1. Home
  2. ਖੇਤੀ ਬਾੜੀ

Tips for Planting Peas: ਸਹੀ ਤਕਨੀਕ ਨਾਲ ਮਟਰ ਦੀ ਬਿਜਾਈ ਕਦੋਂ ਅਤੇ ਕਿਵੇਂ ਕਰੀਏ? ਜਾਣੋ ਵਧੇਰੇ ਮੁਨਾਫੇ ਲਈ ਅਗੇਤੇ ਮਟਰ ਬੀਜਣ ਦੇ ਇਹ ਆਸਾਨ ਨੁਕਤੇ

ਮਟਰਾਂ ਦੀ ਕਾਸ਼ਤ ਜਿੱਥੇ ਥੋੜ੍ਹੇ ਸਮੇਂ ਵਿੱਚ ਉਪਜ ਪੈਦਾ ਕਰ ਸਕਦੀ ਹੈ, ਉੱਥੇ ਇਹ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਵੀ ਸਹਾਇਕ ਹੈ। ਜੇਕਰ ਇਸ ਦੀ ਖੇਤੀ ਫ਼ਸਲੀ ਚੱਕਰ ਅਨੁਸਾਰ ਕੀਤੀ ਜਾਵੇ ਤਾਂ ਇਹ ਜ਼ਮੀਨ ਨੂੰ ਉਪਜਾਊ ਬਣਾਉਂਦੀ ਹੈ। ਜੇਕਰ ਇਸ ਦੀਆਂ ਅਗੇਤੀਆਂ ਕਿਸਮਾਂ ਦੀ ਕਾਸ਼ਤ ਅਕਤੂਬਰ ਤੋਂ ਨਵੰਬਰ ਦੇ ਮਹੀਨਿਆਂ ਦਰਮਿਆਨ ਕੀਤੀ ਜਾਵੇ ਤਾਂ ਵੱਧ ਝਾੜ ਦੇ ਨਾਲ-ਨਾਲ ਭਾਰੀ ਮੁਨਾਫ਼ਾ ਵੀ ਕਮਾਇਆ ਜਾ ਸਕਦਾ ਹੈ।

Gurpreet Kaur Virk
Gurpreet Kaur Virk
ਮਟਰ ਠੰਡੇ ਮੌਸਮ ਦੀ ਮੁੱਖ ਫਸਲ

ਮਟਰ ਠੰਡੇ ਮੌਸਮ ਦੀ ਮੁੱਖ ਫਸਲ

How To Grow Peas: ਮਟਰ ਠੰਡੇ ਮੌਸਮ ਦੀ ਮੁੱਖ ਫਸਲ ਹੈ। ਪੰਜਾਬ ਵਿੱਚ ਮਟਰਾਂ ਹੇਠ 43.88 ਹਜ਼ਾਰ ਹੈਕਟੇਅਰ ਰਕਬਾ ਹੈ, ਜਿਸ ਚੋਂ 467.0 ਹਜ਼ਾਰ ਟਨ ਪੈਦਾਵਾਰ ਹੁੰਦੀ ਹੈ। ਇਸ ਵਿੱਚ ਖੁਰਾਕੀ ਤੱਤ ਜਿਵੇਂ ਕਿ ਪ੍ਰੋਟੀਨ, ਕਾਰਬੋਹਾਈਡ੍ਰੇਟ ਅਤੇ ਵਿਟਾਮਿਨ ਏੇ ਅਤੇ ਸੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ।

ਮਟਰਾਂ ਦੀ ਅਗੇਤੀ ਵਿਜਾਈ ਬਹੁੱਤ ਹੀ ਲਾਹੇਵੰਧ ਧੰਦਾ ਹੈ ਕਿਉਕਿ ਅਗੇਤੀ ਫਸਲ ਦਾ ਮੰਡੀ ਵਿੱਚ ਜ਼ਿਆਦਾ ਮੁੱਲ ਮਿਲਦਾ ਹੈ। ਅਗੇਤੇ ਮਟਰ ਥੋੜ੍ਹੇ ਸਮੇ ਦੀ ਫਸਲ ਹੋਣ ਕਰਕੇ ਵੱਖ-ਵੱਖ ਫਸਲੀ ਚੱਕਰ ਲਈ ਬਹੁਤ ਢੁੱਕਵੀਂ ਹੈ।

ਠੀਕ ਵਾਧੇ ਲਈ ਮਟਰ ਨੂੰ 20 ਤੋਂ 25 ਡਿਗਰੀ ਸੇਂਟੀਗਰੇਡ ਤਾਪਮਾਨ ਦੀ ਲੋੜ ਹੁੰਦੀ ਹੈ। ਜੇਕਰ ਤਾਪਮਾਨ 30 ਡਿਗਰੀ ਸੈਂਟੀਗਰੇਡ ਤੋਂ ਵੱਧ ਜਾਵੇ ਤਾਂ ਬੂਟੇ ਉਗਣ ਸਮੇਂ ਹੀ ਮਰ ਜਾਂਦੇ ਹਨ। ਜੇਕਰ ਫਸਲ ਵੱਧਣ ਸਮੇਂ ਤਾਪਮਾਨ ਜ਼ਿਆਦਾ ਰਹੇ ਤਾਂ ਉਖੇੜਾ ਅਤੇ ਤਣੇ ਦੀ ਮੱਖੀ ਫਸਲ ਵਿੱਚ ਬੂਟਿਆਂ ਦੀ ਗਿਣਤੀ ਘਟਾ ਕੇ ਪੈਦਾਵਾਰ ਵਿੱਚ ਨੁਕਸਾਨ ਕਰਦੀ ਹੈ। ਇਸ ਲਈ ਮਟਰਾਂ ਦੀ ਫਸਲ ਉਸ ਇਲਾਕੇ ਵਿੱਚ ਹੀ ਚੰਗੀ ਹੋ ਸਕਦੀ ਹੈ ਜਿਥੇ ਗਰਮੀ ਤੋਂ ਸਰਦੀ ਰੁੱਤ ਦਾ ਬਦਲ਼ਾਅ ਸਹਿਜੇ ਹੁੰਦਾ ਹੈ।

ਅਗੇਤੀ ਕਿਸਮਾਂ

ਮਟਰ ਅਗੇਤਾ-7: ਇਸ ਦੇ ਬੂਟੇ ਛੇਤੀ ਵੱਧਣ ਵਾਲੇ ਹੁੰਦੇ ਹਨ।ਹਰ ਬੂਟੇ ਤੇ 15-18 ਭਰਵੀਆਂ ਫਲੀਆਂ ਲਗਦੀਆਂ ਹਨ ਅਤੇ ਹਰ ਫਲੀ ਵਿੱਚ 7-9 ਦਾਣੇ ਹੁੰਦੇ ਹਨ। ਫਲੀਆਂ ਦੀ ਲੰਬਾਈ ਦਰਮਿਆਨੀ (9.5 ਸੈਂਟੀਮੀਟਰ) ਅਤੇ ਸਿਰੇ ਤੋਂ ਥੋੜੀਆਂ ਮੁੜੀਆਂ ਹੁੰਦੀਆਂ ਹਨ। ਇਸ ਦੀਆਂ ਫਲੀਆਂ ਇੱਕਲੀਆਂ ਜਾਂ ਜੋੜਿਆਂ ਵਿੱਚ ਲੱਗਦੀਆਂ ਹਨ। ਇਸ ਦੀਆਂ ਫਲੀਆਂ ਵਿੱਚੋਂ ਲਗਭਗ 48 ਪ੍ਰਤੀਸ਼ਤ ਦਾਣੈ ਨਿਕਲਦੇ ਹਨ। ਇਹ ਅਗੇਤੀ ਕਿਸਮ ਹੈ ਅਤੇ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਹੈ।

