Mustard Farming: ਸਰ੍ਹੋਂ ਹਾੜੀ ਦੀ ਮੁੱਖ ਤੇਲਬੀਜ ਫ਼ਸਲ ਹੈ ਅਤੇ ਪੰਜਾਬ ਵਿੱਚ ਇਸਦੀ ਕਾਸ਼ਤ ਲਗਭਗ 43.9 ਹਜ਼ਾਰ ਹੈਕਟੇਅਰ ਰਕਬੇ ਤੇ ਕੀਤੀ ਜਾਂਦੀ ਹੈ। ਸਰ੍ਹੋਂ ਦੀ ਵਰਤੋਂ ਮੁੱਖ ਰੂਪ ਵਿੱਚ ਭੋਜਣ ਪਕਾਉਣ ਵਾਲੇ ਤੇਲ ਲਈ ਕੀਤੀ ਜਾਂਦੀ ਹੈ ਅਤੇ ਬਚੀ ਹੋਈ ਰਹਿੰਦ-ਖੂੰਹਦ (ਖਲ) ਨੂੰ ਪਸ਼ੂਆਂ ਲਈ ਖੁਰਾਕ ਲਈ ਵਰਤਿਆ ਜਾਂਦਾ ਹੈ।
ਪਿਛਲੇ ਸਮੇਂ ਦੌਰਾਨ ਪੰਜਾਬ ਖੇਤੀਬਾੜੀ ਯੂਨਵਿਰਸਿਟੀ, ਲੁਧਿਆਣਾ ਵੱਲੋਂ ਸਰ੍ਹੋਂ ਦੀਆਂ ਵੱਧ ਝਾੜ ਦੇਣ ਵਾਲੀਆਂ ਉੱਨਤ ਕਿਸਮਾਂ ਵਿਕਸਤ ਕੀਤੀਆਂ ਹਨ, ਪਰ ਕਿਸਾਨਾਂ ਦੇ ਖੇਤਾਂ ਵਿੱਚ ਕਈ ਵਾਰ ਇਹਨਾਂ ਦਾ ਪੂਰਾ ਝਾੜ ਨਹੀਂ ਮਿਲਦਾ, ਜਿਸਦੇ ਕਈ ਕਾਰਨਾਂ ਵਿੱਚੋਂ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਮੁੱਖ ਸਮੱਸਿਆ ਹੈ।
ਸਰ੍ਹੋਂ ਜਾਤੀ ਦੀ ਫ਼ਸਲ 'ਤੇ ਬਿਜਾਈ ਤੋਂ ਲੈ ਕੇ ਵਾਢੀ ਤੱਕ, ਕਈ ਕਿਸਮ ਦੇ ਕੀੜੇ ਅਤੇ ਬਿਮਾਰੀਆਂ ਹਮਲਾ ਕਰਦੇ ਹਨ ਅਤੇ ਇਨ੍ਹਾਂ ਦਾ ਨੁਕਸਾਨ ਮੌਸਮ, ਕਿਸਮ ਅਤੇ ਫ਼ਸਲ ਦੀ ਅਵਸਥਾ ਤੇ ਨਿਰਭਰ ਕਰਦਾ ਹੈ। ਇਨ੍ਹਾਂ ਦਾ ਹਮਲਾ ਨਾ ਸਿਰਫ਼ ਫ਼ਸਲ ਦੇ ਝਾੜ ਨੂੰ ਘਟਾਉਂਦਾ ਹੈ, ਸਗੋਂ ਤੇਲ ਦੀ ਮਾਤਰਾ ਅਤੇ ਗੁਣਵੱਤਾ ਤੇ ਵੀ ਮਾੜਾ ਅਸਰ ਪਾਉਂਦਾ ਹੈ। ਇਸ ਲਈ ਇਨ੍ਹਾਂ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਸ਼ੁਰੂ ਹੋਣ ਦਾ ਢੁੱਕਵਾਂ ਸਮਾਂ/ਮੌਸਮ, ਹਮਲੇ ਦੀਆਂ ਨਿਸ਼ਾਨੀਆਂ, ਨੁਕਸਾਨ ਬਾਰੇ ਜਾਣਕਾਰੀ ਅਤੇ ਸਮੇਂ ਸਿਰ ਢੁੱਕਵੀਂ ਰੋਕਥਾਮ ਫ਼ਸਲ ਦੀ ਚੰਗੀ ਪੈਦਾਵਾਰ ਲਈ ਬਹੁਤ ਜ਼ਰੂਰੀ ਹੈ। ਜੇਕਰ ਸਹੀ ਸਮੇਂ ਤੇ ਇਨ੍ਹਾਂ ਦੀ ਰੋਕਥਾਮ ਨਾ ਹੋਵੇ ਤਾਂ ਹਮਲਾ ਵੱਧ ਜਾਂਦਾ ਹੈ ਅਤੇ ਫ਼ਸਲ ਦਾ ਕਾਫ਼ੀ ਨੁਕਸਾਨ ਹੁੰਦਾ ਹੈ। ਇਸ ਲੇਖ ਰਾਹੀਂ ਸਰ੍ਹੋਂ ਦੇ ਮੁੱਖ ਹਾਨੀਕਾਰਕ ਕੀੜੇ ਅਤੇ ਬਿਮਾਰੀਆਂ ਦੇ ਹਮਲੇ ਅਤੇ ਉਹਨਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ ਹੈ।
ੳ) ਸਰ੍ਹੋਂ ਦੇ ਮੁੱਖ ਕੀੜੇ-ਮਕੌੜੇ
1. ਚੇਪਾ: ਇਹ ਇੱਕ ਰਸ ਚੂਸਣ ਵਾਲਾ ਕੀੜਾ ਹੈ, ਜੋ ਆਮ ਕਰਕੇ ਜਨਵਰੀ ਤੋਂ ਲੈ ਕੇ ਅੱਧ ਮਾਰਚ ਤੱਕ ਵਧੇਰੇ ਨੁਕਸਾਨ ਕਰਦਾ ਹੈ। ਇਹ ਬੂਟੇ ਦੇ ਪੱਤੇ, ਫੁੱਲ ਅਤੇ ਫ਼ਲੀਆਂ ਤੋਂ ਰਸ ਚੂਸ ਕੇ ਬੂਟੇ ਨੂੰ ਕਮਜ਼ੋਰ ਕਰਦੇ ਹਨ ਅਤੇ ਫੁੱਲਾਂ ਚੋਂ ਰਸ ਚੂਸੇ ਜਾਣ ਕਰਕੇ ਫ਼ਲੀਆਂ ਪੂਰੀਆਂ ਨਹੀਂ ਬਣਦੀਆਂ। ਜੋ ਫਲੀਆਂ ਬਣ ਚੁੱਕੀਆਂ ਹੁੰਦੀਆਂ ਹਨ ਉਹਨਾਂ ਵਿੱਚ ਦਾਣੇ ਪੂਰੀ ਤਰਾਂ ਨਹੀਂ ਬਣਦੇ ਜਾਂ ਸੁੱਕ ਜਾਂਦੇ ਹਨ। ਗੰਭੀਰ ਹਮਲੇ ਦੀ ਸੂਰਤ ਵਿੱਚ ਫ਼ਸਲ ਮੁਰਝਾਈ ਹੋਈ ਨਜ਼ਰ ਆਉਂਦੀ ਹੈ।
2. ਭੱਬੂ ਕੁੱਤਾ ਅਤੇ ਬੰਦਗੋਭੀ ਦੀ ਸੁੰਡੀ: ਇਹ ਦੋਵੇਂ ਕੀੜੇ ਬੂਟਿਆਂ ਦੇ ਪੱਤੇ ਖਾਂਦੇ ਹਨ। ਇਹਨਾਂ ਦੇ ਪਤੰਗੇ ਪੱਤਿਆਂ ਦੇ ਹੇਠਲੇ ਪਾਸੇ ਗੁੱਛੇ ਵਿੱਚ ਆਂਡੇ ਦਿੰਦੇ ਹਨ। ਇਹਨਾਂ ਆਂਡਿਆਂ ਚੋਂ' ਛੋਟੀਆਂ ਸੁੰਡੀਆਂ ਨਿਕਲ ਕੇ ਕੁਝ ਦਿਨਾਂ ਤੱਕ ਝੁੰਡ ਵਿੱਚ ਬੂਟਿਆਂ ਦੇ ਪੱਤੇ ਖਾਂਦੀਆਂ ਹਨ ਅਤੇ ਹਮਲੇ ਵਾਲਾ ਬੂਟਾ ਛਾਨਣੀ ਵਰਗੇ ਪੱਤੇ ਜਾਂ ਬਗੈਰ ਪੱਤਿਆਂ ਤੋਂ ਦੂਰੋਂ ਹੀ ਦਿਖਾਈ ਦਿੰਦਾ ਹੈ। ਹਮਲੇ ਵਾਲੇ ਬੂਟੇ ਦੇ ਹੇਠਾਂ ਕੀੜੇ ਦੀਆਂ ਹਰੇ-ਕਾਲੇ ਰੰਗ ਦੀਆਂ ਬਿੱਠਾਂ ਵੀ ਦਿਖਾਈ ਦਿੰਦੀਆਂ ਹਨ। ਇਹ ਸੁੰਡੀਆਂ ਵੱਡੀਆਂ ਹੋ ਕੇ ਪੂਰੇ ਖੇਤ ਵਿੱਚ ਫੈਲਦੀਆਂ ਹਨ, ਜਿਸ ਨਾਲ ਕਈ ਵਾਰ ਕਾਫੀ ਨੁਕਸਾਨ ਹੋ ਸਕਦਾ ਹੈ।
3. ਪੱਤਿਆਂ ਦਾ ਸੁਰੰਗੀ ਕੀੜਾ: ਇਸ ਕੀੜੇ ਦਾ ਹਮਲਾ ਆਮ ਤੌਰ ਤੇ ਫ਼ਰਵਰੀ ਦੇ ਅਖੀਰ ਅਤੇ ਮਾਰਚ ਵਿੱਚ ਹੁੰਦਾ ਹੈ। ਇਸਦੀ ਸੁੰਡੀ ਬਹੁਤ ਛੋਟੀ ਹੁੰਦੀ ਹੈ ਜੋ ਕਿ ਪੱਤਿਆਂ ਵਿੱਚ ਟੇਢੀਆਂ-ਮੇਢੀਆਂ ਸੁਰੰਗਾਂ ਬਣਾ ਕੇ ਪੱਤਿਆਂ ਦਾ ਹਰਾ ਮਾਦਾ ਖਾਂਦੀ ਹੈ ਜਿਸ ਕਾਰਨ ਉਹਨਾਂ ਦੀ ਪ੍ਰਕਾਸ਼ ਸੰਸਲੇਸ਼ਣ ਕ੍ਰਿਆ ਰਾਹੀਂ ਭੋਜਨ ਬਨਾਉਣ ਦੀ ਸਮਰੱਥਾ ਘੱਟ ਜਾਂਦੀ ਹੈ ਅਤੇ ਸਿੱਟੇ ਵਜੋਂ ਝਾੜ ਘੱਟ ਨਿਕਲਦਾ ਹੈ।
