿਲਾ ਪਾਉ ਅਤੇ ਨਾਈਟ੍ਰੋਜਨ ਖਾਦ ਨੂੰ ਤਿੰਨ ਹਿੱਸਿਆਂ ਵਿੱਚ, ਪਹਿਲਾ ਹਿੱਸਾ ਬਿਜਾਈ ਤੋਂ ਇੱਕ ਮਹੀਨਾ, ਦੂਸਰਾ ਡੇਢ ਮਹੀਨਾ ਅਤੇ ਤੀਸਰਾ 2 ਮਹੀਨੇ ਪਿੱਛੋਂ ਪਾਉ। ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਪਿੱਛੋਂ ਅਤੇ ਬਾਅਦ ਵਾਲੀਆਂ ਸਿੰਚਾਈਆਂ ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ 10-15 ਦਿਨ ਦੇ ਵਕਫ਼ੇ ਤੇ ਕਰੋ। ਕੁੱਲ 10-12 ਪਾਣੀਆਂ ਦੀ ਲੋੜ ਹੈ।
ਲੱਸਣ ਦੀ ਫ਼ਸਲ ਵਿੱਚ ਨਦੀਨਾਂ ਨੂੰ ਕਾਬੂ ਹੇਠ ਰੱਖਣ ਲਈ ਸਟੌਂਪ 30 ਈ ਸੀ ਇੱਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ ਇੱਕ ਗੋਡੀ ਜੋ ਕਿ ਬੀਜਣ ਤੋਂ 90-100 ਦਿਨਾਂ ਬਾਅਦ ਕਰਨੀ ਚਾਹੀਦੀ ਹੈ। ਸਟੌਂਪ ਦਾ ਛਿੜਕਾਅ ਬਿਜਾਈ ਤੋਂ ਇੱਕ ਦਿਨ ਦੇ ਅੰਦਰ ਕਰੋ। ਇਸ ਤੋਂ ਇਲਾਵਾ ਨਦੀਨਾਂ ਨੂੰ ਲੰਬੇ ਸਮੇਂ ਤੱਕ ਕਾਬੂ ਰੱਖਣ ਲਈ ਗੋਡੀ ਦੀ ਥਾਂ ਤੇ ਇਨ੍ਹਾਂ ਨਦੀਨ ਨਾਸ਼ਕਾਂ ਦੀ ਵਰਤੋਂ ਦੇ ਨਾਲ, ਝੋਨੇ ਦੀ ਪਰਾਲੀ 25 ਕੁਇੰਟਲ ਪ੍ਰਤੀ ਏਕੜ, ਲੱਸਣ ਉੱਗਣ ਤੋਂ ਬਾਅਦ ਫ਼ਸਲ ਵਿੱਚ ਵਿਛਾ ਦਿਉ।
ਪੁਟਾਈ ਅਤੇ ਭੰਡਾਰ ਕਰਨਾ:
ਪੁਟਾਈ ਤੋਂ 15 ਦਿਨ ਪਹਿਲਾਂ ਫ਼ਸਲ ਦੀ ਸਿੰਚਾਈ ਬੰਦ ਕਰ ਦਿਉ, ਇਸ ਤਰ੍ਹਾਂ ਕਰਨ ਨਾਲ ਗੰਢੀਆਂ ਦਾ ਜ਼ਿਆਦਾ ਦੇਰ ਤੱਕ ਭੰਡਾਰਨ ਕੀਤਾ ਜਾ ਸਕਦਾ ਹੈ। ਪੁਟਾਈ ਤੋਂ ਪਿੱਛੋਂ ਲੱਸਣ ਨੂੰ 5-7 ਦਿਨਾਂ ਲਈ ਛਾਂਵੇਂ ਸੁਕੀ ਥਾਂ ਤੇ ਰੱਖੋ ਅਤੇ ਛੋਟੀਆਂ-ਛੋਟੀਆਂ ਗੁੱਟੀਆਂ ਵਿੱਚ ਬੰਨ੍ਹ ਦਿਉ। ਫਿਰ ਸੁੱਕੀ ਤੇ ਹਵਾਦਾਰ ਥਾਂ ਤੇ ਭੰਡਾਰ ਕਰੋ। ਬਰਸਾਤ ਦੇ ਮੌਸਮ ਵਿੱਚ ਸੁੱਕੀਆਂ ਅਤੇ ਗਲੀਆਂ ਹੋਈਆਂ ਗੰਢੀਆਂ ਨੂੰ ਕੱਢ ਦਿਉ।
ਅਜੈ ਕੁਮਾਰ
ਕ੍ਰਿਸ਼ੀ ਵਿਗਿਆਨ ਕੇਂਦਰ, ਅੰਮ੍ਰਿਤਸਰ
Summary in English: PG-18 and PG-17 advanced varieties of garlic, yield more than 50 quintals per acre