ਏ. ਪੀ.-3: ਇਹ ਅਗੇਤੀ ਕਿਸਮ ਹੈ ਅਤੇ ਇਸ ਦੇ ਬੂਟੇ ਮੱਧਰੇ ਹੁੰਦੇ ਹਨ।ਫਲੀਆਂ ਦੀ ਲੰਬਾਈ ਦਰਮਿਆਨੀ (8.85 ਸੈਂਟੀਮੀਟਰ) ਅਤੇ ਸਿਰੇ ਤੋਂ ਮੁੜੀਆਂ ਹੁੰਦੀਆਂ ਹਨ। ਇਸ ਦੀਆਂ ਫਲੀਆਂ ਇੱਕਲੀਆਂ ਜਾਂ ਜੋੜਿਆਂ ਵਿੱਚ ਲੱਗਦੀਆਂ ਹਨ।ਹਰ ਫਲੀ ਵਿੱਚ 7-8 ਦਾਣੇ ਹੁੰਦੇ ਹਨ ਅਤੇ ਫਲੀਆਂ ਵਿੱਚੋਂ ਲਗਭਗ 50 ਪ੍ਰਤੀਸ਼ਤ ਦਾਣੇ ਨਿਕਲਦੇ ਹਨ। ਇਸ ਦੇ ਦਾਣੇ ਮੋਟੇ, ਝੁਰੜੀਆਂ ਵਾਲੇ ਅਤੇਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ, ਜੇਕਰ ਇਸ ਨੂੰ ਅਕਤੂਬਰ ਦੇ ਦੂਜੇ ਹਫਤੇ ਬੀਜਿਆ ਜਾਵੇ। ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਇਹ ਵੀ ਪੜ੍ਹੋ: Vegetable Gardening for Beginners: ਗਮਲੇ 'ਚ ਆਸਾਨੀ ਨਾਲ ਉਗਾਓ ਭਿੰਡੀ ਦੀ ਫਸਲ, ਇਨ੍ਹਾਂ ਸੁਧਰੀਆਂ ਕਿਸਮਾਂ ਦੀ ਕਰੋ ਕਾਸ਼ਤ, ਜਾਣੋ ਇਹ ਆਸਾਨ ਟਿਪਸ

ਅਗੇਤੇ ਮਟਰਾਂ ਦੀ ਕਾਸ਼ਤ ਦੇ ਨੁੱਕਤੇ:

ਬਿਜਾਈ ਤੇ ਬੀਜ ਦੀ ਮਾਤਰਾ: ਸਤੰਬਰ ਦੇ ਮਹੀਨੇ ਵਿੱਚ ਬੀਜੀ ਫਸਲ ਨੂੰ ਉਖੇੜਾਂ ਰੋਗ ਬਹੁਤ ਲੱਗਦਾ ਹੈ। ਇਸ ਲਈ ਮੈਦਾਨੀ ਇਲਾਕਿਆਂ ਵਿੱਚ ਬਿਜਾਈ ਕਰਨ ਲਈ ਸਭ ਤੋਂ ੳੱਤਮ ਸਮਾਂ ਅਕਤੂਬਰ ਦਾ ਪਹਿਲਾ ਹਫਤਾ ਹੈ। ਪ੍ਰੰਤੂ ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਅਮ੍ਰਿਤਸਰ ਜਿਲ੍ਹਿਆਂ ਵਿੱਚ ਅਗੇਤੇ ਮਟਰ ਦੀ ਬਿਜਾਈ ਸਤੰਬਰ ਦੇ ਅਖੀਰਲੇ ਹਫਤੇ ਕੀਤੀ ਜਾਂਦੀ ਹੈ। ਮਸ਼ੀਨੀ ਬਿਜਾਈ ਲਈ ਅਗੇਤੀਆਂ ਕਿਸਮਾਂ ਦਾ 45 ਕਿਲੋ ਬੀਜ ਪ੍ਰਤੀ ਏਕੜ ਲਗਦਾ ਹੈ। ਹੱਥਾ ਨਾਲ ਬਿਜਾਈ ਕਰਨ ਤੇ ਬੀਜ ਦੀ ਮਾਤਰਾ ਘੱਟ ਲੱਗਦੀ ਹੈ। ਅਗੇਤੀਆਂ ਕਿਸਮਾਂ ਲਈ ਫਸਲਾਂ 30X7.5 ਸੈਂਟੀਮੀਟਰ ਰੱਖਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਮਟਰਾਂ ਦੀ ਬਿਜਾਈ ਪੱਧਰੇ 'ਤੇ ਕਰਨੀ ਚਾਹੀਦੀ ਹੈ, ਪਰ ਬਿਜਾਈ ਸਮੇਂ ਠੀਕ ਵੱਤਰ ਹੋਵੇ। ਮਟਰਾਂ ਦੀ ਬਿਜਾਈ ਖਾਦ ਡਰਿੱਲ ਨਾਲ ਵੱਟਾਂ 'ਤੇ ਵੀ ਕੀਤੀ ਜਾ ਸਕਦੀ ਹੈ। ਇਸ ਲਈ ਵੱਟਾਂ 60 ਸੈਂਟੀਮੀਟਰ ਚੌੜੀਆਂ ਰੱਖੋ ਅਤੇ ਹਰ ਵੱਟ ਉਤੇ 25 ਸੈਂਟੀਮੀਟਰ ਦੂਰੀ ਦੀਆਂ ਦੋ ਕਤਾਰਾਂ ਵਿੱਚ ਬਿਜਾਈ ਕਰੋ। ਇਸ ਡਰਿੱਲ ਨਾਲ ਇੱਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ ਕੀਤੀ ਜਾ ਸਕਦੀ ਹੈ।

ਟੀਕੇ ਨਾਲ ਬੀਜ ਸੋਧਣਾ: ਮਟਰਾਂ ਨੂੰ ਬਿਜਾਈ ਤੋਂ ਪਹਿਲਾਂ ਰਾਈਜੋਬੀਅਮ ਦਾ ਟੀਕਾ ਜ਼ਰੂਰ ਲਾੳ ਕਿਉਂਕਿ ਇਸ ਨਾਲ ਝਾੜ ਵੱਧ ਜਾਂਦਾ ਹੈ। ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਈਕਰੋਬਾਇੳਲੋਜੀ ਵਿਭਾਗ ਵਿਚ ਉਪਲੱਬਧ ਹੈ। ਅਗੇਤੀ ਬੀਜੀ ਫਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ। ਇਸ ਲਈ ਬੀਜ ਨੂੰ ਬੀਜਣ ਤੋਂ ਪਹਿਲਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ। ਮਟਰਾਂ ਦੇ ਬੀਜ ਨੂੰ ਸੋਧਣ ਲਈ ਅੱਧੇ ਲਿਟਰ ਪਾਣੀ ਵਿੱਚ ਰਾਈਜ਼ੋਬੀਅਮ ਦੇ ਟੀਕੇ ਦਾ ਪੈਕਟ (ਇਕ ਏਕੜ ਵਾਲਾ) ਅਤੇ 675 ਗ੍ਰਾਮ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ ਰਲਾ ਦਿਉ। ਫਿਰ ਇਸ ਘੋਲ ਨੂੰ 45 ਕਿਲੋ ਬੀਜ ਵਿੱਚ ਚੰਗ੍ਹੀ ਤਰ੍ਹਾਂ ਮਿਲਾ ਦਿਉ। ਬੀਜ ਨੂੰ ਛਾਂਵੇਂ ਸੁੱਕਾ ਕੇ ਉਸੇ ਦਿਨ ਖੇਤ ਵਿੱਚ ਬੀਜ ਦਿੳ।

ਖਾਦਾਂ: ਮਟਰ ਵਾਸਤੇ ਏਕੜ ਪਿੱਛੇ 8 ਟਨ ਗੋਹੇ ਦੀ ਗਲੀ ਸੜੀ ਰੂੜੀ, 20 ਕਿਲੋ ਨਾਈਟ੍ਰੋਜਨ (45 ਕਿਲੋ ਯੂਰੀਆਂ) ਅਤੇ 25 ਕਿਲੋ ਫਾਸਫੋਰਸ (155 ਕਿਲੋ ਸੁਪਰਫਾਸਫੇਟ) ਬਿਜਾਈ ਤੋਂ ਪਹਿਲਾਂ ਖੇਤ ਵਿੱਚ ਪਾਉ।ਇਹ ਸਾਰੀਆਂ ਖਾਦਾਂ ਬਿਜਾਈ ਤੋਂ ਪਹਿਲਾਂ ਪਾਉਣੀਆਂ ਚਾਹੀਦੀਆਂ ਹਨ।

