Okra Cultivation: ਭਿੰਡੀ ਗਰਮ ਅਤੇ ਬਰਸਾਤ ਵਿਚ ਉਗਾਈ ਜਾਣ ਵਾਲੀ ਮੁੱਖ ਫਸਲ ਹੈ। ਇਸ ਦੀ ਸਬਜੀ ਜਿਆਦਾਤਰ ਲੋਕਾਂ ਨੂੰ ਪਸੰਦ ਹੋਣ ਕਰਕੇ ਇਸ ਦੀ ਮੰਗ ਗਰਮੀ ਰੁਤ ਦੌਰਾਨ ਵਧੇਰੇ ਹੰਦੀ ਹੈ। ਇਸ ਲਈ ਸੁਧਰੀਆਂ ਕਾਸ਼ਤਕਾਰੀ ਕਿਸਮਾਂ ਅਤੇ ਤਕਨੀਕਾਂ ਨੂੰ ਅਪਣਾ ਕੇ ਕਿਸਾਨ ਵੀਰ ਇਸ ਫਸਲ ਤੋਂ ਚੰਗਾ ਮੁਨਾਫਾ ਕਮਾ ਸਕਦੇ ਹਨ।
ਪੰਜਾਬ ਸੁਹਾਵਨੀ ਕਿਸਮ ਦੇ ਬੂਟੇ ਦਰਮਿਆਨੇ ਉੱਚੇ ਅਤੇ ਡੰਡੀ ਉਤੇ ਜ਼ਾਮਨੀ ਰੰਗ ਦੇ ਡੱਬ ਹੁੰਦੇ ਹਨ। ਪੱਤੇ ਡੂੰਘੇ ਕਟਵੇਂ, ਗੂੜੇ ਹਰੇ ਰੰਗ ਦੇ ਅਤੇ ਕਿਨਾਰੇ ਦੰਦਿਆਂ ਵਾਲੇ ਹੁੰਦੇ ਹਨ। ਪੱਤੇ, ਤਣੇ ਅਤੇ ਡੰਡੀ ਉਤੇ ਲੂੰ ਹੁੰਦੇ ਹਨ। ਇਸ ਦੇ ਫਲ ਦਰਮਿਆਨੇ ਲੰਮੇ, ਗੂੜੇ ਹਰੇ, ਨਰਮ ਅਤੇ ਪੰਜ ਧਾਰੀਆਂ ਵਾਲੇ ਹੁੰਦੇ ਹਨ। ਇਹ ਕਿਸਮ ਵਿੱਚ ਪੀਲੀਏ ਰੋਗ ਨੂੰ ਸਹਾਰ ਸਕਣ ਦੀ ਸਮੱਰਥਾ ਹੁੰਦੀ ਹੈ। ਇਸ ਦਾ ਔਸਤ ਝਾੜ 49 ਕੁਇੰਟਲ ਪ੍ਰਤੀ ਏਕੜ ਹੈ।
ਸੁਚੱਜੀ ਕਾਸ਼ਤ:
● ਜੂਨ-ਜੁਲਾਈ ਵਿੱਚ ਭਿੰਡੀ ਦੀ ਫ਼ਸਲ ਦੀ ਬਿਜਾਈ ਲਈ 4-6 ਕਿਲੋ ਬੀਜ ਪ੍ਰਤੀ ਏਕੜ ਕਾਫੀ ਹੈ ਅਤੇ ਬਿਜਾਈ ਪੱਧਰ ਜ਼ਮੀਨ ਤੇ ਕਰੋ।
● ਕਤਾਰ ਤੋਂ ਕਤਾਰ ਦਾ ਫ਼ਾਸਲਾ 45 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 15 ਸੈਂਟੀਮੀਟਰ ਰੱਖੋ। ਇਸ ਰੁੱਤ ਦੌਰਾਨ ਫਸਲ ਦਾ ਵਾਧਾ ਵਧੇਰੇ ਹੋਣ ਕਰਕੇ ਬਿਜਾਈ ਵੇਲੇ ਫਾਸਲਾ ਥੋੜਾ ਵਧਾ ਲਵੋ।
● ਬਿਜਾਈ ਤੋਂ ਪਹਿਲਾਂ 15-20 ਟਨ ਗਲੀ-ਸੜੀ ਰੂੜੀ, ਬਾਅਦ ਵਿਚ 36 ਕਿਲੋ ਨਾਈਟ੍ਰੋਜਨ (80 ਕਿਲੋ ਯੂਰੀਆ) ਪ੍ਰਤੀ ਏਕੜ (ਅੱਧੀ ਬਿਜਾਈ ਵੇਲੇ ਅਤੇ ਅੱਧੀ ਪਹਿਲੀ ਤੁੜਾਈ ਤੋਂ ਬਾਅਦ) ਪਾਉ।
ਇਹ ਵੀ ਪੜ੍ਹੋ : ਬਹਾਰ ਰੁੱਤੇ ਭਿੰਡੀ ਦੀ ਸਫਲ ਕਾਸ਼ਤ
● ਬਿਜਾਈ ਚੰਗੀ ਵੱਤਰ ਵਾਲੀ ਜ਼ਮੀਨ ਵਿੱਚ ਕਰਕੇ ਪਹਿਲਾ ਪਾਣੀ 4-5 ਦਿਨ ਬਾਅਦ ਅਤੇ ਫਿਰ ਇਸ ਰੁਤ ਦੋਰਾਨ ਘਟ ਸਿੰਚਾਈ ਦੀ ਜਰੂਰਤ ਹੈ।
● ਪਹਿਲੀ ਗੋਡੀ ਫ਼ਸਲ ਉੱਗਣ ਤੋਂ ਦੋ ਹਫ਼ਤੇ ਪਿੱਛੋਂ ਕਰੋ। ਇਸ ਪਿੱਛੋਂ 2-3 ਗੋਡੀਆਂ 15 ਦਿਨ ਦੇ ਵਕਫ਼ੇ ਤੇ ਕਰਨ ਨਾਲ ਨਦੀਨਾਂ ਦੀ ਵਧੀਆ ਰੋਕਥਾਮ ਹੋ ਜਾਂਦੀ ਹੈ।
● ਫ਼ਸਲ ਦੀ ਤੁੜਾਈ 45-60 ਦਿਨ ਦੀ ਹੋਣ ਤੇ 10 ਸੈਂਟੀਮੀਟਰ ਲੰਬੇ ਨਰਮ ਫ਼ਲ ਹੀ ਤੋੜੋ। ਭਰ ਮੌਸਮ ਵਿਚ ਤੁੜਾਈ ਥੋੜੇ ਵਕਫੇ ਤੇ ਕਰੋ ਅਤੇ ਆਮ ਤੌਰ ਤੇ 10-12 ਤੁੜਾਈਆਂ ਕਰੋ।
ਬਲਵੀਰ ਕੌਰ ਅਤੇ ਰਵਿੰਦਰ ਕੌਰ, ਕ੍ਰਿਸ਼ੀ ਵਿਗਿਆਨ ਕੇਂਦਰ, ਜਲੰਧਰ (ਨੂਰਮਹਿਲ)
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Improved Techniques for Rainy Season Cultivation of Okra