Agricultural Problems and Prospects: ਪੰਜਾਬੀਆਂ ਨੂੰ ਸੰਸਾਰ ਦੇ ਵਧੀਆ ਕਿਸਾਨ ਅਤੇ ਜੁਆਨ ਮੰਨਿਆ ਜਾਂਦਾ ਹੈ। ਪੰਜਾਬ ਵਿੱਚ ਕਿਸਾਨਾਂ ਦਾ ਧਰਤੀ ਨਾਲ ਮੋਹ ਵਿਲੱਖਣ ਹੈ। ਕਿਸੇ ਦੇ ਰੁਤਬੇ ਦੀ ਪਰਖ ਮਾਲਕੀ ਜ਼ਮੀਨ ਤੋਂ ਕੀਤੀ ਜਾਂਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚੋਂ ਜਗੀਰਦਾਰੀ ਖਤਮ ਕਰਕੇ ਹਲਵਾਹਕਾਂ ਨੂੰ ਧਰਤੀ ਦੇ ਮਾਲਕ ਬਣਾ ਕੇ ਸਰਦਾਰੀਆਂ ਦੀ ਬਖਸ਼ਿਸ਼ ਕੀਤੀ।
ਪੰਜਾਬੀ ਕਿਸਾਨ ਦਾ ਧਰਤੀ ਨਾਲ ਇਤਨਾ ਮੋਹ ਹੈ ਕਿ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਜਦੋਂ ਮੌਕਾ ਮਿਲਿਆ ਉਨਾਂ ਨੇ ਧਰਤੀ ਖਰੀਦੀ ਅਤੇ ਸਫ਼ਲ ਕਾਸ਼ਤਕਾਰ ਬਣੇ। ਹਰੇ ਇਨਕਲਾਬ ਨੂੰ ਵੀ ਪੰਜਾਬ ਦੀ ਧਰਤੀ ਉਤੇ ਪੰਜਾਬੀਆਂ ਨੇ ਹੀ ਸਿਰਜਿਆ ਅਤੇ ਸਾਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ।
ਪਰ ਪਿਛਲੀ ਅੱਧੀ ਸਦੀ ਦੌਰਾਨ ਪਰਿਵਾਰਿਕ ਵੰਡੀਆਂ ਕਾਰਨ ਜੋਤਾਂ ਦੇ ਆਕਾਰ ਸੁੰਗੜ ਗਏ ਹਨ। ਅਜਾਦੀ ਵੇਲੇ ਜਿਹੜੇ ਮੁਰੱਬਿਆਂ ਦੇ ਮਾਲਕ ਸਨ ਉਨ੍ਹਾਂ ਦੇ ਪਰਿਵਾਰ ਹੁਣ ਸੀਮਾਂਤੀ ਕਿਸਾਨ ਬਣ ਚੁੱਕੇ ਹਨ। ਇਸ ਦੇ ਨਾਲ ਹੀ ਪਿਛਲੀ ਅੱਧੀ ਸਦੀ ਤੋਂ ਪੰਜਾਬ ਵਿੱਚ ਕਣਕ-ਝੋਨਾ ਇਕ ਹੀ ਫ਼ਸਲ ਚੱਕਰ ਭਾਰੂ ਹੈ। ਇਸ ਨੇ ਸ਼ੁਰੂ ਵਿੱਚ ਜਿਥੇ ਕਿਸਾਨਾਂ ਦੀ ਮਾਇਕ ਹਾਲਤ ਵਿੱਚ ਸੁਧਾਰ ਕੀਤਾ ਜਿਸ ਨਾਲ ਉਨ੍ਹਾਂ ਦੀ ਰਹਿਣੀ ਸਹਿਣੀ ਵਿੱਚ ਵੀ ਇਨਕਲਾਬੀ ਤਬਦੀਲੀ ਆਈ ਉਥੇ ਸਮੇਂ ਦੇ ਬੀਤਣ ਨਾਲ ਮੁਸ਼ਕਿਲਾਂ ਵੀ ਖੜੀਆਂ ਕੀਤੀਆਂ। ਮਹਿੰਗਾਈ ਵਿੱਚ ਜਿਸ ਤੇਜੀ ਨਾਲ ਵਾਧਾ ਹੋਇਆ ਉਸੇ ਤੇਜੀ ਨਾਲ ਕਿਸਾਨ ਦੀ ਉਪਜ ਦੇ ਮੁੱਲ ਵਿੱਚ ਵਾਧਾ ਨਹੀਂ ਹੋਇਆ। ਜਿਸ ਨਾਲ ਉਨ੍ਹਾਂ ਦੀ ਮਾਇਕ ਸਥਿਤੀ ਨਿਘਾਰ ਵੱਲ ਜਾ ਰਹੀ ਹੈ। ਘਣੀ ਖੇਤੀ ਕਾਰਨ ਧਰਤੀ ਹੇਠਲੇ ਪਾਣੀ ਵਿੱਚ ਤੇਜੀ ਨਾਲ ਕਮੀ ਆ ਰਹੀ ਹੈ। ਨਵੇਂ ਪੰਜਾਬ ਵਿੱਚ ਕਿਸੇ ਵੀ ਸਰਕਾਰ ਜਾਂ ਸੰਸਥਾ ਨੇ ਨਹਿਰੀ ਪਾਣੀ ਦੀ ਵਰਤੋਂ ਲਈ ਉਤਸਾਹਿਤ ਨਹੀਂ ਕੀਤਾ ਅਤੇ ਨਾ ਹੀ ਮੀਂਹ ਦੇ ਪਾਣੀ ਦੀ ਸੰਭਾਲ ਕੀਤੀ। ਪਿੰਡਾਂ ਵਿੱਚ ਦੁਧਾਰੂ ਪਸ਼ੂਆਂ ਦੀ ਘਟ ਰਹੀ ਗਿਣਤੀ ਅਤੇ ਖੇਤਾਂ ਵਿੱਚ ਫ਼ੱਲ ਤੇ ਸਬਜ਼ੀਆਂ ਨਾ ਉਗਾਉਣ ਕਾਰਨ ਵਸੋਂ ਨੂੰ ਸੰਤੁਲਿਤ ਭੋਜਨ ਨਸੀਬ ਹੋਣਾ ਬੰਦ ਹੋ ਗਿਆ ਹੈ। ਜਿਸ ਨਾਲ ਸਰੀਰਕ ਕਮਜ਼ੋਰੀ ਅਤੇ ਬਿਮਾਰੀਆਂ ਵਿੱਚ ਵਾਧਾ ਹੋਇਆ ਹੈ। ਮਨੁੱਖੀ ਸ਼ਕਤੀ ਦੀ ਲੋੜ ਘੱਟ ਹੋਣ ਨਾਲ ਭਾਈਚਾਰਕ ਸਾਂਝਾਂ ਟੁੱਟ ਰਹੀਆਂ ਹਨ।
ਪੰਜਾਬ ਦੀ ਹਰੇਕ ਸਰਕਾਰ ਨੇ ਮਾਹਿਰਾਂ ਪਾਸੋਂ ਖੇਤੀ ਨੀਤੀ ਜਰੂਰ ਬਣਾਈ ਪਰ ਉਸ ਉਤੇ ਅਮਲ ਨਹੀਂ ਹੋ ਸਕਿਆ। ਇਸ ਕਰਕੇ ਪੰਜਾਬ ਦਾ ਵਿਕਾਸ ਰੁੱਕ ਗਿਆ। ਪੰਜਾਬੀ ਸੂਬਾ ਬਣਨ ਤਕ ਪੰਜਾਬ ਦੇਸ਼ ਵਿੱਚ ਪਹਿਲੇ ਨੰਬਰ ਉਤੇ ਸੀ ਪਰ ਮੁੜ ਹੇਠਾਂ ਵਲ ਰਿੜਨਾ ਸ਼ੁਰੂ ਹੋ ਗਿਆ। ਪੰਜਾਬ ਦੀ ਵਿਕਾਸ ਦਰ ਵਿੱਚ ਵਾਧਾ ਹੋਣ ਦੀ ਥਾਂ ਘਾਟਾ ਹੋਇਆ ਹੈ।
ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਉਤੇ ਪਾਉਣ ਲਈ ਯਤਨਾਂ ਦੀ ਲੋੜ ਹੈ। ਪੰਜਾਬ ਸੰਸਾਰ ਦਾ ਅਜੇਹਾ ਖਿੱਤਾ ਹੈ ਜਿਥੇ ਸਾਰੇ ਛੇ ਮੌਸਮ ਆਉਂਦੇ ਹਨ, ਸਾਰੀ ਧਰਤੀ ਸੇਂਜੂ ਹੈ ਅਤੇ ਵਾਹੀਯੋਗ ਹੈ। ਇਸ ਕਰਕੇ ਇਥੇ ਸਬਜ਼ੀਆਂ ਦੀ ਕਾਸ਼ਤ ਅਤੇ ਪਸ਼ੂ ਪਾਲਣ ਨੂੰ ਉਤਸਾਹਿਤ ਕਰਨ ਦੀ ਲੋੜ ਹੈ। ਇਸ ਨਾਲ ਕਿਸਾਨ ਦੇ ਰੁਝੇਵਿਆਂ ਵਿਚ ਵਾਧਾ ਹੋਵੇਗਾ। ਹੁਣ ਉਹ ਸਾਲ ਦਾ ਬਹੁਤਾ ਸਮਾਂ ਵਿਹਲਾ ਰਹਿੰਦਾ ਹੈ। ਵਿਹਲਾ ਮਨ ਕਈ ਵਾਰ ਸ਼ੈਤਾਨ ਦਾ ਘਰ ਬਣ ਜਾਂਦਾ ਹੈ। ਇਸ ਦੀ ਸਫ਼ਲਤਾ ਲਈ ਸੁਚੱਜੀ ਵਿਕਰੀ ਪ੍ਰਬੰਧਾਂ ਦੀ ਲੋੜ ਹੈ।
1. ਹਰੀ ਕ੍ਰਾਂਤੀ ਦੇ ਲਾਭ: ਭੋਜਨ ਮਨੁੱਖ ਦੀ ਮੁੱਢਲੀ ਲੋੜ ਹੈ। ਰੱਜਵੀਂ ਰੋਟੀ ਖਾਣ ਪਿੱਛੋਂ ਹੀ ਮਨੁੱਖ ਆਪਣੀ ਪੂਰੀ ਸ਼ਕਤੀ ਨਾਲ ਕੰਮ-ਕਾਜ ਕਰ ਸਕਦਾ ਹੈ। ਦੇਸ਼ ਵਿੱਚ ਵਿਕਾਸ ਦੇ ਦੂਜੇ ਕਾਰਜ ਵੀ ਉਦੋਂ ਹੀ ਸੰਭਵ ਹੋ ਸਕਦੇ ਹਨ, ਜਦੋਂ ਅਨਾਜ ਵਿੱਚ ਆਤਮ ਨਿਰਭਰਤਾ ਹੋਵੇ। ਹਰੀ ਕ੍ਰਾਂਤੀ ਨਾਲ ਅਨਾਜ ਵਿੱਚ ਆਤਮ ਨਿਰਭਰਤਾ ਕਰਕੇ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਬਣੀ ਹੋਈ ਹੈ। ਭੁੱਖਮਰੀ ਦੇ ਆਲਮ ਵਿੱਚ ਖਾਨਾਜੰਗੀ ਦਾ ਮਾਹੌਲ ਸਿਰਿਜਆ ਜਾਂਦਾ ਹੈ।
2. ਭਾਰਤ ਖੇਤੀ ਪ੍ਰਧਾਨ ਦੇਸ਼ ਹੈ। ਇਥੋਂ ਦੀ ਘੱਟੋਂ-ਘੱਟ 60 ਪ੍ਰਤੀਸ਼ਤ ਵਸੋਂ ਖੇਤੀ ਉਤੇ ਨਿਰਭਰ ਕਰਦੀ ਹੈ। ਖੇਤੀ ਵਿਕਾਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਇਆ, ਜਿਸ ਨਾਲ ਉਨ੍ਹਾਂ ਦੀ ਖਰੀਦ ਸ਼ਕਤੀ ਵਿੱਚ ਵੀ ਵਾਧਾ ਹੋਇਆ ਹੈ। ਇੰਝ ਸਨਅਤੀ ਵਿਕਾਸ ਨੂੰ ਹੁਲਾਰਾ ਮਿਲਿਆ।
3. ਇਸ ਨਾਲ ਰੁਜ਼ਗਾਰ ਦੇ ਵਸੀਲਿਆਂ ਵਿੱਚ ਵੀ ਵਾਧਾ ਹੋਇਆ। ਪਿੰਡਾਂ ਵਿੱਚ ਮੰਡੀਆਂ ਬਣੀਆਂ, ਦੁਕਾਨਾਂ ਹੋਂਦ ਵਿੱਚ ਆਈਆਂ, ਖੇਤੀ ਮਸ਼ੀਨਰੀ, ਘਰੋਗੀ ਸਮਾਨ ਦੀ ਮੁਰੰਮਤੀ ਦੇ ਸੇਵਾ ਕੇਂਦਰ ਖੁੱਲ੍ਹੇ।
4. ਗਰੀਬੀ ਦੀ ਦਲਦਲ ਵਿੱਚੋਂ ਨਿਕਲ ਕੇ ਉਨ੍ਹਾਂ ਨੂੰ ਵੀ ਚੰਗੇ ਦਿਨ ਨਸੀਬ ਹੋਏ।
5. ਰਾਜਨੀਤਕ ਚੇਤਨਾ ਅਤੇ ਆਪਣੇ ਹੱਕਾਂ ਪ੍ਰਤੀ ਸੋਝੀ ਆਈ।
ਇਹ ਵੀ ਪੜ੍ਹੋ: Bumper Profit: ਕਿਸਾਨ ਵੀਰੋਂ ਸੂਰਜਮੁਖੀ ਦੀ ਸਫਲ ਕਾਸ਼ਤ ਲਈ ਅਪਣਾਓ ਇਹ ਕਿਸਮਾਂ, ਮਿਲੇਗਾ ਪ੍ਰਤੀ ਏਕੜ 8 ਤੋਂ 9 ਕੁਇੰਟਲ ਝਾੜ
ਹਰੀ ਕ੍ਰਾਂਤੀ ਦੇ ਨੁਕਸਾਨ: ਜਦੋਂ ਤਰੱਕੀ ਹੁੰਦੀ ਹੈ ਤਾਂ ਆਰਥਿਕ ਤਬਦੀਲੀ ਦੇ ਨਾਲੋ ਨਾਲ ਸਮਾਜਿਕ ਤਬਦੀਲੀ ਵੀ ਆਉਂਦੀ ਹੈ। ਵਿਕਾਸ ਨਾਲ ਸੁੱਖ-ਸਹੂਲਤਾਂ ਵਿੱਚ ਵਾਧਾ ਹੁੰਦਾ ਹੈ। ਇਸ ਦੇ ਲਈ ਕੀਮਤ ਤਾਂ ਚੁਕਾਉਣੀ ਹੀ ਪੈਂਦੀ ਹੈ। ਪੰਜਾਬ ਅਤੇ ਪੰਜਾਬ ਵਾਸੀਆਂ ਨੂੰ ਹਰੇ ਇਨਕਲਾਬ ਦਾ ਜਿੱਥੇ ਲਾਭ ਹੋਇਆ, ਉਥੇ ਉਨ੍ਹਾਂ ਨੂੰ ਕੁਰਬਾਨੀ ਵੀ ਦੇਣੀ ਪਈ। ਇਨ੍ਹਾਂ ਨੂੰ ਇੰਝ ਵੀ ਨਿਖੇੜਿਆ ਜਾ ਸਕਦਾ ਹੈ। ਸਿੰਚਾਈ ਸਹੂਲਤਾਂ ਦੇ ਵਾਧੇ ਨਾਲ ਸਾਰੀ ਧਰਤੀ ਦੋ ਫਸਲੀ ਹੋ ਗਈ, ਜਿਸ ਕਾਰਣ ਧਰਤੀ ਹੇਠਲੇ ਪਾਣੀ ਅਤੇ ਧਰਤੀ ਵਿਚਲੇ ਖੁਰਾਕੀ ਤੱਤਾਂ ਦੀ ਵਧੇਰੇ ਲੋੜ ਪਈ। ਇਸ ਦੇ ਨਤੀਜੇ ਵਜੋਂ ਧਰਤੀ ਹੇਠਾਂ ਪਾਣੀ ਘੱਟ ਹੋ ਰਿਹਾ ਹੈ। ਆਬਾਦੀ ਵਿੱਚ ਹੋ ਰਿਹਾ ਵਾਧਾ ਵੀ ਇਸ ਲਈ ਜ਼ਿੰਮੇਵਾਰ ਹੈ। ਕਿਸਾਨਾਂ ਨੂੰ ਹੁਣ ਡੂੰਘੇ ਟਿਊਬਵੈੱਲ ਲਗਉਣੇ ਪੈ ਰਹੇ ਹਨ।
ਧਰਤੀ ਦੀ ਉਪਜਾਊ ਸ਼ਤਕੀ ਨੂੰ ਬਣਾਈ ਰੱਖਣ ਲਈ ਰਸਾਇਣਿਕ ਖਾਦਾਂ ਦੀ ਲੋੜ ਪਈ ਹੈ। ਘਣੀ ਖੇਤੀ ਹੋਣ ਕਾਰਣ ਨਦੀਨਾਂ, ਬਿਮਾਰੀਆਂ ਅਤੇ ਕੀੜਿਆਂ ਵਿੱਚ ਵੀ ਵਾਧਾ ਹੋਇਆ ਹੈ। ਇਨ੍ਹਾਂ ਨੂੰ ਕਾਬੂ ਕਰਨ ਲਈ ਨਦੀਨ ਨਾਸ਼ਕਾਂ ਦੀ ਵਰਤੋਂ ਸ਼ੁਰੂ ਹੋਈ। ਪੰਜਾਬ ਵਿੱਚ ਖੇਤੀ ਦਾ ਸੰਪੂਰਨ ਮਸ਼ੀਨੀਕਰਨ ਹੋ ਚੁੱਕਾ ਹੈ। ਇਸ ਨਾਲ ਪਸ਼ੂਆਂ ਦੀ ਗਿਣਤੀ ਬਹੁਤ ਘਟ ਗਈ ਹੈ, ਜਿਸ ਕਾਰਣ ਸੂਬੇ ਵਿੱਚ ਲੋੜ ਅਨੁਸਾਰ ਰੂੜੀ ਪ੍ਰਾਪਤ ਨਹੀਂ ਹੈ। ਫਸਲਾਂ ਦੀ ਰਹਿੰਦ-ਖੂੰਹਦ ਨੂੰ ਪਸ਼ੂਆਂ ਦੇ ਚਾਰੇ ਲਈ ਵਰਤਿਆ ਜਾਂਦਾ ਸੀ। ਹੁਣ ਇਸ ਦੀ ਸਾਂਭ-ਸੰਭਾਲ ਸਮੱਸਿਆ ਬਣ ਗਈ ਹੈ। ਖੇਤੀ ਮਸ਼ੀਨਰੀ ਮਹਿੰਗੀ ਹੋਣ ਕਰਕੇ ਕਿਸਾਨਾਂ ਨੂੰ ਕਰਜ਼ਾ ਲੈਣਾ ਪੈਂਦਾ ਹੈ। ਇਸ ਨੂੰ ਮੋੜਨਾ ਉਨ੍ਹਾਂ ਲਈ ਵਿਸ਼ੇਸ਼ ਕਰਕੇ ਛੋਟੇ ਕਿਸਾਨਾਂ ਲਈ ਮੁਸ਼ਕਿਲ ਹੋ ਰਿਹਾ ਹੈ। ਖੇਤੀ ਲੋੜਾਂ ਦੀਆਂ ਕੀਮਤਾਂ ਵਿੱਚ ਜਿਸ ਤੇਜ਼ੀ ਨਾਲ ਵਾਧਾ ਹੋਇਆ ਹੈ, ਉਸੇ ਅਨੁਸਾਰ ਅਨੁਸਾਰ ਖੇਤੀ ਉਪਜ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਇਆ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਲਗਾਤਾਰ ਕਮੀ ਹੋ ਰਹੀ ਹੈ ਤੇ ਉਹ ਆਰਥਿਕ ਸੰਕਟ ਵਿੱਚ ਘਿਰ ਰਹੇ ਹਨ।
ਸਹੂਲਤਾਂ ਵਿੱਚ ਵਾਧੇ ਕਾਰਣ ਇਕ ਦੂਜੇ ਉਤੇ ਨਿਰਭਰਤਾ ਘਟ ਗਈ ਹੈ। ਇੰਝ ਭਾਈਚਾਰਕ ਸਾਂਝ ਕਮਜ਼ੋਰ ਹੋ ਗਈ ਹੈ। ਇਸ ਦਾ ਸਮਾਜਿਕ ਕਦਰਾਂ ਕੀਮਤਾਂ ਉਤੇ ਵੀ ਅਸਰ ਪਿਆ ਹੈ। ਕਣਕ-ਝੋਨਾ ਫਸਲੀ ਚੱਕਰ ਹੀ ਕਈ ਦਹਾਕਿਆਂ ਤੋਂ ਅਪਨਾਉਣਾ ਪੈ ਰਿਹਾ ਹੈ। ਇਸ ਵਿੱਚ ਕਿਸਾਨਾਂ, ਵਿਸ਼ੇਸ਼ ਕਰਕੇ ਨੌਜਵਾਨਾਂ ਲਈ ਕੋਈ ਚੁਣੌਤੀ ਨਹੀਂ ਹੈ। ਕਿਸਾਨਾਂ ਵਿੱਚ ਵਿਹਲ ਵਧ ਰਹੀ ਹੈ ਤੇ ਨੌਜਵਾਨ ਖੇਤੀ ਤੋਂ ਮੁੱਖ ਮੋੜ ਰਹੇ ਹਨ। ਪੰਜਾਬ ਵਿਚ ਚੌਧਰ ਕਿਸਾਨ ਦੀ ਹੈ। ਸਮਾਜ ਵਿਚ ਭਾਵੇਂ ਕੋਈ ਵੱਡਾ ਕਿਸਾਨ ਜਾਂ ਛੋਟਾ, ਸਮਾਜਿਕ ਰੁਤਬਾ ਬਰਾਬਰ ਹੈ। ਪੰਜਾਬੀਆਂ ਵਿਚ ਵਿਖਾਵੇ ਲਈ ਫ਼ਜੂਲ ਖਰਚੀ ਵਿੱਚ ਵਾਧਾ ਹੋ ਰਿਹਾ ਹੈ। ਗਰੀਬ ਕਿਸਾਨਾਂ ਨੂੰ ਵੀ ਲੋਕ-ਲਾਜ ਖਾਤਰ ਵਿੱਤੋਂ ਵੱਧ ਖਰਚਾ ਕਰਨਾ ਪੈ ਰਿਹਾ ਹੈ।
ਪੰਜਾਬ ਦੇ ਕਿਸਾਨਾਂ ਨੇ ਆਪਣੀ ਮਿਹਨਤ ਨਾਲ ਦੇਸ਼ ਵਿਚੋਂ ਭੁੱਖਮਰੀ ਨੂੰ ਦੂਰ ਕੀਤਾ ਹੈ। ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਕਿਸਾਨਾਂ ਦੀ ਬਾਂਹ ਫੜੀ ਜਾਵੇ। ਪੰਜਾਬ ਦੇ ਕਿਸਾਨਾਂ ਉਤੇ ਉਹ ਪ੍ਰੋਗਰਾਮ ਅਤੇ ਸਕੀਮਾਂ ਨਾ ਥੋਪੀਆਂ ਜਾਣ, ਜਿਹੜੀਆਂ ਕਿ ਦੂਜੇ ਰਾਜਾਂ ਲਈ ਬਣਾਈਆਂ ਜਾਂਦੀਆਂ ਹਨ। ਕੇਂਦਰੀ ਰਾਜਾਂ ਦੀ ਖੇਤੀ ਉਥੇ ਖੜੀ ਹੈ, ਜਿਥੇ ਪੰਜਾਬ ਅੱਜ ਤੋਂ ਅੱਧੀ ਸਦੀ ਤੋਂ ਪਹਿਲਾਂ ਹੁੰਦਾ ਸੀ। ਪੰਜਾਬ ਲਈ ਇਕ ਵਿਸ਼ੇਸ਼ ਪੈਕੇਜ ਦੀ ਲੋੜ ਹੈ ਤਾਂ ਜੋ ਉਹ ਖੇਤੀ ਦੇ ਅਗਲੇ ਪੜਾਅ ਵੱਲ ਮੁੱਖ ਮੋੜੇ ਅਤੇ ਆਪਣੀ ਆਮਦਨ ਵਿਚ ਵਾਧਾ ਕਰ ਸਕੇ। ਦੇਸ਼ ਦੇ ਅੰਨਦਾਤੇ ਨੂੰ ਜੀਉਣ ਦਾ ਹੱਕ ਹੈ। ਜੇਕਰ ਉਸ ਦੀ ਬਾਂਹ ਨਾ ਫੜੀ ਗਈ ਤਾਂ ਉਹ ਹਾਲਾਤ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਹੁੰਦਾ ਰਹੇਗਾ।
ਇਹ ਵੀ ਪੜ੍ਹੋ: Mustard Crop: ਸਰ੍ਹੋਂ ਦੇ ਮੁੱਖ ਕੀੜੇ ਅਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਲਈ ਅਪਣਾਓ ਇਹ ਤਰੀਕੇ, ਮਿਲੇਗਾ ਬੰਪਰ ਝਾੜ
ਕਰਨ ਵਾਲੇ ਕਾਰਜ
1.ਬਹੁਭਾਂਤੀ ਖੇਤੀ: ਪੰਜਾਬ ਵਿੱਚ ਬਹੁਗਿਣਤੀ ਛੋਟੇ ਕਿਸਾਨਾਂ ਦੀ ਹੈ। ਹੁਣ ਉਹ ਠੇਕੇ ਉਤੇ ਜਮੀਨ ਲੈ ਕੇ ਖੇਤੀ ਕਰਦੇ ਹਨ। ਜੇਕਰ ਉਹ ਬਹੁਭਾਂਤੀ ਖੇਤੀ ਅਪਨਾਉਣਗੇ ਤਾਂ ਉਨ੍ਹਾਂ ਨੂੰ ਮਹਿੰਗੇ ਭਾ ਠੇਕੇ ਉਤੇ ਜ਼ਮੀਨ ਲੈ ਕੇ ਕਣਕ-ਝੋਨੇ ਦੀ ਕਾਸ਼ਤ ਤੋਂ ਛੁਟਕਾਰਾ ਹੋ ਜਾਵੇਗਾ। ਉਹ ਆਪਣੀ ਧਰਤੀ ਉਤੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕਰਕੇ ਅਤੇ ਦੁਧਾਰੂ ਪਸ਼ੂ ਪਾਲ ਕੇ ਵਧੇਰੇ ਪੈਸੇ ਕਮਾ ਸਕਦੇ ਹਨ। ਕੁਝ ਰਕਬਾ ਚਾਰੇ ਹੇਠ ਚਲਾ ਜਾਵੇਗਾ। ਇੰਝ ਕਣਕ-ਝੋਨੇ ਦੇ ਫਸਲ ਚਕਰ ਵਿਚੋਂ ਵੀ ਕੁਝ ਧਰਤੀ ਨੂੰ ਕੱਢਿਆ ਜਾ ਸਕਦਾ ਹੈ। ਪੰਜਾਬ ਵਿਚ ਸਾਰੇ ਮੌਸਮ ਆਉਣ ਅਤੇ ਸਾਰੀ ਧਰਤੀ ਸੇਂਜੂ ਹੋਣ ਕਰਕੇ ਇਸ ਪਾਸੇ ਮੁੜਿਆ ਜਾ ਸਕਦਾ ਹੈ। ਅਜੇਹਾ ਕੀਤਿਆਂ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਰੁਜਗਾਰ ਮਿਲ ਜਾਵੇਗਾ ਅਤੇ ਵਿਹਲ ਦੀ ਬਿਮਾਰੀ ਤੋਂ ਵੀ ਛੁਟਕਾਰਾ ਹੋ ਜਾਵੇਗਾ।
2.ਸਹਿਯੋਗੀ ਅਤੇ ਸਹਿਕਾਰੀ ਖੇਤੀ: ਸਬਜ਼ੀਆਂ ਦੀ ਕਾਸ਼ਤ ਵਲ ਮੁਖ ਨਾ ਮੋੜਨ ਦਾ ਵੱਡਾ ਕਾਰਨ ਵਿਕਰੀ ਦੀ ਸਮੱਸਿਆ ਹੈ। ਜੇਕਰ ਇਕ ਪਿੰਡ ਦੇ 15-20 ਕਿਸਾਨ ਆਪਣਾ ਗਰੁੱਪ ਬਣਾ ਕੇ ਇਕੋ ਸਬਜ਼ੀ ਦੀ ਖੇਤੀ ਕਰਨਗੇ ਤਾਂ ਸਾਂਝੇ ਤੌਰ ਉਤੇ ਉਪਜ ਦੀ ਵਿਕਰੀ ਸੌਖੀ ਹੋ ਜਾਵੇਗੀ। ਉਹ ਸਾਂਝੇ ਤੌਰ ਉਤੇ ਹੀ ਬੀਜ, ਰਸਾਇਣ ਅਤੇ ਤਕਨੀਕੀ ਸਹਾਇਤਾ ਪ੍ਰਾਪਤ ਕਰ ਸਕਣਗੇ। ਇੰਝ ਉਨ੍ਹਾਂ ਨੂੰ ਸ਼ੁਧ ਅਤੇ ਵਾਜਬ ਕੀਮਤ ਉਤੇ ਖੇਤੀ ਲੋੜਾਂ ਪ੍ਰਾਪਤ ਹੋ ਜਾਣਗੀਆਂ। ਵਿਕਰੀ ਕਰਨ ਦੀ ਜੁੰਮੇਵਾਰੀ ਨਾਲ ਰੁਜਗਾਰ ਵਿਚ ਵਾਧਾ ਹੋਵੇਗਾ। ਹੁਣ ਲਗਭਗ ਸਾਰੇ ਪਿੰਡਾਂ ਵਿਚ ਹੀ ਬਹੁਤਭਾਂਤੀ ਸਹਿਕਾਰੀ ਸੁਸਾਇਟੀਆਂ ਹਨ। ਇਨ੍ਹਾਂ ਨੂੰ ਮਜਬੂਤ ਕਰਕੇ ਖੇਤੀ ਸੰਦ ਰੱਖੇ ਜਾਣ। ਇੰਝ ਛੋਟੇ ਕਿਸਾਨਾਂ ਨੂੰ ਮਹਿੰਗੇ ਭਾ ਦੀ ਮਸ਼ੀਨਾਂ ਖਰੀਦਣ ਲਈ ਮਜਬੂਰ ਨਹੀਂ ਹੋਣਾ ਪਵੇਗਾ। ਕੁਝ ਸੰਸਥਾਵਾਂ ਵਧੀਆ ਕੰਮ ਕਰ ਰਹੀਆਂ ਹਨ। ਮੈਂ ਕਈ ਥਾਂਵੀ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਹੁੰਦੀ ਵੇਖੀ ਹੈ। ਇੰਝ ਨਾੜ ਦੀ ਸਾਂਭ ਸੰਭਾਲ ਵੀ ਹੋ ਸਕੇਗੀ।
3.ਪਾਣੀ ਦੀ ਸੰਭਾਲ: ਇਸ ਸਮੇਂ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਘਾਟ ਅਤੇ ਉਸ ਦਾ ਗੰਧਲਾ ਹੋਣਾ ਵੱਡੀ ਸਮੱਸਿਆ ਹੈ। ਜੇਕਰ ਮੀਂਹ ਦੇ ਪਾਣੀ ਨੂੰ ਵਧ ਤੋਂ ਵਧ ਧਰਤੀ ਹੇਠ ਭੇਜਿਆ ਜਾਵੇ ਅਤੇ ਵਧ ਤੋਂ ਵਧ ਖੇਤਾਂ ਨੂੰ ਨਹਿਰੀ ਪਾਣੀ ਦਿੱਤਾ ਜਾਵੇ ਤਾਂ ਇਸ ਸਮੱਸਿਆ ਨੂੰ ਘਟ ਕੀਤਾ ਜਾ ਸਕਦਾ ਹੈ। ਨਿਰਾ ਕਿਸਾਨਾਂ ਨੂੰ ਹੀ ਨਹੀਂ ਸਗੋਂ ਸਾਰੇ ਸ਼ਹਿਰੀਆਂ ਨੂੰ ਪਾਣੀ ਦੀ ਸੰਕੋਚਵੀਂ ਵਰਤੋਂ ਕਰਨੀ ਚਾਹੀਦੀ ਹੈ।
4. ਢੁਕਵੀਂ ਸਨਅਤੀ ਨੀਤੀ: ਜਦੋਂ ਸਰਦਾਰ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਗੁਰਦਾਸਪੁਰ ਤੋਂ ਲੈ ਕੇ ਫਰੀਦਾਬਾਦ ਤੱਕ ਸੜਕ ਕੰਢੇ ਕਾਰਖਾਨੇ ਲਗਵਾਏ ਸਨ ਜਿਥੇ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਰੁਜਗਾਰ ਮਿਲ ਜਾਂਦਾ ਸੀ। ਹੁਣ ਪਿੰਡ ਉਜਾੜ ਕੇ ਸਨਅਤਾਂ ਲਗਾਈਆਂ ਜਾ ਰਹੀਆਂ ਹਨ। ਇਕਲਾ ਲੁਧਿਆਣਾ ਹੀ ਸੌ ਤੋਂ ਵਧ ਪਿੰਡਾਂ ਨੂੰ ਖਾ ਗਿਆ ਹੈ। ਇਥੋਂ ਦੇ ਵਾਸੀ ਜਮੀਨ ਵੇਚ ਦੂਰ ਦੁਰਾਡੇ ਜਾਂ ਕਿਸੇ ਹੋਰ ਸੂਬੇ ਵਿਚ ਵਸੇਵਾ ਕਰਦੇ ਹਨ। ਇਨ੍ਹਾਂ ਖਾਲੀ ਘਰਾਂ ਵਿਚ ਦੂਜੇ ਸੂਬਿਆਂ ਤੋਂ ਆਏ ਲੋਕ ਹੀ ਰਹਿੰਦੇ ਹਨ ਇੰਝ ਪੰਜਾਬ ਪੰਜਾਬੀਆਂ ਤੋਂ ਖਾਲੀ ਹੋ ਰਿਹਾ ਹੈ। ਪੰਜਾਬ ਵਿਚ ਫ਼ੋਕਲ ਪੁਆਇੰਟਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ। ਇਥੇ ਖੇਤੀ ਉਪਜ ਆਧਾਰਿਤ ਕਾਰਖਾਨੇ ਲਗਾਏ ਜਾਣ ਅਤੇ ਵਿਕਰੀ ਕੇਂਦਰ ਬਣਾਏ ਜਾਣ। ਇੰਝ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਰੁਜਗਾਰ ਮਿਲੇਗਾ ਅਤੇ ਪਿੰਡਾਂ ਦਾ ਉਜਾੜਾ ਰੁਕੇਗਾ।
ਇਹ ਵੀ ਪੜ੍ਹੋ: Net House ਵਿਧੀ ਨਾਲ ਹਾਈ-ਟੈਕ ਆਲੂ ਦਾ ਬੀਜ ਉਤਪਾਦਨ, Dr. Harjot Singh Sohi ਅਤੇ Dr. Tejpal Singh Sran ਨੇ ਸਾਂਝੀ ਕੀਤੀ ਵਧੀਆ ਜਾਣਕਾਰੀ
5. ਹੁਨਰੀ ਵਿਕਾਸ : ਕਦੇ ਸਰਕਾਰ ਨੇ ਬਹੁਤ ਸਾਰੇ ਹੁਨਰੀ ਵਿਕਾਸ ਕੇਂਦਰ ਬਣਾਏ ਸਨ। ਇਨ੍ਹਾਂ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇ। ਕਈ ਥਾਵਾਂ ਉਤੇ ਇਮਾਰਤਾਂ ਬਣੀਆਂ ਪਰ ਕੇਂਦਰ ਚਾਲੂ ਨਹੀਂ ਹੋਏ ਉਨ੍ਹਾਂ ਨੂੰ ਚਾਲੂ ਕੀਤਾ ਜਾਵੇ। ਪੰਜਾਬ ਨੂੰ ਹੁਨਰੀ ਕਾਮਿਆਂ ਦੀ ਲੋੜ ਹੈ। ਹੁਣ ਬਹੁਤਾ ਹੁਨਰੀ ਕੰਮ ਦੂਜੇ ਸੂਬਿਆਂ ਤੋਂ ਆਏ ਕਾਰੀਗਰ ਕਰਦੇ ਹਨ। ਪਿੰਡਾਂ ਦੇ ਬੱਚੇ ਹੁਨਰੀ ਬਣ ਕੇ ਖੇਤੀ ਨਾਲ ਇਹ ਕੰਮ ਵੀ ਕਰਨਗੇ ਤੇ ਆਮਦਨ ਵਿਚ ਵਾਧਾ ਹੋਵੇਗਾ। ਪਿੰਡਾਂ ਦੇ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾਵੇ। ਇਨ੍ਹਾਂ ਵਿਚ ਵੀ ਬੱਚਿਆ ਨੂੰ ਪੜ੍ਹਾਈ ਦੇ ਨਾਲ ਕਿਸੇ ਹੁਨਰ ਦੀ ਸਿਖਲਾਈ ਦਿੱਤੀ ਜਾਵੇ। ਛੋਟੇ ਕਿਸਾਨ ਖੇਤੀ ਦੇ ਨਾਲ ਆਮਦਨ ਦੇ ਹੋਰ ਵਸੀਲਿਆਂ ਰਾਹੀਂ ਆਮਦਨ ਪ੍ਰਾਪਤ ਕਰਕੇ ਹੀ ਰਜਵੀਂ ਰੋਟੀ ਖਾ ਸਕਦਾ ਹੈ।
ਪੰਜਾਬੀਆਂ ਵਿਚ ਵਧ ਰਿਹਾ ਵਿਖਾਵਾ ਅਤੇ ਇਸ ਉਤੇ ਕੀਤੇ ਜਾ ਰਹੇ ਖਰਚੇ ਨੂੰ ਰੋਕਣ ਦੀ ਲੋੜ ਹੈ। ਕੁਝ ਪੰਚਾਇਤਾਂ ਇਸ ਪਾਸੇ ਕਦਮ ਚੁੱਕ ਰਹੀਆਂ ਹਨ ਬਾਕੀਆਂ ਨੂੰ ਅਗੇ ਆਉਣਾ ਚਾਹੀਦਾ ਹੈ।
ਕਿਸਾਨਾਂ ਦੇ 14 ਲੱਖ ਟਿਊਬਵੈਲ ਹਨ ਜਿਹੜੇ ਸਾਲ ਵਿਚ ਮਸਾਂ ਛੇ ਕੁ ਮਹੀਨੇ ਹੀ ਚਲਦੇ ਹਨ ਜਦੋਂ ਕਿ ਗੈਰ ਖੇਤੀ ਖੇਤਰ ਵਿਚ 25 ਲੱਖ ਟਿਊਬਵੈਲ ਹਨ ਜਿਹੜੇ ਦਿਨ ਰਾਤ ਚਲਦੇ ਹਨ। ਖੇਤਾਂ ਨੂੰ ਲਾਏ ਪਾਣੀ ਦਾ ਕੁਝ ਹਿੱਸਾ ਮੁੜ ਧਰਤੀ ਹੇਠ ਚਲਾ ਜਾਂਦਾ ਹੈ ਤੇ ਕੁਝ ਭਾਫ ਬਣ ਕੇ ਉਡਦਾ ਹੈ ਤੇ ਮੁੜ ਸ਼ੁੱਧ ਹੋ ਕੇ ਵਰਖਾ ਦੇ ਰੂਪ ਵਿਚ ਵਾਪਸ ਆਉਂਦਾ ਹੈ। ਕਿਸਾਨ ਜਿਹੜੀਆਂ ਜ਼ਹਿਰਾਂ ਦੀ ਵਰਤੋਂ ਕਰਦੇ ਹਨ ਉਨ੍ਹਾਂ ਦਾ ਅਸਰ ਦਸ ਦਿਨ ਵਿਚ ਖਤਮ ਹੋ ਜਾਂਦਾ ਹੈ ਉਦੋਂ ਖੇਤ ਨੂੰ ਪਾਣੀ ਨਹੀਂ ਦਿੱਤਾ ਜਾਂਦਾ। ਫੈਕਟਰੀਆਂ ਦਾ ਗੰਦਾ ਪਾਣੀ ਨੇੜਲੇ ਨਦੀ ਨਾਲੇ ਵਿਚ ਜਾਂ ਧਰਤੀ ਹੇਠ ਭੇਜ ਦਿੱਤਾ ਜਾਂਦਾ ਹੈ। ਜਦੋਂ ਲੋਕ ਜੰਗਲ ਪਾਣੀ ਖੇਤਾਂ ਵਿਚ ਜਾਂਦੇ ਸਨ ਅਤੇ ਪਿੰਡ ਦੀ ਜਮੀਨ ਨਿਆਈ ਬਣ ਜਾਂਦੀ ਸੀ। ਹੁਣ ਇਹ ਸਾਰਾ ਮਲ ਮੂਤਰ ਧਰਤੀ ਹੇਠ ਜਾਂਦਾ ਹੈ ਜਾਂ ਦਰਿਆਵਾਂ ਵਿਚ ਜਾਂਦਾ ਹੈ। ਇਸ ਦੀ ਮਿਸਾਲ ਲੁਧਿਆਣੇ ਵਿਚੋਂ ਲੰਘਦੇ ਬੁੱਢੇ ਦਰਿਆ ਜਾਂ ਗੰਦਾ ਨਾਲਾ ਅਤੇ ਜ਼ੀਰਾ ਫੈਕਟਰੀ ਹਨ।
ਕੇਂਦਰ ਸਰਕਾਰ ਦਾ ਫਰਜ ਬਣਦਾ ਹੈ ਕਿ ਉਹ ਪੰਜਾਬ ਦੇ ਕਿਸਾਨ ਦੀ ਬਾਂਹ ਫੜੇ। ਪੰਜਾਬ ਦਾ ਕਿਸਾਨ ਸਾਰੇ ਦੇਸ਼ ਦਾ ਸਹਾਰਾ ਬਣਿਆ ਹੋਇਆ ਹੈ। ਸਰਕਾਰ ਨੂੰ ਉਸ ਦਾ ਸਹਾਰਾ ਬਣਨਾ ਚਾਹੀਦਾ ਹੈ। ਕੇਂਦਰੀ ਬਜਟ ਵਿਚ ਪੰਜਾਬ ਲਈ ਲੋੜੀਂਦਾ ਵੱਖਰਾ ਪੈਕੇਜ ਰੱਖਿਆ ਜਾਵੇ ਤਾਂ ਜੋ ਕਿਸਾਨ ਦੀ ਆਰਥਿਕ ਸਥਿਤੀ ਵਿਚ ਸੁਧਾਰ ਹੋ ਸਕੇ।
ਸਰੋਤ: ਡਾ. ਰਣਜੀਤ ਸਿੰਘ
Summary in English: Dr. Ranjit Singh shared detailed information about Punjab's agricultural problems and prospects.