ਇਹ ਵੀ ਪੜੋ: SEED-BORNE DISEASES IN RICE: ਮਾਹਿਰਾਂ ਨੇ ਝੋਨੇ ਦੀਆਂ ਬੀਜ ਅਧਾਰਿਤ ਬਿਮਾਰੀਆਂ ਬਾਰੇ ਕਿਸਾਨਾਂ ਨੂੰ ਦਿੱਤੀ ਜਾਣਕਾਰੀ

ਮਟਰ ਠੰਡੇ ਮੌਸਮ ਦੀ ਮੁੱਖ ਫਸਲ

ਮਟਰ ਠੰਡੇ ਮੌਸਮ ਦੀ ਮੁੱਖ ਫਸਲ

ਨਦੀਨਾਂ ਦੀ ਰੋਕਥਾਮ: ਬੀਜ ਉੱਗਣ ਤੋਂ 4 ਅਤੇ 8 ਹਫਤਿਆਂ ਪਿੱਛੋਂ ਗੋਡੀ ਕਰਕੇ ਖੇਤ ਨੂੰ ਨਦੀਨਾਂ ਤੋਂ ਮੁੱਕਤ ਰੱਖੋ। ਮਟਰਾਂ ਵਿਚ ਨਦੀਨਾਂ ਦੀ ਰੋਕਥਾਮ ਲਈ ਸਟੌਪ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਜਾਂ ਐਫਾਲੋਨ 50 ਤਾਕਤ (ਲੀਨੂਰੋਨ) 500 ਗ੍ਰਾਮ ਪ੍ਰਤੀ ਏਕੜ, ਨਦੀਨ ਉੱਗਣ ਤੋਂ ਪਹਿਲਾਂ ਬਿਜਾਈ ਤੋਂ ਦੋ ਦਿਨਾਂ ਦੇ ਵਿੱਚ ਵਰਤੋ। ਨਦੀਨ ਨਾਸ਼ਕ ਨੂੰ 150 ਤੋਂ 200 ਲਿਟਰ ਪਾਣੀ ਵਿਚ ਘੋਲ ਲਵੋ ਅਤੇ ਖੇਤ ਵਿੱਚ ਇੱਕਸਰ ਛਿੜਕਾਅ ਕਰੋ।ਇਹ ਨਦੀਨ ਨਾਸ਼ਕ ਚੌੜੇ ਪੱਤੇ ਵਾਲੇ ਤੇ ਘਾਹ ਵਾਲੇ ਨਦੀਨ ਜਿਨ੍ਹਾਂ ਵਿੱਚ ਗੁੱਲੀ ਡੰਡਾ ਆਦਿ ਸ਼ਾਮਲ ਹਨ, ਉੱਤੇ ਕਾਬੂ ਪਾ ਸਕਦੇ ਹਨ।

ਸਿੰਚਾਈ: ਬਿਜਾਈ ਠੀਕ ਵੱਤਰ ਵਿੱਚ ਕਰੋ।ਪਹਿਲਾਂ ਪਾਣੀ ਬਿਜਾਈ ਤੋਂ 15-20 ਦਿਨ ਬਾਅਦ ਲਾਉ। ਅਗਲਾ ਪਾਣੀ ਫੁੱਲ ਆਉਣ ਤੇ ਅਤੇ ਫਿਰ ਅਗਲਾ ਫਲ ਪੈਣ ਤੇ ਜੇ ਜ਼ਰੂਰਤ ਮੁਤਾਬਕ ਲਾੳ। ਮਟਰ ਦੀ ਫਸਲ ਬਰਾਨੀ ਹਾਲਤਾਂ ਵਿੱਚ ਵੀ ਘੱਟ ਸਿੰਚਾਈਆਂ ਨਾਲ ਉੱਗਾਈ ਜਾ ਸਕਦੀ ਹੈ। ਜ਼ਮੀਨ ਦੀ ਕਿਸਮ ਅਤੇ ਮੌਸਮ ਮੁਤਾਬਕ ਕੁੱਲ 3-4 ਪਾਣੀਆਂ ਦੀ ਹੀ ਲੋੜ ਹੈ।

ਤੁੜਾਈ: ਮਟਰਾਂ ਦੀ ਤੁੜਾਈ ਸਮੇ ਸਿਰ ਕਰੋ ਅਤੇ ਫਲੀਆਂ ਨੂੰ ਜ਼ਿਆਦਾ ਨਾ ਪੱਕਣ ਦਿੳ। ਅਗੇਤੀਆਂ ਕਿਸਮਾਂ ਦੀਆਂ ਆਮ ਤੌਰ 'ਤੇ ਦੋ ਤੁੜਾਈਆਂ ਕੀਤੀਆ ਜਾਂਦੀਆਂ ਹਨ।

ਕੀੜੇ:

ਥਰਿੱਪ (ਜੂੰ): ਇਹ ਕੀੜਾਂ ਰਸ ਚੂਸ ਕੇ ਫਸਲ ਦਾ ਬਹੁਤ ਨੁਕਸਾਨ ਕਰਦਾ ਹੈ।

ਤਣੇ ਦੀ ਮੱਖੀ: ਕਈ ਵਾਰ ਅਗੇਤੀ ਬੀਜੀ ਫਸਲ ਤੇ ਤਣੇ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ ਜਿਸ ਨਾਲ ਸਾਰੀ ਦੀ ਸਾਰੀ ਫਸਲ ਤਬਾਹ ਹੋ ਜਾਂਦੀ ਹੈ। ਇਹ ਕੀੜਾ ਬੀਜ ਉੱਗਣ ਸਮੇਂ ਫਸਲ ਦਾ ਬਹੁਤ ਨੁਕਸਾਨ ਕਰਦਾ ਹੈ। ਇਸ ਦੇ ਬਚਾਅ ਲਈ ਬੀਜ ਵਾਲੀ ਫਸਲ ਤੇ ਬਿਜਾਈ ਸਮੇਂ ਸਿਆੜਾਂ ਵਿੱਚ 10 ਕਿਲੋ ਫੂਰਾਡਾਨ 3 ਜੀ ਦਾਣੇਦਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ।

ਬਿਮਾਰੀਆਂ:

ਖੇਤਾ ਤੇ ਜੜ੍ਹਾਂ ਅਤੇ ਗਿੱਚੀ ਦਾ ਗਲਣਾ: ਜਿੱਥੇ ਇਹ ਰੋਗ ਵਧੇਰੇ ਲੱਗਦਾ ਹੈ ੳੱਥੇ ਮਟਰ ਦੀ ਫਸਲ ਅਗੇਤੀ ਨਾ ਬੀਜੋ ਕਿਉਂਕਿ ਅਗੇਤੀ ਫਸਲ ਨੂੰ ਰੋਗ ਜ਼ਿਆਦਾ ਲੱਗਦਾ ਹੈ। ਇਸ ਰੋਗ ਨਾਲ ਜੜ੍ਹਾਂ ਗਲ ਜਾਂਦੀਆਂ ਹਨ ਅਤੇ ਹੇਠਲੇ ਪੱਤੇ ਪੀਲੇ ਹੋ ਜਾਂਦੇ ਹਨ ਅਤੇ ਬਾਅਦ ਵਿੱਚ ਪੌਦਾ ਮਰ ਜਾਂਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ 15 ਗ੍ਰਾਮ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜਣਾ ਚਾਹੀਦਾ ਹੈ।

ਸਰੋਤ: ਰਜਿੰਦਰ ਕੁਮਾਰ ਢੱਲ, ਹੀਰਾ ਸਿੰਘ ਅਤੇ ਤਰਸੇਮ ਸਿੰਘ ਢਿੱਲੋਂ, ਸਬਜ਼ੀ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

Summary in English: Growing Peas From Sowing to Harvest, Learn these easy tips for early planting peas for more profit

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters