1. Home
  2. ਖੇਤੀ ਬਾੜੀ

ਕਣਕ ਵਿਚ ਗੁੱਲੀ-ਡੰਡੇ ਦੀ ਸਰਵਪੱਖੀ ਰੋਕਥਾਮ ਕਰੋ

ਗੁੱਲੀ ਡੰਡਾ ਕਣਕ ਦੀ ਫ਼ਸਲ ਦਾ ਪ੍ਰਮੁੱਖ ਨਦੀਨ ਹੈ ਕਿਉਂਕਿ ਕਣਕ ਵਿਚ ਵਰਤੇ ਜਾਣ ਵਾਲੇ ਜ਼ਿਆਦਾਤਰ ਨਦੀਨ ਨਾਸ਼ਕਾਂ ਪ੍ਰਤੀ ਇਸ ਨਦੀਨ ਨੇ ਰੋਧਨ ਸ਼ਕਤੀ ਪੈਦਾ ਕਰ ਲਈ ਹੈ। ਕਣਕ ਦੇ ਕੁਝ ਖੇਤਾਂ ਵਿਚ ਤਾਂ ਪਹਿਲੇ ਪਾਣੀ ਤੋਂ ਬਾਅਦ ਵਰਤੀ ਜਾਣ ਵਾਲੀ ਕੋਈ ਵੀ ਨਦੀਨ ਨਾਸ਼ਕ ਕਾਰਗਰ ਸਾਬਿਤ ਨਹੀਂ ਹੋ ਰਹੀ।

KJ Staff
KJ Staff
Wheat

Wheat

ਗੁੱਲੀ ਡੰਡਾ ਕਣਕ ਦੀ ਫ਼ਸਲ ਦਾ ਪ੍ਰਮੁੱਖ ਨਦੀਨ ਹੈ ਕਿਉਂਕਿ ਕਣਕ ਵਿਚ ਵਰਤੇ ਜਾਣ ਵਾਲੇ ਜ਼ਿਆਦਾਤਰ ਨਦੀਨ ਨਾਸ਼ਕਾਂ ਪ੍ਰਤੀ ਇਸ ਨਦੀਨ ਨੇ ਰੋਧਨ ਸ਼ਕਤੀ ਪੈਦਾ ਕਰ ਲਈ ਹੈ। ਕਣਕ ਦੇ ਕੁਝ ਖੇਤਾਂ ਵਿਚ ਤਾਂ ਪਹਿਲੇ ਪਾਣੀ ਤੋਂ ਬਾਅਦ ਵਰਤੀ ਜਾਣ ਵਾਲੀ ਕੋਈ ਵੀ ਨਦੀਨ ਨਾਸ਼ਕ ਕਾਰਗਰ ਸਾਬਿਤ ਨਹੀਂ ਹੋ ਰਹੀ।

ਇਸ ਕਰਕੇ ਕਣਕ ਵਿਚ ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਕਰਨ ਲਈ ਬਦਲਵੇਂ ਉਪਾਅ ਦੀ ਵਰਤੋਂ ਕਰਨੀ ਲਾਜ਼ਮੀ ਬਣ ਗਈ ਹੈ। ਇਸ ਲੇਖ ਵਿਚ ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਲਈ ਪਹਿਲੇ ਪਾਣੀ ਤੋਂ ਬਾਅਦ ਵਰਤੇ ਜਾਣ ਵਾਲੇ ਨਦੀਨ ਨਾਸ਼ਕਾਂ ਦੇ ਨਾਲ-ਨਾਲ, ਬਿਜਾਈ ਦੇ ਕਾਸ਼ਤਕਾਰੀ ਢੰਗ ਅਤੇ ਬਿਜਾਈ ਸਮੇਂ ਵਰਤੇ ਜਾਣ ਵਾਲੇ ਨਦੀਨ ਨਾਸ਼ਕਾਂ ਸੰਬੰਧੀ ਦੱਸਿਆ ਗਿਆ ਹੈ। ਜਿਸ ਦੀ ਵਰਤੋਂ ਕਰਕੇ ਕਣਕ ਦੀ ਫ਼ਸਲ ਵਿਚ ਗੁੱਲੀ ਡੰਡੇ ਦੀ ਸਮੱਸਿਆ ਨੂੰ ਸੌਖੇ ਹੱਲ ਕੀਤਾ ਜਾ ਸਕਦਾ ਹੈ।

(À) ਕਾਸ਼ਤਕਾਰੀ ਢੰਗਾਂ ਦੀ ਵਰਤੋਂ ਕਰਕੇ (By using farming methods)

ਗੁੱਲੀ ਡੰਡੇ ਦਾ ਬੀਜ 20 ਸੈਲਸੀਅਸ ਤੋਂ ਜ਼ਿਆਦਾ ਤਾਪਮਾਨ ਤੇ ਬਹੁਤ ਘੱਟ ਉਗਦਾ ਹੈ। ਗੁੱਲੀ ਡੰਡੇ ਦੇ ਇਸ ਸੁਭਾਅ ਨੂੰ ਇਸ ਦੀ ਰੋਕਥਾਮ ਕਰਨ ਲਈ ਵਰਤਿਆ ਜਾ ਸਕਦਾ ਹੈ। ਅਕਤੂਬਰ ਦੇ ਅਖੀਰ ਜਾਂ ਨਵੰਬਰ ਦੇ ਸ਼ੁਰੂ ਵਿਚ ਤਾਪਮਾਨ 20 ਸੈਲਸੀਅਸ ਤੋਂ ਉਪਰ ਰਹਿੰਦਾ ਹੈ। ਇਸ ਕਰਕੇ ਇਸ ਸਮੇਂ ਬੀਜੀ ਕਣਕ ਦੀ ਫ਼ਸਲ ਗੁਲੀ ਡੰਡੇ ਦੇ ਪਹਿਲੇ ਲੌਅ, ਜੋ ਕਿ ਸਭ ਤੋਂ ਜ਼ਿਆਦਾ ਨੁਕਸਾਨ ਕਰਦਾ ਹੈ, ਤੋਂ ਬਚ ਜਾਂਦੀ ਹੈ।

(2) ਖੇਤ ਉਪਰੋਂ ਸੁਕਾ ਕੇ ਬਿਜਾਈ: ਗੁੱਲੀ ਡੰਡੇ ਦੇ ਬੀਜ ਨੂੰ ਉਗਣ ਲਈ ਜ਼ਿਆਦਾ ਸਲਾਭ ਦੀ ਲੋੜ ਪੈਂਦੀ ਹੈ ਅਤੇ ਇਸ ਦੇ ਬੀਜ ਜ਼ਿਆਦਾਤਰ ਜ਼ਮੀਨ ਦੀ ਉਪਰਲੀ ਤਹਿ ਤੋਂ ਉਗਦੇ ਹਨ। ਇਸ ਕਰਕੇ ਬਿਜਾਈ ਤੋਂ ਪਹਿਲਾਂ ਜੇਕਰ ਜਮੀਨ ਦੀ ਉਪਰਲੀ ਤਹਿ ਨੂੰ ਸੁਕਾ ਲਿਆ ਜਾਵੇ ਤਾਂ ਗੁੱਲੀ ਡੰਡਾ ਬਹੁਤ ਘਟ ਉਗਦਾ ਹੈ।ਝੋਨੇ ਦੀ ਕਟਾਈ ਤੋਂ ਬਾਅਦ ਖੇਤ ਵਿਚ ਸਲਾਭ ਹੋਣ ਕਰਕੇ ਜਾਂ ਰੌਣੀ ਕਰਨ ਤੋਂ ਬਾਅਦ ਗੁੱਲੀ ਡੰਡੇ ਦੇ ਬੀਜ ਉਗ ਪੈਂਦੇ ਹਨ। ਇਹਨਾਂ ਉਗੇ ਹੋਏ ਬੀਜਾਂ ਨੂੰ ਹਲਕੀ ਵਹਾਈ ਕਰਕੇ ਬਾਅਦ ਵਿਚ ਸੁਹਾਗਾ ਮਾਰ ਕੇ ਨਸ਼ਟ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਖੇਤ ਦੀ ਉਪਰਲੀ ਪਰਤ ਸੁਕਾ ਕੇ ਬਿਜਾਈ ਕਰਨ ਤੇ ਗੁਲੀ ਡੰਡਾ ਬਹੁਤ ਘਟ ਉਗਦਾ ਹੈ ਅਤੇ ਫ਼ਸਲ ਨਦੀਨ ਰਹਿਤ ਰਹਿੰਦੀ ਹੈ।