ਇਹ ਵੀ ਪੜ੍ਹੋ: Wheat Crop: ਕਣਕ ਦਾ ਵੱਧ ਤੋਂ ਵੱਧ ਝਾੜ ਲੈਣ ਲਈ ਕਰੋ ਖਾਦਾਂ ਦੀ ਸੁੱਚਜੀ ਵਰਤੋਂ, ਆਉ Organic ਅਤੇ Chemical Fertilizers ਨਾਲ ਕਰੀਏ ਪੋਸ਼ਟਿਕ ਤੱਤਾਂ ਦਾ ਪ੍ਰਬੰਧਨ
ਅ) ਸਰ੍ਹੋਂ ਦੀਆਂ ਮੁੱਖ ਬਿਮਾਰੀਆਂ
1. ਝੁਲਸ ਰੋਗ: ਇਹ ਸਰ੍ਹੋਂ ਦੀ ਮੁੱਖ ਸਮੱਸਿਆ ਹੈ ਅਤੇ ਇਸ ਬਿਮਾਰੀ ਦਾ ਹਮਲਾ ਸਰ੍ਹੋਂ ਦੀਆਂ ਲਗਭਗ ਸਾਰੀਆਂ ਕਿਸਮਾਂ ਤੇ ਹੁੰਦਾ ਹੈ। ਇਸਦੇ ਹਮਲੇ ਕਾਰਨ ਸਰ੍ਹੋਂ ਦਾ ਝਾੜ 30-40 ਪ੍ਰਤੀਸ਼ਤ ਅਤੇ ਤੇਲ 10 ਪ੍ਰਤੀਸ਼ਤ ਤੱਕ ਘੱਟ ਸਕਦਾ ਹੈ। ਇਸ ਬਿਮਾਰੀ ਦੀ ਸ਼ੁਰੂਆਤ ਦਸੰਬਰ ਦੇ ਮਹੀਨੇ ਹੁੰਦੀ ਹੈ ਅਤੇ ਫਰਵਰੀ-ਮਾਰਚ ਵਿੱਚ ਇਹ ਬਹੁਤ ਤੇਜ਼ੀ ਨਾਲ ਫੈਲਦੀ ਹੈ। ਇਹ ਬਿਮਾਰੀ ਹੇਠਲੇ ਪੱਤਿਆਂ (ਜਿੱਥੇ ਸਾਰਾ ਦਿਨ ਛਾਂ ਅਤੇ ਨਮੀਂ ਰਹਿੰਦੀ ਹੈ) ਦੇ ਉੱਤੇ ਛੋਟੇ-ਛੋਟੇ ਭੂਰੇ ਕਾਲੇ ਧੱਬਿਆਂ ਦੇ ਰੂਪ ਵਿੱਚ ਸ਼ੁਰੂ ਹੁੰਦੀ ਹੈ ਜੋ ਬਾਅਦ ਵਿੱਚ ਵੱਡੇ ਹੋ ਜਾਂਦੇ ਹਨ ਅਤੇ ਇਨ੍ਹਾਂ ਉੱਪਰ ਕਾਲੇ ਰੰਗ ਦੇ ਗੋਲ ਚੱਕਰ ਬਣ ਜਾਂਦੇ ਹਨ। ਹੌਲੀ-ਹੌਲੀ ਇਹ ਬਿਮਾਰੀ ਉੱਪਰਲੇ ਪੱਤਿਆਂ, ਟਾਹਣੀਆਂ, ਤਣੇ ਅਤੇ ਫ਼ਲੀਆਂ ਤੱਕ ਫੈਲ ਜਾਂਦੀ ਹੈ, ਜਿਸ ਕਾਰਨ ਪੱਤੇ ਸੁੱਕ ਕੇ ਝੜ ਜਾਂਦੇ ਹਨ ਅਤੇ ਫ਼ਲੀਆਂ ਸੁੱਕ ਜਾਂਦੀਆਂ ਹਨ ਜਿੰਨ੍ਹਾਂ ਵਿਚਲੇ ਦਾਣੇ ਛੋਟੇ, ਪਿਚਕੇ ਅਤੇ ਹਲਕੇ ਹੁੰਦੇ ਹਨ। ਇਨ੍ਹਾਂ ਦਾਣਿਆਂ ਵਿੱਚੋਂ ਤੇਲ ਵੀ ਬਹੁਤ ਘੱਟ ਨਿਕਲਦਾ ਹੈ।
