ਕਣਕ ਹਾੜ੍ਹੀ ਦੀ ਪ੍ਰਮੁੱਖ ਫਸਲ ਹੈ ਜਿਸ ਦੀ ਪਿਛਲੇ ਸਾਲ ਤਕਰੀਬਨ 35.20 ਲੱਖ ਹੈਕਟੇਅਰ ਵਿੱਚ ਕੀਤੀ ਕਾਸ਼ਤ ਗਈ ਜਿਸ ਤੋਂ ਤਕਰੀਬਨ 182.68 ਲੱਖ ਟਨ ਪੈਦਾਵਾਰ ਹੋਈ ਅਤੇ ਇਸ ਦਾ ਅੋਸਤ ਝਾੜ 21 ਕੁਇੰਟਲ ਪ੍ਰਤੀ ਏਕੜ ਪ੍ਰਾਪਤ ਹੋਇਆ।
ਸਿਆਣਿਆਂ ਦੇ ਕਹਿਣ ਮੁਤਾਬਿਕ ਉੱਤਮ ਬੀਜ ਸਫਲਤਾ ਦੀ ਕੁੰਜੀ ਹੁੰਦਾ ਹੈ।ਇਸ ਲਈ ਕਿਸਾਨ ਵੀਰੋ ਅਗਲੇ ਸਾਲ ਲਈ ਆਪਣੀ ਸਮਰੱਥਾ ਮੁਤਾਬਿਕ ਕਣਕ ਦੀ ਬਿਜਾਈ ਲਈ ਬਿਮਾਰੀਆਂ ਤੋਂ ਮੁਕਤ ਉੱਤਮ ਬੀਜ ਆਪਣੇ ਖੇਤਾਂ ਵਿੱਚ ਆਪੇ ਹੀ ਤਿਆਰ ਕਰੋ ਕਿਉਂਕਿ ਉੱੱਤਮ ਬੀਜ ਵਧੇਰੇ ਉੱਗਣ ਸ਼ਕਤੀ ਵਾਲਾ, ਨਦੀਨਾਂ ਦੇ ਬੀਜਾਂ ਤੋਂ ਮੁਕਤ ਅਤੇ ਬਿਮਾਰੀਆਂ ਤੋਂ ਵੀ ਰਹਿਤ ਹੁੰਦਾ ਹੈ।ਭਾਰਤ ਵਿੱਚ ਬ੍ਰੀਡਰ ਸੀਡ ਦਾ ਉਤਪਾਦਨ ਅਤੇ ਸਪਲਾਈ ਪ੍ਰਣਾਲੀ ਭਾਰਤੀ ਖੇਤੀਬਾੜੀ ਖੋਜ ਕੋਂਸਲ (ਆਈ.ਸੀ.ਏ.ਆਰ) ਦੁਆਰਾ ਨਿਯੰਤਰਤ ਕੀਤੀ ਜਾਂਦੀ ਹੈ ਜਦਕਿ ਬੁਨਿਆਦੀ ਅਤੇ ਪ੍ਰਮਾਣਿਤ ਬੀਜ, ਨੈਸ਼ਨਲ ਪੱਧਰ, ਰਾਜ ਪੱਧਰ ਅਤੇ ਪ੍ਰਾਈਵੇਟ ਬੀਜ ਉਤਪਾਦਕ ਅਦਾਰਿਆਂ ਰਾਹੀਂ ਪੈਦਾ ਕੀਤੇ ਜਾ ਸਕਦੇ ਹਨ। ਬੀਜ ਐਕਟ 1966 ਦੇ ਅਨੁਸਾਰ ਬੀਜ ਦੀ ਸਿਹਤ ਅਤੇ ਸ਼ੁਧਤਾ ਨੂੰ ਕਾਇਮ ਰੱਖਣਾ ਬਹੁਤ ਜਰੂਰੀ ਹੁੰਦਾ ਹੈ।ਅੰਤਰਰਾਸ਼ਰਟੀ ਬੀਜ ਪਰਖ ਸੰਸਥਾ ਦੇ ਅਨੁਸਾਰ ਫਸਲੀ ਝਾੜ ਦੇ ਵਾਧੇ ਲਈ ਬਿਜਾਈ ਤੋਂ ਪਹਿਲਾਂ ਬੀਜ ਦੀ ਸਿਹਤ ਦਾ ਮੁਆਇਨਾ ਕਰਨਾ ਬਹੁਤ ਜਰੂਰੀ ਹੈ।ਬੀਜ ਪੈਦਾ ਕਰਨ ਵਾਲੇ ਖੇਤ ਆਪ ਮੁਹਾਰੇ ਉੱਗੇ ਗੈਰਕਿਸਮੀ ਪੌਦੇ, ਨਦੀਨ, ਕੀੜੇ-ਮਕੌੜੇ ਅਤੇ ਬਿਮਾਰ ਬੂਟਿਆਂ ਤੋਂ ਰਹਿਤ ਹੋਣੇ ਚਾਹੀਦੇ ਹਨ।ਕਣਕ ਦਾ ਨਿਸਾਰਾ ਸ਼ੁਰੂ ਹੋਣ ਸਮੇਂ ਅਤੇ ਨਿਸਰਣ ਤੋਂ ਬਾਅਦ ਗੈਰਫਸਲੀ ਅਤੇ ਬਿਮਾਰ ਬੂਟਿਆਂ ਨੂੰ ਨਸ਼ਟ ਕਰਨ ਲਈ ਘੱਟੋ-ਘੱਟ ਦੋ ਨਿਰੀਖਣ ਕੀਤੇ ਜਾਣੇ ਚਾਹੀਦੇ ਹਨ। ਬਿਮਾਰੀ ਦੇ ਕੀਟਾਣੂੰ ਮਿੱਟੀ ਅਤੇ ਪੌਦੇ ਦੇ ਦੂਜੇ ਭਾਗਾਂ ਦੇ ਮੁਕਾਬਲੇ ਬੀਜਾਂ ਵਿੱਚ ਜਿਆਦਾ ਲੰਬੇ ਸਮੇਂ ਲਈ ਜਿਉਂਦੇ ਰਹਿੰਦੇ ਹਨ ਅਤੇ ਇਨ੍ਹਾਂ ਦੀ ਲਾਗ ਬੀਜਾਂ ਰਾਹੀਂ ਬੜੀ ਅਸਾਨੀ ਨਾਲ ਨਵੇਂ ਇਲਾਕਿਆਂ ਵਿੱਚ ਫੈਲ਼ ਜਾਂਦੀ ਹੈ ।ਜੇਕਰ ਮੌਸਮੀ ਹਾਲਾਤ ਬਿਮਾਰੀ ਦੇ ਅਨੁਕੂਲ ਹੋਣ ਤਾਂ ਇਹ ਇੱਕ ਮਹਾਂਮਾਰੀ ਦਾ ਰੂਪ ਧਾਰਨ ਕਰ ਲੈਂਦੀ ਹੈ। ਕਣਕ ਦਾ ਬਿਮਾਰੀ ਮੁਕਤ ਬੀਜ ਪੈਦਾ ਕਰਨ ਲਈ ਇਸਦੇ ਨਿਸਰਣ ਸਮੇਂ ਅਤੇ ਬੀਜ ਬਣਨ ਸਮੇਂ ਬਿਮਾਰੀਆਂ ਦੀ ਰੋਕਥਾਮ ਕਰਨੀ ਬਹੁਤ ਜਰੂਰੀ ਹੈ। ਇਸ ਲੇਖ ਵਿੱਚ ਅਸੀਂ ਬੀਜ ਰਾਹੀਂ ਫੈਲਣ ਵਾਲੀਆਂ ਕਣਕ ਦੀਆਂ ਬਿਮਾਰੀਆਂ ਦੀ ਪਛਾਣ ਅਤੇ ਉਨ੍ਹਾਂ ਦੀ ਸਹੀ ਸਮੇਂ ਤੇ ਰੋਕਥਾਮ ਬਾਰੇ ਜਾਣਕਾਰੀ ਦੇ ਰਹੇ ਹਾਂ ।
ਕਰਨਾਲ ਬੰਟ
ਇਹ ਇੱਕ ਉੱਲੀ ਦੀ ਬਿਮਾਰੀ ਹੈ ਜੋ ਕਣਕ ਦੇ ਬੀਜ ਦੀ ਗੁਣਵੱਤਾ ਤੇ ਮਾੜਾ ਪ੍ਰਭਾਵ ਪਾਉਂਦੀ ਹੈ। ਇਸ ਬਿਮਾਰੀ ਦੇ ਰੋਗਾਣੂੰ ਮਿੱਟੀ ਅਤੇ ਬੀਜ ਵਿੱਚ ਜਿਊਂਦੇ ਰਹਿੰਦੇ ਹਨ ਅਤੇ ਇਹ ਬਿਮਾਰੀ ਕੁਆਰੰਟੀਨ ਦੀ ਇੱਕ ਗੰਭੀਰ ਸਮੱੱਸਿਆ ਹੋਣ ਕਰਕੇ ਕਣਕ ਦੇ ਵਪਾਰ ਨੂੰ ਪ੍ਰਭਾਵਿਤ ਕਰਦੀ ਹੈ।ਸਾਲ 2019-20 ਦੌਰਾਨ ਪੰਜਾਬ ਦੀਆਂ ਮਡੀਆਂ ਦਾ ਸਰਵੇਖਣ ਕੀਤਾ ਗਿਆ ਅਤੇ ਸਰਵੇਖਣ ਦੌਰਾਨ ਬਿਮਾਰੀ ਦੀ ਔਸਤਨ ਤੀਬਰਤਾ 0.003 ਤੋਂ 0.82 ਪ੍ਰਤੀਸ਼ਤ ਪਾਈ ਗਈ ਸੀ ਅਤੇ ਬਿਮਾਰੀ ਦਾ ਹਮਲਾ ਸਭ ਤੋਂ ਵੱਧ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਵਿੱਚ (12.7%) ਪਾਇਆ ਗਿਆ ਸੀ।ਮੁੱੱਖ ਤੌਰ ਤੇ ਇਹ ਬਿਮਾਰੀ ਬੀਜ ਅਤੇ ਖੇਤੀ ਦੇ ਸਾਜੋ ਸਮਾਨ ਰਾਹੀਂ ਫੈਲਦੀ ਹੈ ਪਰ ਕੁਝ ਦੂਰੀ ਤੱਕ ਇਹ ਬਿਮਾਰੀ ਹਵਾ ਰਾਹੀਂ ਵੀ ਫੈਲਦੀ ਹੈ।ਖੇਤ ਵਿੱਚ ਕਰਨਾਲ ਬੰਟ ਦੇ ਲੱਛਣਾਂ ਦੀ ਪਛਾਣ ਕਰਨੀ ਔਖੀ ਹੁੰਦੀ ਹੈ ਪਰ ਕਣਕ ਦੀ ਵਾਢੀ ਤੋਂ ਬਾਅਦ ਬੀਜਾਂ ਵਿੱਚ ਇਸ ਬਿਮਾਰੀ ਦੇ ਲੱਛਣ ਅਸਾਨੀ ਨਾਲ ਪਛਾਣੇ ਜਾ ਸਕਦੇ ਹਨ। ਆਮ ਤੌਰ ਤੇ ਇਸਦੇ ਲੱਛਣ ਸਿਰਫ ਦਾਣੇ ਦੇ ਸਿਰੇ ਤੇ ਹੀ ਦਿਸਦੇ ਹਨ ਪਰ ਕਦੇ -ਕਦੇ ਸਾਰੇ ਦਾ ਸਾਰਾ ਦਾਣਾ ਹੀ ਇਸ ਬਿਮਾਰੀ ਨਾਲ ਪ੍ਰਭਾਵਿਤ ਹੋ ਜਾਂਦਾ ਹੈ।ਇਨ੍ਹਾਂ ਬਿਮਾਰੀ ਗ੍ਰਸਤ ਦਾਣਿਆਂ ਤੇ ਗੂੜੇ ਕਾਲੇ ਰੰਗ ਦਾ ਧੂੜਾ ਪੈਦਾ ਹੋ ਜਾਂਦਾ ਹੈ ।ਜੇਕਰ ਇਨ੍ਹਾਂ ਦਾਣਿਆਂ ਨੂੰ ਹੱਥਾਂ ਵਿੱਚ ਮਲਿਆ ਜਾਂ ਭੰਨਿਆਂ ਜਾਵੇ ਤਾਂ ਇਨ੍ਹਾਂ ਵਿੱਚੋਂ ਬੜੀ ਭੈੜੀ ਦੁਰਗੰਧ ਆਉਂਦੀ ਹੈ। ਇਹ ਕਾਲਾ ਧੂੜਾ ਅਸਲ ਵਿੱਚ ਬਿਮਾਰੀ ਦੀ ਉੱਲੀ ਦੇ ਕਣ ਹੁੰਦੇ ਹਨ ਜੋ ਕਈ ਸਾਲਾਂ ਤੱਕ ਦਾਣਿਆਂ ਅਤੇ ਜਮੀਨ ਵਿੱਚ ਜੀਵਿਤ ਰਹਿੰਦੇ ਹਨ।ਕਣਕ ਦੇ ਨਿਸਾਰੇ ਸਮੇਂ ਮੌਸਮ ਅਨੁਕੂਲ਼ ਹੋਣ ਉਪਰੰਤ ਬਿਮਾਰੀ ਦੇ ਕਣ ਜਮੀਨ ਵਿੱਚੋਂ ਉੱਗ ਕੇ ਹਵਾ ਵਿੱਚ ਰਲ ਜਾਂਦੇ ਹਨ ਅਤੇ ਨਿਸਰ ਰਹੀ ਕਣਕ ਦੇ ਦਾਣਿਆਂ ਤੇ ਬਿਮਾਰੀ ਦੀ ਲਾਗ ਲਗਾ ਦਿੰਦੇ ਹਨ।ਬਿਮਾਰੀ ਤੋਂ ਪ੍ਰਭਾਵਿਤ ਫਸਲ ਤੋਂ ਰਖਿਆ ਹੋਇਆ ਬੀਜ ਅਗਲੇ ਸਾਲ ਲਈ ਬਿਮਾਰੀ ਫੈਲਾਉਣ ਦਾ ਕਾਰਨ ਬਣਦਾ ਹੈ।
ਰੋਕਥਾਮ
ਕਣਕ ਦੀਆਂ ਜਿਆਦਾਤਰ ਸਿਫਾਰਿਸ਼ ਕੀਤੀਆਂ ਕਿਸਮਾਂ ਬਿਜਾਈ ਤੋਂ ਤਕਰੀਬਨ 90-95 ਦਿਨ ਬਾਅਦ ਨਿਸਾਰੇ ਤੇ ਆ ਜਾਂਦੀਆਂ ਹਨ ਜਦੋਂ ਕਿ ਐਚ ਡੀ 3086 ਕਿਸਮ ਬਿਜਾਈ ਤੋਂ 80-85 ਦਿਨਾਂ ਬਾਅਦ ਨਿਸਰਨੀ ਸ਼ੁਰੂ ਹੋ ਜਾਂਦੀ ਹੈ ।ਕਣਕ ਦੇ ਨਿਸਾਰੇ ਸਮੇਂ ਜੇਕਰ ਬੱਦਲਵਾਈ ਜਾਂ ਕਿਣਮਿਣ ਰਹੇ ਤਾਂ ਇਸ ਬਿਮਾਰੀ ਦੇ ਆਉਣ ਦਾ ਖਤਰਾ ਜਿਆਦਾ ਰਹਿੰਦਾ ਹੈ।ਇਸ ਬਿਮਾਰੀ ਤੋਂ ਮੁਕਤ ਬੀਜ ਪੈਦਾ ਕਰਨ ਲਈ ਬੀਜ ਵਾਲੀ ਫਸਲ ਤੇ ਨਿਸਾਰੇ ਸਮੇਂ 200 ਮਿ.ਲਿ. ਪ੍ਰੋਪੀਕੋਨਾਜ਼ੋਲ (ਟਿਲਟ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰਨਾ ਚਾਹੀਦਾ ਹੈ।ਫਸਲ ਦੇ ਨਿਸਾਰੇ ਤੋਂ ਬਾਅਦ ਇਸ ਛਿੜਕਾਅ ਦਾ ਕੋਈ ਫਾਇਦਾ ਨਹੀਂ ਹੁੰਦਾ।ਕਿਉਂਕਿ ਵੇਲੇ ਦਾ ਕੰਮ ਅਤੇ ਕੁਵੇਲੇ ਦੀਆਂ ਟੱਕਰਾਂ ਅਖਵਾਉਂਦਾ ਹੈ ।ਇਸ ਲਈ ਕਰਨਾਲ ਬੰਟ ਤੋਂ ਬਚਾਅ ਲਈ ਇਹ ਛਿੜਕਾਅ ਵੇਲੇ ਸਿਰ ਕਰ ਲੈਣਾ ਚਾਹੀਦਾ ਹੈ।
ਸਿੱਟਿਆਂ ਦੀ ਕਾਂਗਿਆਂਰੀ
ਉੱਲੀ ਦੀ ਇਹ ਬਿਮਾਰੀ ਵੀ ਬੀਜ ਰਾਹੀਂ ਆਉਂਦੀ ਹੈ ਅਤੇ ਇਸ ਦੇ ਜੀਵਾਣੂੰ ਧਾਗਿਆਂ ਦੇ ਰੂਪ ਵਿੱਚ ਸਿਹਤਮੰਦ ਦਿਖਾਈ ਦੇਣ ਵਾਲੇ ਬੀਜ ਦੇ ਅੰਦਰ ਲੁਪਤ ਅਵਸਥਾ ਵਿੱਚ ਪਏ ਰਹਿੰਦੇ ਹਨ।ਅਗਲੇ ਸਾਲ ਜਦੋਂ ਇਹ ਬੀਜ ਬਿਜਾਈ ਲਈ ਵਰਤਿਆਂ ਜਾਂਦਾ ਹੈ ਤਾਂ ਕਣਕ ਦੇ ਨਿਸਾਰੇ ਸਮੇਂ ਇਸ ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਂਦੀਆਂ ਹਨ। ਫਸਲ ਦੇ ਨਿਸਰਣ ਤੋਂ ਪਹਿਲਾਂ ਬਿਮਾਰੀ ਨਾਲ ਪ੍ਰਭਾਵਿਤ ਬੀਜ ਤੋਂ ਪੈਦਾ ਹੋਇਆ ਬੂਟਾ ਇੱਕ ਸਿਹਤਮੰਦ ਬੂਟੇ ਵਾਗੂੰ ਹੀ ਨਜ਼ਰ ਆਉਂਦਾ ਹੈ । ਅਜਿਹੇ ਬੂਟੇ ਕਣਕ ਦੇ ਸਿਹਤਮੰਦ ਬੂਟਿਆਂ ਤੋਂ 2-3 ਦਿਨ ਪਹਿਲਾਂ ਹੀ ਨਿਸਰ ਜਾਂਦੇ ਹਨ । ਬਿਮਾਰੀ ਨਾਲ ਪ੍ਰਭਾਵਿਤ ਸਿੱਟੇ ਵਿਚਲੇ ਸਾਰੇ ਦਾਣੇ ਕਾਲੇ ਧੂੜ੍ਹੇ ਵਿੱਚ ਤਬਦੀਲ ਹੋ ਜਾਂਦੇ ਹਨ ਜਿਨ੍ਹਾਂ ਵਿੱਚ ਲੱਖਾਂ ਦੀ ਤੱਦਾਦ ਵਿੱਚ ਇਸ ਬਿਮਾਰੀ ਨੂੰ ਫੈਲਾਉਣ ਵਾਲੇ ਕਣ ਮੌਜੂਦ ਹੁੰਦੇ ਹਨ। ਅਨੁਕੂਲ ਮੌਸਮ ਦੇ ਅਧੀਨ ਇੱਕ ਬਿਮਾਰੀ ਵਾਲੇ ਖੇਤ ਤੋਂ ਪੈਦਾ ਹੋਏ ਤਕਰੀਬਨ 1 ਪ੍ਰਤੀਸ਼ਤ ਲਾਗ ਵਾਲੇ ਸਿੱਟਿਆਂ ਦੇ ਬੀਜਾਂ ਵਿੱਚੋਂ 10 ਪ੍ਰਤੀਸ਼ਤ ਜਾਂ ਇਸ ਤੋਂ ਜਿਆਦਾ ਕਾਂਗਿਆਂਰੀ ਦੇ ਰੋਗ ਵਾਲੇ ਬੀਜ ਪੈਦਾ ਹੋ ਜਾਂਦੇ ਹਨ । ਕਣਕ ਦੇ ਨਿਸਾਰੇ ਦੌਰਾਨ ਇਸ ਬਿਮਾਰੀ ਦੀ ਲਾਗ ਵੱਧ ਤੋਂ ਵੱਧ ਬੂਟਿਆਂ ਤੇ ਫੈਲ ਜਾਂਦੀ ਹੈ।ਕਾਂਗਿਆਂਰੀ ਵਾਲੇ ਸਿੱਟਿਆਂ ਤੋਂ ਇਹ ਕਾਲਾ ਧੂੜਾ ਹਵਾ, ਮੀਂਹ, ਕੀੜੇ-ਮਕੌੜੇ ਆਦਿ ਰਾਹੀਂ ਸਿਹਤਮੰਦ ਬੂਟੇ ਦੇ ਖੁੱਲੇ ਫੁੱਲਾਂ ਤੇ ਚਲਾ ਜਾਂਦਾ ਹੈ ।ਬਿਮਾਰੀ ਦੇ ਕਣ 16-22 ਡਿਗਰੀ ਸੈਂਟੀਗ੍ਰੇਡ ਤਾਪਮਾਨ ਅਤੇ ਹਵਾ ਵਿੱਚ ਨਮੀਂ ਦੀ ਮੌਜੂਦਗੀ ਵਿੱਚ ਪੁੰਗਰ ਜਾਂਦੇ ਹਨ ਅਤੇ ਫੁੱਲਾਂ ਦੇ ਮਾਦਾ ਹਿੱਸੇ ਤੇ ਇਸ ਬਿਮਾਰੀ ਦੀ ਲਾਗ ਲਾ ਦਿੰਦੇ ਹਨ ਅਤੇ ਸਿੱੱਟਿਆਂ ਵਿੱਚ ਪੈਦਾ ਹੋ ਰਹੇ ਬੀਜ ਨੂੰ ਬਿਮਾਰ ਕਰ ਦਿੰਦੇ ਹਨ।
ਰੋਕਥਾਮ
ਕਣਕ ਦੀ ਫਸਲ ਨੂੰ ਸਿੱਟਿਆਂ ਦੀ ਕਾਂਗਿਆਰੀ ਤੋਂ ਬਚਾਉਣ ਲਈ ਕਿਸਾਨ ਵੀਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੀਜ ਬੀਜਣ ਤੋਂ ਪਹਿਲਾਂ ਇਸ ਨੂੰ ਸਿਫਾਰਿਸ਼ ਕੀਤੇ ਉੱਲੀਨਾਸ਼ਕਾਂ ਨਾਲ ਸੋਧਿਆ ਜਾਵੇ । ਫਸਲ ਦੇ ਨਿਸਾਰੇ ਸਮੇਂ ਖੇਤਾਂ ਦਾ ਸਰਵੇਖਣ ਕਰਨਾ ਚਾਹੀਦਾ ਹੈ ਅਤੇ ਇਸ ਦੌਰਾਨ ਜਦੋਂ ਵੀ ਬਿਮਾਰੀ ਵਾਲੇ ਸਿਟੇ ਦਿਖਾਈ ਦੇਣ ਤਾਂ ਉਨ੍ਹਾਂ ਉੱਪਰ ਲਿਫਾਫਾ ਚੜ੍ਹਾ ਕੇ ਪ੍ਰਭਾਵਿਤ ਸਿਟਿਆਂ ਨੂੰ ਕੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ।ਇਸ ਤਰ੍ਹਾਂ ਕਰਨ ਨਾਲ ਇਹ ਬਿਮਾਰੀ ਸਿਹਤਮੰਦ ਸਿਟਿਆਂ ਨੂੰ ਨਹੀਂ ਲੱਗੇਗੀ ਅਤੇ ਦਾਣੇ ਰੋਗ ਰਹਿਤ ਪੈਦਾ ਹੋਣਗੇ।ਕਾਂਗਿਆਂਰੀ ਅਤੇ ਕਰਨਾਲ ਬੰਟ ਦੀਆਂ ਸੰਵੇਦਨਸ਼ੀਲ ਕਿਸਮਾਂ ਦੇ ਬੀਜਾਂ ਦੇ ਉਤਪਾਦਨ ਲਈ ਬੀਜ ਐਕਟ ਅਨੁਸਾਰ ਬੁਨਿਆਦੀ ਬੀਜ ਵਿੱਚ 0.1 ਫੀਸਦੀ ਅਤੇ ਸਰਟੀਫਾਈਡ ਬੀਜ ਵਿੱਚ 0.5 ਫੀਸਦੀ ਤੋਂ ਵੱਧ ਕਾਂਗਿਆਰੀ ਵਾਲੀਆਂ ਸ਼ਖਾਵਾਂ ਨਹੀਂ ਹੋਣੀਆਂ ਚਾਹੀਦੀਆਂ।ਇਸੇ ਤਰ੍ਹਾਂ ਕਰਨਾਲ ਬੰਟ ਤੋਂ ਪ੍ਰਭਾਵਿਤ ਬੀਜ ਦੀ ਮਾਤਰਾ ਬੁਨਿਆਦੀ ਬੀਜ ਵਿੱਚ 0.05 ਫੀਸਦੀ ਅਤੇ ਸਰਟੀਫਾਈਡ ਬੀਜ ਵਿੱਚ 0.25 ਫੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਫਸਲ ਦੀ ਵਾਢੀ ਅਤੇ ਗਹਾਈ ਸਮੇਂ ਦੇਖ ਰੇਖ ਯਕੀਨੀ ਬਣਾਉਣਾ
ਫਸਲ ਦੀ ਵਾਢੀ ਅਤੇ ਗਹਾਈ ਸਮੇਂ ਬੀਜ ਅਤੇ ਵਾਯੂਮੰਡਲ ਵਿਚਲੀ ਨਮੀਂ ਵੀ ਕਣਕ ਦੇ ਸਿਹਤਮੰਦ ਬੀਜ ਪੈਦਾ ਕਰਨ ਲਈ ਬਹੁਤ ਮਹੱਤਵਪੂਰਨ ਕਾਰਕ ਹੁੁੰਦੇ ਹਨ। ਇਸ ਲਈ ਬੀਜ ਵਾਲੀ ਫਸਲ ਦੀ ਵਾਢੀ ਚੰਗੀ ਧੁੱਪ ਵਾਲੇ ਦਿਨ ਤੇ ਹੀ ਕੀਤੀ ਜਾਣੀ ਚਾਹੀਦੀ ਹੈ। ਪਰ ਜੇਕਰ ਬੀਜ ਵਾਲੀ ਫਸਲ ਨੂੰ ਬੱਦਲਵਾਈ ਅਤੇ ਨਮੀਂ ਦੀ ਮੌਜੂਦਗੀ ਵਿੱਚ ਵੱਡਿਆ ਜਾਵੇ ਜਾਂ ਬੀਜ ਦੇ ਛਿਲਕੇ ਉੱਪਰ ਕਿਸੇ ਕਿਸਮ ਦੇ ਜਖਮ ਹੋਣ ਜਾਂ ਬੀਜ ਟੁੱਟਾ ਹੋਇਆ ਹੋਵੇ ਤਾਂ ਇਸ ਦੇ ਭੰਡਾਰਨ ਸਮੇਂ ਕਈ ਤਰ੍ਹਾਂ ਦੇ ਕੀੜੇ ਅਤੇ ਉੱਲੀਆਂ ਪੈਦਾ ਹੋ ਜਾਂਦੀਆਂ ਹਨ ਜੋ ਕਿ ਬੀਜ ਦੀ ਗੁਣਵੱਤਾ ਤੇ ਮਾੜਾ ਅਸਰ ਪਾਉਂਦੀਆਂ ਹਨ।ਇਸ ਲਈ ਬੀਜ ਵਾਲੀ ਫਸਲ ਦੀ ਗਹਾਈ ਦੂਜੀਆਂ ਫਸਲਾਂ ਤੋਂ ਅਲੱਗ ਅਤੇ ਪੱਕੇ ਫਰਸ਼ ਤੇ ਆਪਣੀ ਨਿਗਰਾਨੀ ਅਤੇ ਦੇਖ-ਰੇਖ ਹੇਠ ਕਰਨੀ ਚਾਹੀਦੀ ਹੈ।
ਬੀਜ ਦੀ ਸਾਂਭ-ਸੰਭਾਲ ਕਰਨ ਤੋਂ ਪਹਿਲਾਂ ਜਾਂਚ
ਬੀਜ ਨੂੰ ਸੰਭਾਲਣ ਤੋਂ ਪਹਿਲਾਂ ਉਸ ਵਿੱਚ ਕਰਨਾਲ ਬੰਟ ਦੀ ਜਾਂਚ ਕਰਨੀ ਬਹੁਤ ਜਰੂਰੀ ਹੈ। ਇਹ ਕੰਮ ਕਰਨ ਲਈ ਕਣਕ ਦੇ ਬੀਜ ਨੂੰ ਪਹਿਲਾਂ ਸਧਾਰਨ ਪਾਣੀ ਵਿੱਚ ਕੁਝ ਮਿੰਟਾਂ ਲਈ ਭਿਓ ਦਿਓ ਅਤੇ ਬਾਅਦ ਵਿੱਚ ਬਾਹਰ ਕੱਢ ਕੇ ਸਫੇਦ ਕਾਗਜ਼ ਤੇ ਖਿਲਾਰ ਲਓ । ਜੇਕਰ ਇਸ ਵਿੱਚ ਕਰਨਾਲ ਬੰਟ ਨਾਲ ਪ੍ਰਭਾਵਿਤ 4-5 ਦਾਣੇ ਨਜ਼ਰ ਆਉਣ ਤਾਂ ਇਸ ਤਰ੍ਹਾਂ ਦਾ ਬੀਜ ਅਗਲੇ ਸਾਲ ਲਈ ਨਾ ਰੱਖਿਓ । ਸਗੋਂ ਇਸ ਬਿਮਾਰੀ ਤੋਂ ਮੁਕਤ ਬੀਜ ਹੀ ਅਗਲੇ ਸਾਲ ਲਈ ਸੰਭਾਲ ਲੈਣਾ ਚਾਹੀਦਾ ਹੈ।
ਅੰਜੂ ਬਾਲਾ ਅਤੇ ਅਮਰਜੀਤ ਸਿੰਘ
ਪੌਦਾ ਰੋਗ ਵਿਭਾਗ, ਪੀ ਏ ਯੂ, ਲੁਧਿਆਣਾ
Summary in English: Disease prevention is essential for good wheat seed production