1. Home
  2. ਖੇਤੀ ਬਾੜੀ

ਇੱਥੇ ਜਾਣੋ Kharif Crops ਵਿੱਚ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਕਾਸ਼ਤਕਾਰੀ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦਾ ਵੇਰਵਾ

ਇਸ ਲੇਖ ਵਿੱਚ ਸਾਉਣੀ ਦੀਆਂ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਕਾਸ਼ਤਕਾਰੀ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦਾ ਵੇਰਵਾ ਸਾਂਝਾ ਕੀਤਾ ਗਿਆ ਹੈ।

Gurpreet Kaur Virk
Gurpreet Kaur Virk
ਸਾਉਣੀ ਦੀਆਂ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਕਾਸ਼ਤਕਾਰੀ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦਾ ਵੇਰਵਾ

ਸਾਉਣੀ ਦੀਆਂ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਕਾਸ਼ਤਕਾਰੀ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦਾ ਵੇਰਵਾ

Weed Control: ਸਾਉਣੀ ਦੀਆਂ ਫ਼ਸਲਾਂ ਵਿੱਚ ਮੌਸਮੀ ਘਾਹ, ਮੌਥੇ ਅਤੇ ਚੌੜੀ ਪੱਤੀ ਵਾਲੇ ਨਦੀਨ ਉੱਗਦੇ ਹਨ ਅਤੇ ਫ਼ਸਲਾਂ ਦੇ ਝਾੜ ਨੂੰ ਪ੍ਰਭਾਵਿਤ ਕਰਦੇ ਹਨ। ਸਾਉਣੀ ਰੁੱਤੇ ਬਰਸਾਤਾਂ ਅਤੇ ਫ਼ਸਲਾਂ ਨੂੰ ਵੀ ਜ਼ਿਆਦਾ ਪਾਣੀ ਲਾਉਣ ਕਰਕੇ ਵੱਖ-ਵੱਖ ਤਰ੍ਹਾਂ ਦੇ ਨਦੀਨ ਹਾੜ੍ਹੀ ਰੁੱਤ ਦੇ ਮੁਕਾਬਲੇ ਕਾਫੀ ਜ਼ਿਆਦਾ ਉੱਗਦੇ ਹਨ। ਨਦੀਨ ਫ਼ਸਲਾਂ ਨਾਲੋਂ ਜ਼ਿਆਦਾ ਖਰਾਬ ਮੌਸਮ ਨੂੰ ਝੱਲਣ ਦੀ ਸਮਰੱਥਾ ਰੱਖਦੇ ਹਨ ਅਤੇ ਫ਼ਸਲ ਨਾਲੋਂ ਜ਼ਿਆਦਾ ਵਾਧਾ ਕਰਦੇ ਹਨ। ਜੇਕਰ ਨਦੀਨ ਫ਼ਸਲ ਦੇ ਉੱਗਣ ਨਾਲ ਹੀ ਜੰਮ ਆਉਣ ਅਤੇ ਇਨ੍ਹਾਂ ਦੀ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਫ਼ਸਲ ਦੇ ਝਾੜ ਦੇ ਬਹੁਤ ਮਾੜਾ ਅਸਰ ਪਾਉਂਦੇ ਹਨ।

ਇਸ ਲਈ ਜਰੂਰੀ ਹੋ ਜਾਂਦਾ ਹੈ ਕਿ ਇਨ੍ਹਾਂ ਦਾ ਪ੍ਰਬੰਧਨ ਸ਼ੁਰੂਆਤੀ ਅਵਸੱਥਾ ਵਿੱਚ ਹੀ ਜਦੋਂ ਨਦੀਨ ਛੋਟੇ ਹੋਣ ਕਰਨਾ ਚਾਹੀਦਾ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਸਹੀ ਸਮੇਂ ਤੇ ਸਯੁੰਕਤ ਨਦੀਨ ਪ੍ਰਬੰਧਨ ਅਪਨਾਉਣ ਤਾਂ ਜੋ ਨਦੀਨਾਂ ਦਾ ਵਧਿਆ ਪ੍ਰਬੰਧਨ ਘੱਟ ਖਰਚੇ ਵਿੱਚ ਕਰ ਸਕਣ।