2. ਚਿੱਟੀ ਕੁੰਗੀ: ਇਸ ਬਿਮਾਰੀ ਦੇ ਹਮਲੇ ਲਈ ਠੰਡਾ ਅਤੇ ਨਮੀਂ ਵਾਲਾ ਮੌਸਮ (ਦਸੰਬਰ-ਜਨਵਰੀ) ਅਨੁਕੂਲ ਹੈ ਅਤੇ ਇਹ ਬੀਜ ਅਤੇ ਜ਼ਮੀਨ ਰਾਹੀਂ ਫੈਲਦੀ ਹੈ। ਇਸ ਬਿਮਾਰੀ ਦੇ ਕਣ ਜ਼ਮੀਨ ਅਤੇ ਰਹਿੰਦ-ਖੂੰਹਦ ਵਿੱਚ ਪਏ ਰਹਿੰਦੇ ਹਨ ਜੋ ਢੁੱਕਵਾਂ ਮੌਸਮ ਆਉਣ ਤੇ ਜੰਮ ਪੈਂਦੇ ਹਨ। ਇਸ ਬਿਮਾਰੀ ਨਾਲ ਪੱਤਿਆਂ ਦੇ ਹੇਠਲੇ ਪਾਸੇ ਛੋਟੇ-ਛੋਟੇ ਚਿੱਟੇ ਜਾਂ ਬਦਾਮੀ ਰੰਗ ਦੇ ਦਾਣੇ ਬਣ ਜਾਂਦੇ ਹਨ, ਜਿਸ ਕਰਕੇ ਇਹ ਅਕਸਰ ਨਜ਼ਰਅੰਦਾਜ ਹੋ ਜਾਂਦੀ ਹੈ ਅਤੇ ਹੌਲੀ-ਹੌਲੀ ਇਹ ਬਿਮਾਰੀ ਪੌਦੇ ਦੇ ਉੱਪਰਲੇ ਹਿੱਸੇ ਤੱਕ ਪਹੁੰਚ ਜਾਂਦੀ ਹੈ। ਫੁੱਲਾਂ ਵਾਲੀਆਂ ਟਾਹਣੀਆਂ ਫੁੱਲ ਕੇ ਮੁੜ ਜਾਂਦੀਆਂ ਹਨ, ਫੁੱਲਾਂ ਦੀ ਸ਼ਕਲ ਵਿਗੜ ਜਾਂਦੀ ਹੈ ਅਤੇ ਫ਼ਲੀਆਂ ਨਹੀਂ ਬਣਦੀਆਂ।
3. ਪੀਲੇ ਧੱਬਿਆਂ ਦਾ ਰੋਗ: ਇਹ ਬਿਮਾਰੀ ਗੋਭੀ ਸਰ੍ਹੋਂ ਉੱਪਰ ਜ਼ਿਆਦਾ ਆਉਂਦੀ ਹੈ। ਜੇਕਰ ਮੌਸਮ ਅਨੁਕੂਲ ਹੋਵੇ ਤਾਂ ਇਸ ਦਾ ਹਮਲਾ ਬਿਜਾਈ ਤੋਂ 2-3 ਹਫਤੇ ਬਾਅਦ ਹੀ ਸ਼ੁਰੂ ਹੋ ਜਾਂਦਾ ਹੈ। ਇਸ ਦਾ ਹਮਲਾ ਪਹਿਲਾਂ ਹੇਠਲੇ ਪੱਤਿਆਂ ਤੇ ਹੁੰਦਾ ਹੈ। ਪੱਤਿਆਂ ਦੇ ਹੇਠਲੇ ਪਾਸੇ ਪਾਣੀ ਭਿੱਜੇ ਹਲਕੇ ਹਰੇ-ਪੀਲੇ ਧੱਬੇ ਬਣ ਜਾਂਦੇ ਹਨ ਬਾਅਦ ਵਿੱਚ ਜੋ ਕਾਫ਼ੀ ਵੱਡੇ ਹੋ ਜਾਂਦੇ ਹਨ ਅਤੇ ਅਖੀਰ ਪੱਤੇ ਸੁੱਕ ਜਾਂਦੇ ਹਨ। ਤਣੇ ਦਾ ਉੱਪਰਲਾ ਹਿੱਸਾ ਫੁੱਲ ਕੇ ਬੇਸ਼ਕਲ ਹੋ ਜਾਂਦਾ ਹੈ ਅਤੇ ਫ਼ਲੀਆਂ ਨਹੀਂ ਬਣਦੀਆਂ। ਜੇ ਫ਼ਲੀਆਂ ਬਣ ਵੀ ਜਾਣ ਤਾਂ ਇਨਾਂ ਵਿੱਚ ਪੂਰੇ ਦਾਣੇ ਨਹੀਂ ਭਰਦੇ ਅਤੇ ਝਾੜ ਘੱਟ ਜਾਂਦਾ ਹੈ।
4. ਤਣੇ ਦਾ ਗਾਲ਼ਾ: ਇਸ ਬਿਮਾਰੀ ਦਾ ਹਮਲਾ ਜਨਵਰੀ ਦੇ ਅਖੀਰ ਵਿੱਚ ਹੁੰਦਾ ਹੈ। ਤਣੇ ਉੱਪਰ ਗਲ਼ੇ ਹੋਏ ਲੰਬੂਤਰੇ, ਚਿੱਟੇ ਰੰਗ ਦੀ ਉੱਲੀ ਵਾਲੇ ਧੱਬੇ ਬਣ ਜਾਂਦੇ ਹਨ। ਇਸ ਬਿਮਾਰੀ ਨਾਲ ਪੌਦਾ ਮੁਰਝਾ ਜਾਂਦਾ ਹੈ, ਤਣਾ ਗਲ਼ ਕੇ ਟੁੱਟ ਜਾਂਦਾ ਹੈ ਅਤੇ ਅਖੀਰ ਪੌਦਾ ਸੁੱਕ ਜਾਂਦਾ ਹੈ। ਬਿਮਾਰੀ ਵਾਲੇ ਤਣੇ ਦੇ ਅੰਦਰ ਕਾਲੇ ਰੰਗ ਦੇ ਸਕਲੀਰੋਸ਼ੀਆ ਦਿਖਾਈ ਦਿੰਦੇ ਹਨ ਜੋ ਫ਼ਸਲ ਦੀ ਕਟਾਈ ਵੇਲੇ ਬੀਜ ਵਿੱਚ ਵੀ ਰਲ ਜਾਂਦੇ ਹਨ ਜਾਂ ਜ਼ਮੀਨ ਤੇ ਡਿੱਗ ਜਾਂਦੇ ਹਨ ਅਤੇ ਜ਼ਮੀਨ ਵਿੱਚ ਕਈ ਸਾਲ ਜ਼ਿੰਦਾ ਰਹਿੰਦੇ ਹਨ। ਜਦੋਂ ਮੌਸਮ ਅਨਕੂਲ ਹੋਵੇ (ਬਹੁਤ ਠੰਡ ਅਤੇ ਜ਼ਮੀਨ ਵਿੱਚ ਸਿੱਲ) ਤਾਂ ਇਹ ਫਿਰ ਜੰਮ ਪੈਂਦੇ ਹਨ ਜਿਸ ਨਾਲ ਬਿਮਾਰੀ ਵਧਦੀ ਰਹਿੰਦੀ ਹੈ। ਇਸ ਲਈ ਫ਼ਸਲ ਕੱਟਣ ਤੋਂ ਬਾਅਦ ਰਹਿੰਦ-ਖੂੰਹਦ ਨਸ਼ਟ ਕਰ ਦਿਉ।
ਇਹ ਵੀ ਪੜ੍ਹੋ : ਫੁੱਲ ਗੋਭੀ ਦੀਆਂ ਇਨ੍ਹਾਂ ਦੋ ਕਿਸਮਾਂ ਦੀ ਸਾਰਾ ਸਾਲ ਕਰੋ ਕਾਸ਼ਤ
ੲ) ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਅਸਰਦਾਰ ਰੋਕਥਾਮ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:
• ਫ਼ਸਲ ਬੀਜ਼ਣ ਲਈ ਸਾਫ਼-ਸੁਥਰਾ ਬੀਜ ਵਰਤੋ ਅਤੇ ਬਿਜਾਈ ਸਮੇਂ ਸਿਰ ਕਰੋ।
• ਬਿਮਾਰੀਆਂ ਦਾ ਟਾਕਰਾ ਕਰਨ ਵਾਲੀਆਂ ਉੱਨਤ ਕਿਸਮਾਂ ਦੀ ਬਿਜਾਈ ਨੂੰ ਤਰਜੀਹ ਦਿਓ।
• ਖਾਦਾਂ ਸਿਫ਼ਾਰਸ਼ ਕੀਤੀ ਮਾਤਰਾ ਅਨੁਸਾਰ ਹੀ ਪਾਉ। ਦਸੰਬਰ ਦੇ ਮਹੀਨੇ ਤਾਪਮਾਨ ਘਟਣ ਕਾਰਣ ਫ਼ਸਲ ਦਾ ਵਾਧਾ ਰੁਕ ਜਾਂਦਾ ਹੈ ਅਤੇ ਕਿਸਾਨ ਇਸ ਨੂੰ ਖੁਰਾਕੀ ਤੱਤਾਂ ਦੀ ਘਾਟ ਸਮਝ ਕੇ ਵੱਧ ਯੂਰੀਆ ਪਾ ਦਿੰਦੇ ਹਨ, ਜਿਸ ਨਾਲ ਫ਼ਸਲ ਤੇ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵੱਧ ਹੁੰਦਾ ਹੈ। ਇਸ ਲਈ ਖਾਦਾਂ ਦੀ ਸਿਫਾਰਸ਼ ਤੋਂ ਵੱਧ ਵਰਤੋਂ ਨਾ ਕਰੋ ਅਤੇ ਗੰਧਕ ਤੱਤ ਲਈ ਸਿੰਗਲ ਸੁਪਰ ਫਾਸਫੇਟ ਨੂੰ ਤਰਜੀਹ ਦਿਉ।
• ਕਤਾਰਾਂ ਅਤੇ ਪੌਦਿਆਂ ਵਿਚਲਾ ਫਾਸਲਾ ਸਿਫਾਰਸ਼ ਅਨੁਸਾਰ ਰੱਖੋ ਕਿਉਂਕਿ ਸੰਘਣੀ ਫ਼ਸਲ ਤੇ ਬਿਮਾਰੀ (ਝੁਲਸ ਰੋਗ, ਤਣੇ ਦਾ ਗਾਲ਼ਾ, ਆਦਿ) ਵਧੇਰੇ ਫੈਲਦੀ ਹੈ। ਇਸ ਲਈ ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਬੂਟਿਆਂ ਨੂੰ ਵਿਰਲਾ (10-15 ਸੈਂਟੀਮੀਟਰ) ਕਰੋ ।
• ਤਣੇ ਦਾ ਗਾਲ਼ਾ ਬਿਮਾਰੀ ਵਾਲੇ ਖੇਤ ਝੋਨਾ-ਕਣਕ ਜਾਂ ਜੌਂ ਦੇ ਫ਼ਸਲੀ ਚੱਕਰ ਹੇਠ ਲਿਆਉ, ਕਿਉਂਕਿ ਝੋਨੇ ਦੀ ਫ਼ਸਲ ਵਿੱਚ ਇਸ ਬਿਮਾਰੀ ਦੇ ਬੀਜਾਣੂੰ ਗਲ਼ ਜਾਂਦੇ ਹਨ। ਕਣਕ ਅਤੇ ਜੌਂ ਨੂੰ ਇਹ ਬਿਮਾਰੀ ਨਹੀਂ ਲਗਦੀ ਅਤੇ ਇਸ ਦਾ ਜੀਵਨ ਚੱਕਰ ਤੋੜਨ ਵਿੱਚ ਸਹਾਈ ਹਨ।
• ਖੇਤ ਦੇ ਆਲੇ-ਦੁਆਲੇ ਨੂੰ ਨਦੀਨਾਂ ਤੋਂ ਮੁਕਤ ਰੱਖੋ।
• ਫ਼ਸਲ ਨੂੰ ਪਾਣੀ ਲੋੜ ਅਨੁਸਾਰ ਦਿਉ, ਭਰਵਾਂ ਪਾਣੀ ਨਾ ਲਗਾਉ। 25 ਦਸੰਬਰ ਤੋਂ 15 ਜਨਵਰੀ ਤੱਕ ਫ਼ਸਲ ਨੂੰ ਪਾਣੀ ਨਾ ਲਾਉ ਕਿਉਂਕਿ ਇਸ ਦੌਰਾਨ ਤਣੇ ਦਾ ਗਾਲ਼ਾ ਬਿਮਾਰੀ ਦੇ ਕਣ ਜੰਮਦੇ ਹਨ ਅਤੇ ਪਾਣੀ ਨਾ ਲਗਾਉਣ ਨਾਲ ਫ਼ਸਲ ਤਣੇ ਦੇ ਗਾਲ਼ੇ ਤੋਂ ਬਚ ਜਾਂਦੀ ਹੈ।
• ਖੇਤ ਦਾ ਲਗਾਤਾਰ ਹਫ਼ਤੇ ਦੇ ਵਕਫੇ ਤੋਂ ਕੀੜੇ ਜਾਂ ਬਿਮਾਰੀ ਦੇ ਹਮਲੇ ਦਾ ਸਰਵੇਖਣ ਕਰਦੇ ਰਹੋ ਤਾਂ ਕਿ ਸਮੇਂ ਸਿਰ ਰੋਕਥਾਮ ਹੋ ਸਕੇ।
• ਜੇਕਰ ਭੱਬੂ ਕੁੱਤੇ ਅਤੇ ਬੰਦਗੋਭੀ ਦੀ ਸੁੰਡੀ ਦਾ ਹਮਲਾ ਹੋਵੇ ਤਾਂ ਸੁੰਡੀਆਂ ਵਾਲੇ ਬੂਟਿਆਂ ਜਾਂ ਪੱਤਿਆਂ ਨੂੰ ਪੁੱਟ ਕੇ ਨਸ਼ਟ ਕਰ ਦਿਉ। ਸ਼ੁਰੂਆਤੀ ਹਮਲੇ ਦੌਰਾਨ ਇਹ ਤਰੀਕਾ ਇਨ੍ਹਾਂ ਦੀ ਰੋਕਥਾਮ ਲਈ ਬਹੁਤ ਹੀ ਸਸਤਾ ਅਤੇ ਅਸਰਦਾਰ ਹੈ।
ਇਹ ਵੀ ਪੜ੍ਹੋ : Wheat Varieties: ਕਣਕ ਦੀਆਂ ਇਹ 6 ਪਛੇਤੀ ਕਿਸਮਾਂ ਤਿੰਨ ਸਿੰਚਾਈਆਂ ਵਿੱਚ ਤਿਆਰ, ਝਾੜ 40 ਕੁਇੰਟਲ ਤੋਂ ਵੱਧ
• ਚੇਪੇ ਦੀ ਰੋਕਥਾਮ ਲਈ ਖੇਤ ਦਾ ਜਨਵਰੀ ਦੇ ