ਪੰਜਾਬ `ਚ ਛੋਲੇ ਹਾੜ੍ਹੀ ਦੀਆਂ ਦਾਲਾਂ ਦੀ ਇੱਕ ਮਹੱਤਵਪੂਰਨ ਫ਼ਸਲ ਹੈ। ਛੋਲੇ ਸਰਦੀਆਂ ਦੀ ਫ਼ਸਲ ਹੈ ਪਰ ਅੱਤ ਦੀ ਸਰਦੀ ਤੇ ਧੁੰਦ ਇਸ ਲਈ ਅਨੁਕੂਲ ਨਹੀਂ ਹੁੰਦੀ। ਇਹ ਫ਼ਸਲ ਘੱਟ ਬਾਰਸ਼ ਵਾਲੇ ਇਲਾਕਿਆਂ `ਚ ਵਧੀਆ ਹੁੰਦੀ ਹੈ। ਇਹ ਸਿਰਫ਼ ਮਨੁੱਖਾਂ ਦੇ ਖਾਣ ਲਈ ਹੀ ਨਹੀਂ ਸਗੋਂ ਪਸ਼ੂਆਂ ਦੇ ਚਾਰੇ ਵਜੋਂ ਵੀ ਵਰਤੀ ਜਾਂਦੀ ਹੈ।
ਇਸ ਦੀ ਪੈਦਾਵਾਰ ਤੇ ਝਾੜ ਪੂਰੇ ਵਿਸ਼ਵ ਨਾਲੋਂ ਭਾਰਤ `ਚ ਸਭ ਤੋਂ ਵੱਧ ਹੈ। ਭਾਰਤ ਚ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ ਤੇ ਪੰਜਾਬ ਆਦਿ ਮੁੱਖ ਛੋਲੇ ਉਤਪਾਦਕ ਸੂਬੇ ਹਨ। ਅੱਜ ਅਸੀਂ ਤੁਹਾਨੂੰ ਇਸ ਲੇਖ ਰਾਹੀਂ ਛੋਲਿਆਂ ਦੀ ਕਾਸ਼ਤ ਲਈ ਉੱਨਤ ਤਰੀਕਾ ਦੱਸਣ ਜਾ ਰਹੇ ਹਾਂ, ਜੋ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਾਂਝਾ ਕੀਤਾ ਗਿਆ ਹੈ।
ਜ਼ਮੀਨ: ਛੋਲਿਆਂ ਲਈ ਚੰਗੇ ਜਲ ਨਿਕਾਸ ਵਾਲੀ ਰੇਤਲੀ ਵਾਲੀ ਜ਼ਮੀਨ ਬਹੁਤ ਢੁਕਵੀਂ ਹੁੰਦੀ ਹੈ।
ਫ਼ਸਲ ਚੱਕਰ: ਅਨਾਜ ਦੀਆਂ ਫ਼ਸਲਾਂ ਦੇ ਹੇਰ-ਫੇਰ `ਚ ਜੇ ਛੋਲੇ ਬੀਜੇ ਜਾਣ ਤਾਂ ਜ਼ਮੀਨ `ਚ ਲੱਗਣ ਵਾਲੀਆਂ ਬਿਮਾਰੀਆਂ ਨੂੰ ਰੋਕਣ `ਚ ਮੱਦਦ ਮਿਲਦੀ ਹੈ। ਆਮ ਫ਼ਸਲ ਚੱਕਰ ਹਨ: ਝੋਨਾ/ਮੱਕੀ-ਛੋਲੇ, ਝੋਨਾ-ਛੋਲੇ-ਗਰਮ ਰੁੱਤ ਦੀ ਮੂੰਗੀ ਤੇ ਬਾਜਰਾ/ਚਰ੍ਹੀ-ਛੋਲੇ।
ਉੱਨਤ ਕਿਸਮਾਂ:
ਦੇਸੀ ਛੋਲੇ:
● ਪੀ.ਬੀ.ਜੀ 8 (2020): ਇਹ ਕਿਸਮ ਤਕਰੀਬਨ 158 ਦਿਨਾਂ `ਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 8.4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
● ਪੀ.ਬੀ.ਜੀ 7 (2014): ਇਹ ਕਿਸਮ ਝੁਲਸ ਰੋਗ ਤੇ ਉਖੇੜਾ ਰੋਗ ਨੂੰ ਕਾਫ਼ੀ ਹੱਦ ਤੱਕ ਸਹਾਰ ਲੈਂਦੀ ਹੈ। ਇਹ ਕਿਸਮ ਤਕਰੀਬਨ 159 ਦਿਨਾਂ `ਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 8.0 ਕੁਇੰਟਲ ਪ੍ਰਤੀ ਏਕੜ ਹੈ।
● ਪੀ.ਬੀ.ਜੀ 5 (2003): ਇਹ ਕਿਸਮ ਤਕਰੀਬਨ 165 ਦਿਨਾਂ `ਚ ਪੱਕ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਤੇ ਜੜਾਂ ਦੇ ਰੋਗਾਂ ਦਾ ਕਾਫ਼ੀ ਹੱਦ ਤੱਕ ਮੁਕਾਬਲਾ ਕਰ ਸਕਦੀ ਹੈ। ਇਸ ਦਾ ਔਸਤ ਝਾੜ 6.8 ਕੁਇੰਟਲ ਪ੍ਰਤੀ ਏਕੜ ਹੈ।
● ਜੀ ਪੀ ਐਫ਼ 2 (1994): ਇਹ ਕਿਸਮ ਤਕਰੀਬਨ 170 ਦਿਨਾਂ `ਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 7.6 ਕੁਇੰਟਲ ਪ੍ਰਤੀ
ਏਕੜ ਹੈ।
● ਪੀ.ਡੀ.ਜੀ 4 (2000): ਇਹ ਕਿਸਮ ਤਕਰੀਬਨ 160 ਦਿਨਾਂ `ਚ ਪੱਕ ਜਾਂਦੀ ਹੈ। ਇਸ ਕਿਸਮ `ਚ ਉਖੇੜਾ, ਜੜ੍ਹਾਂ ਦਾ ਗਲਣਾ ਤੇ ਝੁਲਸ ਰੋਗ ਨੂੰ ਸਹਿਣ ਦੀ ਕਾਫ਼ੀ ਸਮਰੱਥਾ ਹੈ। ਇਸ ਦਾ ਔਸਤ ਝਾੜ 7.8 ਕੁਇੰਟਲ ਪ੍ਰਤੀ ਏਕੜ ਹੈ।
ਕਾਬਲੀ ਛੋਲੇ:
ਐਲ 552 (2011): ਇਹ 157 ਦਿਨਾਂ `ਚ ਪੱਕ ਜਾਂਦੀ ਹੈ। ਇਸ ਕਿਸਮ ਦਾ ਔਸਤ ਝਾੜ 7.3 ਕੁਇੰਟਲ ਪ੍ਰਤੀ ਏਕੜ ਹੈ।
ਕਾਸ਼ਤ ਦੇ ਉੱਨਤ ਢੰਗ:
ਜ਼ਮੀਨ ਦੀ ਤਿਆਰੀ: ਛੋਲਿਆਂ ਦੀ ਫ਼ਸਲ ਲਈ ਜ਼ਮੀਨ ਨੂੰ ਡੂੰਘਾ ਵਾਹੁਣ ਦੀ ਬਹੁਤ ਲੋੜ ਹੈ।
ਬੀਜ ਦੀ ਮਾਤਰਾ: ਦੇਸੀ ਛੋਲਿਆਂ ਲਈ 15-18 ਕਿਲੋ ਤੇ ਕਾਬਲੀ ਛੋਲਿਆਂ ਲਈ 37 ਕਿਲੋ ਬੀਜ ਪ੍ਰਤੀ ਏਕੜ ਵਰਤੋ। ਪੀਬੀਜੀ 5 ਕਿਸਮ ਲਈ 24 ਕਿਲੋ ਬੀਜ ਪ੍ਰਤੀ ਏਕੜ ਪਾਉ। ਜੇਕਰ ਦੇਸੀ ਛੋਲੇ ਨਵੰਬਰ ਦੇ ਦੂਜੇ ਪੰਦਰ੍ਹਵਾੜੇ `ਚ ਬੀਜਣੇ ਹੋਣ ਤਾਂ 27 ਕਿਲੋ ਬੀਜ ਤੇ ਜੇਕਰ ਦਸੰਬਰ ਦੇ ਪਹਿਲੇ ਪੰਦਰ੍ਹਵਾੜੇ `ਚ ਬੀਜਣੇ ਹੋਣ ਤਾਂ 36 ਕਿਲੋ ਬੀਜ ਪ੍ਰਤੀ ਏਕੜ ਵਰਤੋ।
ਬਿਜਾਈ ਦਾ ਢੰਗ: ਛੋਲਿਆਂ ਦੀ ਫ਼ਸਲ ਨੂੰ ਪੋਰੇ ਨਾਲ ਬੀਜੋ। ਸਿਆੜ ਤੋਂ ਸਿਆੜ ਦਾ ਫ਼ਾਸਲਾ 30 ਸੈਂਟੀਮੀਟਰ ਰੱਖੋ। ਬੀਜ ਨੂੰ 10 ਤੋਂ 12.5 ਸੈਂਟੀਮੀਟਰ ਡੂੰਘਾ ਬੀਜਣਾ ਠੀਕ ਰਹਿੰਦਾ ਹੈ। ਇਸ ਤਰ੍ਹਾਂ ਬੀਜਣ ਨਾਲ ਫ਼ਸਲ ਨੂੰ ਉਖੇੜੇ ਦੀ ਬਿਮਾਰੀ ਘੱਟ ਲੱਗਦੀ ਹੈ। ਇਸ ਤੋਂ ਘੱਟ ਡੂੰਘਾਈ `ਤੇ ਬੀਜੇ ਛੋਲਿਆਂ ਨੂੰ ਉਖੇੜੇ ਦੀ ਬਿਮਾਰੀ ਆਮ ਲੱਗ ਜਾਂਦੀ ਹੈ, ਜਿਸ ਕਰਕੇ ਝਾੜ ਘੱਟ ਜਾਂਦਾ ਹੈ। ਇਹ ਬਿਜਾਈ ਖਾਦ ਬੀਜ ਡਰਿਲ ਨਾਲ ਵੀ ਕੀਤੀ ਜਾ ਸਕਦੀ ਹੈ।
ਬਿਜਾਈ ਦਾ ਸਮਾਂ: ਦੇਸੀ ਛੋਲਿਆਂ ਦੀ ਬਿਜਾਈ ਲਈ ਢੁਕਵਾਂ ਸਮਾਂ 10 ਤੋਂ 25 ਅਕਤੂਬਰ ਹੈ। ਕਾਬਲੀ ਛੋਲੇ 25 ਅਕਤੂਬਰ ਤੋਂ 10 ਨਵੰਬਰ ਦੇ ਦਰਮਿਆਨ ਬੀਜਣੇ ਚਾਹੀਦੇ ਹਨ।
ਖਾਦਾਂ: ਦੇਸੀ ਕਿਸਮਾਂ ਲਈ ਸਿੰਚਿਤ ਤੇ ਅਸਿੰਚਿਤ ਇਲਾਕਿਆਂ `ਚ ਨਾਇਟ੍ਰੋਜਨ ਤੇ ਫਾਸਫੋਰਸ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਸਮੇਂ ਪਾਓ। ਕਾਬੁਲੀ ਛੋਲਿਆਂ ਦੀਆਂ ਕਿਸਮਾਂ ਲਈ ਬਿਜਾਈ ਵੇਲੇ 13 ਕਿਲੋ ਯੂਰੀਆ ਤੇ 100 ਕਿਲੋ ਸੁਪਰ ਫਾਸਫੇਟ ਪ੍ਰਤੀ ਏਕੜ ਪਾਓ।
ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਲਈ ਇੱਕ ਤੋਂ ਦੋ ਗੋਡੀਆਂ ਕਾਫ਼ੀ ਹਨ। ਇਹ ਗੋਡੀਆਂ ਬਿਜਾਈ ਤੋਂ 30 ਤੇ 60 ਦਿਨਾਂ ਬਾਅਦ ਕਰੋ।
ਸਿੰਚਾਈ: ਫ਼ਸਲ ਨੂੰ ਲੋੜ ਮੁਤਾਬਿਕ ਕੇਵਲ ਇੱਕ ਪਾਣੀ ਦੇਣ ਦੀ ਲੋੜ ਹੁੰਦੀ ਹੈ। ਇਹ ਪਾਣੀ ਬਿਜਾਈ ਦੇ ਸਮੇਂ ਤੇ ਬਾਰਸ਼ ਅਨੁਸਾਰ ਅੱਧ ਦਸੰਬਰ ਤੋਂ ਅੰਤ ਜਨਵਰੀ ਦਰਮਿਆਨ ਦੇਣਾ ਚਾਹੀਦਾ ਹੈ।
ਵਾਢੀ: ਜਦ ਡੱਡੇ ਪੱਕ ਜਾਣ ਤੇ ਬੂਟੇ ਸੁੱਕ ਜਾਣ ਤਾਂ ਫ਼ਸਲ ਵੱਢ ਲੈਣੀ ਚਾਹੀਦੀ ਹੈ। ਵਾਢੀ ਦਾਤਰੀ ਨਾਲ ਕਰਨੀ ਚਾਹੀਦੀ ਹੈ। ਫ਼ਸਲ ਨੂੰ ਹੱਥਾਂ ਨਾਲ ਨਹੀਂ ਪੁੱਟਣਾ ਚਾਹੀਦਾ। ਇਸ ਨਾਲ ਜ਼ਮੀਨ ਜੜਾਂ ਦੀ ਖਾਦ ਤੋਂ ਵਾਂਝੀ ਰਹਿ ਜਾਵੇਗੀ।
ਇਹ ਵੀ ਪੜ੍ਹੋ : ਛੋਲਿਆਂ ਦੀਆਂ ਇਨ੍ਹਾਂ ਕਿਸਮਾਂ ਤੋਂ ਪਾਓ 12 ਤੋਂ 14 ਕੁਇੰਟਲ ਪ੍ਰਤੀ ਏਕੜ ਝਾੜ, ਜਾਣੋ ਬਿਜਾਈ ਤੋਂ ਵਾਢੀ ਤੱਕ ਦੀ ਜਾਣਕਾਰੀ
ਪੌਦ ਸੁਰੱਖਿਆ:
ਕੀੜੇ:
● ਸਿਉਂਕ: ਸਿਉਂਕ ਫ਼ਸਲ ਨੂੰ ਉੱਗਣ ਤੇ ਪੱਕਣ ਸਮੇਂ ਬਹੁਤ ਨੁਕਸਾਨ ਕਰਦੀ ਹੈ। ਇਸ ਦਾ ਹਮਲਾ ਹਲਕੀਆਂ ਜ਼ਮੀਨਾਂ `ਚ ਜ਼ਿਆਦਾ ਹੁੰਦਾ ਹੈ।
● ਛੋਲਿਆਂ ਦੀ ਸੁੰਡੀ: ਇਹ ਸੁੰਡੀ ਛੋਲਿਆਂ ਦੇ ਪੱਤੇ, ਡੋਡੀਆਂ, ਫ਼ੁੱਲ, ਡੱਡੇ ਤੇ ਦਾਣਿਆਂ ਨੂੰ ਖਾਂਦੀ ਹੈ, ਜਿਸ ਕਾਰਨ ਫ਼ਸਲ ਦਾ ਭਾਰੀ ਨੁਕਸਾਨ ਹੁੰਦਾ ਹੈ। ਇਸ ਦੀ ਰੋਕਥਾਮ ਲਈ 800 ਗ੍ਰਾਮ ਬੈਸੀਲਸ ਥੁਰੀਨਜਿਐਨਸਿਸ 0.5 ਡਬਲਯੂ.ਪੀ ਜਾਂ 200 ਮਿਲੀਲਿਟਰ ਹੈਲੀਕੋਪ 2 ਏ.ਐਸ ਜਾਂ 50 ਮਿਲੀਲਿਟਰ ਕੋਰਾਜਨ 18.5 ਐਸ.ਸੀ ਜਾਂ 80 ਗ੍ਰਾਮ ਪ੍ਰੋਕਲੇਮ 5 ਐਸ.ਜੀ ਜਾਂ 160 ਮਿਲੀਲਿਟਰ ਰਿਮੌਨ 10 ਈ.ਸੀ ਨੂੰ 80-100 ਲਿਟਰ ਪਾਣੀ `ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਜੇਕਰ ਲੋੜ ਪਵੇ ਤਾਂ 2 ਹਫ਼ਤਿਆਂ ਪਿੱਛੋਂ ਕੀਟਨਾਸ਼ਕ ਦੀ ਵਰਤੋਂ ਫਿਰ ਦੁਹਰਾਉ।
ਬਿਮਾਰੀਆਂ:
● ਝੁਲਸ ਰੋਗ: ਫ਼ਸਲ ਦੀਆਂ ਕੋਮਲ ਟਾਹਣੀਆਂ ਤੇ ਉਪਰਲੇ ਪੱਤਿਆਂ `ਤੇ ਇਸ ਰੋਗ ਦਾ ਅਸਰ ਜ਼ਿਆਦਾ ਹੁੰਦਾ ਹੈ। ਇੱਥੋਂ ਤੱਕ ਕਿ ਡੱਡਿਆਂ ਵਿਚਲੇ ਦਾਣਿਆਂ ਉੱਤੇ ਵੀ ਇਸ ਰੋਗ ਦਾ ਅਸਰ ਹੁੰਦਾ ਹੈ। ਝੁਲਸ ਰੋਗ ਦਾ ਟਾਕਰਾ ਕਰਨ ਵਾਲੀਆਂ ਛੋਲਿਆਂ ਦੀਆਂ
ਕਿਸਮਾਂ ਜਿਵੇਂ ਕਿ ਪੀਬੀਜੀ 7 ਤੇ ਪੀਬੀਜੀ 5 ਦੀ ਕਾਸ਼ਤ ਕਰਨੀ ਚਾਹੀਦੀ ਹੈ। ਫ਼ਸਲ ਕੱਟਣ ਸਮੇਂ ਰੋਗੀ ਬੂਟੇ ਖੇਤਾਂ `ਚ ਖੜ੍ਹੇ ਨਹੀਂ ਰਹਿਣ ਦੇਣੇ ਚਾਹੀਦੇ ਸਗੋਂ ਇਨ੍ਹਾਂ ਨੂੰ ਕੱਢ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ।
● ਭੂਰਾ ਸਾੜਾ: ਇਸ ਬਿਮਾਰੀ ਦੀ ਰੋਕਥਾਮ ਲਈ ਰੋਗ ਰਹਿਤ ਬੀਜ ਦੀ ਵਰਤੋਂ ਕਰੋ ਤੇ ਛੋਲਿਆਂ ਦੀ ਕਿਸਮ ਪੀਬੀਜੀ 8 ਬੀਜੋ। ਫ਼ਸਲ ਕੱਟਣ ਤੋਂ ਬਾਅਦ ਖੇਤ `ਚ ਬਿਮਾਰੀ ਦੀ ਰਹਿੰਦ-ਖੂੰਹਦ ਵਾਲੇ ਬੂਟਿਆਂ ਨੂੰ ਨਸ਼ਟ ਕਰ ਦਿਉ।
● ਉਖੇੜਾ: ਛੋਲਿਆਂ ਦੀਆਂ ਉੱਨਤ ਕਿਸਮਾਂ ਪੀਬੀਜੀ 8, ਪੀਬੀਜੀ 7, ਜੀਪੀਐਫ਼ 2, ਪੀਡੀਜੀ 4, ਪੀਬੀਜੀ 5 ਤੇ ਕਾਬਲੀ ਕਿਸਮ ਐਲ 552 ਜਿਹੜੀਆਂ ਕਿ ਇਸ ਰੋਗ ਦਾ ਟਾਕਰਾ ਕਰ ਸਕਦੀਆਂ ਹਨ, ਬੀਜਣੀਆਂ ਚਾਹੀਦੀਆਂ ਹਨ।
● ਤਣੇ ਦਾ ਗਲਣਾ: ਇਹ ਬਿਮਾਰੀ ਜ਼ਮੀਨ ਉਪਰਲੇ ਬੂਟੇ ਦੇ ਸਾਰੇ ਹਿੱਸਿਆਂ `ਤੇ ਹਮਲਾ ਕਰਦੀ ਹੈ। ਬੀਜ ਨੂੰ ਉੱਲੀ ਦੇ ਕੀਟਾਣੂੰਆਂ ਤੋਂ ਰਹਿਤ ਕਰਕੇ ਲਾਓ। ਬਿਮਾਰੀ ਵਾਲੇ ਪੌਦੇ ਨੂੰ ਕਟਾਈ ਬਾਅਦ ਨਸ਼ਟ ਕਰ ਦਿਉ। ਮਈ ਜਾਂ ਜੂਨ `ਚ ਡੂੰਘੀ ਵਾਹੀ ਕਰਕੇ ਖੇਤ ਨੂੰ ਪਾਣੀ ਨਾਲ ਭਰ ਦਿਉ ਤੇ ਖੇਤ ਨੂੰ ਖਾਲੀ ਨਾ ਛੱਡੋ।
● ਮੁੱਢਾਂ ਦਾ ਗਲਣਾ: ਬਿਜਾਈ 25 ਅਕਤੂਬਰ ਤੋਂ 10 ਨਵੰਬਰ ਦੇ ਦਰਮਿਆਨ ਕਰੋ। ਛੋਲਿਆਂ ਵਾਲੇ ਖੇਤ `ਚ ਅਦਲ-ਬਦਲ ਕੇ ਕਣਕ ਜਾਂ ਜੌਂ ਬੀਜੋ।
Summary in English: Know the advanced method for cultivation of chickpeas, there will be double profit