ਸਰ੍ਹੋਂ ਦੀ ਕਾਸ਼ਤ ਨਾਲ ਖੇਤੀ ਵਿਭਿੰਨਤਾ ਨੂੰ ਕਿਸਾਨਾਂ ਵੱਲੋਂ ਚੰਗਾ ਹੁੰਗਾਰਾ ਮਿਲ ਸਕਦਾ ਹੈ। ਕਿਸਾਨ ਵੀਰਾਂ ਨੂੰ ਸਰ੍ਹੋਂ ਹੇਠਾਂ ਰਕਬਾ ਥੋੜ੍ਹਾ ਹੀ ਸਹੀ ਪਰ ਵਧਾਉਣਾ ਚਾਹੀਦਾ ਹੈ। ਇਸ ਨਾਲ ਉਹ ਘਰ ਲਈ ਤੇਲ ਅਤੇ ਪਸ਼ੂਆਂ ਲਈ ਖਲ ਬਣਾ ਸਕਦੇ ਹਨ। ਘਰ ਲਈ ਕਨੌਲਾ ਸਰ੍ਹੋਂ ਦਾ ਤੇਲ ਸਿਹਤ ਪੱਖੋਂ ਬਹੁਤ ਵਧੀਆ ਹੈ। ਸਰੋਂ੍ਹ ਜਾਤੀ ਦੀਆਂ ਫ਼ਸਲਾਂ ਜਿਵੇਂ ਕਿ ਰਾਇਆ ਅਤੇ ਅਫਰੀਕਨ ਸਰ੍ਹੋਂ ਨੂੰ ਮਸਟਰਡ ਵਿਚ ਗਿਣਿਆ ਜਾਂਦਾ ਹੈ। ਤੋਰੀਆ, ਗੋਭੀ ਸਰ੍ਹੋਂ ਅਤੇ ਅਫਰੀਕਨ ਸਰੋ੍ਹਂ ਸੇਂਜੂ ਹਾਲਤਾਂ ਵਿਚ ਹੀ ਬੀਜੇ ਜਾਂਦੇ ਹਨ ਜਦਕਿ ਰਾਇਆ ਸੇਂਜੂ ਅਤੇ ਬਰਾਨੀ ਹਾਲਤਾਂ ਵਿਚ ਬੀਜਿਆ ਜਾ ਸਕਦਾ ਹੈ।
ਤਾਰਾਮੀਰਾ ਆਮ ਤੌਰ ’ਤੇ ਰੇਤਲੀਆਂ ਜ਼ਮੀਨਾਂ ਤੇ ਘੱਟ ਮੀਂਹ ਵਾਲੇ ਇਲਾਕੇ ਲਈ ਢੁੱਕਵਾਂ ਹੈ। ਇਸ ਵਿਚ 2 ਫ਼ੀਸਦੀ ਤੋਂ ਘੱਟ ਇਰੁਸਿਕ ਐਸਿਡ ਤੇ ਖਲ ਵਿਚ 30 ਮਾਈਕਰੋ ਮੋਲ ਪ੍ਰਤੀ ਗ੍ਰਾਮ ਤੋਂ ਘੱਟ ਗਲੁਕੋਸਿਨੋਲੇਟਸ ਹੁੰਦੇ ਹਨ। ਜ਼ਿਆਦਾ ਇਰੁਸਿਕ ਐਸਿਡ ਵਾਲੇ ਤੇਲ ਦੀ ਵਰਤੋਂ ਨਾਲ ਨਾੜਾਂ ਦੇ ਮੋਟੇ ਹੋਣ ਕਾਰਨ ਦਿਲ ਦੇ ਰੋਗਾਂ ਦੇ ਵਧਣ ਦੀ ਸੰਭਾਵਨਾ ਹੁੰਦੀ ਹੈ।
ਖਲ ਵਿਚਲੇ ਜ਼ਿਆਦਾ ਗਲੂਕੋਸਿਨੋਲੇਟਸ ਜਾਨਵਰਾਂ ਵਿਚ ਭੁੱਖ ਅਤੇ ਜਣਨ ਸਮਰੱਥਾ ਨੂੰ ਘਟਾਉਣ ਦੇ ਨਾਲ-ਨਾਲ ਗੱਲੜ੍ਹ ਰੋਗ ਨੂੰ ਵਧਾਉਂਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀ ਗਈ ਰਾਇਆ ਦੀ ਕਿਸਮ ਆਰ ਐੱਲ ਸੀ - 3, ਆਰ ਸੀ ਐੱਚ - 1 ਤੇ ਗੋਭੀ ਸਰ੍ਹੋਂ ਦੀਆਂ ਜੀ ਐੱਸ ਸੀ - 6, ਜੀ ਐੱਸ ਸੀ - 7, ਪੀ ਜੀ ਐੱਸ ਐੱਚ - 1707 ਤੇ ਹਾਇਓਲਾ ਪੀ ਏ ਸੀ 401 ਕਨੌਲਾ ਕਿਸਮਾਂ ਹਨ।
ਉੱਨਤ ਕਿਸਮਾਂ
ਤੋਰੀਆ ਦੀਆਂ ਉੱਨਤ ਕਿਸਮਾਂ ਟੀ.ਐੱਲ-15, ਟੀ.ਐੱਲ- 17, ਰਾਇਆ ਦੀਆਂ ਆਰ ਸੀ ਐੱਚ-1, ਪੀ ਐੱਚ ਆਰ-126, ਗਿਰੀਰਾਜ, ਆਰ ਐੱਲ ਸੀ-3, ਪੀ ਬੀ ਆਰ-357, ਪੀ ਬੀ ਆਰ-97, ਪੀ ਬੀ ਆਰ-91, ਆਰ ਐੱਲ ਐੱਮ-1 ਹਨ। ਗੋਭੀ ਸਰੋਂ੍ਹ ਦੀਆਂ ਕਿਸਮਾਂ ਪੀ ਜੀ ਐੱਸ ਐੱਚ- 1707, ਜੀ ਐੱਸ ਸੀ- 6, ਹਾਇਓਲਾ ਪੀ ਏ ਸੀ- 401, ਜੀ ਐੱਸ ਐੱਲ- 2, ਜੀ ਐੱਸ ਐੱਲ- 1 ਤੇ ਅਫਰੀਕਨ ਸਰੋਂ੍ਹ ਦੀ ਕਿਸਮ ਪੀ ਸੀ -6 ਤੇ ਤਾਰਾਮੀਰਾ ਦੀ ਟੀ ਐੱਮ ਐੱਲ ਸੀ- 2 ਹਨ।
ਬਿਜਾਈ ਦਾ ਸਮਾਂ
ਗੋਭੀ ਸਰ੍ਹੋਂ 10 ਤੋਂ 30 ਅਕਤੂਬਰ, ਰਾਇਆ ਤੇ ਅਫਰੀਕਨ ਸਰੋਂ੍ਹ ਅੱਧ ਅਕਤੂਬਰ ਤੋਂ ਅੱਧ ਨਵੰਬਰ ਪਨੀਰੀ ਰਾਹੀਂ, ਗੋਭੀ ਸਰ੍ਹੋਂ ਤੇ ਅਫਰੀਕਨ ਸਰ੍ਹੋਂ ਨਵੰਬਰ ਤੋਂ ਅੱਧ ਦਸੰਬਰ ਤੇ ਤਾਰਾਮੀਰਾ ਸਾਰਾ ਅਕਤੂਬਰ ਬੀਜਿਆ ਜਾ ਸਕਦਾ ਹੈ।
ਖਾਦਾਂ
ਖਾਦਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ। ਜੇ ਅਜਿਹਾ ਨਾ ਹੋ ਸਕੇ ਤਾਂ ਦਰਮਿਆਨੀਆਂ ਉਪਜਾਊ ਜ਼ਮੀਨਾਂ ਵਿਚ ਸੇਂਜੂ ਹਾਲਤਾਂ ਵਿਚ ਰਾਇਆ, ਗੋਭੀ ਸਰ੍ਹੋਂ ਅਤੇ ਅਫਰੀਕਨ ਸਰ੍ਹੋਂ ’ਚ ਚੰਗੇ ਝਾੜ ਲਈ 40 ਕਿੱਲੋ ਨਾਈਟ੍ਰੋਜਨ ਤੇ 12 ਕਿੱਲੋ ਫਾਸਫੋਰਸ ਪ੍ਰਤੀ ਏਕੜ ਵਰਤਣੀ ਚਾਹੀਦੀ ਹੈ। ਤੋਰੀਆ ਵਿਚ 25 ਕਿੱਲੋ ਨਾਈਟ੍ਰੋਜਨ ਅਤੇ 8 ਕਿਲੋ ਫਾਸਫੋਰਸ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਬਰਾਨੀ ਹਾਲਤਾਂ ਵਿਚ ਰਾਇਆ ਤੇ ਤਾਰਾਮੀਰਾ ਨੂੰ ਘੱਟ ਖਾਦਾਂ ਦੀ ਲੋੜ ਪੈਂਦੀ ਹੈ। ਰਾਇਆ ਨੂੰ 15 ਕਿੱਲੋ ਨਾਈਟ੍ਰੋਜਨ ਤੇ 8 ਕਿੱਲੋ ਫਾਸਫੋਰਸ ਪ੍ਰਤੀ ਏਕੜ, ਤਾਰਾਮੀਰਾ ਨੂੰ 12 ਕਿੱਲੋ ਨਾਈਟ੍ਰੋਜਨ ਹੀ ਕਾਫ਼ੀ ਹੈ। ਸਿੱਧੀ ਤੇ ਪਨੀਰੀ ਰਾਹੀਂ ਕਾਸ਼ਤ ਕੀਤੀ ਗਈ ਫ਼ਸਲ ਨੂੰ ਸਾਰੀ ਫਾਸਫੋਰਸ ਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਓ। ਬਾਕੀ ਦੀ ਅੱਧੀ ਨਾਈਟ੍ਰੋਜਨ ਪਹਿਲੇ ਪਾਣੀ ਨਾਲ ਪਾਓ। ਬਰਾਨੀ ਹਾਲਤਾਂ ’ਚ ਰਾਇਆ ਤੇ ਤਾਰਾਮੀਰਾ ਨੂੰ ਬਿਜਾਈ ਤੋਂ ਪਹਿਲਾਂ ਸਾਰੀ ਖਾਦ ਪੋਰ ਦਿਓ।
ਨਦੀਨਾਂ ਦੀ ਰੋਕਥਾਮ
ਤੋਰੀਆ ਨੂੰ ਬਿਜਾਈ ਤੋਂ 3 ਹਫ਼ਤੇ ਪਿੱਛੋਂ ਇਕ ਗੋਡੀ ਕਰੋ। ਰਾਇਆ, ਗੋਭੀ ਸਰ੍ਹੋਂ , ਅਫਰੀਕਨ ਸਰ੍ਹੋਂ ਤੇ ਤਾਰਾਮੀਰਾ ਨੂੰ ਬਿਜਾਈ ਤੋਂ 3-4 ਹਫ਼ਤਿਆਂ ਬਾਅਦ ਇਕ ਗੋਡੀ ਕਰੋ। ਜੇ ਲੋੜ ਪਵੇ ਤਾਂ ਪਹਿਲੀ ਗੋਡੀ ਤੋਂ 3 ਹਫ਼ਤਿਆਂ ਬਾਅਦ ਦੂਜੀ ਗੋਡੀ ਕਰਨੀ ਚਾਹੀਦੀ ਹੈ।
ਸਿੰਚਾਈ
ਤੋਰੀਆ ਦੀ ਬਿਜਾਈ ਭਰਵੀਂ ਰੌਣੀ ਤੋਂ ਬਾਅਦ ਕੀਤੀ ਜਾਵੇ। ਤੋਰੀਆ ਨੂੰ ਜ਼ਰੂਰਤ ਅਨੁਸਾਰ ਫੁੱਲ ਪੈਣ ਸਮੇਂ ਇਕ ਸਿੰਚਾਈ ਕੀਤੀ ਜਾ ਸਕਦੀ ਹੈ। ਜੇ ਰਾਇਆ, ਗੋਭੀ ਸਰ੍ਹੋਂ ਅਫਰੀਕਨ ਸਰ੍ਹੋਂ ਦੀ ਬਿਜਾਈ ਭਾਰੀ ਰੌਣੀ (10-12 ਸੈਂਟੀਮੀਟਰ) ਤੋਂ ਬਾਅਦ ਕੀਤੀ ਗਈ ਹੋਵੇ ਤਾਂ ਪਹਿਲੀ ਸਿੰਚਾਈ ਤਿੰਨ ਤੋਂ ਚਾਰ ਹਫ਼ਤਿਆਂ ਬਾਅਦ ਕਰਨੀ ਚਾਹੀਦੀ ਹੈ।
ਇਸ ਨਾਲ ਪੌਦਿਆਂ ਦੀਆਂ ਜੜ੍ਹਾਂ ਡੂੰਘੀਆਂ ਹੋ ਜਾਣਗੀਆਂ, ਜੋ ਕਿ ਖਾਦ ਦੀ ਯੋਗ ਵਰਤੋਂ ਲਈ ਜ਼ਰੂਰੀ ਹਨ। ਰਾਇਆ ਅਤੇ ਅਫਰੀਕਨ ਸਰ੍ਹੋਂ ਦੀ ਫ਼ਸਲ ਨੂੰ ਜੇ ਜ਼ਰੂਰਤ ਹੋਵੇ ਤਾਂ ਦੂਜਾ ਪਾਣੀ ਫੁੱਲ ਪੈਣ ’ਤੇ ਦਿਓ। ਜੇ ਕੋਰਾ ਪੈਣ ਦਾ ਡਰ ਹੋਵੇ ਤਾਂ ਦੂਜਾ ਪਾਣੀ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ।
ਗੋਭੀ ਸਰ੍ਹੋਂ ਦੀ ਫ਼ਸਲ ਨੂੰ ਦੂਜਾ ਪਾਣੀ ਦਸੰਬਰ ਅਖੀਰ ਜਾਂ ਜਨਵਰੀ ਦੇ ਸ਼ੁਰੂ ’ਚ ਦਿਓ। ਤੀਜੀ ਤੇ ਆਖ਼ਰੀ ਸਿੰਚਾਈ ਫਰਵਰੀ ਦੇ ਦੂਜੇ ਪੰਦਰਵਾੜੇ ਵਿਚ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਪਾਣੀ ਨਹੀਂ ਦੇਣਾ ਚਾਹੀਦਾ ਨਹੀਂ ਤਾਂ ਫ਼ਸਲ ਦੇ ਡਿੱਗਣ ਦਾ ਡਰ ਰਹਿੰਦਾ ਹੈ। ਫੁੱਲ ਪੈਣ ਦੀ ਸ਼ੁਰੂਆਤੀ ਅਵਸਥਾ, ਫਲੀਆਂ ਬਣਨ ਅਤੇ ਦਾਣੇ ਬਣਨ ਸਮੇਂ ਸਿੰਚਾਈ ਦਾ ਖ਼ਾਸ ਖ਼ਿਆਲ ਰੱਖੋ।
ਵਧੇਰੇ ਝਾੜ ਲੈਣ ਲਈ ਸਰ੍ਹੋਂ ਦੀ ਬਿਜਾਈ ਸਮਂੇ ਸਿਰ ਕਰ ਦੇਣੀ ਚਾਹੀਦੀ ਹੈ। ਪਿਛੇਤੀ ਬੀਜੀ ਫ਼ਸਲ ’ਤੇ ਕੀੜੇ- ਮਕੌੜਿਆਂ ਤੇ ਬਿਮਾਰੀਆਂ ਦਾ ਵਧੇਰੇ ਹਮਲਾ ਹੁੰਦਾ ਹੈ। ਪਿਛੇਤੀ ਬਿਜਾਈ ਦੀਆਂ ਹਾਲਤਾਂ ਵਿਚ ਗੋਭੀ ਸਰ੍ਹੋਂ ਜਾਂ ਅਫਰੀਕਨ ਸਰ੍ਹੋਂ ਦੀ ਕਾਸ਼ਤ ਪਨੀਰੀ ਰਾਹੀਂ ਕਰਨੀ ਚਾਹੀਦੀ ਹੈ। ਘਰ ਵਿਚ ਖਾਣ ਲਈ ਤੇਲ ਦੀ ਵਰਤੋਂ ਲਈ ਕਨੌਲਾ ਸਰ੍ਹੋਂ ਦੀ ਕਾਸ਼ਤ ਕਰਨੀ ਚਾਹੀਦੀ ਹੈ।
ਬਿਜਾਈ ਦਾ ਢੰਗ
ਤੋਰੀਆ, ਰਾਇਆ, ਅਫਰੀਕਨ ਸਰ੍ਹੋਂ ਤੇ ਤਾਰਾਮੀਰਾ ਦੀ ਨਿਰੋਲ ਬਿਜਾਈ ਲਈ 1.5 ਕਿੱਲੋ ਪ੍ਰਤੀ ਏਕੜ ਨੂੰ ਕਤਾਰਾਂ ਵਿਚਕਾਰ 30 ਸੈਟੀਮੀਟਰ ਤੇ ਗੋਭੀ ਸਰ੍ਹੋਂ ਲਈ 45 ਸੈਂਟੀਮੀਟਰ ਫ਼ਾਸਲਾ ਰੱਖਣਾ ਚਾਹੀਦੀ ਹੈ। ਬਿਜਾਈ 4-5 ਸੈਂਟੀਮੀਟਰ ਹੇਠਾਂ ਡੂੰਘੀ ਚਾਹੀਦੀ ਹੈ। ਗੋਭੀ ਸਰ੍ਹੋਂ ਦੀ ਪਨੀਰੀ ਰਾਹੀਂ ਸਫਲ ਕਾਸ਼ਤ ਬੈੱਡਾਂ ਉੱਪਰ ਵੀ ਕੀਤੀ ਜਾ ਸਕਦੀ ਹੈ। ਇਸ ਤਰੀਕੇ ਨਾਲ 10-15 ਫ਼ੀਸਦੀ ਝਾੜ ਵਿਚ ਵਾਧਾ ਹੁੰਦਾ ਹੈ ਤੇ 20-25 ਫ਼ੀਸਦੀ ਸਿੰਚਾਈ ਵਾਲੇ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।
- ਅਨੁਰੀਤ ਕੌਰ
Summary in English: Area under mustard to increase Kisan Veer