ਕੱਦੂ ਵਾਲਾ ਝੋਨਾ

ਕੱਦੂ ਵਾਲੇ ਝੋਨੇ ਵਿੱਚ ਨਦੀਨਾਂ ਨੂੰ ਲੁਆਈ ਤੋਂ 15 ਤੋਂ 30 ਦਿਨਾਂ ਤੱਕ ਹੱਥੀਂ ਪੱਟ ਦਿਉ।ਸਵਾਂਕ ਅਤੇ ਬਾਕੀ ਨਦੀਨਾਂ ਦੀ ਰੋਕਥਾਮ ਲਈ ਝੋਨੇ ਦੀ ਲੁਆਈ ਤੋਂ 2-3 ਦਿਨਾਂ ਅੰਦਰ ਮਚੈਟੀ/ਮਾਰਕਲੋਰ/ਥੰਡਰ/ਪੰਚ 50 ਈ ਸੀ (ਬੂਟਾਕਲੋਰ) ਜਾਂ ਫ਼ਾਸਟ ਮਿਕਸ 50 ਈ ਡਬਲਯੂ (ਬੂਟਾਕਲੋਰ) 1200 ਮਿਲੀਲਿਟਰ ਪ੍ਰਤੀ ਏਕੜ ਜਾਂ ਰਿਫ਼ਿਟ/ਮਾਰਕਪ੍ਰੈਟੀਲਾ/ ਮਿਫ ਪ੍ਰੈਟੀਲਾ 50 ਈ ਸੀ (ਪ੍ਰੈਟੀਲਾਕਲੋਰ) 600 ਮਿਲੀਲਿਟਰ ਪ੍ਰਤੀ ਏਕੜ ਜਾਂ ਰਿਫ਼ਿਟ ਪਲੱਸ 37 ਈ ਡਬਲਯੂ (ਪ੍ਰੈਟੀਲਾਕਲੋਰ) 750 ਮਿਲੀਲਿਟਰ ਪ੍ਰਤੀ ਏਕੜ ਵਿਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿੱਲੋ ਰੇਤ ਪ੍ਰਤੀ ਏਕੜ ਦੇ ਹਿਸਾਬ ਵਿੱਚ ਮਿਲਾ ਕੇ ਖੜ੍ਹੇ ਪਾਣੀ ਵਿੱਚ ਛੱਟਾ ਦੇ ਕੇ ਕਰੋ। ਕਣਕੀ ਘਾਹ ਦੀ ਰੋਕਥਾਮ ਲਈ ਐਰੋਜ਼ਿਨ/ਅਨਿਲੋਗਾਰਡ/ਪੈਡੀਗਾਰਡ 30 ਈ ਸੀ (ਅਨਿਲੋਫ਼ੋਸ) 500 ਮਿਲੀਲਿਟਰ ਪ੍ਰਤੀ ਏਕੜ ਨੂੰ 60 ਕਿੱਲੋੋ ਰੇਤ ਵਿੱਚ ਮਿਲਾ ਲੁਆਈ ਤੋਂ 2-3 ਦਿਨਾਂ ਅੰਦਰ ਛੱਟਾ ਦਿਓ। ਝੋਨੇ ਦੇ ਮੋਥੇ ਅਤੇ ਹੋਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ ਸਾਥੀ 10 ਡਬਲਯੂ ਪੀ (ਪਾਈਰੈਜ਼ੋਸਲਫੂਰਾਨ ਈਥਾਈਲ) 60 ਗ੍ਰਾਮ ਪ੍ਰਤੀ ਏਕੜ ਨੂੰ 60 ਕਿੱਲੋ ਰੇਤ ਪ੍ਰਤੀ ਏਕੜ ਮਿਲਾ ਕੇ ਖੜ੍ਹੇ ਪਾਣੀ ਵਿੱਚ ਛੱਟਾ ਮਾਰੋ। ਜੇਕਰ ਕਿਸੇ ਵਜ੍ਹਾ ਕਰਕੇ ਲੁਆਈ ਸਮੇਂ ਨਦੀਨਨਾਸ਼ਕ ਦੀ ਵਰਤੋਂ ਨਾ ਹੋ ਸਕੇ ਜਾਂ ਖੇਤ ਵਿੱਚ ਪਾਣੀ ਖੜ੍ਹਾ ਕਰਨ ਦੀ ਸਮੱਸਿਆ ਹੋਵੇ ਤਾਂ ਉਹਨਾਂ ਹਲਾਤਾਂ ਵਿੱਚ ਲੁਆਈ ਤੋਂ 10-12 ਦਿਨਾਂ ਤੇ ਗਰੈਨਿਟ 240 ਐਸ ਸੀ (ਪਿਨੌਕਸੁਲਮ) 40 ਮਿਲੀਲਿਟਰ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਣ ਨਾਲ ਮੁੱਖ ਨਦੀਨ ਜਿਵੇਂ ਕਿ ਸੁਆਂਕ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ।

ਇਸ ਨਦੀਨ ਨਾਸ਼ਕ ਦੇ ਛਿੜਕਾਅ ਸਮੇਂ ਖੇਤ ਵਿੱਚ ਪਾਣੀ ਨਹੀਂ ਖੜ੍ਹਾ ਹੋਣਾ ਚਾਹੀਦਾ ਅਤੇ ਛਿੜਕਾਅ ਤੋਂ ਅਗਲੇ ਦਿਨ ਪਾਣੀ ਲਾਉ। ਜਿੱਥੇ ਸੁਆਂਕ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ ਲੁਆਈ ਤੋਂ 20-25 ਦਿਨਾਂ ਬਾਅਦ ਨੌਮਿਨੀਗੋਲਡ/ਵਾਸ਼ ਆਊਟ/ਮਾਚੋ/ਤਾਰਕ10 ਐਸ ਸੀ (ਬਿਸਪਾਇਰੀਬੈਕ) 100 ਮਿਲੀਲਿਟਰ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜੇਕਰ ਲੈਪਟੋਕਲੋਆ (ਚੀਨੀ) ਘਾਹ ਅਤੇ ਕਣਕੀ ਦੀ ਸਮੱਸਿਆ ਆਉਂਦੀ ਹੋਵੇ ਤਾਂ ਝੋਨੇ ਦੀ ਲੁਆਈ ਤੋਂ 20-25 ਦਿਨਾਂ ਤੇ ਰਾਈਸਸਟਾਰ 6.7 ਈ ਸੀ (ਫਿਨਾਕਸਾਪਰੋਪ-ਪੀ-ਇਥਾੲਲਿ) 400 ਮਿਲੀਲਿਟਰ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

