ਕਮਾਦ ਇਕ ਮਹੱਤਵਪੂਰਨ ਫ਼ਸਲ ਹੈ, ਜਿਸ ਦੀ ਕਾਸ਼ਤ ਹਰ ਤਰ੍ਹਾਂ ਦੀ ਜ਼ਮੀਨ 'ਚ ਕੀਤੀ ਜਾ ਸਕਦੀ ਹੈ। ਗੰਨੇ ਦੀ ਕਾਸ਼ਤ ਦੋ ਰੁੱਤਾਂ 'ਚ ਕੀਤੀ ਜਾ ਸਕਦੀ ਹੈ। ਪੱਤਝੜ ਰੁੱਤ ਦੇ ਕਮਾਦ ਦੀ ਬਿਜਾਈ ਸਤੰਬਰ-ਅਕਤੂਬਰ ਤੇ ਬਸੰਤ ਰੁੱਤ ਦੇ ਕਮਾਦ ਦੀ ਬਿਜਾਈ ਫਰਵਰੀ-ਮਾਰਚ ਮਹੀਨਿਆਂ ਦੌਰਾਨ ਕੀਤੀ ਜਾਂਦੀ ਹੈ।
ਜ਼ਮੀਨ ਦੀ ਤਿਆਰੀ
ਆਮ ਜ਼ਮੀਨ 'ਚ ਤਿੰਨ-ਚਾਰ ਵਹਾਈਆਂ ਉਪਰੰਤ ਸੁਹਾਗਾ ਮਾਰਨ ਨਾਲ ਖੇਤ ਬਿਜਾਈ ਲਈ ਤਿਆਰ ਹੋ ਜਾਂਦਾ ਹੈ। ਜ਼ਮੀਨ 'ਚ ਸਖ਼ਤ ਤਹਿ ਦੀ ਸਮੱਸਿਆ ਹੋਵੇ ਤਾਂ ਡੂੰਘੀ ਵਹਾਈ ਕਰਨ ਵਾਲੇ ਸਬ-ਸਾਇਲਰ ਜਾਂ ਤਹਿ ਤੋੜ ਹਲ ਨਾਲ 1*1 ਮੀਟਰ ਦੀ ਦੂਰੀ ਤੇ ਦੋ-ਤਰਫ਼ਾ ਵਹਾਈ ਕਰਨ ਨਾਲ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ। ਇਹ ਵਹਾਈ 3-4 ਸਾਲ ਦੇ ਵਕਫ਼ੇ ਬਾਅਦ ਦੁਹਰਾਈ ਜਾਣੀ ਚਾਹੀਦੀ ਹੈ। ਇਸ ਸਖ਼ਤ ਤਹਿ ਨੂੰ ਤੋੜਨ ਨਾਲ ਜ਼ਮੀਨ ਦੀ ਪਾਣੀ ਨੂੰ ਜਜ਼ਬ ਕਰਨ ਦੀ ਤਾਕਤ 'ਚ ਵਾਧਾ ਹੁੰਦਾ ਹੈ, ਬੂਟੇ ਦੀਆਂ ਜੜ੍ਹਾਂ ਜ਼ਮੀਨ 'ਚ ਡੂੰਘੀਆਂ ਜਾਂਦੀਆਂ ਹਨ ਤੇ ਫ਼ਸਲ ਦੇ ਝਾੜ 'ਚ ਵਾਧਾ ਹੁੰਦਾ ਹੈ।
ਬੀਜ ਦੀ ਮਾਤਰਾ
ਮਿਆਰੀ ਤੇ ਸੁਧਰੇ ਹੋਏ ਬੀਜ ਉੱਤਮ ਖੇਤੀ ਦੀ ਕੁੰਜੀ ਹਨ। ਕਮਾਦ ਦੀ ਫ਼ਸਲ ਲਈ ਬੀਜ ਦੀ ਚੋਣ ਕਰਨ ਸਮੇਂ ਧਿਆਨ ਰੱਖੋ ਕਿ ਬੀਜ ਉਚੇਚੇ ਤੌਰ 'ਤੇ ਬੀਜ ਵਾਸਤੇ ਬੀਜੀ ਗਈ ਫ਼ਸਲ ਵਿੱਚੋਂ ਹੀ ਲਵੋ। ਬੀਜ ਬਿਮਾਰੀਆਂ ਤੇ ਕੀੜੇ-ਮਕੌੜਿਆਂ ਦੇ ਹਮਲੇ ਤੋਂ ਰਹਿਤ ਹੋਵੇ। ਬੀਜ ਲਈ ਵਰਤੇ ਜਾਣ ਵਾਲੇ ਗੰਨਿਆਂ ਦੀ ਖੋਰੀ ਨੂੰ ਹਮੇਸ਼ਾ ਹੱਥਾਂ ਨਾਲ ਉਤਾਰਨਾ ਚਾਹੀਦਾ ਹੈ ਤੇ ਗੰਨੇ ਦਾ ਉੱਪਰਲਾ ਦੋ-ਤਿਹਾਈ ਭਾਗ ਹੀ ਬੀਜ ਲਈ ਵਰਤਣਾ ਚਾਹੀਦਾ ਹੈ। ਹੇਠਲੇ ਇਕ-ਤਿਹਾਈ ਹਿੱਸੇ ਨੂੰ ਮਿੱਲ ਵਿਚ ਜਾਂ ਗੁੜ ਬਣਾਉਣ ਲਈ ਵਰਤ ਲੈਣਾ ਚਾਹੀਦਾ ਹੈ। ਇਕ ਏਕੜ ਲਈ 30-35 ਕੁਇੰਟਲ ਬੀਜ ਕਾਫ਼ੀ ਹੈ ਪ੍ਰੰਤੂ ਜਿਨ੍ਹਾਂ ਕਿਸਮਾਂ ਦਾ ਗੰਨਾ ਮੋਟਾ ਹੋਵੇ, ਜਿਵੇ ਸੀਓਜੇ-85 ਤੇ ਸੀਓਜੇ-118 ਆਦਿ ਦੀ ਬਿਜਾਈ ਲਈ ਬੀਜ ਦੀ ਮਾਤਰਾ 10 ਫ਼ੀਸਦੀ ਵਧਾ ਦੇਵੋ। ਇਕ ਏਕੜ ਵਾਸਤੇ ਔਸਤ 60 ਹਜ਼ਾਰ ਅੱਖਾਂ ਦੀ ਜ਼ਰੂਰਤ ਹੈ। ਫ਼ਸਲ ਦਾ ਵਧੀਆ ਝਾੜ ਲੈਣ ਲਈ 10-12 ਅੱਖਾਂ ਪ੍ਰਤੀ ਇਕ ਮੀਟਰ ਸਿਆੜ ਦੀ ਲੰਬਾਈ ਦੇ ਹਿਸਾਬ ਨਾਲ ਬੀਜੋ। ਜੇ ਗੰਨੇ ਦੀ ਪੋਰੀਆਂ ਦੀ ਲੰਬਾਈ ਘੱਟ ਹੋਵੇ ਤਾਂ ਬਰੋਟਿਆਂ ਦੇ ਵਿਚਕਾਰ ਫ਼ਾਸਲਾ ਵਧਾ ਦੇਵੋ। ਜੇ ਪੋਰੀਆਂ ਦੀ ਲੰਬਾਈ ਜ਼ਿਆਦਾ ਹੋਵੇ ਤਾਂ ਬਿਜਾਈ ਸਮੇ ਇਕ ਬਰੋਟੇ ਨੂੰ ਦੂਜੇ ਬਰੋਟੇ 'ਤੇ ਚੜ੍ਹਾ ਕੇ ਬੀਜੋ।
ਖਾਦਾਂ
ਵਧੇਰੇ ਝਾੜ ਲੈਣ ਲਈ ਰੂੜੀ ਦੀ ਖਾਦ ਜਾਂ ਪਰੈੱਸ ਮੱਡ 8 ਟਨ ਪ੍ਰਤੀ ਏਕੜ ਬਿਜਾਈ ਤੋ ਪਹਿਲਾਂ ਖੇਤ 'ਚ ਪਾ ਕੇ ਇਸ ਨੂੰ ਜ਼ਮੀਨ 'ਚ ਚੰਗੀ ਤਰ੍ਹਾਂ ਮਿਲਾ ਦੇਵੋ। ਜੇਕਰ ਬਿਜਾਈ ਖਾਲ਼ੀ ਵਿਧੀ ਰਾਹੀਂ ਕਰਨੀ ਹੋਵੇ ਤਾਂ ਰੂੜੀ ਜਾਂ ਪਰੈੱਸ ਮੱਡ ਸਿਆੜਾਂ ਵਿਚ ਪਾਉਣ ਉਪਰੰਤ ਮਿੱਟੀ 'ਚ ਰਲਾ ਦੇਵੋ। ਚਾਰ ਕਿੱਲੋ ਜੀਵਾਣੂ ਖਾਦ ਪ੍ਰਤੀ ਏਕੜ ਬਿਜਾਈ ਦੌਰਾਨ ਪਾਉਣ ਨਾਲ ਫ਼ਸਲ ਦੇ ਝਾੜ 'ਚ ਵਾਧਾ ਹੁੰਦਾ ਹੈ। ਰਸਾਇਣਕ ਖਾਦਾਂ ਮਿੱਟੀ ਦੀ ਪਰਖ ਦੇ ਆਧਾਰ 'ਤੇ ਵਰਤੋ। ਯੂਰੀਆ 130 ਕਿੱਲੋ ਪ੍ਰਤੀ ਏਕੜ ਦੋ ਬਰਾਬਰ ਕਿਸ਼ਤਾਂ 'ਚ ਵਰਤੋ। ਪਹਿਲੀ ਕਿਸ਼ਤ ਪਹਿਲੇ ਪਾਣੀ ਦੌਰਾਨ ਫ਼ਸਲ ਦੇ ਉੱਗਣ ਉਪਰੰਤ ਤੇ ਦੂਜੀ ਕਿਸ਼ਤ ਮਈ ਜਾਂ ਜੂਨ ਮਹੀਨੇ ਦੌਰਾਨ ਪਾਓ। ਫਾਸਫੋਰਸ ਖਾਦ ਦੀ ਵਰਤੋਂ ਹਮੇਸ਼ਾ ਫਾਸਫਾਰਸ ਦੀ ਘਾਟ ਵਾਲੀਆਂ ਜ਼ਮੀਨਾਂ ਵਿਚ ਹੀ ਕਰੋ। ਇਸ ਲਈ 12 ਕਿੱਲੋ ਫਾਸਫੋਰਸ ਪ੍ਰਤੀ ਏਕੜ 75 ਕਿੱਲੋ ਸਿੰਗਲ ਸੁਪਰਫਾਸਫੇਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਲੋਹੇ ਦੀ ਘਾਟ ਆਉਣ 'ਤੇ 1 ਫ਼ੀਸਦੀ ਫੈਰਸ-ਸਲਫੇਟ ਦੇ 2-3 ਛਿੜਕਾਅ ਕਰੋ। ਕਮਾਦ ਨੂੰ ਤੁਪਕਾ ਸਿੰਜਾਈ ਵਿਧੀ ਨਾਲ ਵੀ ਖਾਦ ਪਾਈ ਜਾ ਸਕਦੀ ਹੈ। ਬੀਜੜ ਕਮਾਦ ਲਈ 104 ਕਿੱਲੋ ਯੂਰੀਆ ਤੇ ਮੋਢੇ ਕਮਾਦ ਲਈ 156 ਕਿੱਲੋ ਯੂਰੀਆ ਪ੍ਰਤੀ ਏਕੜ 10 ਬਰਾਬਰ ਕਿਸ਼ਤਾਂ 'ਚ ਤੁਪਕਾ ਸਿੰਜਾਈ ਰਾਹੀਂ ਪਾਓ। ਖਾਦ ਦੀ ਪਹਿਲੀ ਕਿਸ਼ਤ ਅਪ੍ਰੈਲ ਤੋਂ ਸ਼ੁਰੂ ਕਰ ਕੇ 90-100 ਦਿਨਾਂ ਵਿਚ ਖ਼ਤਮ ਕਰ ਦੇਵੋ।
ਸਿੰਜਾਈ
ਜੇ ਗੰਨੇ ਦੀ ਬਿਜਾਈ ਪੂਰੇ ਵੱਤਰ ਵਿਚ ਕੀਤੀ ਹੋਵੇ ਤਾਂ ਪਹਿਲਾ ਪਾਣੀ ਫ਼ਸਲ ਉੱਗਣ ਉਪਰੰਤ ਲਗਾਓ। ਅਪ੍ਰੈਲ ਤੋਂ ਜੂਨ ਮਹੀਨਆਂ ਦੀ ਗਰਮੀ ਦੌਰਾਨ ਫ਼ਸਲ ਨੂੰ 7-12 ਦਿਨ ਦੇ ਵਕਫ਼ੇ 'ਤੇ ਪਾਣੀ ਲਗਾਓ। ਬਰਸਾਤ ਦੇ ਮੌਸਮ 'ਚ ਸਿੰਜਾਈ ਦਾ ਵਕਫਾ ਮੀਂਹ ਦੇ ਹਿਸਾਬ ਨਾਲ ਤੈਅ ਕਰੋ ਅਤੇ ਠੰਡੇ ਮੌਸਮ (ਨਵੰਬਰ ਤੋਂ ਜਨਵਰੀ) ਦੌਰਾਨ ਇਕ ਮਹੀਨੇ ਦੇ ਵਕਫ਼ੇ 'ਤੇ ਸਿੰਜਾਈ ਕਰੋ। ਪਾਣੀ ਦੀ ਸੁਚੱਜੀ ਵਰਤੋਂ ਲਈ ਪ੍ਰਤੀ ਏਕੜ 20-25 ਕੁਇੰਟਲ ਖੋਰੀ ਜਾਂ ਪਰਾਲੀ ਸਿਆੜਾਂ ਵਿਚਕਾਰ ਪਾਓ। ਇਸ ਨਾਲ ਪਾਣੀ ਦੀ ਬੱਚਤ ਤੇ ਨਦੀਨਾਂ ਦੀ ਭਰਮਾਰ ਨੂੰ ਘੱਟ ਕੀਤਾ ਜਾ ਸਕਦਾ ਹੈ। ਤੁਪਕਾ ਸਿੰਜਾਈ ਵਿਧੀ ਨਾਲ ਵੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਦੋਹਰੀ ਕਤਾਰੀ ਵਿਧੀ ਰਾਹੀਂ ਬੀਜੇ ਕਮਾਦ ਲਈ 150 ਸੈਂਟੀਮੀਟਰ ਦੀ ਦੂਰੀ ਤੇ 20 ਸੈਂਟੀਮੀਟਰ ਡੂੰਘੀਆਂ ਦਬਾਈਆਂ ਪਾਈਪਾਂ ਰਾਹੀ ਹਰ ਤੀਸਰੇ ਦਿਨ ਸਿੰਜਾਈ ਕਰੋ। ਜੇ ਤੁਪਕਾ ਸਿੰਜਾਈ ਦਾ ਵਹਾਅ 2.2 ਲੀਟਰ ਪ੍ਰਤੀ ਘੰਟਾ ਹੋਵੇ ਤਾਂ ਅਪ੍ਰੈਲ ਤੋਂ ਜੂਨ ਤਕ 120 ਮਿੰਟ, ਜੁਲਾਈ ਤੋ ਅਗਸਤ ਤਕ 100 ਮਿੰਟ, ਸਤੰਬਰ-ਅਕਤੂਬਰ ਵਿਚ 80 ਮਿੰਟ ਤੇ ਨਵੰਬਰ-ਦਸੰਬਰ ਵਿਚ 60 ਮਿੰਟਾਂ ਲਈ ਸਿੰਜਾਈ ਕਰੋ।
ਨਦੀਨਾਂ ਦੀ ਰੋਕਥਾਮ
ਟਰੈਕਟਰ ਨਾਲ ਚੱਲਣ ਵਾਲੀ ਤ੍ਰਿਫਾਲੀ ਜਾਂ ਹੱਥੀਂਂ ਗੁਡਾਈ ਕਰਨ ਵਾਲੀ ਮਸ਼ੀਨ ਨਾਲ 2-3 ਗੋਡੀਆਂ ਕਰੋ। ਸਿਆੜਾਂ ਵਿਚਕਾਰ ਇਕਸਾਰ ਪਰਾਲੀ ਜਾਂ ਖੋਰੀ ਖਿਲਾਰਨ ਨਾਲ ਵੀ ਨਦੀਨਾਂ ਨੂੰ ਘਟਾਇਆ ਜਾ ਸਕਦਾ ਹੈ। ਨਦੀਨਾਂ ਦੀ ਰੋਕਥਾਮ 800 ਗ੍ਰਾਮ ਕਾਰਮੈਕਸ/ਕਲਾਸ 80 ਤਾਕਤ ਨੂੰ 200 ਲੀਟਰ ਪਾਣੀ 'ਚ ਘੋਲ ਕੇ ਪ੍ਰਤੀ ਏਕੜ ਨਦੀਨਾਂ ਦੇ ਉੱਗਣ ਤੋਂ ਪਹਿਲਾਂ ਜਾਂ ਬਿਜਾਈ ਤੋ 2-3 ਦਿਨ ਅੰਦਰ ਛਿੜਕਾਅ ਕਰ ਕੇ ਵੀ ਕੀਤੀ ਜਾ ਸਕਦੀ ਹੈ। ਜਿਹੜੇ ਖੇਤਾਂ 'ਚ 'ਮੋਥਾ' ਜਾਂ 'ਡੀਲੇ' ਦੀ ਭਰਮਾਰ ਹੋਵੇ ਉਨ੍ਹਾਂ ਖੇਤਾਂ 'ਚ 800 ਗ੍ਰਾਮ 2,4-ਡੀ ਸੋਡੀਅਮ ਸਾਲਟ 80 ਤਾਕਤ ਨੂੰ 200 ਲੀਟਰ ਪਾਣੀ ਨਾਲ ਸਪਰੇਅ ਕਰਨੀ ਚਾਹੀਦੀ ਹੈ। ਜੇ ਖੇਤ ਵਿਚ 'ਲਪੇਟਾ ਵੇਲ' ਜਾਂ ਚੌੜੇ ਪੱਤਿਆਂ ਵਾਲੇ ਨਦੀਨ ਹੋਣ ਤਾਂ 800 ਗ੍ਰਾਮ 2,4 ਡੀ ਸੋਡੀਅਮ ਅਮਾਈਨ ਸਾਲਟ 58 ਤਾਕਤ ਦੀ ਨਦੀਨਾਂ ਦੀਆਂ-5 ਪੱਤਿਆਂ ਵਾਲੀ ਸਥਿਤੀ 'ਤੇ ਸਪਰੇਅ ਕਰੋ।
ਫ਼ਸਲ ਦਾ ਡਿੱਗਣ ਤੋਂ ਬਚਾਅ
ਫ਼ਸਲ ਦੇ ਡਿੱਗਣ ਨਾਲ ਗੰਨੇ ਦੇ ਝਾੜ ਤੇ ਰਸ ਦੀ ਗੁਣਵੱਤਾ 'ਤੇ ਮਾੜਾ ਅਸਰ ਪੈਂਦਾ ਹੈ ਤੇ ਅਜਿਹੀ ਫ਼ਸਲ ਦਾ ਚੂਹੇ ਵੀ ਵਧੇਰੇ ਨੁਕਸਾਨ ਕਰਦੇ ਹਨ। ਫ਼ਸਲ ਨੂੰ ਡਿੱਗਣ ਤੋਂ ਬਚਾਉਣ ਲਈ ਬਿਜਾਈ ਹਮੇਸ਼ਾ ਡੂੰਘੀਆਂ ਖਾਲ਼ੀਆਂ ਵਿਚ ਕਰੋ। ਫ਼ਸਲ ਨੂੰ ਜੂਨ ਦੇ ਅੰਤ ਤਕ ਮਿੱਟੀ ਚੜ੍ਹਾ ਦੇਵੋ। ਫ਼ਸਲ ਦੀ ਬਿਜਾਈ ਸਮੇਂ ਸਿਰ, ਭਾਵ ਅਗਸਤ ਮਹੀਨੇ ਦੇ ਅਖ਼ੀਰ ਜਾਂ ਸਤੰਬਰ ਦੇ ਸ਼ੁਰੂ ਤਕ ਹਰ ਹਾਲਤ ਵਿਚ ਕਰ ਲਵੋ।
ਬਿਜਾਈ ਦਾ ਢੰਗ
ਕਮਾਦ ਦੀ ਬਿਜਾਈ ਦੋ-ਕਤਾਰੀ ਖਾਲ਼ੀ ਵਿਧੀ ਰਾਹੀਂ ਕਰੋ। ਦੋ-ਕਤਾਰੀ ਖਾਲ਼ੀ ਵਿਧੀ ਨਾਲ ਦੋ ਦੋਹਰੇ ਸਿਆੜਾਂ ਦਾ ਫ਼ਾਸਲਾ ਤਿੰਨ ਫੁੱਟ (90 ਸੈਂਟੀਮੀਟਰ) ਤੋਂ ਲੈ ਕੇ ਚਾਰ ਫੁੱਟ (120 ਸੈਂਟੀਮੀਟਰ) ਰੱਖਿਆ ਜਾ ਸਕਦਾ ਹੈ। ਜੇ ਫ਼ਸਲ ਦੀ ਕਟਾਈ ਮਸੀਨ ਨਾਲ ਕਰਨੀ ਹੋਵੇ ਤਾਂ ਬਿਜਾਈ ਚਾਰ ਫੁੱਟ ਦੀ ਦੂਰੀ 'ਤੇ ਕਰੋ।
- ਕੁਲਦੀਪ ਸਿੰਘ
Summary in English: How to get higher yield than sugarcane?