ਪੰਜਾਬ ਵਿੱਚ ਝੋਨੇ ਦੀ ਬਹੁਤ ਵੱਡੇ ਪੱਧਰ ਉੱਪਰ ਖੇਤੀ ਕੀਤੀ ਜਾਂਦੀ ਹੈ। ਪੰਜਾਬ ਵਿੱਚ 2019-20 ਦੌਰਾਨ ਝੋਨੇ ਹੇਠ ਕੁੱਲ ਰਕਬਾ 31.5 ਲੱਖ ਹੈਕਟੇਅਰ ਸੀ, ਪੰਜਾਬ ਵਿੱਚ ਝੋਨੇ ਦੀ ਲੁਆਈ ਜ਼ਿਆਦਾਤਰ ਪ੍ਰਵਾਸੀ ਮਜ਼ਦੂਰਾਂ ਤੇ ਨਿਰਭਰ ਕਰਦੀ ਹੈ। ਝੋਨੇ ਦੀ ਫ਼ਸਲ ਦੋ ਤਰ੍ਹਾਂ ਨਾਲ ਲਗਾਈ ਜਾਂਦੀ ਹੈ, ਬੀਜ ਦੀ ਸਿੱਧੀ ਬਿਜਾਈ ਨਾਲ ਅਤੇ ਪਨੀਰੀ ਤਿਆਰ ਕਰਕੇ।
ਮਈ ਦੇ ਮਹੀਨੇ ਵਿੱਚ ਝੋਨੇ ਦੀ ਫ਼ਸਲ ਲਈ ਨਰਸਰੀ ਤਿਆਰ ਕੀਤੀ ਜਾਂਦੀ ਹੈ। ਤਿਆਰ ਕੀਤੀ ਹੋਈ ਪਨੀਰੀ ਨੂੰ ਜੂਨ ਮਹੀਨੇ ਦੇ ਪਹਿਲੇ ਜਾਂ ਦੂਜੇ ਹਫਤੇ ਤੱਕ ਮੁੱਖ ਖੇਤ ਵਿੱਚ ਲਗਾਇਆ ਜਾਂਦਾ ਹੈ।
ਪਨੀਰੀ ਲਗਾਉਣ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਜਮੀਨ ਦੀ ਵਹਾਈ ਕੀਤੀ ਜਾਂਦੀ ਹੈ। ਜਮੀਨ ਦੀ ਵਹਾਈ ਹਲ ਜਾਂ ਤਵੀਆਂ ਨਾਲ ਕੀਤਾ ਜਾਂਦੀ ਹੈ। ਇੱਕ ਵਾਰ ਵਹਾਈ ਕਰਨ ਤੋਂ ਬਾਅਦ ਜਮੀਨ ਨੂੰ ਇੱਕ ਮਹੀਨੇ ਲਈ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ। ਜੇਕਰ ਹਰੀ ਖ਼ਾਦ ਦੀ ਵਰਤੋਂ ਕਰਨੀ ਹੋਵੇ ਤਾਂ ਇਹਨਾਂ ਦਿਨਾਂ ਵਿੱਚ ਹਰੀ ਖ਼ਾਦ ਜਿਵੇਂ ਕਿ ਯੰਤਰ ਆਦਿ ਦੀ ਵਰਤੋਂ ਨਾਲ ਹਰੀ ਖ਼ਾਦ ਤਿਆਰ ਕਰ ਸਕਦੇ ਹੋ। ਹਰੀ ਖ਼ਾਦ ਨੂੰ ਦੋ ਵਿਧੀ ਰਾਹੀਂ ਤਿਆਰ ਕੀਤਾ ਜਾ ਸਕਦਾ ਹੈ:-
1) ਖੇਤ ਨੂੰ ਪਾਣੀ ਦੇਣ ਤੋਂ ਪਹਿਲਾਂ ਹਰੀ ਖ਼ਾਦ ਨੂੰ ਸਿੱਧਾ ਹੀ ਜ਼ਮੀਨ ਵਿੱਚ ਵਾਹ ਸਕਦੇ ਹੋ।
2) ਖੇਤ ਨੂੰ ਪਾਣੀ ਦੇਣ ਤੋਂ ਬਾਅਦ ਹਰੀ ਖ਼ਾਦ ਦੀ ਵਹਾਈ ਜਾਂ ਉਸਨੂੰ ਕੱਦੂ ਕਰ ਸਕਦੇ ਹੋ।
ਜੇਕਰ ਤੁਸੀਂ ਹਰੀ ਖ਼ਾਦ ਦੀ ਵਰਤੋਂ ਨਹੀਂ ਕਰ ਰਹੇ ਤਾਂ ਜ਼ਮੀਨ ਦੀ ਵਹਾਈ ਤੋਂ ਬਾਅਦ ਜਿਸ ਸਮੇਂ ਤੁਹਾਡੀ ਪਨੀਰੀ ਤਿਆਰ ਹੋ ਗਈ ਹੋਵੇ ਉਸ ਸਮੇਂ ਜ਼ਮੀਨ ਵਿੱਚ ਪਾਣੀ ਛੱਡ ਕੇ ਕੱਦੂ ਕਰ ਸਕਦੇ ਹੋ।
ਕੱਦੂ ਕਰਨ ਦੀ ਵਿਧੀ:-
1) ਪਾਣੀ ਛੱਡਣ ਤੋਂ ਬਾਅਦ ਜਮੀਨ ਵਿੱਚ ਹਲ ਅਤੇ ਸੁਹਾਗਾ ਮਾਰ ਕੇ ਕੱਦੂ ਕਰ ਸਕਦੇ ਹਾਂ।
2) ਪਾਣੀ ਛੱਡਣ ਤੋਂ ਬਾਅਦ ਰੋਟਾਵੇਟਰ ਦੀ ਵਰਤੋਂ ਕਰਕੇ ਕੱਦੂ ਕਰ ਸਕਦੇ ਹਾਂ।
ਕੱਦੂ ਕਰਨ ਦੇ ਫ਼ਾਇਦੇ:-
1) ਕੱਦੂ ਕਰਨ ਨਾਲ ਪਾਣੀ ਦੀ ਤਕਰੀਬਨ 20% ਬੱਚਤ ਹੁੰਦੀ ਹੈ।
2) ਇਸ ਨਾਲ ਨਦੀਨਾਂ ਦੀ ਰੋਕਥਾਮ ਹੁੰਦੀ ਹੈ।
3) ਪਨੀਰੀ ਪੁੱਟਣ ਤੋਂ ਬਾਅਦ ਅਸਾਨੀ ਨਾਲ ਪਨੀਰੀ ਕੱਦੂ ਕੀਤੇ ਹੋਏ ਖੇਤ ਵਿੱਚ ਲਗਾ ਸਕਦੇ ਹੋ।
4) ਜਮੀਨ ਨੂੰ ਪੱਧਰਾ ਕਰਨ ਨਾਲ ਪਾਣੀ ਡੂੰਘੇ ਪਾਸੇ ਨਹੀਂ ਜਾਂਦਾ।
ਨੋਟ:- ਜੇਕਰ ਜਮੀਨ ਜਾਂ ਵੱਟਾਂ ਵਿੱਚ ਚੂਹਿਆਂ ਦੀਆਂ ਖੁੱਡਾਂ ਹੋਣ ਤਾਂ ਉਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਤਾਂ ਜੋ ਪਾਣੀ ਦੀ ਬਰਬਾਦੀ ਨਾ ਹੋਵੇ।
ਆਮ ਤੌਰ ਤੇ ਜੋ ਰੇਤਲੀ ਜ਼ਮੀਨ ਹੁੰਦੀ ਹੈ ਉਸ ਵਿੱਚ ਕੱਦੂ ਕਰਨ ਤੋਂ ਬਾਅਦ ਪਾਣੀ ਖੜ੍ਹਾ ਰੱਖਣਾ ਚਾਹੀਦਾ ਹੈ ਤਾਂ ਜੋ ਕੱਦੂ ਕਰੀ ਹੋਈ ਜ਼ਮੀਨ ਨੂੰ ਸਖ਼ਤ ਹੋਣ ਤੋਂ ਰੋਕਿਆ ਜਾ ਸਕੇ। ਕੱਦੂ ਕਰਨ ਤੋਂ ਬਾਅਦ ਪਨੀਰੀ ਦੀ ਲਵਾਈ ਸ਼ੁਰੂ ਕਰ ਸਕਦੇ ਹਾਂ।
ਪਨੀਰੀ ਲਾਉਣ ਦਾ ਢੰਗ:- ਪਨੀਰੀ ਨੂੰ ਪੁੱਟਣ ਤੋਂ ਬਾਅਦ ਜੜ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਫਿਰ ਲਾਉਣੀ ਚਾਹੀਦੀ ਹੈ। ਪਨੀਰੀ ਲਾਉਣ ਤੋਂ ਬਾਅਦ 12-14 ਦਿਨ ਤੱਕ ਪਾਣੀ ਨੂੰ ਖੜ੍ਹਾ ਰੱਖੋ। ਜਦੋਂ ਜਮੀਨ ਵਿੱਚ ਪਾਣੀ ਜਜ਼ਬ ਹੋ ਜਾਵੇ ਉਸ ਤੋਂ 2-3 ਦਿਨ ਬਾਅਦ ਪਾਣੀ ਲਗਾਉ, ਪਰ ਧਿਆਨ ਰੱਖੋ ਜਮੀਨ ਵਿੱਚ ਤ੍ਰੇੜਾਂ ਨਾ ਪੈਣ।
ਝੋਨੇ ਦੀ ਫ਼ਸਲ ਨੂੰ ਔਸਤ 1100-1200 mm ਪਾਣੀ ਦੀ ਜਰੂਰਤ ਹੁੰਦੀ ਹੈ। ਇੱਕ ਦਿਨ ਵਿੱਚ ਝੋਨੇ ਨੂੰ 6-10 mm ਪਾਣੀ ਲੋੜੀਂਦਾ ਹੈ। ਜੋ ਕੇ ਮਿੱਟੀ, ਝੋਨੇ ਦੀ ਕਿਸਮ ਆਦਿ ਉੱਪਰ ਨਿਰਭਰ ਕਰਦਾ ਹੈ।
ਝੋਨੇ ਦੀ ਫ਼ਸਲ ਲਈ ਪਾਣੀ ਦੀ ਮਾਤਰਾ:-
ਨਰਸਰੀ ਲਈ ਪਾਣੀ - 40 mm
ਜਮੀਨ ਤਿਆਰ ਕਰਨ ਲਈ - 200 mm
ਸਿੰਚਾਈ ਲਈ - 1000 mm
ਕੁੱਲ ਪਾਣੀ ਦੀ ਮਾਤਰਾ - 1200 mm
ਪਾਣੀ ਦੀ ਕਮੀ ਆਉਣ ਨਾਲ ਜੜ੍ਹਾਂ ਅਤੇ ਸ਼ਾਖਾਵਾਂ ਦਾ ਵਾਧਾ ਚੰਗੀ ਤਰ੍ਹਾਂ ਨਹੀਂ ਹੁੰਦਾ ਅਤੇ ਫ਼ਸਲ ਦਾ ਝਾੜ ਵੀ ਘੱਟ ਮਿਲਦਾ ਹੈ। ਫ਼ਸਲ ਪੱਕਣ ਤੋਂ 15 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦਿਓ।
ਸਿੰਚਾਈ ਦੇ ਨਾਜ਼ੁਕ ਪੜਾਅ:-
* ਸ਼ਾਖਾਵਾਂ ਫੁੱਟਣ ਵੇਲੇ
* ਸਿੱਟੇ ਨਿੱਕਲਣ ਸਮੇਂ
* ਸਿੱਟੇ ਦੀ ਡੰਡੀ ਫੁੱਲਣ ਸਮੇਂ
* ਸਿੱਟੇ ਬਾਹਰ ਨਿੱਕਲਣ ਸਮੇਂ
* ਫੁੱਲ ਨਿੱਕਲਣ ਸਮੇਂ
ਇਹਨਾਂ ਪੜਾਅ ਸਮੇਂ ਪਾਣੀ ਦੀ ਮਾਤਰਾ ਸਹੀ ਹੋਣੀ ਚਾਹੀਦੀ ਹੈ ਅਤੇ ਅਤੇ ਢੁਕਵੇਂ ਸਮੇਂ ਉੱਪਰ ਹੀ ਪਾਣੀ ਦੇਣ ਚਾਹੀਦਾ ਹੈ।
ਪ੍ਰੋ: ਗੁਰਪ੍ਰੀਤ ਸਿੰਘ (7986444832)
ਮੁੱਖੀ ਖੇਤੀਬਾੜੀ ਵਿਭਾਗ,
ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟ, ਸੰਗਰੂਰ।
ਪ੍ਰੋ: ਲਵਜੀਤ ਸਿੰਘ।
ਖੇਤੀਬਾੜੀ ਵਿਭਾਗ,
ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟ, ਸੰਗਰੂਰ।
Summary in English: Field preparation and watering method for paddy crop