ਝੋਨੇ ਦੇ ਮੋਥਿਆਂ ਅਤੇ ਚੌੜੀ ਪੱਤੀ ਵਾਲੇ ਨਦੀਨ ਜਿਵੇਂ ਘਰਿੱਲਾ, ਸਣੀ ਆਦਿ ਦੀ ਸਮੱਸਿਆ ਹੋਵੇ ਤਾਂ ਐਲਗਰਿਪ 20 ਡਬਲਯੂ ਜੀ (ਮੈਟਸਲਫੂਰਾਨ) 30 ਗ੍ਰਾਮ ਪ੍ਰਤੀ ਏਕੜ ਜਾਂ 50 ਗ੍ਰਾਮ ਸਨਰਾਈਸ 15 ਡਬਲਯੂ ਜੀ (ਇਥੌਕਸੀਸਲਫੂਰਾਨ) ਜਾਂ 8 ਗ੍ਰਾਮ ਐਲਮਿਕਸ 20 ਡਬਲਯੂ ਪੀ (ਕਲੋਰੀਮਿਯੂਰਾਨ ਇਥਾਇਲ 10% + ਮੈਟਸਲਫੂਰਾਨ ਮਿਥਾਇਲ 10%) ਪ੍ਰਤੀ ਏਕੜ ਨੂੰ ਲੁਆਈ ਤੋਂ 20 ਦਿਨਾਂ ਤੇ ਜਦੋ ਨਦੀਨਾਂ ਦੀ ਅਵਸੱਥਾ 2 ਤੋਂ 4 ਪੱਤਿਆਂ ਦੀ ਹੋਵੇ, 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ ਨੋਵੀਕਸਿਡ 3.25 ਓ ਡੀ (ਫ਼ਲੋਰਪਾਈਰਾਕਸੀਫ਼ੇਨ 1.31% + ਪਿਨੌਕਸੁਲਮ 2.1%) 500 ਮਿਲੀਲਿਟਰ ਪ੍ਰਤੀ ਏਕੜ ਜਾਂ ਏਕੇਤਸੂ 43 ਡਬਲਯੂ ਜੀ (ਬਿਸਪਾਇਰੀਬੈਕ 38% + ਕਲੋਰੀਮਿਯੂਰਾਨ 2.5% + ਮੈਟਸਲਫੂਰਾਨ 2.5%) 40 ਗ੍ਰਾਮ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਲੁਆਈ ਤੋਂ 20-25 ਦਿਨਾਂ ਤੇ ਛਿੜਕਾਅ ਕਰੋ।

ਸਿੱਧੀ ਬਿਜਾਈ ਵਾਲਾ ਝੋਨਾ

ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਨਦੀਨਾਂ ਦੀ ਸਮੱਸਿਆ ਕੱਦੂ ਵਾਲੇ ਝੋਨੇ ਨਾਲੋਂ ਜ਼ਿਆਦਾ ਹੁੰਦੀ ਹੈ। ਪਰ ਜੇਕਰ ਸਹੀ ਸਮੇਂ ਤੇ ਸ਼ਿਫ਼ਾਰਸ਼ ਕੀਤੇ ਅਨੁਸਾਰ ਨਦੀਨ ਪ੍ਰਬੰਧ ਕੀਤਾ ਜਾਵੇ ਤਾਂ ਇਨ੍ਹਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਝੋਨੇ ਦੀ ਸਿੱਧੀ ਬਿਜਾਈ ਤਰ-ਵੱਤਰ ਵਿਧੀ ਨਾਲ ਕਰਨ ਨੂੰ ਤਰਜੀਹ ਦਿਉ। ਇਸ ਵਿਧੀ ਨਾਲ ਬੀਜੇ ਝੋਨੇ ਵਿੱਚ ਪਹਿਲਾਂ ਪਾਣੀ ਤਕਰੀਬਨ ਬਿਜਾਈ ਤੋਂ 21 ਦਿਨਾਂ ਬਾਅਦ ਲਾਇਆ ਜਾਂਦਾ ਹੈ ਜਿਸ ਨਾਲ ਨਦੀਨ ਘੱਟ ਉੱਗਦੇ ਹਨ। ਘਾਹ ਵਾਲੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਉੱਤੇ ਕਾਬੂ ਪਾਉਣ ਲਈ ਬਿਜਾਈ ਸਮੇਂ ਸਟੌਂਪ/ਬੰਕਰ 30 ਈ ਸੀ (ਪੈਂਡੀਮੈਥਾਲਿਨ) 1.0 ਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਚੰਗੇ ਵਤਰ ਵਿੱਚ ਛਿੜਕਾਅ ਕਰੋ। ਝੋਨੇ ਦੀ ਸਿੱਧੀ ਬਿਜਾਈ ਲੱਕੀ ਸੀਡ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ ਜੋ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਨਾਲੋਂ-ਨਾਲ ਕਰਦੀ ਹੈ।

ਜੇਕਰ ਬਿਜਾਈ ਸੁੱਕੇ ਖੇਤ ਵਿੱਚ ਕੀਤੀ ਹੈ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਖੇਤ ਵੱਤਰ ਆਉਂਦਿਆਂ ਹੀ ਸਟੌਂਪ/ ਬੰਕਰ ਨਦੀਨਨਾਸ਼ਕ ਦਾ ਛਿੜਕਾਅ ਕਰੋ। ਜੇਕਰ ਬਾਅਦ ਵਿੱਚ ਨਦੀਨ ਹੋ ਜਾਣ ਤਾਂ ਨਦੀਨਾਂ ਦੀ ਕਿਸਮ ਦੇ ਅਨੁਸਾਰ ਨਦੀਨਨਾਸ਼ਕ ਦੀ ਸਹੀ ਚੋਣ ਕਰਕੇ ਬਿਜਾਈ ਤੋਂ 20-25 ਦਿਨਾ ਬਾਅਦ ਛਿੜਕਾਅ ਕਰੋ। ਖੇਤ ਵਿੱਚ ਸਵਾਂਕ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ ਨੌਮਿਨੀਗੋਲਡ 10 ਐਸ ਸੀ (ਬਿਸਪਾਇਰੀਬੈਕ ਸੋਡੀਅਮ) 100 ਮਿਲੀਲਿਟਰ ਪ੍ਰਤੀ ਏਕੜ; ਜੇਕਰ ਗੁੜਤ ਮਧਾਨਾ, ਚੀਨੀ (ਘੋੜਾ) ਘਾਹ, ਚਿੜੀ ਘਾਹ, ਤੱਕੜੀ ਘਾਹ ਹੋਵੇ ਤਾਂ ਰਾਈਸਸਟਾਰ 6.7 ਈ ਸੀ (ਫਿਨਾਕਸਾਪਰੋਪ-ਪੀ-ਇਥਾਇਲ) 400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਵਿੱਚ ਘੋਲ ਕੇ ਛਿੜਕਾਅ ਕਰੋ।ਨੌਮਿਨੀਗੋਲਡ ਦਾ ਛਿੜਕਾਅ ਬਿਜਾਈ ਤੋਂ 15-20 ਦਿਨਾਂ ਬਾਅਦ ਵੀ ਕੀਤਾ ਜਾ ਸਕਦਾ ਹੈ।

ਝੋਨੇ ਦੇ ਮੋਥੇ, ਗੰਢੀ ਵਾਲਾ ਡੀਲਾ/ਮੋਥਾ ਅਤੇ ਚੌੜੇ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ ਜਦੋਂ ਨਦੀਨ 2-4 ਪੱਤਿਆਂ ਦਾ ਹੋਵੇ ਤਾਂ 8 ਗ੍ਰਾਮ ਐਲਮਿਕਸ 20 ਡਬਲਯੂ ਪੀ (ਕਲੋਰੀਮਿਯੂਰਾਨ ਇਥਾਇਲ 10% + ਮੈਟਸਲਫੂਰਾਨ ਮਿਥਾਇਲ 10%) ਦਾ ਛਿੜਕਾਅ ਕਰੋ। ਜੇਕਰ ਸਵਾਂਕ, ਝੋਨੇ ਦੇ ਮੋਥੇ, ਗੰਡੀ ਵਾਲੇ ਮੋਥੇ ਅਤੇ ਚੌੜੇ ਪੱਤੀ ਵਾਲੇ ਨਦੀਨਾਂ ਦੀ ਸਮੱਸਿਆ ਹੋਵੇ ਤਾਂ ਏਕੇਤਸੂ 43 ਡਬਲਯੂ ਜੀ (ਬਿਸਪਾਇਰੀਬੈਕ 38% + ਕਲੋਰੀਮਿਯੂਰਾਨ 2.5% + ਮੈਟਸਲਫੂਰਾਨ 2.5%) 40 ਗ੍ਰਾਮ ਪ੍ਰਤੀ ਏਕੜ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਇਹਨਾਂ ਨਦੀਨਨਾਸ਼ਕਾਂ ਤੋਂ ਚੰਗੇ ਨਤੀਜੇ ਲੈਣ ਲਈ ਛਿੜਕਾਅ 2-4 ਪੱਤਿਆਂ ਦੀ ਨਦੀਨ ਅਵਸੱਥਾ ਤੇ ਚੰਗੇ ਵੱਤਰ ਵਿੱਚ ਕਰੋ ਅਤੇ ਇੱਕ ਹਫ਼ਤੇ ਲਈ ਖੇਤ ਵਿੱਚ ਨਮੀਂ ਬਰਕਰਾਰ ਰੱਖੋ।

ਇਹ ਵੀ ਪੜ੍ਹੋ: June Month Advisory: ਜੂਨ ਮਹੀਨੇ ਦੇ ਖੇਤੀਬਾੜੀ ਰੁਝੇਂਵੇਂ, ਇਹ ਮੁੱਖ ਕੰਮ ਕਰ ਲਏ ਤਾਂ ਕਿਸਾਨਾਂ ਦਾ ਮੁਨਾਫ਼ਾ ਪੱਕਾ

ਨਰਮਾ

ਨਰਮੇਂ ਦੀ ਫ਼ਸਲ ਵਿੱਚ ਕਤਾਰ ਤੋਂ ਕਤਾਰ ਦੀ ਦੂਰੀ ਵੱਧ ਹੋਣ ਕਰਕੇ ਵਿਚਕਾਰ ਖਾਲੀ ਥਾਂ ਤੇ ਨਦੀਨ ਵੱਧ ਹੋ ਜਾਂਦੇ ਹਨ ਅਤੇ ਜੇਕਰ ਸਮੇਂ ਸਿਰ ਇਹਨਾਂ ਦੀ ਰੋਕਥਾਮ ਨਾ ਕੀਤੀ ਜਾਵੇ ਤਾਂ ਬਾਅਦ ਵਿੱਚ ਫ਼ਸਲ ਨੂੰ ਫੁੱਲ ਡੋਡੀ ਪੈਣ ਸਮੇਂ ਅਤੇ ਟੀਡੇਂ ਬਣਨ ਵੇਲੇ ਖੁਰਾਕੀ ਤੱਤਾਂ ਦੀ ਘਾਟ ਆ ਜਾਂਦੀ ਹੈ ਜਿਸ ਨਾਲ ਝਾੜ ੳੇੱਤੇ ਕਾਫੀ ਮਾੜਾ ਅਸਰ ਪੈਂਦਾ ਹੈ। ਨਰਮੇਂ ਦੀ ਫ਼ਸਲ ਵਿੱਚ 2-3 ਗੋਡੀਆਂ ਨਦੀਨਾਂ ਦੀ ਰੋਕਥਾਮ ਲਈ ਲਾਹੇਵੰਦ ਹਨ। ਪਹਿਲੀ ਗੋਡੀ ਪਹਿਲੇ ਪਾਣੀ ਤੋਂ ਪਹਿਲਾਂ ਕਰ ਦੇਣੀ ਚਾਹੀਦੀ ਹੈ ਜਦੋਂ ਨਦੀਨ ਛੋਟੀ ਅਵੱਸਥਾ ਵਿੱਚ ਹੋਣ।

ਗੋਡੀ ਲਈ ਪਹੀਏ ਵਾਲੀ ਤ੍ਰਿਫਾਲੀ ਜਾਂ ਟਰੈਕਟਰ ਨਾਲ ਚੱਲਣ ਵਾਲੇ ਟਿੱਲਰ ਜਾਂ ਟਰੈਕਟਰ ਨਾਲ ਚੱਲਣ ਵਾਲੇ ਰੋਟਰੀ ਵੀਡਰ ਦੀ ਵਰਤੋਂ ਟੀਂਡੇ ਪੈਣ ਤੋਂ ਪਹਿਲਾਂ ਕੀਤੀ ਜਾ ਸਕਦੀ ਹੈ। ਇੱਟਸਿੱਟ, ਮਧਾਣਾ ਅਤੇ ਮੱਕੜੇ ਦੀ ਰੋਕਥਾਮ ਲਈ 1.0 ਲਿਟਰ ਪ੍ਰਤੀ ਏਕੜ ਸਟੌਂਪ 30 ਈ ਸੀ (ਪੈਂਡੀਮੈਥਾਲੀਨ) ਨੂੰ 200 ਲਿਟਰ ਪਾਣੀ ਨਾਲ ਬਿਜਾਈ ਦੇ 24 ਘੰਟੇ ਅੰਦਰ ਛਿੜਕੋ। ਸਟੌਂਪ ਤੋਂ ਚੰਗਾ ਨਦੀਨ ਪ੍ਰਬੰਧ ਲੈਣ ਲਈ ਇਸ ਦਾ ਛਿੜਕਾਅ ਵੱਤਰ ਖੇਤ ਵਿੱਚ ਸਵੇਰ ਵੇਲੇ ਜਾਂ ਸ਼ਾਮ ਵੇਲੇ ਕਰੋ।

ਜਿਨ੍ਹਾਂ ਖੇਤਾਂ ਵਿੱਚ ਨਦੀਨ ਪਾਣੀ ਲਾਉਣ ਪਿੱਛੋਂ ਜਾਂ ਮੀਂਹ ਪੈਣ ਤੋਂ ਬਾਅਦ ਉੱਗਦੇ ਹਨ ਤਾਂ ਸਟੌਂਪ 30 ਈ ਸੀ ਦਾ ਛਿੜਕਾਅ ਖੇਤ ਵੱਤਰ ਆਉਣ ਤੇ ਵੀ ਕੀਤਾ ਜਾ ਸਕਦਾ ਹੈ। ਜੇਕਰ ਕੋਈ ਨਦੀਨ ਪਹਿਲਾਂ ਉੱਗਿਆ ਹੋਵੇ ਤਾਂ ਸਟੌਂਪ ਦੇ ਛਿੜਕਾਅ ਤੋਂ ਪਹਿਲਾਂ ਗੋਡੀ ਕਰਕੇ ਪੱਟ ਦਿਓ। ਮੌਸਮੀ ਘਾਹ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਨੂੰ ਹਿਟਵੀਡ ਮੈਕਸ 10 ਪ੍ਰਤੀਸ਼ਤ (ਪਾਇਰੀਥਾਇਊਬੈਕ ਸੋਡੀਅਮ 6% + ਕੁਇਜ਼ਾਲੋਫਾਪ ਇਥਾਇਲ 4%) 500 ਮਿਲੀਲਿਟਰ ਪ੍ਰਤੀ ਏਕੜ ਤੇ ਹਿਸਾਬ ਨਾਲ ਜਦੋਂ ਨਦੀਨ 2 ਤੋਂ 5 ਪੱਤੀਆਂ ਦੀ ਅਵਸਥਾ ਤੇ ਹੋਵੇ ਤਾਂ 150 ਲਿਟਰ ਪਾਣੀ ਵਿੱਚ ਘੋਲ ਕੇ ਪਾਣੀ ਲਾਉਣ ਤੋਂ ਬਾਅਦ ਵਤਰ ਖੇਤ ਵਿੱਚ ਸਪਰੇਅ ਕਰੋ।

ਇਸ ਤੋਂ ਇਲਾਵਾ ਜਦੋਂ ਫ਼ਸਲ 6 ਤੋਂ 8 ਹਫ਼ਤਿਆਂ (ਕੱਦ ਤਕਰੀਬਨ 40-45 ਸੈਂਟੀਮੀਟਰ) ਹੋਵੇ ਤਾਂ ਗਰੈਮਕਸੋਨ 24 ਐਸ ਐਲ (ਪੈਰਾਕੁਐਟ) 500 ਮਿਲੀਮੀਟਰ ਪ੍ਰਤੀ ਏਕੜ ਜਾਂ ਸਵੀਪ ਪਾਵਰ 13.5 ਐਸ ਐਲ (ਗਲੂਫੋਸੀਨੇਟ ਅਮੋਨੀਅਮ) 900 ਮਿਲੀਮੀਟਰ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਸੁਰੱਖਿਅਤ ਹੁੱਡ ਦੀ ਵਰਤੋਂ ਕਰਕੇ ਫ਼ਸਲ ਦੀਆਂ ਕਤਾਰਾਂ ਵਿਚਕਾਰ ਨਦੀਨਾਂ ਉੱਪਰ ਸਿੱਧਾ ਛਿੜਕੋੋ।ਪੈਰਾਕੁਐਟ ਅਤੇ ਗਲੂਫੋਸੀਨੇਟ ਦੋਵੇਂ ਗੈਰ-ਚੋਲਵੇਂ ਨਦੀਨਨਾਸ਼ਕ ਹਨ ਅਤੇ ਜੇਕਰ ਇਹ ਫ਼ਸਲ ਉਪਰ ਪੈ ਜਾਣ ਤਾਂ ਫ਼ਸਲ ਦਾ ਨੁਕਸਾਨ ਕਰ ਸਕਦੇ ਹਨ।

ਇਹ ਵੀ ਪੜ੍ਹੋ : Wheat Straw: ਕਿਸਾਨ ਵੀਰੋਂ ਕਣਕ ਦੇ ਨਾੜ ਨੂੰ ਖੇਤ ਵਿੱਚ ਸੰਭਾਲੋ, ਅੱਗ ਨਾ ਲਗਾ ਕਿ ਇਸ ਦੇ ਖਰਚਿਆਂ ਵਿੱਚ ਗਰਮ ਰੁੱਤ ਦੀ ਮੂੰਗੀ ਜਾਂ ਹਰੀ ਖਾਦ ਉਗਾਓ

ਸਾਉਣੀ ਦੀਆਂ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਕਾਸ਼ਤਕਾਰੀ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦਾ ਵੇਰਵਾ

ਸਾਉਣੀ ਦੀਆਂ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਕਾਸ਼ਤਕਾਰੀ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦਾ ਵੇਰਵਾ

ਮੱਕੀ

ਮੱਕੀ ਦੀਆਂ ਕਤਾਰਾਂ ਵਿੱਚ ਜ਼ਿਆਦਾ ਫ਼ਾਸਲਾ ਹੋਣ ਅਤੇ ਮੱਕੀ ਦਾ ਸ਼ੁਰੂਆਤੀ ਵਾਧਾ ਹੋਲੀ ਹੋਣ ਕਰਕੇ ਮੱਕੀ ਵਿੱਚ ਕਈ ਵਾਰ ਕਾਫੀ ਨਦੀਨ ਹੋ ਜਾਂਦੇ ਹਨ ਅਤੇ ਜੇਕਰ ਸ਼ੁਰੂ ਵਿੱਚ ਨਦੀਨਾਂ ਉੱਪਰ ਸਹੀ ਢੰਗ ਨਾਲ ਕਾਬੂ ਨਾ ਪਾਇਆ ਜਾਵੇ ਤਾਂ ਨਦੀਨ ਮੱਕੀ ਦੇ ਵਾਧੇ ਅਤੇ ਝਾੜ ਉੱਪਰ ਕਾਫੀ ਮਾੜਾ ਅਸਰ ਪਾਉਂਦੇ ਹਨ। ਮੱਕੀ ਵਿੱਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 15 ਤੋਂ 30 ਦਿਨਾਂ ਬਾਅਦ ਦੋ ਗੋਡੀਆਂ ਖੁਰਪੇ ਜਾਂ ਕਸੌਲੇ ਜਾਂ ਤ੍ਰਿਫਾਲੀ ਜਾਂ ਟਰੈਕਟਰ ਨਾਲ ਲੱਗੇ ਟਿੱਲਰ ਨਾਲ ਕਰੋ। ਬਿਜਾਈ ਸਮੇਂ 30 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਇਕਸਾਰ ਵਿਛਾ ਕੇ ਵੀ ਮੌਸਮੀ ਨਦੀਨਾਂ ਤੋਂ ਕਾਫੀ ਹੱਦ ਤੱਕ ਛੁਟਕਾਰਾ ਪਾਇਆ ਜਾ ਸਕਦਾ ਹੈ। 

ਜੇਕਰ ਮੱਕੀ ਦੀਆਂ ਕਤਾਰਾਂ ਵਿੱਚ ਬਿਜਾਈ ਸਮੇਂ ਇੱਕ ਜਾਂ ਦੋ ਕਤਾਰਾਂ ਰਵਾਂਹ ਦੀਆਂ ਬੀਜੀਆਂ ਜਾਣ ਅਤੇ 35-45 ਦਿਨਾਂ ਤੇ ਕੱਟ ਲਈਆਂ ਜਾਣ ਤਾਂ ਮੱਕੀ ਵਿੱਚ ਇਸ ਤੋਂ ਬਾਅਦ ਨਦੀਨਾਂ ਦੀ ਕੋਈ ਖਾਸ ਸਮੱਸਿਆ ਨਹੀਂ ਆਉਂਦੀ। ਰਸਾਇਣਕ ਢੰਗ ਨਾਲ ਨਦੀਨਾਂ ਦੀ ਰੋਕਥਾਮ ਲਈ ਐਟਰਾਟਾਫ਼/ ਐਟਰਾਗੋਲਡ/ਮਾਸਟਾਫ਼/ਅਟਾਰੀ/ਟਰੈਕਸ 50 ਡਬਲਯੂ ਪੀ (ਐਟਰਾਜ਼ੀਨ) ਹਲਕੀਆਂ ਜ਼ਮੀਨਾਂ ਲਈ 500 ਗ੍ਰਾਮ ਅਤੇ ਭਾਰੀਆਂ ਜ਼ਮੀਨਾਂ ਲਈ 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 10 ਦਿਨਾਂ ਦੇ ਅੰਦਰ ਛਿੜਕਾਅ ਕਰੋ ਜਾਂ ਐਟਰਾਜ਼ੀਨ 250 ਗ੍ਰਾਮ ਪ੍ਰਤੀ ਏਕੜ ਨੂੰ ਫ਼ਸਲ ਦੀਆਂ ਕਤਾਰਾਂ ਤੇ ਚੌੜੀ ਪੱਟੀ (20 ਸੈਂਟੀਮੀਟਰ) ਵਿੱਚ ਛਿੜਕਾਅ ਕਰੋ ਅਤੇ ਉਸ ਤੋਂ ਬਾਅਦ ਕਤਾਰਾਂ ਵਿਚਕਾਰ 15-30 ਦਿਨਾਂ ਉੱਤੇ ਗੋਡੀ ਕਰ ਦਿਉ। 

ਇਹ ਨਦੀਨ ਨਾਸ਼ਕ ਘਾਹ ਵਾਲੇ ਨਦੀਨ ਅਤੇ ਚੌੜੀ ਪੱਤੀ ਵਾਲੇ ਨਦੀਨ ਖਾਸ ਕਰਕੇ ਇੱਟਸਿੱਟ ਉੱਤੇ ਬਹੁਤ ਕਾਰਗਾਰ ਹੈ। ਇਸ ਤੋਂ ਇਲਾਵਾ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 20 ਦਿਨਾਂ ਬਾਅਦ ਲੌਡਿਸ 420 ਐਸ ਸੀ (ਟੈਂਬੋਟਰਇਨ) 105 ਮਿਲੀਲਿਟਰ ਪ੍ਰਤੀ ਏਕੜ ਦਾ ਛਿੜਕਾਅ 150 ਲਿਟਰ ਪਾਣੀ ਵਿੱਚ ਘੋਲ ਕੇ ਕਰੋ। ਡੀਲੇ/ਮੋਥੇ ਦੀ ਰੋਕਥਾਮ ਲਈ 2,4-ਡੀ ਅਮਾਈਨ ਸਾਲਟ 58 ਐਸ ਐਲ 400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 20-25 ਦਿਨਾਂ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।

ਇਹ ਵੀ ਪੜ੍ਹੋ : Gond Katira: ਗੂੰਦ ਕਤੀਰਾ ਦੀ ਖੇਤੀ ਕਰਕੇ ਕਿਸਾਨ ਆਸਾਨੀ ਨਾਲ ਕਮਾ ਸਕਦੇ ਹਨ ਲੱਖਾਂ ਰੁਪਏ, ਇਹ ਤਕਨੀਕ ਕਿਸਾਨਾਂ ਲਈ ਵਰਦਾਨ

ਸਾਉਣੀ ਰੁੱਤ ਦੀਆਂ ਦਾਲਾਂ

ਜੇਕਰ ਦਾਲਾਂ ਵਿੱਚ ਨਦੀਨਾਂ ਦੀ ਰੋਕਥਾਮ ਸਮੇਂ ਸਿਰ ਨਾ ਕੀਤੀ ਜਾਵੇ ਤਾਂ ਝਾੜ ਉੱਤੇ ਕਾਫੀ ਮਾੜਾ ਅਸਰ ਪੈਂਦਾ ਹੈ। ਮੂੰਗੀ ਅਤੇ ਮਾਂਹ ਵਿੱਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਇੱਕ ਮਹੀਨੇ ਬਾਅਦ ਇੱਕ ਗੋਡੀ ਕਰੋ ਅਤੇ ਜੇਕਰ ਜ਼ਰੂਰਤ ਪਵੇ ਤਾਂ ਉਸ ਤੋਂ 15 ਦਿਨਾਂ ਬਾਅਦ ਇੱਕ ਗੋਡੀ ਹੋਰ ਕਰ ਦਿਉ। ਇਸੇ ਤਰ੍ਹਾਂ ਅਰਹਰ ਅਤੇ ਸੋਇਆਬੀਨ ਵਿੱਚ ਨਦੀਨਾਂ ਦੀ ਰੋਕਥਾਮ ਲਈ ਦੋ ਗੋਡੀਆਂ ਬਿਜਾਈ ਤੋਂ ਤਿੰਨ ਅਤੇ ਛੇ ਹਫ਼ਤਿਆਂ ਬਾਅਦ ਕਰੋ। 

ਅਰਹਰ ਵਿੱਚ ਰਸਾਇਣਕ ਤਰੀਕੇ ਨਾਲ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਈ ਸੀ (ਪੈਂਡੀਮੈਥਾਲਿਨ) 1 ਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 1-2 ਦਿਨਾਂ ਦੇ ਵਿੱਚ ਕਰੋ ਜਾਂ ਸਟੌਂਪ 600 ਮਿਲੀਲਿਟਰ ਪ੍ਰਤੀ ਏਕੜ ਦਾ ਛਿੜਕਾਅ ਬਿਜਾਈ ਉਪਰੰਤ ਕਰੋ ਅਤੇ 6 ਹਫ਼ਤਿਆਂ ਬਾਅਦ ਇੱਕ ਗੋਡੀ ਕਰੋ। ਸੋਇਆਬੀਨ ਵਿੱਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਉਪਰੰਤ ਦੋ ਦਿਨਾਂ ਅੰਦਰ ਸਟੌਂਪ 30 ਈ ਸੀ (ਪੈਂਡੀਮੈਥਾਲਿਨ) 600 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਅਤੇ ਲੋੜ ਪੈਣ ਪਰੀਮੇਜ਼ 10 ਐਸ ਐਲ (ਇਮੇਜ਼ਥਾਪਾਇਰ) 300 ਮਿਲੀਲਿਟਰ ਪ੍ਰਤੀ ਏਕੜ 150 ਲਿਟਰ ਪਾਣੀ ਨਾਲ ਬਿਜਾਈ ਤੋਂ 15-20 ਦਿਨਾਂ ਬਾਅਦ ਛਿੜਕੋ।

ਬਚੇ ਹੋਏ ਨਦੀਨਾਂ ਨੂੰ ਬੀਜ ਪੈਣ ਤੋਂ ਪਹਿਲਾਂ ਹੱਥੀਂ ਪੁੱਟ ਦਿਉ ਤਾਂ ਜੋ ਉਹਨਾਂ ਦਾ ਬੀਜ ਖੇਤ ਵਿੱਚ ਨਾ ਖਿਲਰੇ ਜਿਸ ਨਾਲ ਆਉਂਦੇ ਸਾਲਾਂ ਵਿੱਚ ਨਦੀਨਾਂ ਦੀ ਸਮੱਸਿਆ ਘੱਟ ਆਉਂਦੀ ਹੈ।

ਸਰੋਤ: ਪਰਮਿੰਦਰ ਸਿੰਘ ਸੰਧੂ, ਮਨਪ੍ਰੀਤ ਸਿੰਘ ਅਤੇ ਜਸਵੀਰ ਸਿੰਘ ਗਿੱਲ, ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ 

Summary in English: Learn here the details of various agronomic, mechanical and chemical methods for weed control in Kharif Crops

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters

Latest feeds

More News