1. Home
  2. ਖੇਤੀ ਬਾੜੀ

ਭਾਰਤੀ ਰਵਾਇਤੀ ਚਿਕਿਤਸਕ ਰੁੱਖ ਹਨ ਨਿੰਮ ਅਤੇ ਸੁਹੰਜਨਾ

ਜ਼ਹਿਰੀਲੇ ਕੀੜਿਆਂ ਤੋ ਛੁਟਕਾਰਾ ਪਾਉਣ ਲਈ ਫਸਲਾਂ, ਸ਼ਹਿਰੀ ਵਾਤਾਵਰਣ ਅਤੇ ਜਲਘਰਾਂ ਵਿਚ ਸਿੰਥੈਟਿਕ ਰਸਾਇਣਾਂ ਦੀ ਬਹੁਤ ਜ਼ਿਆਦਾ ਵਰਤੋਂ ਨਾਲ ਮਨੁੱਖੀ ਸਿਹਤ ਲਈ ਜ਼ਹਿਰੀਲ਼ੇ ਪ੍ਰਭਾਵ ਅਤੇ ਵਾਤਾਵਰਣ ਪ੍ਰਦੂਸ਼ਣ ਦਾ ਖਤਰਾ ਵਧਿਆ ਹੈ। ਇਹ ਇੱਕ ਤੱਥ ਹੈ ਕਿ ਵਿਸ਼ਵ ਦੀ ਖੇਤੀ ਰਸਾਇਣ ਮਾਰਕੀਟ ਵਿੱਚ ਜੜੀ-ਬੂਟੀਆਂ ਦੀ ਮਾਤਰਾਂ 48 ਫੀਸਦੀ, ਇਸ ਤੋਂ ਬਾਅਦ ਕੀਟਨਾਸ਼ਕਾਂ (25 ਫੀਸਦੀ) ਅਤੇ ਉਲੀਮਾਰ (22 ਫੀਸਦੀ) ਸ਼ਾਮਿਲ ਸਨ।

KJ Staff
KJ Staff
Neem

Neem

ਜ਼ਹਿਰੀਲੇ ਕੀੜਿਆਂ ਤੋ ਛੁਟਕਾਰਾ ਪਾਉਣ ਲਈ ਫਸਲਾਂ, ਸ਼ਹਿਰੀ ਵਾਤਾਵਰਣ ਅਤੇ ਜਲਘਰਾਂ ਵਿਚ ਸਿੰਥੈਟਿਕ ਰਸਾਇਣਾਂ ਦੀ ਬਹੁਤ ਜ਼ਿਆਦਾ ਵਰਤੋਂ ਨਾਲ ਮਨੁੱਖੀ ਸਿਹਤ ਲਈ ਜ਼ਹਿਰੀਲ਼ੇ ਪ੍ਰਭਾਵ ਅਤੇ ਵਾਤਾਵਰਣ ਪ੍ਰਦੂਸ਼ਣ ਦਾ ਖਤਰਾ ਵਧਿਆ ਹੈ। ਇਹ ਇੱਕ ਤੱਥ ਹੈ ਕਿ ਵਿਸ਼ਵ ਦੀ ਖੇਤੀ ਰਸਾਇਣ ਮਾਰਕੀਟ ਵਿੱਚ ਜੜੀ-ਬੂਟੀਆਂ ਦੀ ਮਾਤਰਾਂ 48 ਫੀਸਦੀ, ਇਸ ਤੋਂ ਬਾਅਦ ਕੀਟਨਾਸ਼ਕਾਂ (25 ਫੀਸਦੀ) ਅਤੇ ਉਲੀਮਾਰ (22 ਫੀਸਦੀ) ਸ਼ਾਮਿਲ ਸਨ।

ਹੁਣ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਕੁਦਰਤੀ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਪੌਦੇ ਦੇ ਤੱਤਾਂ ਜਾਂ ਜੜੀ-ਬੂਟੀਆਂ ਦੇ ਉਤਪਾਦਾਂ ਜਿਵੇਂ ਕਿ ਪੌਦੇ ਦਾ ਤੇਲ, ਪੌਦੇ ਦਾ ਰਸ ਅਦਿ ਦੀ ਵਰਤੋਂ ਕਰ ਰਹੀਆਂ ਹਨ।

ਨਿੰਮ ਦੀ ਵਰਤੋਂ ਕੀਟਨਾਸ਼ਕ ਅਤੇ ਚਿਕਿਤਸਕ ਕਾਰਜਾਂ ਲਈ ਕੀਤੀ ਜਾਂਦੀ ਹੈ। ਨਿੰਮ ਦੇ ਦਰਖਤ ਦੇ ਸਾਰੇ ਉਤਪਾਦਾਂ ਵਿੱਚੋਂ, ਬੀਜ ਤੇਲ ਵਪਾਰਕ ਤੌਰ ਤੇ ਸਭ ਤੋਂ ਵੱਧ ਮਹੱਤਵਪੂਰਨ ਹੈ। ਇਸ ਨੂੰ ਕੀਟਨਾਸ਼ਕਾਂ ਤੋਂ ਲੈ ਕੇ ਦਵਾਈਆਂ ਤੱਕ ਵਰਤਿਆ ਜਾਂਦਾ ਹੈ । ਨਿੰਮ ਨੂੰ ਭਾਰਤੀ ਉਪ ਮਹਾਂਦੀਪ ਦਾ ਸਭ ਤੋਂ ਸਤਿਕਾਰਿਆ ਰੁੱਖ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ, ਸੁਹੰਜਨਾ ਕੁਪੋਸ਼ਣ ਅਤੇ ਕਈ ਵਿਕਾਰਾਂ ਦੇ ਇਲਾਜ ਲਈ ਵਰਤਿਆ ਜਾਦਾਂ ਹੈ । ਸੁਹੰਜਨਾ ਦੇ ਪੱਤੇ ਅਤੇ ਫਲੀਆਂ ਏਸ਼ੀਆਈ ਦੇਸ਼ਾਂ ਵਿਚ ਮਨੁੱਖਾਂ ਅਤੇ ਜਾਨਵਰਾਂ ਦੇ ਪੋਸ਼ਣ ਲਈ ਵਰਤੀਆਂ ਜਾਂਦੀਆਂ ਹਨ । ਪ੍ਰਚੀਨ ਸ਼ਾਸਕਾਂ ਦੁਆਰਾ ਇਸ ਦੇ ਪੱਤੇ ਅਤੇ ਉਤਪਾਦਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿਚ ਸਰੀਰਕ ਅਤੇ ਮਾਨਸਿਕ ਸਿਹਤ ਬਣਾਈ ਰੱਖਣ ਲਈ ਇਸਤੇਮਾਲ ਕੀਤਾ ਜਾਂਦਾ ਸੀ।

ਇੱਕ ਅੰਦਾਜ਼ੇ ਅਨੁਸਾਰ ਭਾਰਤ ਵਿੱਚ ਅਜੋਕੇ ਸਮੇਂ 13.8 ਮਿਲੀਅਨ ਨਿੰਮ ਦੇ ਰੁੱਖ ਹਨ ਜਿਨ੍ਹਾਂ ਤੋਂ 83,000 ਟਨ ਨਿੰਮ ਦਾ ਤੇਲ, 3.3 ਲੱਖ ਟਨ ਨਿੰਮ ਦੇ ਕੇਕ ਅਤੇ 4.13 ਲੱਖ ਟਨ ਨਿੰਮ ਦਾ ਬੀਜ ਤਿਆਰ ਕੀਤਾ ਜਾ ਸਕਦਾ ਹੈ। ਇੱਕ ਨਿੰਮ ਦੇ ਰੁੱਖ ਤੋਂ ਹਰ ਸਾਲ 37-50 ਕਿਲੋ ਨਿਮੋਲੀਆਂ ਪ੍ਰਾਪਤ ਹੁੰਦੀਆਂ ਹਨ। 40 ਕਿਲੋ ਫ਼ਲ ਵਿੱਚ 24 ਕਿਲੋ ਸੁੱਕਾ ਮਾਦਾ ਪ੍ਰਾਪਤ ਹੁੰਦਾ ਹੈ ਅਤੇ 11.52 ਕਿਲੋ ਗੁੱਦਾ ਪ੍ਰਾਪਤ ਹੁੰਦਾ ਹੈ । ਇਸ ਤੋਂ ਇਲਾਵਾ 6 ਕਿਲੋ ਬੂਰਾ ਅਤੇ 1.1 ਕਿਲੋ ਬੀਜ ਦੀ ਛਿੱਲ ਪ੍ਰਾਪਤ ਹੁੰਦੀ ਹੈ । ਇੱਕ ਪੂਰੀ ਤਰ੍ਹਾਂ ਵਿਕਸਿਤ ਨਿੰਮ ਦਾ ਰੁੱਖ 10 ਮੀਟਰ ਦੇ ਘੇਰੇ ਤੱਕ ਫੈਲ ਸਕਦਾ ਹੈ । ਬਹੁਮੰਤਵੀ ਰੁੱਖ ਹੋਣ ਦੇ ਬਾਵਜੂਦ ਵੀ ਇਸ ਰੁੱਖ ਦੀ ਜਿਣਸ ਸੁਧਾਰ ਕਾਰਜਾਂ ਨੂੰ ਅਪਨਾਉਣ ਦੀ ਲੋੜ ਹੈ । ਕੁਝ ਸਮਾਂ ਪਹਿਲਾਂ ਖਾਦਾਂ ਵਿੱਚ ਨੀਮ ਲਿਪਤ ਯੂਰੀਆ ਦੀ ਵਰਤੋਂ ਆਰੰਭੀ ਗਈ । ਇਸ ਨਾਲ ਮਿੱਟੀ ਦੀ ਸਿਹਤ ਵਿੱਚ ਆ ਰਹੇ ਨਿਘਾਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਇਸ ਦੇ ਕਾਰਨ ਹੀ ਨਿੰਮ ਦੇ ਤੇਲ ਦੀ ਮੰਗ ਵੀ ਹੋਰ ਵਧੀ ।

ਨਿੰਮ ਇੱਕ ਅਜਿਹਾ ਵਿਲੱਖਣ ਰੁੱਖ ਹੈ ਜਿਸ ਵਿੱਚ ਬਹੁਤਾਤ ਵਿੱਚ ਗੁਣਕਾਰੀ ਔਸ਼ਧੀਆਂ ਜਿਵੇਂ ਬੈਕਟੀਰੀਆ ਨਾਲ ਲੜਨ ਦੀ ਸ਼ਕਤੀ, ਉਲੀ ਨਾਲ ਲੜਨ ਦੀ ਸ਼ਕਤੀ, ਕੀੜੇ-ਮਕੌੜਿਆਂ ਨੂੰ ਭਜਾਉਣ ਆਦਿ ਵਿਸ਼ੇਸ਼ਤਾਈਆਂ ਦੀ ਪੜਚੋਲ ਕਰਨ ਦੀ ਲੋੜ ਹੈ । ਮੁੱਢ ਕਦੀਮ ਤੋਂ ਹੀ ਅਨੇਕਾਂ ਬਿਮਾਰੀਆਂ ਦੇ ਇਲਾਜ ਵਿੱਚ ਨਿੰਮ ਦੀ ਵਰਤੋਂ ਕੀਤੀ ਜਾਂਦੀ ਸੀ । ਨਿੰਮ ਦੇ ਪੱਤੇ ਪਾਲਤੂ ਜਾਨਵਰਾਂ ਦੀ ਸੁਰੱਖਿਆ, ਸਾਜ਼ੋ-ਸਮਾਨ ਦੇ ਪਦਾਰਥ ਤਿਆਰ ਕਰਨ ਵਿੱਚ ਵਰਤੇ ਜਾਂਦੇ ਹਨ ਜਦਕਿ ਫ਼ਲ ਅਤੇ ਬੀਜ ਤੋਂ ਤੇਲ ਤਿਆਰ ਕੀਤਾ ਜਾਂਦਾ ਹੈ । ਇਸੇ ਤਰ੍ਹਾਂ ਬੀਜਾਂ ਦੀ ਪਰਤ ਦੰਦਾਂ ਦੀ ਸਾਂਭ ਸੰਭਾਲ ਲਈ ਅਤਿਅੰਤ ਲਾਭਕਾਰੀ ਹੈ । ਨਿੰਮ ਦੀਆਂ ਜੜ੍ਹਾਂ ਦਵਾਈ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ ਜਦਕਿ ਨਿੰਮ ਦੀ ਲੱਕੜ ਫਰਨੀਚਰ ਅਤੇ ਹੋਰ ਘਰੇਲੂ ਸਾਜ਼ੋ-ਸਮਾਨ ਲਈ ਵਰਤੀ ਜਾਂਦੀ ਹੈ । ਨਿੰਮ ਦੇ ਬੀਜ ਤੋਂ ਬੀਜ ਕੇਕ ਅਤੇ ਦੇਸੀ ਖਾਦ ਵੀ ਤਿਆਰ ਕੀਤੀ ਜਾਂਦੀ ਹੈ । ਨਿੰਮ ਦੇ ਪੱਤੇ ਖੂਨ ਦੀ ਸਾਫ਼-ਸਫ਼ਾਈ ਲਈ ਅਤਿਅੰਤ ਮਹੱਤਵਪੂਰਨ ਗਿਣੇ ਗਏ ਹਨ । ਬਿਮਾਰ ਵਿਅਕਤੀ ਨੂੰ ਰੋਜ਼ ਸਵੇਰੇ 10-12 ਨਿੰਮ ਦੇ ਪੱਤੇ ਜਾਂ ਨਿੰਮ ਦਾ ਅੱਧਾ ਕੱਪ ਜੂਸ ਪੀ ਲੈਣਾ ਚਾਹੀਦਾ ਹੈ । ਇਸ ਦੀ ਤਿੰਨ ਮਹੀਨੇ ਕਾਲੀ ਮਿਰਚ ਨਾਲ ਵਰਤੋਂ ਕਰਕੇ ਸ਼ੱਕਰ ਰੋਗ ਤੇ ਕਾਬੂ ਕੀਤਾ ਜਾ ਸਕਦਾ ਹੈ । ਇਸੇ ਤਰ੍ਹਾਂ ਨਿੰਮ ਦੇ ਪੱਤਿਆਂ ਦਾ ਪਾਊਡਰ ਅਤੇ ਸ਼ਹਿਦ ਨੂੰ ਮਿਲਾ ਕੇ ਲੇਪ ਤਿਆਰ ਕੀਤਾ ਜਾ ਸਕਦਾ ਹੈ ਜੋ ਕਿ ਜ਼ਖਮਾਂ ਲਈ ਬਹੁਤ ਲਾਭਦਾਇਕ ਹੁੰਦਾ ਹੈ । ਤਾਜ਼ੇ ਨਿੰਮ ਦੇ ਪੱਤਿਆਂ ਨੂੰ ਲੇਪ ਬਣਾ ਕੇ ਕਿੱਲ ਮੁਹਾਸਿਆਂ ਤੇ ਲਾਇਆ ਜਾ ਸਕਦਾ ਹੈ । ਚਮੜੀ ਦੇ ਰੋਗਾਂ ਲਈ ਤਿੰਨ ਗ੍ਰਾਮ ਨਿੰਮ ਦੇ ਪੱਤੇ ਅਤੇ ਤਿੰਨ ਗ੍ਰਾਮ ਅਮਾਲਕੀ ਪਾਊਡਰ ਨੂੰ ਘਿਉ ਵਿੱਚ ਮਿਲਾ ਕੇ ਵਰਤਣਾ ਚਾਹੀਦਾ ਹੈ । ਸਿਰ ਵਿੱਚ ਲਗਾਤਾਰ ਨਿੰਮ ਦਾ ਤੇਲ ਝੱਸਣ ਨਾਲ ਜੂੰਆਂ ਅਤੇ ਸਿੱਕਰੀ ਦੀ ਸਮੱਸਿਆ ਕਦੇ ਨਹੀਂ ਹੁੰਦੀ । ਘਰਾਂ ਨੂੰ ਕੀਟਾਣੂ ਮੁਕਤ ਅਤੇ ਮੱਛਰਾਂ ਮੱਖੀਆਂ ਨੂੰ ਭਜਾਉਣ ਲਈ ਸੁੱਕੇ ਪੱਤਿਆਂ ਨੂੰ ਘਿਉ ਵਿੱਚ ਮਿਲਾ ਕੇ ਵਰਤਿਆ ਜਾ ਸਕਦਾ ਹੈ ।

Neem

Neem

ਨਿੰਮ ਤੋਂ ਤਿਆਰ ਕੀਤੇ ਪਦਾਰਥ ਕਈ ਤਰ੍ਹਾਂ ਦੇ ਦੁਸ਼ਮਣ ਕੀੜਿਆਂ ਦੇ ਵਾਧੇ ਵਿੱਚ ਅੜਿੱਕਾ ਪਾਉਣ ਦੀ ਸਮਰੱਥਾ ਰੱਖਦੇ ਹਨ, ਪਰ ਹੁਣ ਤੱਕ ਇਸ ਤੋਂ ਬਹੁਤ ਘੱਟ ਪਦਾਰਥ ਤਿਆਰ ਕੀਤੇ ਗਏ ਹਨ । ਇਹ ਪਦਾਰਥ ਨਰਮੇ ਅਤੇ ਝੋਨੇ ਦੀ ਖੇਤੀ ਵਿੱਚ ਸਿਫ਼ਾਰਸ਼ ਕੀਤੇ ਗਏ ਹਨ । ਚਿੱਟੀ ਮੱਖੀ ਲਈ ਨਿੰਮ ਅਧਾਰਿਤ ਘੋਲ ਨਿੰਬੀਸਾਈਡ ਜਾਂ ਅਚੂਕ ਇੱਕ ਲਿਟਰ ਪ੍ਰਤੀ ਏਕੜ ਲਈ ਸਿਫ਼ਾਰਸ਼ ਕੀਤਾ ਗਿਆ ਹੈ ।ਨਰਮੇ ਤੇ ਚਿੱਟੀ ਮੱਖੀ ਦੀ ਰੋਕਥਾਮ ਲਈ 1200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਪੀ ਏ ਯੂ ਨਿੰਮ ਦੇ ਘੋਲ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਤਰ੍ਹਾਂ ਕਣਕ ਦੇ ਚੇਪੇ ਦੀ ਰੋਕਥਾਮ ਲਈ ਵੀ 2000 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਿਫਾਰਿਸ਼ ਕੀਤੀ ਗਈ ਹੈ। ਨਿੰਮ ਦਾ ਘੋਲ ਤਿਆਰ ਕਰਨ ਲਈ ਚਾਰ ਕਿੱਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਅਤੇ ਨਿਮੋਲੀਆਂ) ਨੂੰ 10 ਲਿਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ । ਇਸ ਘੋਲ ਨੂੰ ਕੱਪੜੇ ਨਾਲ ਛਾਣ ਲਉ ਅਤੇ ਸਿਫ਼ਾਰਸ਼ ਕੀਤੀ ਮਾਤਰਾ ਮੁਤਾਬਕ ਛਿੜਕਾਅ ਕਰੋ । ਇਹ ਬਿਮਾਰੀਆਂ ਨੂੰ ਕਾਬੂ ਕਰਨ ਲਈ ਕਾਫੀ ਲਾਭਕਾਰੀ ਸਿੱਧ ਹੁੰਦਾ ਹੈ । ਭਵਿੱਖ ਵਿੱਚ ਉਮੀਦ ਹੈ ਕਿ ਇਸ ਸੰਬੰਧੀ ਹੋਰ ਪਦਾਰਥ ਵੀ ਸਿਫ਼ਾਰਸ਼ ਕੀਤੇ ਜਾਣਗੇ ਅਤੇ ਇਸ ਗੁਣਕਾਰੀ ਰੁੱਖ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਏਗੀ ।

Neem plant oil

Neem plant oil

ਸੁਹੰਜਨਾ ਮੂਲ ਰੂਪ ਵਿੱਚ ਭਾਰਤ ਵਿੱਚ ਪੈਦਾ ਹੋਈ ਅਤੇ ਹੁਣ ਆਪਣੀਆਂ ਵਿਸ਼ੇਸ਼ਤਾਈਆ ਕਾਰਨ ਪੂਰੇ ਵਿਸ਼ਵ ਵਿੱਚ ਉਗਾਈ ਜਾ ਰਹੀ ਹੈ । ਸੁਹੰਜਨਾ ਦੇ ਵਿੱਚ ਉਚ ਪੱਧਰ ਅਤੇ ਭਰਪੂਰ ਮਾਤਰਾ ਦੇ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਕਿ ਮਾਸ, ਦੁੱਧ ਦੇ ਬਰਾਬਰ ਹੁੰਦਾ ਹੈ । ਇਸ ਤੋਂ ਇਲਾਵਾ ਵਸਾ, ਰੇਸ਼ਾ, ਕਾਰਬੋਹਾਈਡੇਟਸ, ਵਿਟਾਮਿਨ ਅਤੇ ਜ਼ਰੂਰੀ ਐਮੀਨੋ ਐਸਿਡ ਮਾਸ ਦੁੱਧ ਦੇ ਬਰਾਬਰ ਪਾਏ ਜਾਂਦੇ ਹਨ । ਸੁਹੰਜਨਾ ਦੇ ਸੁੱਕੇ ਪੱਤਿਆਂ ਦੇ ਵਿੱਚ 40-45 ਫੀਸਦੀ ਕਾਰਬੋਹਾਈਡ੍ਰੇਟ, 25-30 ਫੀਸਦੀ ਸ਼ੁੱਧ ਪ੍ਰੋਟੀਨ ਅਤੇ 10-12 ਫੀਸਦੀ ਫਾਈਬਰ ਪਾਏ ਜਾਂਦੇ ਹਨ । ਮੋਟਾਪੇ ਦੀ ਹਾਲਤ ਦੇ ਵਿੱਚ ਘੱਟ ਲਿਪਿਡ ਤੱਤ ਹੋਣ ਕਾਰਨ ਇਸ ਨੂੰ ਅਤਿਅੰਤ ਗੁਣਕਾਰੀ ਸਮਝਿਆ ਜਾਂਦਾ ਹੈ । ਆਯੂਰਵੈਦਿਕ ਦਵਾਈਆਂ ਅਤੇ ਇਲਾਜ ਦੇ ਵਿੱਚ ਇਸ ਦੀ ਭਰਪੂਰ ਵਰਤੋਂ ਹੁੰਦੀ ਹੈ । ਵੱਖ-ਵੱਖ ਖੋਜਾਂ ਦੇ

ਅਨੁਸਾਰ ਇਸ ਵਿੱਚ 14 ਵੱਡੇ ਖੁਰਾਕੀ ਤੱਤ ਅਤੇ 21 ਲਘੂ ਖੁਰਾਕੀ ਤੱਤ ਪਾਏ ਜਾਂਦੇ ਹਨ । ਇਸਦੇ ਪੱਤਿਆਂ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਕੈਲਸ਼ੀਅਮ, ਲੋਹਾ, ਪੋਟਾਸ਼ੀਅਮ, ਮੈਗਨੀਸ਼ੀਅਮ, ਅਤੇ ਫਾਸਫੋਰਸ  ਪਾਇਆ ਜਾਂਦਾ ਹੈ । ਇਸ ਵਿੱਚ ਪਾਏ ਜਾਣ ਵਾਲੇ ਤੱਤ ਕੌਮਾਂਤਰੀ ਪੱਧਰ ਤੇ ਸਿਹਤ ਅਦਾਰੇ ਜਿਵੇਂ ਡਬਲਯੂ ਐਚ ਓ, ਯੂ ਐਨ ਓ ਵੱਲੋਂ ਛੋਟੇ ਬੱਚਿਆਂ ਲਈ ਨਿਰਧਾਰਤ ਤੱਤਾਂ ਤੋਂ ਵੀ ਵੱਧ ਹੁੰਦੇ ਹਨ । ਕੁਪੋਸ਼ਣ ਨੂੰ ਨਜਿੱਠਣ ਦੇ ਲਈ ਸੁਹੰਜਨਾ ਇੱਕ ਵੱਡਮੁੱਲਾ ਸਰੋਤ ਹੋ ਸਕਦਾ ਹੈ ।

ਪੱਤਿਆਂ ਦਾ ਰਸ ਉਚ ਰਕਤ ਦਾਬ ਨੂੰ ਕਾਬੂ ਕਰਨ ਵਿੱਚ ਸਹਾਇਕ ਹੁੰਦਾ ਹੈ। ਹੈਜ਼ਾ ਅਤੇ ਭਗੰਦਰ ਦੀ ਬਿਮਾਰੀ ਵਿੱਚ ਵੀ ਇਹ ਰਸ ਕਾਫ਼ੀ ਲਾਭਦਾਇਕ ਹੁੰਦਾ ਹੈ । ਪੱਤਿਆਂ ਦਾ ਗੁੱਦਾ ਜਲਨ ਅਤੇ ਧੱਫੜਾਂ ਲਈ ਚੰਗਾ ਹੁੰਦਾ ਹੈ । ਖੋਜਾਂ ਅਨੁਸਾਰ ਇਹ ਵੀ ਦੇਖਿਆ ਗਿਆ ਹੈ ਕਿ ਇਸ ਦੇ ਪੱਤੇ ਕੈਂਸਰ ਅਤੇ ਸ਼ੱਕਰ ਰੋਗ ਦਾ ਮੁਕਾਬਲਾ ਕਰਨ ਦੇ ਵੀ ਸਮਰੱਥ ਹਨ । ਸੁਹਾਂਜਣਾ ਦੇ ਫੁੱਲ ਮੁੱਢ ਤੋਂ ਹੀ ਅੱਖਾਂ ਦੇ ਟਾਨਿਕ ਵਜੋਂ ਵਰਤੇ ਜਾਂਦੇ ਰਹੇ ਹਨ । ਇਸ ਤੋਂ ਇਲਾਵਾ ਖੰਘ, ਪਿੱਤੇ ਦੀ ਗਰਮੀ, ਸੋਜ਼ਸ ਦੇ ਵਿੱਚ ਵੀ ਇਹ ਲਾਭਕਾਰੀ ਹੁੰਦੇ ਹਨ । ਫੁੱਲਾਂ ਅਤੇ ਜੜ੍ਹਾਂ ਦੇ ਵਿੱਚ ਕੁਦਰਤੀ ਤੌਰ ਤੇ ਐਂਟੀਬਾਇਓਟਿਕ ਗੁਣ ਹੁੰਦੇ ਹਨ ਜੋ ਕਿ ਹੈਜ਼ੇ ਦੇ ਲਈ ਲਾਭਕਾਰੀ ਹੁੰਦੇ ਹਨ । ਫਲੀਆਂ ਅਤੇ ਬੀਜਾਂ ਦੀ ਵਰਤੋਂ ਮਾਸਪੇਸ਼ੀਆਂ ਦੇ ਦਰਦ ਅਤੇ ਜ਼ਖਮ ਨੂੰ ਚੰਗਾ ਕਰਨ ਲਈ ਵੀ ਕੀਤੀ ਜਾਦੀ ਹੈ । ਬੀਜ ਦੇ ਪਾਉੂਡਰ ਦੀ ਵਰਤੋਂ ਜਿਗਰ ਅਤੇ ਗੁਰਦੇ ਤੋਂ ਆਰਸੈਨਿਕ ਨੂੰ ਘਟਾਉਣ ਲਈ ਕੀਤੀ ਜਾਂਦੀ ਹੈ । ਤਣਾ ਅਤੇ ਜੜਾਂ ਦੀ ਛਾਲ ਨੂੰ ਭੁੱਖ ਅਤੇ ਪਾਚਣ ਸ਼ਕਤੀ ਵਧਾਉਣ ਲਈ ਲਿਆ ਜਾਂਦਾ ਹੈ । ਇਸਦੇ ਗੂੰਦ ਦੇ ਤੇਲ ਨੂੰ ਤਿਲ ਦੇ ਤੇਲ ਨਾਲ ਮਿਲਾ ਕੇ, ਸਿਰਦਰਦ ਤੋਂ ਰਾਹਤ ਲਈ ਵਰਤਿਆਂ ਜਾਂਦਾ ਹੈ।

ਜੜ੍ਹਾਂ ਨੂੰ ਚੱਬਣ ਦੇ ਨਾਲ ਠੰਢ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ । ਹੋਰ ਤਾਂ ਹੋਰ ਇਸ ਦੇ ਬੀਜਾਂ ਦਾ ਤੇਲ ਅਲਸਰ, ਕੰਨ ਦੀਆਂ ਬਿਮਾਰੀਆਂ, ਚਮੜੀ ਦੇ ਰੋਗਾਂ ਲਈ ਵੀ ਅਤਿ ਗੁਣਕਾਰੀ ਗਿਣਿਆ ਗਿਆ ਹੈ ।ਹਾਲ ਹੀ ਵਿਚ, ਸੁਹੰਜਨਾ ਦੇ ਪੱਤੇ ਦੇ ਰੱਸ ਨੂੰ ਮੱਛੀ ਦੀ ਚਮੜੀ ਤੋ ਅਲੱਗ ਕੀਤੇ ਗਏ ਜੈਲੇਟਿਨ ਨਾਲ ਮਿਲਾਕੇ ਐਟੀਮਾਈਕ੍ਰਬਾਇਲ, ਐਟੀਆਕਸੀਡੇਟਿਵ ਅਤੇ ਬਾਇੳਡੀਗਰੇਡੇਬਲ ਪੈਕਿੰਗ ਸਮੱਗਰੀ ਦੇ ਉਤਪਾਦਨ ਲਈ ਵਰਤਿਆ ਗਿਆ ਹੈ । ਸੁਹੰਜਨਾ ਦੇ ਗੂੰਦ ਨੂੰ ਦਵਾਈਆਂ ਜਿਵੇਂ ਕਿ ਆਈਬੂਪ੍ਰੋਫਨ, ਮੈਲੋਕਸਿਕਮ ਅਤੇ ਫੇਲੋਡੀਪੀਨ ਦੇ ਉਤਪਾਦਨ ਲਈ ਵੀ ਵਰਤਿਆ ਜਾ ਸਕਦਾ ਹੈ ।

ਇਹ ਵੀ ਪੜ੍ਹੋ :- ਸਰਦੀਆਂ ਦੌਰਾਨ ਫ਼ਲਦਾਰ ਬੂਟਿਆਂ ਵਿੱਚ ਸੁਚੱਜਾ ਖਾਦ ਪ੍ਰਬੰਧ

ਅਸ਼ੋਕ ਕੁਮਾਰ ਧਾਕੜ: 86193-77472

ਅਸ਼ੋਕ ਕੁਮਾਰ ਧਾਕੜ, ਵਿਜੈ ਕੁਮਾਰ ਅਤੇ ਅਨਿਲ ਸ਼ਰਮਾ

ਵਣ ਅਤੇ ਕੁਦਰਤੀ ਸੋਮੇ ਵਿਭਾਗ

Summary in English: Neem and Suhanjana are traditional Indian medicinal trees

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters