
Agricultural
ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਾਣੀ ਦੀ ਬਚਤ ਅਤੇ ਝੋਨੇ ਦੀ ਲੁਆਈ ਲਈ ਖੇਤੀ ਕਾਮਿਆ ਦੀ ਸਮੱਸਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਸੀ ਅਤੇ ਇਸ ਤਕਨੀਕ ਨੂੰ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਨੇ ਕਾਫੀ ਹੱਦ ਤੱਕ ਅਪਣਾਇਆਂ ਵੀ, ਪਰ ਕੁੱਝ ਸਮੱਸਿਆ ਜਿਵੇ ਕਿ ਫ਼ਸਲ ਦਾ ਜੰਮ ਘੱਟ ਹੋਣਾ, ਨਦੀਨਾ ਦੀ ਸਮੱਸਿਆਂ ਅਤੇ ਲਘੂ ਤੱਤਾਂ ਦੀ ਘਾਟ ਕਰਕੇ ਇਸ ਤਕਨੀਕ ਨੂੰ ਵੱਡੇ ਪੱਧਰ ਤੇ ਨਹੀ ਅਪਣਾਇਆ ਗਿਆ
ਸਾਲ 2020 ਵਿੱਚ ਕੋਰੋਨਾ ਮਹਾਂਮਾਰੀ ਦੋਰਾਨ ਝੋਨੇ ਦੀ ਲੁਆਈ ਦੌਰਾਨ ਖੇਤੀ ਕਾਮਿਆ ਦੀ ਘਾਟ ਨਾ ਸਿਰਫ਼ ਪੰਜਾਬ ਵਿੱਚ ਬਲਕਿ ਨਾਲ ਲੱਗਦੇ ਸੂਬਿਆਂ ਵਿੱਚ ਵੀ ਹੋਣ ਕਰਕੇ ਜਿਆਦਾਂਤਰ ਕਿਸਾਨਾਂ ਨੇ ਝੋਨੇ ਦੀ ਲੁਆਈ ਵੱਖ- ਵੱਖ ਢੰਗਾਂ ਜਿਵੇ ਕਿ ਛਿੱਟੇ ਨਾਲ, ਵੱਟਾ ਤੇ, ਮਸ਼ੀਂਨੀ ਦੁਆਰਾਂ ਅਤੇ ਸਿੱਧੀ ਬਿਜਾਈ ਆਦਿ ਕੀਤੀ। ਭਾਂਵੇ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਸਿਫ਼ਾਰਸ਼ ਸਿਰਫ਼ ਭਾਰੀਆ ਜ਼ਮੀਨਾ ਵਿੱਚ ਹੀ ਕੀਤੀ ਗਈ ਹੈ, ਪਰ ਪ੍ਰਾਂਤ ਦੇ ਕੁੱਝ ਨੀਮ-ਪਹਾੜ੍ਹੀ ਇਲਾਕਿਆ ਵਿੱਚ, ਇਸ ਸਮੇਂ ਦੌਰਾਨ, ਕੋਈ ਹੋਰ ਵਿਕੱਲਪ ਨਾ ਹੋਣ ਕਰਕੇ ਕਿਸਾਨਾਂ ਨੇ ਰੇਤਲੀਆ ਜਾਂ ਹਲਕੀਆ ਜ਼ਮੀਨਾ ਵਿੱਚ ਵੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ, ਜਿਸ ਕਾਰਨ ਨਦੀਨਾਂ ਦੀ ਸਮੱਸਿਆਂ ਦੇ ਨਾਲ-ਨਾਲ ਲਘੂ ਤੱਤਾਂ ਦੀ ਘਾਟ ਵੀ ਨਜ਼ਰ ਆਈ ।ਸੋ, ਇਹਨਾ ਲਘੂ ਤੱਤਾਂ ਦੀ ਘਾਟ ਦੀ ਪਛਾਣ ਅਤੇ ਰੋਕਥਾਮ ਕਿਸਾਨ ਸਮੇ ਸਿਰ ਹੇਠ ਲਿਖੇ ਅਨੁਸਾਰ ਕਰਕੇ ਝੋਨੇ ਦੀ ਫ਼ਸਲ ਦੇ ਝਾੜ ਨੂੰ ਹੋਣ ਵਾਲੇ ਨੁਕਸਾਨ ਤੋਂ ਬਚ ਸਕਦੇ ਹਨ।
ਝੋਨੇ ਵਿੱਚ ਜ਼ਿੰਕ ਦੀ ਘਾਟ: ਜ਼ਿੰਕ ਦੀ ਘਾਟ ਆਮ ਤੌਰ ਤੇ ਰੇਤਲੀਆ ਜ਼ਮੀਨਾ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ।ਘੱਟ ਜੈਵਿਕ ਮਾਦੇ ਅਤੇ ਖਾਰੇ ਪਾਣੀ ਵਾਲੀਆਂ ਜ਼ਮੀਨਾ ਵਿੱਚ ਵੀ ਜ਼ਿੰਕ ਦੀ ਘਾਟ ਆਉਦੀ ਹੈ ।ਜਿੱਥੇ ਫਾਸਫੋਰਸ ਦੀ ਜਿਆਦਾਂ ਵਰਤੋਂ ਹੋਵੇ, ਉਹਨਾਂ ਜ਼ਮੀਨਾ ਵਿੱਚ ਵੀ ਜ਼ਿੰਕ ਦੀ ਘਾਟ ਨਜ਼ਰ ਆਉਦੀ ਹੈ ।ਇਸ ਘਾਟ ਵਿੱਚ ਬੂਟੇ ਮੱਧਰੇ ਰਹਿ ਜਾਂਦੇ ਹਨ ਅਤੇ ਬੂਟਾ ਜਾੜ ਬਹੁਤ ਘੱਟ ਮਾਰਦਾ ਹੈ।ਅਜਿਹੇ ਬੂਟਿਆਂ ਦੇ ਪੱਤੇ ਜੰਗਾਲੇ ਜਿਹੇ ਅਤੇ ਭੂਰੇ ਹੋ ਜਾਂਦੇ ਹਨ। ਪੱਤੇ ਦੀ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿੱਚ ਪੱਤੇ ਸੁੱਕ ਜਾਂਦੇ ਹਨ। (ਚਿੱਤਰ ਨੰ: 1)
ਚਿੱਤਰ ਨੰ: 1- ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ

ਰੋਕਥਾਮ: ਝੋਨੇ ਦੀ ਫ਼ਸਲ ਵਿੱਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਉਸ ਵੇਲੇ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਛੱਟੇ ਨਾਲ ਪਾ ਦਿਉ। ਬਹੁਤ ਮਾੜੀਆਂ ਜ਼ਮੀਨਾਂ ਵਿੱਚ ਜ਼ਿੰਕ ਸਲਫੇਟ ਦੀ ਵਰਤੋਂ ਦੇ ਬਾਵਜੂਦ ਵੀ ਜ਼ਿੰਕ ਦੀ ਘਾਟ ਧੋੜੀਆਂ ਵਿੱਚ ਨਜ਼ਰ ਆਉਂਦੀ ਹੈ।ਅਜਿਹੀ ਹਾਲਤ ਵਿੱਚ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21%) ਜਾਂ 6.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਨੂੰ ਏਨੀ ਹੀ ਸੁੱਕੀ ਮਿੱਟੀ ਵਿੱਚ ਰਲਾ ਕੇ ਘਾਟ ਵਾਲੇ ਥਾਵਾਂ ਵਿੱਚ ਖਿਲਾਰ ਦੇਣਾ ਚਾਹੀਦਾ ਹੈ।
ਝੋਨੇ ਵਿੱਚ ਲੋਹੇ ਦੀ ਘਾਟ: ਜ਼ਿਆਦਾ ਰੇਤਲੀਆਂ ਜ਼ਮੀਨਾਂ ਵਿੱਚ ਜਿਥੇ ਪਾਣੀ ਨਾ ਖੱੜਦਾ ਹੋਵੇ, ਲੋਹੇ ਦੀ ਘਾਟ ਆਮ ਦੇਖਣ ਨੂੰ ਮਿਲਦੀ ਹੈ ਕਿਉਕਿ ਲੋਹੇ ਤੱਤ ਦੀ ਫਾਰਮ ਬਦਲਣ ਕਾਰਨ, ਫ਼ਸਲ ਨੂੰ ਔਕਸੀਡਾਇਜ਼ਡ ਫਾਰਮ ਵਿੱਚ ਇਸਦੀ ਉਪੱਲਬਧਤਾ ਨਹੀ ਹੁੰਦੀ ਜਿਸ ਕਰਕੇ ਇਸਦੀ ਘਾਟ ਵਾਲੇ ਬੂਟਿਆਂ ਦੇ ਪੱਤੇ ਪੀਲੇ ਪੈ ਜਾਂਦੇ ਹਨ (ਚਿੱਤਰ ਨੰ. 2)। ਲੋਹੇ ਦੀ ਘਾਟ ਨਾਲ ਬੂਟੇ ਮਰ ਵੀ ਜਾਂਦੇ ਹਨ ਅਤੇ ਕਈ ਵਾਰੀ ਸਾਰੀ ਦੀ ਸਾਰੀ ਫ਼ਸਲ ਹੀ ਤਬਾਹ ਹੋ ਜਾਂਦੀ ਹੈ।
ਚਿੱਤਰ ਨੰ: 2- ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ

ਰੋਕਥਾਮ: ਜਦੋਂ ਲੋਹੇ ਦੀ ਘਾਟ ਕਾਰਨ ਪੀਲੇਪਨ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਫ਼ਸਲ ਨੂੰ ਛੇਤੀ-ਛੇਤੀ ਭਰਵੇਂ ਪਾਣੀ ਦਿਉ। ਇੱਕ ਹਫ਼ਤੇ ਦੀ ਵਿੱਥ ਤੇ ਫੈਰਸ ਸਲਫੇਟ ਦਾ ਛਿੜਕਾਅ ਪੱਤਿਆਂ ਉੱਪਰ ਕਰੋ, ਜਿਸਦੇ ਲਈ 1 ਕਿਲੋ ਫੈਰਸ ਸਲਫੇਟ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਵਰਤੋਂ।
ਅਜਿਹੇ 2-3 ਛਿੜਕਾਅ ਕਰਨ ਨਾਲ ਝੋਨੇ ਦੀ ਫ਼ਸਲ ਵਿੱਚ ਲੋਹੇ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ। ਇਸ ਗੱਲ ਧਿਆਨ ਰੱਖੋ ਕਿ ਲੋਹੇ ਤੱਤ ਦੀ ਹਮੇਸ਼ਾ ਸਪਰੇਅ ਹੀ ਕਰੋ, ਕਿਉਕਿ ਜ਼ਮੀਨ ਰਾਹੀਂ ਇਸਦੀ ਪੂਰਤੀ ਅਸਰਦਾਰ ਨਹੀਂ ਹੈ। ਇਸ ਤਰ੍ਹਾ ਸਮੇ ਸਿਰ ਲਘੂ ਤੱਤਾਂ ਦੀ ਘਾਟ ਦੀ ਪਰਖ ਅਤੇ ਰੋਕਥਾਮ ਕਰਕੇ ਝੋਨੇ ਦੀ ਫ਼ਸਲ ਦੇ ਝਾੜ ਨੂੰ ਹੋਣ ਵਾਲੇ ਨੁਕਸਾਨ ਨੂੰ ਬਚਾ ਕੇ ਨੂੰ ਸਿੱਧੀ ਬਿਜਾਈ ਨੂੰ ਸਫ਼ਲ ਬਣਾਇਆ ਜਾ ਸਕਦਾ ਹੈ।
ਪਵਿੱਤਰ ਸਿੰਘ1 ਅਤੇ ਸਲਵਿੰਦਰ ਸਿੰਘ ਧਾਲੀਵਾਲ2
1ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ
2ਭੂਮੀ ਵਿਗਿਆਨ ਵਿਭਾਗ,ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ
Summary in English: Micronutrient deficiency and prevention in direct sowing of paddy