Paddy : ਝੋਨਾ ਭਾਰਤ ਦੀ ਇੱਕ ਮਹੱਤਵਪੂਰਨ ਫ਼ਸਲ ਹੈ, ਜੋ ਕਿ ਵਾਹੀਯੋਗ ਖੇਤਰ ਦੇ ਲੱਗਭਗ ਇੱਕ ਚੌਥਾਈ ਹਿੱਸੇ 'ਤੇ ਉਗਾਈ ਜਾਂਦੀ ਹੈ ਅਤੇ ਭਾਰਤ ਦੀ ਲੱਗਭਗ ਅੱਧੀ ਅਬਾਦੀ ਇਸ ਨੂੰ ਮੁੱਖ ਖਾਣੇ ਵਜੋਂ ਵਰਤਦੀ ਹੈ। ਪਿਛਲੇ ਕੁੱਝ ਸਾਲਾਂ ਦੌਰਾਨ ਪੰਜਾਬ ਨੇ ਝੋਨੇ ਦੀ ਪੈਦਾਵਾਰ ਵਿੱਚ ਬਹੁਤ ਜ਼ਿਆਦਾ ਤਰੱਕੀ ਹਾਸਲ ਕੀਤੀ ਹੈ। ਨਵੀਂ ਤਕਨੀਕ ਅਤੇ ਵਧੇਰੇ ਪੈਦਾਵਾਰ ਕਰਨ ਵਾਲੇ ਬੀਜਾਂ ਦੀ ਵਰਤੋਂ ਕਰਕੇ ਭਾਰਤ ਵਿੱਚ ਝੋਨੇ ਦੀ ਪੈਦਾਵਾਰ ਸੱਭ ਤੋਂ ਜ਼ਿਆਦਾ ਪੰਜਾਬ ਵਿੱਚ ਹੁੰਦੀ ਹੈ।
Paddy Cultivation : ਪਾਣੀ ਦੀ ਵਰਤੋਂ ਅਤੇ ਫਸਲਾਂ ਦੀ ਕਾਸ਼ਤ ਨਾਲ-ਨਾਲ ਚੱਲਦੀ ਹੈ। ਜਿਸ ਤਰੀਕੇ ਨਾਲ ਪਾਣੀ ਦੀ ਬੱਚਤ ਹੁੰਦੀ ਹੈ, ਉਸ ਨੂੰ ਤਰਜੀਹ ਦੇਣੀ ਚਾਹੀਦੀ ਹੈ, ਬਸ ਉਸ ਵਿੱਚ ਉਪਜ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕਰਨਾ ਪਵੇ। ਜੇਕਰ ਅਸੀਂ ਝੋਨੇ ਦੀ ਫਸਲ ਦੀ ਗੱਲ ਕਰੀਏ ਤਾਂ ਝੋਨੇ ਦੇ ਰੋਪਣ ਕਾਰਨ ਜ਼ਮੀਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ, ਜਿਸਦੇ ਨਤੀਜੇ ਵਜੋਂ ਉੱਪਰੀ ਜ਼ਮੀਨ ਅਤੇ ਕਣਕ ਦੀ ਫਸਲ ਨੂੰ ਨੁਕਸਾਨ ਹੁੰਦਾ ਹੈ। ਝੋਨੇ ਦੀ ਸਿੱਧੀ ਬਿਜਾਈ ਨਾਲ ਪਨੀਰੀ ਅਤੇ ਕੱਦੂ ਕਰਨ ਦਾ ਕੰਮ ਅਤੇ ਮਿੱਟੀ ਦਾ ਨੁਕਸਾਨ ਘੱਟ ਜਾਂਦਾ ਹੈ।
ਝੋਨੇ ਦੀ ਸਿੱਧੀ ਬਿਜਾਈ ਦਾ ਢੁਕਵਾਂ ਤਰੀਕਾ (Appropriate method of direct sowing of paddy)
1. ਢੁੱਕਵੀ ਜ਼ਮੀਨ (Suitable land): ਦਰਮਿਆਨੀਆਂ ਤੋਂ ਭਾਰੀਆਂ ਜਮੀਨਾਂ (ਰੇਤਲੀ ਮੈਰਾ, ਮੈਰਾ, ਚੀਕਣੀ ਮੈਰਾ, ਭੱਲ ਵਾਲੀ ਮੈਰਾ) ਬਹੁਤ ਅਨੁਕੂਲ ਹਨ। ਹਲਕੀਆਂ ਜ਼ਮੀਨਾਂ (ਰੇਤਲੀ, ਮੈਰਾ ਰੇਤਲੀ) ਢੁੱਕਵੀਆਂ ਨਹੀਂ ਹਨ।
2. ਢੁੱਕਵੀਆਂ ਕਿਸਮਾਂ (Suitable varieties): ਘੱਟ ਸਮਾਂ ਲੈਕੇ ਪੱਕਣ ਵਾਲੀਆਂ ਕਿਸਮਾਂ ਜ਼ਿਆਦਾ ਢੁੱਕਵੀਆਂ ਹੁੰਦੀਆਂ ਹਨ। ਇਸ ਮਿਆਦ ਨੂੰ ਧਿਆਨ 'ਚ ਰੱਖਦਿਆਂ ਹੋਈਆਂ ਕਿਸਾਨ ਝੋਨੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਜਿਵੇਂ ਕਿ PR 121, PR 122, PR 128, PR 129, PR 131, PR 113, ਅਤੇ PR 114 ਦੀ ਬਿਜਾਈ ਸ਼ੁਰੂ ਕਰ ਸਕਦੇ ਹਨ।
3. ਖੇਤ ਦੀ ਤਿਆਰੀ (Field preparation): ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ ਹਾਲਤ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2 ਵਾਰ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ।
4. ਬਿਜਾਈ ਦਾ ਸਹੀ ਸਮਾਂ (Right time to sow): ਜੂਨ ਦਾ ਪਹਿਲਾ ਪੰਦਰਵਾੜਾ (1 ਤੋਂ 15 ਜੂਨ)।
5. ਬੀਜ ਦੀ ਮਾਤਰਾ ਅਤੇ ਸੋਧ (Seed quantity and modification): ਇੱਕ ਏਕੜ ਲਈ 8-10 ਕਿਲੋ ਬੀਜ ਵਰਤੋ। ਬੀਜ ਨੂੰ 12 ਘੰਟੇ ਪਾਣੀ ਵਿੱਚ ਭਿਉਂ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ+ਕਾਰਬੈਂਡਾਜ਼ਿਮ) ਨੂੰ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ (10-12 ਮਿਲੀਲੀਟਰ ਪਾਣੀ ਵਿੱਚ ਮਿਲਾ ਕੇ) ਸੋਧ ਲਵੋ।
6. ਬਿਜਾਈ ਦਾ ਢੰਗ (Sowing method): ਬਿਜਾਈ ਲਈ 'ਲੱਕੀ ਸੀਡ ਡਰਿੱਲ', ਜਿਹੜੀ ਕਿ ਝੋਨੇ ਦੀ ਬਿਜਾਈ ਅਤੇ ਨਦੀਨ ਨਾਸ਼ਕ ਦੀ ਸਪਰੇ ਨਾਲੋ-ਨਾਲ ਕਰਦੀ ਹੈ, ਨੂੰ ਤਰਜੀਹ ਦਿਓ। ਜੇਕਰ ਇਹ ਮਸ਼ੀਨ ਨਾ ਹੋਵੇ ਤਾਂ ਝੋਨਾ ਬੀਜਣ ਵਾਲ਼ੀ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਬਿਜਾਈ ਕਰ ਦਿਉ ਅਤੇ ਬਿਜਾਈ ਦੇ ਤੁਰੰਤ ਬਾਅਦ ਨਦੀਨ ਨਾਸ਼ਕ ਦਾ ਛਿੜਕਾਅ ਕਰ ਦਿਓ। ਬਿਜਾਈ 20 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ ਵਿਚੱ ਕਰੋ। ਬੀਜ ਸਵਾ ਤੋਂ ਡੇਢ ਇੰਚ ਡੂੰਘਾਈ ਤੇ ਰੱਖੋ।
7. ਨਦੀਨਾਂ ਦੀ ਰੋਕਥਾਮ (Weed control): ਬਿਜਾਈ ਤੋਂ ਤੁਰੰਤ ਬਾਅਦ ਸਟੌਪ/ਬੰਕਰ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ। ਜੇਕਰ ਲੱਕੀ ਸੀਡ ਡਰਿੱਲ ਵਰਤੀ ਜਾਵੇ ਤਾਂ ਉਸਦੇ ਨਾਲ ਨਦੀਨ ਨਾਸ਼ਕ ਦਾ ਛਿੜਕਾਅ ਬਿਜਾਈ ਦੇ ਨਾਲੋ ਨਾਲ ਹੀ ਹੋ ਜਾਂਦਾ ਹੈ।
8. ਸਿੰਚਾਈ ਪ੍ਰਬੰਧ (Irrigation management): ਤਰ-ਵੱਤਰ ਖੇਤ ਵਿੱਚ ਬਿਜਾਈ ਕਰਕੇ ਪਹਿਲਾ ਪਾਣੀ ਤਕਰੀਬਨ 21 ਦਿਨ ਬਾਅਦ ਲਾਉ। ਅਗਲੇ ਪਾਣੀ 5-7 ਦਿਨਾਂ ਦੇ ਵਕਫੇ ਤੇ ਲਾਓ। ਆਖਰੀ ਪਾਣੀ ਕਟਾਈ ਤੋਂ 10 ਦਿਨ ਪਹਿਲਾਂ ਲਾਓ।
9. ਖਾਦਾਂ ਦੀ ਵਰਤੋਂ (Use of fertilizers): ਪਰਮਲ ਝੋਨੇ ਵਿੱਚ 130 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਤਿੰਨ ਬਰਾਬਰ ਕਿਸ਼ਤਾਂ ਵਿੱਚ ਵੰਡ ਕੇ ਬਿਜਾਈ ਤੋਂ 4, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਓ। ਬਾਸਮਤੀ ਝੋਨੇ ਵਿੱਚ 54 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਤਿੰਨ ਬਰਾਬਰ ਕਿਸ਼ਤਾਂ ਵਿੱਚ ਵੰਡ ਕੇ ਬਿਜਾਈ ਤੋਂ 3, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਓ। ਫਾਸਫੋਰਸ, ਪੋਟਾਸ਼ ਅਤੇ ਜਿੰਕ ਤੱਤਾਂ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ ਤੇ ਕਰੋ। ਲੋਹੇ ਦੀ ਘਾਟ ਆਉਣ ਤੇ 1 ਕਿਲੋ ਫੈਰਸ ਸਲਫੇਟ 100 ਲਿਟਰ ਪਾਣੀ ਵਿਚ ਘੋਲ ਕੇ ਦੋ ਛਿੜਕਾਅ ਹਫਤੇ ਦੀ ਵਿੱਥ ਤੇ ਕਰੋ।
ਇਹ ਵੀ ਪੜ੍ਹੋ: Paddy Cultivation: ਝੋਨੇ ਦੀ ਸਿੱਧੀ ਬਿਜਾਈ ਦੇ ਰਜਿਸਟਰੇਸ਼ਨ ਲਈ ਪੋਰਟਲ ਸ਼ੁਰੂ!
ਅਗਰੋਮੇਟ ਵੱਲੋਂ ਸਲਾਹ (Advice from Agromet)
-ਘੱਟ ਸਮਾਂ ਲੈਕੇ ਪੱਕਣ ਵਾਲੀਆਂ ਕਿਸਮਾਂ ਜ਼ਿਆਦਾ ਢੁੱਕਵੀਆਂ ਹੁੰਦੀਆਂ ਹਨ। ਇਸ ਲਈ ਝੋਨੇ ਦੀਆਂ ਛੋਟੀ ਮਿਆਦ ਦੀਆਂ ਕਿਸਮਾਂ ਦੀ ਚੋਣ ਕਰੋ।
-ਇਸ ਮਿਆਦ ਨੂੰ ਧਿਆਨ 'ਚ ਰੱਖਦਿਆਂ ਹੋਈਆਂ ਕਿਸਾਨ ਝੋਨੇ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਜਿਵੇਂ ਕਿ PR 121, PR 122, PR 128, PR 129, PR 131, PR 113, ਅਤੇ PR 114 ਦੀ ਬਿਜਾਈ ਸ਼ੁਰੂ ਕਰ ਸਕਦੇ ਹਨ।
-ਝੋਨੇ ਦੀ ਨਰਸਰੀ ਦੀ ਬਿਜਾਈ ਜਾਰੀ ਰੱਖੋ ਅਤੇ ਮਿਆਦ ਦੇ ਦੌਰਾਨ ਸਿੱਧੀ ਬੀਜੀ ਝੋਨੇ ਦੀ ਬਿਜਾਈ ਕਰੋ।
-ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਇਹ ਐਡਵਾਇਜ਼ਰੀ ਸਿਰਫ 27 ਮਈ 2022 ਤੱਕ ਹੀ ਲਾਗੂ ਰਹੇਗੀ।
Summary in English: Crop Advisories and Plant Protection: Agromet's Advice for Paddy Cultivation!