ਬਹਾਰ ਰੁੱਤ ਦਾ ਸਮਾਂ ਸੂਰਜਮੁਖੀ ਦੀ ਫ਼ਸਲ ਤੋਂ ਯਕੀਨੀ ਅਤੇ ਵੱਧ ਝਾੜ ਲਈ ਸਭ ਤੋਂ ਢੁਕਵਾਂ ਸਮਝਿਆ ਜਾਂਦਾ ਹੈ। ਇਸ ਰੁੱਤ ਵਿੱਚ ਸ਼ਹਿਦ ਦੀਆਂ ਮੱਖੀਆਂ ਦਾ ਵਧੇਰੇ ਗਿਣਤੀ ਵਿੱਚ ਹੋਣਾ ਵਧੇਰੇ ਬੀਜ ਬਨਣ ਵਿੱਚ ਸਹਾਈ ਹੁੰਦਾ ਹੈ। ਘੱਟ ਕੋਲੈਸਟਰੋਲ ਅਤੇ ਵਧੀਆ ਕੁਆਲਿਟੀ ਦਾ ਤੇਲ ਹੋਣ ਕਾਰਨ ਇਹ ਖਾਣ ਵਾਲਾ ਸੋਧਿਆ ਤੇਲ ਅਤੇ ਬਨਸਪਤੀ ਬਣਾਉਣ ਲਈ ਬਹੁਤ ਢੁਕਵਾਂ ਹੈ। ਇਸ ਦੇ ਤੇਲ ਦੀ ਵਰਤੋਂ ਸਾਬਣ ਅਤੇ ਹੋਰ ਕਈ ਤਰ੍ਹਾਂ ਦੇ ਪਦਾਰਥ ਬਨਾਉਣ ਲਈ ਕੀਤੀ ਜਾਂਦੀ ਹੈ।
ਸਾਲ 2021-22 ਵਿੱਚ ਸੂਰਜਮੁਖੀ ਦੀ ਕਾਸ਼ਤ 1.3 ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਗਈ, ਜਿਸ ਤੋਂ 2.2 ਹਜ਼ਾਰ ਟਨ ਉਤਪਾਦਨ ਹੋਇਆ ਜਦੋਂਕਿ ਔਸਤ ਝਾੜ 16.80 ਕੁਇੰਟਲ ਪ੍ਰਤੀ ਹੈਕਟੇਅਰ (6.80 ਕੁਇੰਟਲ ਪ੍ਰਤੀ ਏਕੜ) ਰਿਹਾ। ਚੰਗੇ ਜਲ ਨਿਕਾਸ ਵਾਲੀ ਦਰਮਿਆਨੀ ਜ਼ਮੀਨ ਸੂਰਜਮੁਖੀ ਦੀ ਕਾਸ਼ਤ ਲਈ ਸਭ ਤੋਂ ਢੁਕਵੀਂ ਹੈ। ਕਲਰਾਠੀਆਂ ਜ਼ਮੀਨਾਂ ਇਸ ਦੀ ਕਾਸ਼ਤ ਦੇ ਯੋਗ ਨਹੀਂ।
ਦੋਗਲੀਆਂ ਕਿਸਮਾਂ:
1. ਪੀ ਐਸ ਐਚ 2080 (2019): ਇਹ ਇੱਕ ਘੱਟ ਸਮੇਂ ਵਿੱਚ ਪੱਕਣ ਵਾਲੀ ਦਰਮਿਆਨੀ ਉੱਚੀ (151 ਸੈਂਟੀਮੀਟਰ) ਦੋਗਲੀ ਕਿਸਮ ਹੈ। ਇਸ ਦਾ ਔਸਤ ਝਾੜ 9.8 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਬੀਜ ਕਾਲੇ ਅਤੇ ਲੰਬੇ ਹਨ ਅਤੇ ਇਸ ਦੇ 100 ਬੀਜਾਂ ਦਾ ਭਾਰ 5.8 ਗ੍ਰਾਮ ਹੈ। ਇਸ ਦੇ ਬੀਜਾਂ ਵਿੱਚ ਤੇਲ ਦੀ ਮਾਤਰਾ 43.7 ਪ੍ਰਤੀਸ਼ਤ ਹੈ। ਇਹ ਤਕਰੀਬਨ 97 ਦਿਨਾਂ ਵਿੱਚ ਪੱਕ ਜਾਂਦੀ ਹੈ।
2. ਪੀ ਐਸ ਐਚ 1962 (2015): ਇਹ ਇੱਕ ਦਰਮਿਆਨੇ ਕੱਦ ਵਾਲੀ (165 ਸੈਂਟੀਮੀਟਰ) ਦੋਗਲੀ ਕਿਸਮ ਹੈ। ਇਸ ਦਾ ਔਸਤ ਝਾੜ 8.2 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਬੀਜ ਮੋਟੇ ਅਤੇ ਕਾਲੇ ਰੰਗ ਦੇ ਹਨ। ਇਸ ਦੇ ਬੀਜਾਂ ਵਿੱਚ ਤੇਲ ਦੀ ਮਾਤਰਾ 41.9 ਪ੍ਰਤੀਸ਼ਤ ਹੈ। ਇਹ ਪੱਕਣ ਲਈ 99 ਦਿਨ ਲੈਂਦੀ ਹੈ।
3. ਡੀ ਕੇ 3849 (2013): ਇਹ ਇੱਕ ਉੱਚੀ (172 ਸੈਂਟੀਮੀਟਰ) ਦੋਗਲੀ ਕਿਸਮ ਹੈ। ਇਸ ਦਾ ਔਸਤ ਝਾੜ 8.4 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਬੀਜਾਂ ਵਿੱਚ ਤੇਲ ਦੀ ਮਾਤਰਾ 34.5 ਪ੍ਰਤੀਸ਼ਤ ਹੈ। ਇਹ ਪੱਕਣ ਲਈ ਤਕਰੀਬਨ 102 ਦਿਨ ਲੈਂਦੀ ਹੈ।
4. ਪੀ ਐਸ ਐਚ 996 (2012): ਇਹ ਇੱਕ ਘੱਟ ਸਮੇਂ ਵਿੱਚ ਪੱਕਣ ਵਾਲੀ ਦਰਮਿਆਨੀ ਉੱਚੀ (141 ਸੈਂਟੀਮਟੀਰ) ਦੋਗਲੀ ਕਿਸਮ ਹੈ। ਇਸ ਦਾ ਔਸਤ ਝਾੜ 7.8 ਕੁਇੰਟਲ ਪ੍ਰਤੀ ਏਕੜ ਹੈ। ਇਸ ਦੇ ਬੀਜ ਮੋਟੇ ਅਤੇ ਕਾਲੇ ਰੰਗ ਦੇ ਹਨ ਅਤੇ 100 ਬੀਜਾਂ ਦਾ ਭਾਰ 6.8 ਗ੍ਰਾਮ ਹੈ। ਇਸ ਦੇ ਬੀਜਾਂ ਵਿੱਚ ਤੇਲ ਦੀ ਮਾਤਰਾ 35.8 ਪ੍ਰਤੀਸ਼ਤ ਹੈ। ਇਹ ਪੱਕਣ ਲਈ ਤਕਰੀਬਨ 96 ਦਿਨ ਲੈਂਦੀ ਹੈ। ਇਹ ਕਿਸਮ ਪਛੇਤੀ ਬਿਜਾਈ ਲਈ ਵੀ ਢੁੱਕਵੀਂ ਹੈ।
ਇਹ ਵੀ ਪੜ੍ਹੋ: ਭਾਰਤ ਦੀਆਂ ਸਭ ਤੋਂ ਵੱਧ ਮੁਨਾਫ਼ਾ ਦੇਣ ਵਾਲੀਆਂ 10 ਫਸਲਾਂ
ਕਾਸ਼ਤ ਵਾਲੀਆਂ ਹੋਰ ਕਿਸਮਾਂ:
1. ਪਾਈਨੀਅਰ 64 ਏ 57: ਪੀਏਯੂ ਨੇ ਇਸ ਕਿਸਮ ਦੇ ਤਜਰਬੇ ਨਹੀਂ ਕੀਤੇ।
2. ਚੈਂਪ: ਪੀਏਯੂ ਨੇ ਇਸ ਕਿਸਮ ਦੇ ਤਜਰਬੇ ਨਹੀਂ ਕੀਤੇ।
3. ਆਰਮੋਨੀ ਗੋਲਡ: ਪੀਏਯੂ ਨੇ ਇਸ ਕਿਸਮ ਦੇ ਤਜ਼ਰਬੇ ਨਹੀਂ ਕੀਤੇ।
4. ਐਨ ਐਸ ਐਫ਼ ਐਚ 1001: ਇਹ ਇੱਕ ਉੱਚੀ, ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਦੋਗਲੀ ਕਿਸਮ ਹੈ। ਇਸ ਵਿੱਚ ਤੇਲ ਦੀ ਮਾਤਰਾ ਜ਼ਿਆਦਾ ਹੈ ਪਰੰਤੂ ਇਸ ਕਿਸਮ ਦੇ ਦਾਣੇ ਛੋਟੇ ਹਨ।
ਕਾਸ਼ਤ ਦੇ ਢੰਗ:
ਜ਼ਮੀਨ ਦੀ ਤਿਆਰੀ: ਖੇਤ ਨੂੰ ਦੋ-ਤਿੰਨ ਵਾਰੀ ਵਾਹੁਣਾ ਅਤੇ ਹਰੇਕ ਵਾਹੀ ਤੋਂ ਪਿਛੋਂ ਸੁਹਾਗਾ ਫੇਰਨਾ ਜ਼ਰੂਰੀ ਹੈ। ਇਸ ਤਰਾਂ ਖੇਤ ਚੰਗਾ ਤਿਆਰ ਹੋ ਜਾਂਦਾ ਹੈ।
ਬਿਜਾਈ ਦਾ ਸਮਾਂ:
ਵਧੇਰੇ ਝਾੜ ਲੈਣ ਲਈ ਅਤੇ ਪਾਣੀ ਦੀ ਬੱਚਤ ਕਰਨ ਲਈ ਸੂਰਜਮੁਖੀ ਦੀ ਬਿਜਾਈ ਜਨਵਰੀ ਮਹੀਨੇ ਦੇ ਅਖੀਰ ਤੱਕ ਕਰ ਲੈਣੀ ਚਾਹੀਦੀ ਹੈ। ਜੇਕਰ ਬਿਜਾਈ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਕਰਨੀ ਪੈ ਜਾਵੇ ਤਾਂ ਘੱਟ ਸਮਾਂ ਲੈਣ ਵਾਲੀਆਂ ਦੋਗਲੀਆਂ ਕਿਸਮਾਂ (ਪੀ ਐਸ ਐਚ 2080, ਪੀ ਐਸ ਐਚ 1962, ਪੀ ਐਸ ਐਚ 569 ਅਤੇ ਪੀ ਐਸ ਐਚ 996) ਨੂੰ ਤਰਜ਼ੀਹ ਦੇਣੀ ਚਾਹੀਦੀ ਹੈ।
ਜੇ ਬਿਜਾਈ ਕਰਨ ਵਿੱਚ ਇਸ ਤੋਂ ਵੀ ਦੇਰੀ ਹੋ ਜਾਵੇ ਤਾਂ ਪਨੀਰੀ ਰਾਹੀਂ ਫ਼ਸਲ ਪੈਦਾ ਕਰਨੀ ਚਾਹੀਦੀ ਹੈ ਕਿਉਂਕਿ ਪਿਛੇਤੀ ਸਿੱਧੀ ਬਿਜਾਈ ਕਰਨ ਨਾਲ ਝਾੜ ਕਾਫੀ ਘੱਟ ਜਾਂਦਾ ਹੈ। ਫ਼ਰਵਰੀ ਦੇ ਦੂਜੇ ਪੰਦਰ੍ਹਵਾੜੇ ਜਾਂ ਮਾਰਚ ਦੇ ਮਹੀਨੇ ਵਿੱਚ ਸਿੱਧੀ ਬਿਜਾਈ ਕਰਨ ਨਾਲ ਜਦੋਂ ਤੱਕ ਫ਼ਸਲ ਵਿੱਚ ਪਰਾਗਣ ਕਿਰਿਆ ਸ਼ੁਰੂ ਹੁੰਦੀ ਹੈ, ਤਾਪਮਾਨ ਕਾਫ਼ੀ ਜ਼ਿਆਦਾ ਹੋਣ ਕਾਰਨ ਬੀਜ ਘੱਟ ਬਣਦੇ ਹਨ ਅਤੇ ਜ਼ਿਆਦਾਤਰ ਬੀਜ ਫੋਕੇ ਰਹਿ ਜਾਂਦੇ ਹਨ। ਇਸ ਤੋਂ ਇਲਾਵਾ ਪਛੇਤੀ ਬਿਜਾਈ ਕਰਨ ਨਾਲ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਵੀ ਵੱਧ ਹੁੰਦਾ ਹੈ।
ਇਹ ਵੀ ਪੜ੍ਹੋ: ਸਰਦੀਆਂ ਵਿੱਚ ਸਬਜ਼ੀਆਂ ਦੀ ਫ਼ਸਲ ਨੂੰ ਕੋਰੇ ਤੋਂ ਬਚਾਉਣ ਲਈ ਵਧੀਆ ਤਕਨੀਕਾਂ
ਬੀਜ ਦੀ ਮਾਤਰਾ:
ਦੋ ਕਿਲੋ ਬੀਜ ਪ੍ਰਤੀ ਏਕੜ ਵਰਤੋ।
ਬੀਜ ਦੀ ਸੋਧ:
ਬੀਜ ਨੂੰ 6 ਗ੍ਰਾਮ ਟੈਗਰਾਨ 35 ਡਬਲਯੂ ਐਸ (ਮੈਟਾਲੈਕਸਲ) ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ
ਬਿਜਾਈ ਕਰੋ।
ਬਿਜਾਈ ਦਾ ਢੰਗ:
ਬੀਜ 4-5 ਸੈਂਟੀਮੀਟਰ ਡੂੰਘਾ ਬੀਜੋ। ਕਤਾਰਾਂ ਵਿਚਕਾਰ ਫ਼ਾਸਲਾ 60 ਸੈਂਟੀਮੀਟਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 30 ਸੈਂਟੀਮੀਟਰ ਰੱਖੋ। ਇਸ ਦੀ ਬਿਜਾਈ ਵਾਸਤੇ ਫਾਲਿਆਂ ਵਾਲਾ ਜਾਂ ਸਿਆੜਾਂ ਵਾਲਾ ਰਿਜ਼ਰ ਪਲਾਂਟਰ ਵੀ ਵਰਤਿਆ ਜਾ ਸਕਦਾ ਹੈ (ਵੇਖੋ ਖੇਤੀ ਇੰਜਨੀਅਰਿੰਗ)। ਜੇ ਜ਼ਰੂਰਤ ਪਵੇ ਤਾਂ ਬੀਜ ਉੱਗਣ ਤੋਂ ਦੋ ਹਫਤਿਆਂ ਬਾਅਦ ਬੂਟੇ ਵਿਰਲੇ ਕਰੋ।
ਅਗੇਤੀ ਫ਼ਸਲ ਨੂੰ ਜੇ ਪੂਰਬ-ਪੱਛਮ ਦਿਸ਼ਾ ਵਾਲੀਆ ਵੱਟਾਂ ਦੇ ਦੱਖਣ ਵਾਲੇ ਪਾਸੇ ਬੀਜਿਆ ਜਾਵੇ ਤਾਂ ਵੱਧ ਝਾੜ ਪ੍ਰਾਪਤ ਹੁੰਦਾ ਹੈ। ਬੀਜ ਨੂੰ ਵੱਟ ਦੇ ਸਿਰੇ ਤੋਂ 6-8 ਸੈਂਟੀਮੀਟਰ ਹੇਠਾਂ ਬੀਜੋ। ਵੱਟ ਤੇ ਬੀਜੀ ਫ਼ਸਲ ਨੂੰ ਬਿਜਾਈ ਤੋਂ 2-3 ਦਿਨਾਂ ਪਿਛੋਂ ਪਾਣੀ ਦਿਓ। ਧਿਆਨ ਰੱਖੋ ਕਿ ਪਾਣੀ ਦੀ ਸਤ੍ਹਾ ਬੀਜਾਂ ਤੋਂ ਕਾਫੀ ਥੱਲੇ ਰਹੇ। ਵੱਟਾਂ ਤੇ ਬੀਜੀ ਫ਼ਸਲ ਢਹਿੰਦੀ ਨਹੀਂ ਅਤੇ ਵੱਧ ਗਰਮੀ ਦੇ ਮਹੀਨਿਆਂ ਵਿੱਚ ਪਾਣੀ ਦੀ ਬੱਚਤ ਵਿੱਚ ਵੀ ਸਹਾਈ ਹੁੰਦੀ ਹੈ।
ਇਹ ਵੀ ਪੜ੍ਹੋ: ਕਣਕ ਦੇ ਵਧੀਆ ਝਾੜ ਲਈ ਸਮੇਂ ਸਿਰ ਬਿਜਾਈ ਅਤੇ ਸਹੀ ਕਿਸਮ ਦੀ ਚੋਣ ਦੀ ਸਲਾਹ
ਮਿੱਟੀ ਚੜ੍ਹਾਉਣਾ:
ਸੂਰਜਮੁਖੀ ਦੇ ਬੂਟਿਆਂ ਨੂੰ ਡਿੱਗਣ ਤੋਂ ਬਚਾਉਣ ਲਈ ਬੂਟਿਆਂ ਦੇ ਨਾਲ ਮਿੱਟੀ ਚੜ੍ਹਾਉਣੀ ਚਾਹੀਦੀ ਹੈ ਭਾਵੇਂ ਫ਼ਸਲ ਪੱਧਰੀ ਜਾਂ ਵੱਟਾਂ ਤੇ ਬੀਜੀ ਹੋਵੇ। ਮਿੱਟੀ ਚੜ੍ਹਾਉਣ ਦਾ ਕੰਮ ਫੁੱਲ ਨਿਕਲਣ ਤੋਂ ਪਹਿਲਾਂ ਜਦੋਂ ਫ਼ਸਲ 60-70 ਸੈਂਟੀਮੀਟਰ ਉੱਚੀ ਹੋ ਜਾਵੇ, ਕਰਨਾ ਚਾਹੀਦਾ ਹੈ।
ਨਦੀਨਾਂ ਦੀ ਰੋਕਥਾਮ:
ਪਹਿਲੀ ਗੋਡੀ ਨਦੀਨ ਉੱਗਣ ਤੋਂ 2-3 ਹਫਤੇ ਪਿੱਛੋਂ ਅਤੇ ਦੂਜੀ ਉਸ ਤੋਂ 3 ਹਫ਼ਤੇ ਪਿੱਛੋਂ ਕਰੋ। ਫ਼ਸਲ 60-70 ਸੈਂਟੀਮੀਟਰ ਉੱਚੀ ਹੋਣ ਤੋਂ ਪਹਿਲਾਂ ਟਰੈਕਟਰ ਨਾਲ ਵੀ ਗੋਡੀ ਕੀਤੀ ਜਾ ਸਕਦੀ ਹੈ। ਪਹੀਏ ਵਾਲੀ ਸੁਧਰੀ ਤ੍ਰਿਫਾਲੀ ਨਾਲ ਗੋਡੀ ਸਸਤੀ ਪੈਂਦੀ ਹੈ।
ਕਟਾਈ ਅਤੇ ਗਹਾਈ:
ਜਦੋਂ ਸਿਰਾਂ ਦਾ ਰੰਗ ਹੇਠਲੇ ਪਾਸਿਉਂ ਪੀਲਾ ਭੂਰਾ ਹੋ ਜਾਵੇ ਅਤੇ ਡਿਸਕ ਸੁੱਕਣੀ ਸ਼ੁਰੂ ਹੋ ਜਾਵੇ ਤਾਂ ਫ਼ਸਲ ਕੱਟਣ ਲਈ ਤਿਆਰ ਹੈ। ਇਸ ਸਮੇਂ ਬੀਜ ਕਾਲੇ ਲੱਗਦੇ ਹਨ ਜੋ ਪੂਰੇ ਪੱਕੇ ਹੁੰਦੇ ਹਨ। ਕਟਾਈ ਕੀਤੇ ਸਿਰਾਂ ਦੀ ਸੂਰਜਮੁਖੀ ਦੇ ਥਰੈਸ਼ਰ ਨਾਲ ਗਹਾਈ ਕਰ ਲਓ। ਜੇਕਰ ਫ਼ਸਲ ਸੁੱਕੀ ਹੋਵੇ ਤਾਂ ਸੂਰਜਮੁਖੀ ਦਾ ਥਰੈਸ਼ਰ ਚੰਗੇ ਨਤੀਜੇ ਦਿੰਦਾ ਹੈ। ਗਹਾਈ ਤੋਂ ਪਿੱਛੋਂ ਅਤੇ ਸਟੋਰ ਵਿੱਚ ਰੱਖਣ ਤੋਂ ਪਹਿਲਾਂ ਬੀਜਾਂ ਨੂੰ ਚੰਗੀ ਤਰ੍ਹਾਂ ਸੁਕਾਅ ਲਉ ਨਹੀਂ ਤਾਂ ਇਨ੍ਹਾਂ ਨੂੰ ਉੱਲੀ ਲੱਗ ਸਕਦੀ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Farmers' income doubles from these 4 varieties of sunflower