(3) ਬੈਡਾਂ ਤੇ ਬਿਜਾਈ: ਬੈਡਾਂ ਤੇ ਬੀਜੀ ਕਣਕ ਵਾਲੇ ਖੇਤ ਵਿਚ ਰਵਾਇਤੀ ਢੰਗਾਂ ਨਾਲ ਬੀਜੀ ਕਣਕ ਦੀ ਫ਼ਸਲ ਨਾਲੋਂ ਗੁੱਲੀ ਡੰਡਾ ਘੱਟ ਉਗਦਾ ਹੈ। ਕਿਉਂਕਿ ਬੈਡਾਂ ਦੀ ਉਪਰਲੀ ਪਰਤ ਜਲਦੀ ਸੁੱਕ ਜਾਂਦੀ ਹੈ ਅਤੇ ਗੁਲੀ ਡੰਡੇ ਨੂੰ ਉਗਣ ਤੋਂ ਰੋਕਦੀ ਹੈ। ਦੂਸਰਾ, ਬੈਡਾਂ ਉਪਰ ਬੀਜੀ ਕਣਕ ਵਾਲੇ ਖੇਤ ਵਿਚ ਬੈਡ ਪਲਾਂਟਰ ਨਾਲ ਖਾਲੀਆਂ ਵਿਚ ਗੋਡੀ ਕਰਕੇ ਵੀ ਗੁੱਲੀ ਡੰਡੇ ਦੀ ਰੋਕਥਾਮ ਸੰਭਵ ਹੈ ਜੋ ਕਿ ਰਵਾਇਤੀ ਤਰੀਕੇ ਨਾਲ ਬੀਜੀ ਕਣਕ ਵਿਚ ਸੰਭਵ ਨਹੀਂ ਹੈ। ਤੀਸਰਾ, ਬੈਡ ਤੇ ਬੀਜੀ ਕਣਕ ਵਿਚ ਪਾਣੀ ਦੀ ਬਚਤ ਹੁੰਦੀ ਹੈ ਅਤੇ ਝਾੜ ਰਵਾਇਤੀ ਢੰਗ ਨਾਲ ਬੀਜੀ ਫ਼ਸਲ ਤੋਂ ਜ਼ਿਆਦਾ ਹੁੰਦਾ ਹੈ।

(4) ਬਿਨਾਂ ਵਾਹੇ ਹੈਪੀ ਸੀਡਰ ਨਾਲ ਬਿਜਾਈ: ਹੈਪੀ ਸੀਡਰ ਨਾਲ ਬਿਨਾਂ ਵਾਹੇ ਝੋਨੇ ਦੇ ਨਾੜ ਵਿਚ ਬਿਜਾਈ ਕਰਨ ਨਾਲ ਗੁੱਲੀ ਡੰਡਾ ਅਤੇ ਬਾਕੀ ਨਦੀਨ ਬਹੁਤ ਘੱਟ ਨਿਕਲਦੇ ਹਨ ਕਿਉਂਕਿ ਖੇਤ ਉਪਰ ਪਈ ਪਰਾਲੀ ਦੀ ਤਹਿ ਨਦੀਨ ਨਾਸ਼ਕ ਦਾ ਕੰਮ ਕਰਦੀ ਹੈ ਅਤੇ ਨਦੀਨਾਂ ਨੂੰ ਉਗਣ ਨਹੀਂ ਦਿੰਦੀ। ਜੇਕਰ ਬਿਜਾਈ ਵੇਲੇ ਗੁੱਲੀ ਡੰਡੇ ਦੇ ਬੂਟੇ ਖੇਤ ਵਿਚ ਉਗ ਪਏ ਹੋਣ ਤਾਂ ਬਿਜਾਈ ਤੋਂ ਦੋ ਦਿਨ ਪਹਿਲਾਂ ਗਰੈਮੈਕਸੋਨ 24 ਐਸ ਐਲ (ਪੈਰਾਕੁਆਟ) 500 ਮਿਲੀ ਲਿਟਰ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਦਿਉ।

(5) ਫ਼ਸਲਾਂ ਦਾ ਹੇਰ ਫੇਰ: ਨਦੀਨਾਂ ਦੀ ਸਮੱਸਿਆ ਨੂੰ ਹਲ ਕਰਨ ਲਈ ਫ਼ਸਲਾਂ ਦਾ ਹੇਰ ਫੇਰ ਬਹੁਤ ਹੀ ਕਾਰਗਰ ਤਰੀਕਾ ਹੈ। ਗੁੱਲੀ ਡੰਡੇ ਦੀ ਜ਼ਿਆਦਾ ਸਮੱਸਿਆ ਵਾਲੇ ਖੇਤਾਂ ਵਿਚ, ਜਿਥੇ ਸੰਭਵ ਹੋ ਸਕੇ, ਕਣਕ ਦੀ ਥਾਂ ਤੇ ਬਰਸੀਮ, ਆਲੂ, ਰਾਇਆ, ਗੋਭੀ ਸਰੋਂ, ਸੂਰਜਮੁਖੀ ਜਾਂ ਗੰਨੇ ਨਾਲ 12 ਸਾਲ ਬਦਲੀ ਕਰਨ ਤੇ ਗੁੱਲੀ ਡੰਡੇ ਦੀ ਸਮੱਸਿਆ ਆਪਣੇ ਆਪ ਹੱਲ ਹੋ ਜਾਂਦੀ ਹੈ। ਸਾਡੇ ਬਜੁਰਗ ਫ਼ਸਲਾਂ ਦੇ ਹੇਰ ਫੇਰ ਦੇ ਨਾਲ ਹੀ ਨਦੀਨਾਂ, ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹੱਲ ਕਰ ਲੈਂਦੇ ਸਨ।

(ਅ) ਰਸਾਇਣਕ ਤਰੀਕੇ ਵਰਤ ਕੇ (Using chemical methods)

(1) ਬਿਜਾਈ ਸਮੇਂ: ਚੰਗੀ ਤਰਾਂ ਤਿਆਰ ਕੀਤੇ ਖੇਤ ਵਿਚ, ਬਿਜਾਈ ਕਰਨ ਤੋਂ ਤੁਰੰਤ ਬਾਅਦ 15 ਲਿਟਰ ਸਟੌਂਪ 30 ਈ ਸੀ (ਪੈਂਡੀਮੈਥਾਲਿਨ) ਜਾਂ 60 ਗ੍ਰਾਮ ਅਵਕੀਰਾ 85 ਡਬਲਊ ਜੀ (ਪਾਈਰੌਕਸਾਸਲਫੋਨ) 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕਰ ਦਿਉ।ਇਹ ਨਦੀਨ ਨਾਸ਼ਕ ਤੋਂ ਪੂਰਾ ਫਾਇਦਾ ਲੈਣ ਲਈ ਸਪਰੇਅ ਸਾਰੇ ਖੇਤ ਵਿਚ ਇਕ ਸਾਰ ਹੋਣੀ ਚਾਹੀਦੀ ਹੈ, ਖੇਤ ਚੰਗੀ ਤਰਾਂ ਤਿਆਰ ਹੋਵੇ ਅਤੇ ਖੇਤ ਵਿਚ ਚੰਗੀ ਸਲਾਭ ਹੋਣੀ ਜ਼ਰੂਰੀ ਹੈ।ਬਿਜਾਈ ਕਰਨ ਲਈ 'ਲੱਕੀ ਸੀਡ ਡਰਿਲ' ਨੂੰ ਤਰਜੀਹ ਦਿਉ ਜੋ ਕਿ ਕਣਕ ਦੀ ਬਿਜਾਈ ਅਤੇ ਨਦੀਨ ਨਾਸ਼ਕ ਦੀ ਸਪਰੇਅ ਨਾਲੋਂ ਨਾਲ ਕਰਦੀ ਹੈ।

(2) ਪਹਿਲੇ ਪਾਣੀ ਤੋਂ ਪਹਿਲਾਂ: ਜੇਕਰ ਬਿਜਾਈ ਤੋਂ ਬਾਅਦ ਬਾਰਸ਼ ਪੈ ਜਾਵੇ ਜਾਂ ਤਾਪਮਾਨ ਘੱਟ ਜਾਵੇ ਤਾਂ ਪਹਿਲੇ ਪਾਣੀ ਤੋ ਪਹਿਲਾਂ ਹੀ ਗੁੱਲੀ ਡੰਡੇ ਦੇ ਬੂਟੇ ਉਗ ਪੈਂਦੇ ਹਨ ਅਤੇ 2 ਤੋਂ 3 ਪੱਤਿਆਂ ਦੀ ਅਵਸਥਾ ਵਿਚ ਆ ਜਾਂਦੇ ਹਨ। ਇਹ ਸਮੱਸਿਆ ਉਹਨਾਂ ਖੇਤਾਂ ਵਿਚ ਜ਼ਿਆਦਾ ਆਉਂਦੀ ਹੈ ਜਿੱਥੇ ਬਿਜਾਈ ਸਮੇਂ ਨਦੀਨ ਨਾਸ਼ਕ ਦੀ ਵਰਤੋਂ ਨਾ ਕੀਤੀ ਗਈ ਹੋਵੇ। ਇਹਨਾਂ ਹਾਲਤਾਂ ਵਿਚ ਲੀਡਰ 75 ਡਬਲਯੂ ਜੀ (ਸਲਫੋਸਲਫੂਰਾਨ) 13 ਗ੍ਰਾਮ ਪ੍ਰਤੀ ਏਕੜ 150 ਲਿਟਰ ਪਾਣੀ ਵਿਚ ਘੋਲ ਕੇ ਪਹਿਲੇ ਪਾਣੀ ਤੋਂ 1-2 ਦਿਨ ਪਹਿਲਾਂ ਛਿੜਕਾਅ ਕਰ ਦੇਣਾ ਚਾਹੀਦਾ ਹੈ।

(3) ਪਹਿਲੇ ਪਾਣੀ ਤੋਂ ਬਾਅਦ: ਗੁੱਲੀ ਡੰਡੇ ਦੀ ਰੋਕਥਾਮ ਲਈ ਵਿੱਚ ਦਿੱਤੇ ਕਿਸੇ ਵੀ ਨਦੀਨ ਨਾਸ਼ਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਲਗਾਤਾਰ ਇਕੋ ਨਦੀਨ ਨਾਸ਼ਕ ਦੀ ਵਰਤੋਂ ਕਰਨ ਨਾਲ ਗੁਲੀ ਡੰਡੇ ਵਿਚ ਉਸ ਨਦੀਨ ਨਾਸ਼ਕ ਪ੍ਰਤੀ ਰੋਧਨ ਸ਼ਕਤੀ ਪੈਦਾ ਹੋ ਜਾਂਦੀ ਹੈ। ਇਸ ਲਈ ਹਰ ਸਾਲ ਵੱਖ-ਵੱਖ ਗਰੁੱਪਾਂ ਦੇ ਨਦੀਨ ਨਾਸ਼ਕ ਦੀ ਵਰਤੋਂ ਕਰਨ ਨਾਲ ਇਸ ਰੋਧਨ ਸ਼ਕਤੀ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕਦਾ ਹੈ ।

Wheat

Wheat

(Â) ਸਹੀ ਸਪਰੇਅ ਤਕਨੀਕ ਅਪਣਾਉਣਾ: ਨਦੀਨ ਨਾਸ਼ਕਾਂ ਤੋਂ ਚੰਗੇ ਨਤੀਜੇ ਲੈਣ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖੋ:

(1) ਨਦੀਨ ਨਾਸ਼ਕਾਂ ਦੀ ਸਹੀ ਚੋਣ: ਨਦੀਨ ਨਾਸ਼ਕਾਂ ਦੀ ਚੋਣ ਕਰਨ ਸਮੇਂ ਪਿਛਲੇ ਸਾਲਾਂ ਵਿਚ ਖੇਤ ਵਿਚ ਵਰਤੇ ਗਏ ਨਦੀਨ ਨਾਸ਼ਕਾਂ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਜਿਹੜੇ ਨਦੀਨ ਨਾਸ਼ਕਾਂ ਨੇ ਪਿਛਲੇ ਸਾਲਾਂ ਵਿਚ ਚੰਗੇ ਨਤੀਜੇ ਨਾ ਦਿੱਤੇ ਹੋਣ ਉਹਨਾਂ ਨਦੀਨ ਨਾਸ਼ਕਾਂ ਦੀ ਚੋਣ ਇਸ ਸਾਲ ਨਾ ਕੀਤੀ ਜਾਵੇ।

(2) ਸਹੀ ਮਾਤਰਾ: ਹਮੇਸ਼ਾਂ ਨਦੀਨ ਨਾਸ਼ਕ ਦੀ ਸਿਫਾਰਿਸ਼ ਕੀਤੀ ਮਾਤਰਾ ਹੀ ਵਰਤੋ। ਸਿਫਾਰਿਸ਼ ਤੋਂ ਘਟ ਮਾਤਰਾ ਵਰਤਨ ਤੇ ਨਦੀਨਾਂ ਦੀ ਪੂਰੀ ਰੋਕਥਾਮ ਨਹੀਂ ਹੁੰਦੀ ਅਤੇ ਸਿਫਾਰਿਸ਼ ਤੋਂ ਜ਼ਿਆਦਾ ਮਾਤਰਾ ਵਰਤਣ ਨਾਲ ਕਣਕ ਦੀ ਫ਼ਸਲ ਨੂੰ ਨੁਕਸਾਨ ਹੋ ਜਾਂਦਾ ਹੈ।

(3) ਸਹੀ ਸਮੇਂ ਤੇ ਸਪਰੇਅ: ਨਦੀਨਾਂ ਨੂੰ ਉਗਣ ਤੋਂ ਰੋਕਣ ਲਈ ਨਦੀਨਨਾਸ਼ਕਾਂ ਦੀ ਵਰਤੋਂ ਬਿਜਾਈ ਕਰਨ ਤੋਂ ਤੁਰੰਤ ਬਾਅਦ ਕਰ ਦਿਉ। ਉਗੇ ਹੋਏ ਨਦੀਨਾਂ ਦੇ ਬੂਟਿਆਂ ਨੂੰ ਮਾਰਨ ਵਾਲੇ ਨਦੀਨ ਨਾਸ਼ਕ ਦੀ ਵਰਤੋਂ, ਜਦੋਂ ਨਦੀਨ 2 ਤੋਂ 3 ਪੱਤਿਆਂ ਦੀ ਅਵਸਥਾ ਵਿਚ ਹੋਣ, ਉਸ ਸਮੇਂ ਕਰੋ। ਨਦੀਨਾਂ ਦੇ ਵੱਡੇ ਬੂਟਿਆਂ ਵਿਚ ਨਦੀਨ ਨਾਸ਼ਕ ਨੂੰ ਸਹਿ ਸਕਣ ਦੀ ਸ਼ਕਤੀ ਵਧ ਜਾਂਦੀ ਹੈ ਫਲਸਰੂਪ ਨਦੀਨ ਨਾਸ਼ਕ ਦਾ ਨਤੀਜਾ ਪੂਰਾ ਨਹੀਂ ਮਿਲਦਾ। ਕਈ ਵਾਰ ਕਿਸਾਨ ਭਰਾ ਸਪਰੇਅ ਲੇਟ ਕਰਦੇ ਹਨ ਅਤੇ ਵੱਡੇ ਬੂਟੇ ਨੂੰ ਮਾਰਨ ਲਈ ਨਦੀਨ ਨਾਸ਼ਕ ਦੀ ਮਿਕਦਾਰ ਵਧਾ ਦਿੰਦੇ ਹਨ ਜਿਸ ਕਾਰਨ ਫ਼ਸਲ ਦਾ ਨੁਕਸਾਨ ਹੋ ਜਾਂਦਾ ਹੈ। ਵੈਸੇ ਵੀ ਜਦੋਂ ਸਪਰੇਅ ਲੇਟ ਕਰਦੇ ਹਾਂ ਤਾਂ ਨਦੀਨਾਂ ਦੇ ਜਿਹੜੇ ਬੂਟੇ ਕਣਕ ਦੇ ਬੂਟਿਆਂ ਦੇ ਥੱਲੇ ਹੁੰਦੇ ਹਨ ਉਹ ਨਦੀਨ ਨਾਸ਼ਕ ਦੇ ਅਸਰ ਤੋਂ ਬਚ ਜਾਂਦੇ ਹਨ। ਇਸ ਕਰਕੇ ਸਹੀ ਸਮੇਂ ਤੇ ਸਪਰੇਅ ਕਰਨਾ ਬਹੁਤ ਜ਼ਰੂਰੀ ਹੈ ਜਦੋਂ ਕਣਕ ਦੀ ਫ਼ਸਲ ਨੇ ਖੇਤ ਨੂੰ ਅਜੇ ਢਕਿਆ ਨਾ ਹੋਵੇ।

(4) ਚੰਗੇ ਸਲਾਭ ਵਿਚ ਸਪਰੇਅ: ਨਦੀਨ ਨਾਸ਼ਕ ਦੀ ਵਰਤੋਂ ਹਮੇਸ਼ਾ ਵੱਤਰ ਖੇਤ (ਚੰਗੀ ਸਲਾਭ) ਵਿਚ ਹੀ ਕਰੋ। ਜੇਕਰ ਖੁਸ਼ਕ ਖੇਤ ਵਿਚ ਸਪਰੇਅ ਕੀਤੀ ਜਾਵੇ ਤਾਂ ਨਤੀਜੇ ਸਹੀ ਨਹੀਂ ਮਿਲਦੇ ਅਤੇ ਜੇਕਰ ਖੇਤ ਜ਼ਿਆਦਾ ਗਿੱਲਾ ਹੋਵੇ ਤਾਂ ਨਦੀਨ ਨਾਸ਼ਕ ਫ਼ਸਲ ਦਾ ਨੁਕਸਾਨ ਕਰ ਸਕਦੀ ਹੈ (ਜਿਵੇ ਕਿ ਐਟਲਾਂਟਿਸ, ਮਾਰਕਪਾਵਰ, ਸ਼ਗੁਨ 2111, ਏ ਸੀ ਐਮ 9 ਆਦਿ ਦੀ ਵਰਤੋਂ ਨਾਲ)।

(5) ਸਪਰੇਅ ਪੰਪ: ਨਦੀਨ ਨਾਸ਼ਕ ਸਪਰੇਅ ਕਰਨ ਲਈ ਹੱਥ ਨਾਲ, ਬੈਟਰੀ ਨਾਲ ਜਾਂ ਇੰਜਨ ਨਾਲ ਚਲਣ ਵਾਲੇ ਸਪਰੇਅਰ ਦੀ ਵਰਤੋਂ ਕੀਤੀ ਜਾ ਸਕਦੀ ਹੈ।'ਪੈਡੀ ਟਰਾਂਸਪਲਾਂਟਰ' ਤੇ ਸੌਖੇ ਹੀ ਬੂਮ ਸਪਰੇਅਰ ਫਿਟ ਕਰਕੇ ਉਸ ਨੂੰ ਨਦੀਨ ਨਾਸ਼ਕ ਦੀ ਸਪਰੇਅ ਕਰਨ ਲਈ ਵਰਤਿਆ ਜਾ ਸਕਦਾ ਹੈ। ਨਦੀਨ ਨਾਸ਼ਕ ਦੀ ਸਪਰੇਅ ਲਈ 'ਗੰਨ ਸਪਰੇਅਰ' ਨਾ ਵਰਤੋਂ ਕਿਉਂਕਿ ਇਸ ਨਾਲ ਸਪਰੇਅ ਇਕ ਸਾਰ ਨਹੀਂ ਹੁੰਦੀ ਅਤੇ ਜਿੱਥੇ ਨਦੀਨ ਨਾਸ਼ਕ ਘੱਟ ਪੈਂਦੀ ਹੈ ਉਥੇ ਨਦੀਨ ਪੂਰੇ ਨਹੀਂ ਮਰਦੇ ਅਤੇ ਜਿੱਥੇ ਨਦੀਨ ਨਾਸ਼ਕ ਜ਼ਿਆਦਾ ਪੈ ਜਾਵੇ ਉਥੇ ਫ਼ਸਲ ਦਾ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ।

6) ਸਹੀ ਨੋਜ਼ਲ ਦੀ ਵਰਤੋ: ਨਦੀਨ ਨਾਸ਼ਕ ਦੀ ਸਪਰੇਅ ਕਰਨ ਲਈ ਹਮੇਸ਼ਾ ਕੱਟ ਵਾਲੀ ਜਾਂ ਟੱਕ ਵਾਲੀ ਨੋਜ਼ਲ ਹੀ ਵਰਤੋ। ਕਦੇ ਵੀ ਗੋਲ ਨੋਜ਼ਲ ਨਾ ਵਰਤੋਂ ਕਿਉਂਕਿ ਇਸ ਨਾਲ ਸਪਰੇ ਇਕ ਸਾਰ ਨਹੀਂ ਹੁੰਦੀ ਅਤੇ ਨਤੀਜੇ ਸਹੀ ਨਹੀਂ ਮਿਲਦੇ।

(7) ਪਾਣੀ ਦੀ ਸਹੀ ਮਾਤਰਾ: ਬਿਜਾਈ ਵੇਲੇ ਵਰਤੇ ਜਾਣ ਵਾਲੇ ਨਦੀਨ ਨਾਸ਼ਕਾਂ ਲਈ 200 ਲਿਟਰ ਪਾਣੀ ਅਤੇ ਖੜੀ ਫ਼ਸਲ ਵਿਚ ਵਰਤੇ ਜਾਣ ਵਾਲੇ ਨਦੀਨ ਨਾਸ਼ਕਾਂ ਲਈ 150 ਲਿਟਰ ਪਾਣੀ ਪ੍ਰਤੀ ਏਕੜ ਵਰਤੋ।

(8) ਨਦੀਨ ਨਾਸ਼ਕਾਂ ਦਾ ਮਿਸ਼ਰਣ: ਕਦੇ ਵੀ ਆਪਣੇ ਤੌਰ ਤੇ ਦੋ ਜਾਂ ਜ਼ਿਆਦਾ ਨਦੀਨ ਨਾਸ਼ਕ ਰਲਾ ਕੇ ਨਾ ਵਰਤੋ ਕਿਉਂਕਿ ਇਸ ਤਰਾਂ ਕਰਨ ਨਾਲ ਇਕ ਤਾਂ ਨਦੀਨ ਵਿਚ ਸਾਰੇ ਨਦੀਨ ਨਾਸ਼ਕਾਂ ਪ੍ਰਤੀ ਰੋਧਨ ਸ਼ਕਤੀ ਪੈਦਾ ਹੋਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਦੂਸਰਾ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ। ਨਦੀਨ ਦੇ ਜਿਹੜੇ ਬੀਜਾਂ ਵਿਚ ਜ਼ਿਆਦਾ ਨਦੀਨ ਨਾਸ਼ਕਾਂ ਪ੍ਰਤੀ ਰੋਧਨ ਸ਼ਕਤੀ ਪੈਦਾ ਹੋ ਜਾਵੇ ਉਸ ਦੀ ਰੋਕਥਾਮ ਕਰਨੀ ਬਹੁਤ ਔਖੀ ਹੋ ਜਾਂਦੀ ਹੈ।

(9) ਪਾਣੀ ਹਲਕੇ ਲਾਉਣਾ: ਨਦੀਨ ਨਾਸ਼ਕਾਂ ਤੋਂ ਪੂਰਾ ਫਾਇਦਾ ਲੈਣ ਲਈ ਪਾਣੀ ਹਲਕੇ ਲਾਉ। ਜ਼ਿਆਦਾ ਭਾਰੇ ਪਾਣੀ ਲਾਉਣ ਤੇ ਨਦੀਨ ਨਾਸ਼ਕ ਫ਼ਸਲ ਦਾ ਨੁਕਸਾਨ ਕਰ ਸਕਦੇ ਹਨ।

(ਸ) ਨਦੀਨਾਂ ਨੂੰ ਬੀਜ ਪੈਣ ਤੇ ਰੋਕਣਾ: ਨਦੀਨ ਪ੍ਰਬੰਧ ਦੇ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰਨ ਤੋਂ ਬਾਅਦ ਵੀ ਕੁਝ ਨਦੀਨਾਂ ਦੇ ਬੂਟੇ ਬੱਚ ਜਾਂਦੇ ਹਨ ਜਾਂ ਫ਼ਸਲ ਦੇ ਪਿਛਲੇ ਪੜਾਅ ਵਿਚ ਉਗ ਪੈਂਦੇ ਹਨ। ਇਹਨਾਂ ਬਚੇ ਹੋਏ ਨਦੀਨਾਂ ਦਾ ਭਾਵੇਂ ਫ਼ਸਲ ਦੇ ਝਾੜ ਤੇ ਕੋਈ ਮਾੜਾ ਅਸਰ ਨਾ ਪਵੇ ਪਰ ਫਿਰ ਵੀ ਆਉਣ ਵਾਲੀ ਫ਼ਸਲ ਵਿਚ ਨਦੀਨਾਂ ਦੀ ਸੰਖਿਆ ਨੂੰ ਵਧਾ ਦਿੰਦੇ ਹਨ। ਇਸ ਲਈ ਬਚੇ ਹੋਏ ਨਦੀਨਾਂ ਦੇ ਬੂਟਿਆਂ ਨੂੰ ਬੀਜ ਬਣਾਉਣ ਤੋਂ ਪਹਿਲਾਂ ਹੱਥ ਨਾਲ ਪੁੱਟ ਦਿਓ। ਇਸ ਨਾਲ ਅਗਲੀ ਕਣਕ ਦੀ ਫ਼ਸਲ ਵਿਚ ਨਦੀਨ ਦੀ ਸਮਸਿਆ ਨੂੰ ਘਟਾਇਆ ਜਾ ਸਕਦਾ ਹੈ।

(ਹ) ਸੰਯੁਕਤ ਨਦੀਨ ਪ੍ਰਬੰਧ: ਕਣਕ ਦੀ ਫ਼ਸਲ ਵਿਚ ਗੁੱਲੀ ਡੰਡੇ ਦੀ ਸਮੱਸਿਆ ਦਾ ਹੱਲ ਸੰਭਵ ਹੈ। ਪਰ ਇਸ ਦੇ ਲਈ ਸੰਯੁਕਤ ਨਦੀਨ ਪ੍ਰਬੰਧ ਯਾਨੀਕਿ ਕਾਸ਼ਤਕਾਰੀ ਢੰਗ ਅਤੇ ਨਦੀਨ ਨਾਸ਼ਕਾਂ ਦੀ ਇਕੱਠੇ ਵਰਤੋਂ ਕਰਕੇ ਗੁੱਲੀ ਡੰਡੇ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋਕਣਕ `ਚ ਪਹਿਲੇ ਪਾਣੀ ਤੋਂ ਬਾਅਦ ਨਦੀਨਾਂ ਦੀ ਰੋਕਥਾਮ ਲਈ ਇਨ੍ਹਾਂ ਤਰੀਕਿਆਂ ਦੀ ਪਾਲਣਾ ਕਰੋ

ਮੱਖਣ ਸਿੰਘ ਭੁੱਲਰ: 98728-11350

ਮੱਖਣ ਸਿੰਘ ਭੁੱਲਰ, ਮਨਪ੍ਰੀਤ ਸਿੰਘ ਅਤੇ ਪਰਵਿੰਦਰ ਕੌਰ
ਫ਼ਸਲ ਵਿਗਿਆਨ ਵਿਭਾਗ

Summary in English: Comprehensive prevention of stalks in wheat

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters