Wheat Seed: ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਕਣਕ ਦੀ ਕਰਨਾਲ ਬੰਟ ਦੀ ਬਿਮਾਰੀ ਵੇਖਣ ਨੂੰ ਮਿਲਦੀ ਹੈ। ਨੀਂਮ ਪਹਾੜੀ ਅਤੇ ਦਰਿਆਵਾਂ ਦੇ ਨੇੜੇ ਲੱਗਦੇ ਇਲਾਕਿਆਂ ਵਿੱਚ ਇਸ ਦਾ ਹਮਲਾ ਜਿਆਦਾ ਪਾਇਆ ਜਾਂਦਾ ਹੈ। ਇਸ ਬਿਮਾਰੀ ਦਾ ਅਸਰ ਕਣਕ ਦੇ ਸਿੱਟੇ ਵਿੱਚ ਕੁਝ ਕੁ ਦਾਣਿਆਂ 'ਤੇ ਹੀ ਦਿਖਾਈ ਦਿੰਦਾ ਹੈ।
ਬਿਮਾਰੀ ਨਾਲ ਪ੍ਰਭਾਵਿਤ ਦਾਣਿਆਂ ਨੂੰ ਹੱਥਾਂ ਨਾਲ ਮਸਲਿਆਂ ਜਾਵੇ ਤਾਂ ਉਨ੍ਹਾਂ ਵਿੱਚੋਂ ਕਾਲੇ ਰੰਗ ਦੀ ਉੱਲੀ ਦੇ ਕਣ ਬਾਹਰ ਨਿਕਲ ਆਉਂਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਭੈੜੀ ਦੁਰਗੰਧ ਆਉਂਦੀ ਹੈ।
ਬਿਮਾਰੀ ਦਾ ਜੀਵਨ ਚੱਕਰ
ਕਰਨਾਲ ਬੰਟ ਦੀ ਲਾਗ ਹਵਾ ਵਿੱਚ ਰਲੇ ਬਿਮਾਰੀ ਦੇ ਕਣਾਂ ਰਾਹੀਂ ਉਸ ਸਮੇਂ ਲੱਗਦੀ ਹੈ ਜਦੋਂ ਕਣਕ ਦੇ ਸਿੱਟੇ ਅਜੇ ਬਾਹਰ ਨਿਕਲਣੇ ਸ਼ੁਰੂ ਹੀ ਹੋਏ ਹੋਣ। ਉੱਲੀ ਦੇ ਜੀਵਾਣੂੰ ਖੇਤਾਂ ਵਿੱਚ 2-3 ਸਾਲ ਤੱਕ ਜਿਊਂਦੇ ਰਹਿੰਦੇ ਹਨ ਅਤੇ ਕਣਕ ਦੇ ਸਿੱਟੇ ਨਿਕਲਣ ਵੇਲੇ ਇਹ ਜੀਵਾਣੂੰ ਮਿੱਟੀ ਵਿੱਚੋਂ ਉੱਗ ਕੇ ਹਵਾ ਵਿੱਚ ਰਲ ਜਾਂਦੇ ਹਨ ਅਤੇ ਸਿੱਟਿਆਂ ਵਿੱਚ ਬਣ ਰਹੇ ਦਾਣਿਆਂ ਤੇ ਬਿਮਾਰੀ ਦੀ ਲਾਗ ਲਗਾ ਦਿੰਦੇ ਹਨ। ਬਿਮਾਰੀ ਨਾਲ ਪ੍ਰਭਾਵਿਤ ਫਸਲ ਤੋਂ ਰੱਖਿਆ ਬੀਜ ਅਗਲੇ ਸਾਲ ਫਿਰ ਕਰਨਾਲ ਬੰਟ ਨੂੰ ਫੈਲਾਉਣ ਦਾ ਕਾਰਨ ਬਣਦਾ ਹੈ। ਇਸ ਤਰ੍ਹਾਂ ਬਿਮਾਰੀ ਦਾ ਜੀਵਨ ਚੱਕਰ ਚੱਲਦਾ ਰਹਿੰਦਾ ਹੈ।
ਬਿਮਾਰੀ ਦੀ ਪਰਖ ਜਰੂਰੀ
ਕਿਸਾਨ ਭਰਾਵੋ ਇਹ ਸਮਾਂ ਕਣਕ ਦੇ ਬੀਜ ਨੂੰ ਪਰਖ ਕੇ ਅਗਲੇ ਸਾਲ ਦੀ ਬਿਜਾਈ ਵਾਸਤੇ ਸੰਭਾਲਣ ਲਈ ਬੜਾ ਢੁੱਕਵਾਂ ਹੈ। ਇਸ ਲਈ ਬੀਜ ਵਿੱਚ ਕਰਨਾਲ ਬੰਟ ਬਿਮਾਰੀ ਦੀ ਪਰਖ ਕਰਨਾ ਬਹੁਤ ਜਰੂਰੀ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਪਤਾ ਲੱਗ ਸਕੇ ਕਿ ਤੁਹਾਡਾ ਬੀਜ ਕਰਨਾਲ ਬੰਟ ਬਿਮਾਰੀ ਤੋਂ ਮੁਕਤ ਹੈ ਜਾਂ ਨਹੀ।
ਇਹ ਵੀ ਪੜ੍ਹੋ : Paddy Varieties: ਕਿਸਾਨ ਵੀਰੋਂ PAU ਵੱਲੌਂ ਝੋਨੇ ਦੀਆਂ ਇਨ੍ਹਾਂ ਸਿਫ਼ਾਰਸ਼ ਕੀਤੀਆਂ ਕਿਸਮਾਂ ਨੂੰ ਹੀ ਬੀਜੋ, ਮਿਲੇਗਾ ਵਧੀਆ ਲਾਭ
ਇਸ ਤਰ੍ਹਾਂ ਕਰੋ ਬੀਜ ਦੀ ਪਰਖ
ਬੀਜ ਦੀ ਪਰਖ ਕਰਨ ਲਈ ਦੋ ਮੁੱਠਾਂ ਕਣਕ ਦੇ ਦਾਣਿਆਂ ਨੂੰ ਪਾਣੀ ਵਿੱਚ ਭਿਉਂ ਕੇ ਚਿੱਟੇ ਕਾਗਜ਼ ਉੱਤੇ ਖਿਲਾਰ ਲਵੋ। ਇਸ ਬੀਜ ਵਿਚ ਕਰਨਾਲ ਬੰਟ ਨਾਲ ਪ੍ਰਭਾਵਿਤ 4-5 ਦਾਣੇ ਦਿਖਾਈ ਦੇਣ ਤਾਂ ਅਜਿਹਾ ਬੀਜ ਤੁਹਾਨੂੰ ਅਗਲੇ ਸਾਲ ਕਣਕ ਦੀ ਬਿਜਾਈ ਵਾਸਤੇ ਨਹੀਂ ਵਰਤਨਾ ਚਾਹੀਦਾ। ਅਗਲੇ ਸਾਲ ਲਈ ਤੁਹਾਨੂੰ ਕਣਕ ਦਾ ਕਰਨਾਲ ਬੰਟ ਮੁਕਤ ਨਵਾਂ ਬੀਜ ਖਰੀਦਣ ਦੀ ਜਰੂਰਤ ਪਵੇਗੀ। ਪਰ ਜੇਕਰ ਪਰਖ ਦੌਰਾਨ ਤੁਹਾਡਾ ਬੀਜ ਕਰਨਾਲ ਬੰਟ ਤੋਂ ਮੁਕਤ ਪਾਇਆ ਜਾਵੇ ਤਾਂ ਇਸ ਬੀਜ ਨੂੰ ਅਗਲੇ ਸਾਲ ਲਈ ਸੰਭਾਲ ਕੇ ਰੱਖ ਲੈਣਾ ਚਾਹੀਦਾ ਹੈ।
ਸਰੋਤ: ਅਮਰਜੀਤ ਸਿੰਘ ਅਤੇ ਪਰਮਿੰਦਰ ਸਿੰਘ, ਪੌਦਾ ਰੋਗ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ
Summary in English: Choose Karnal Bunt free wheat seeds for next year, learn here about disease and seed testing method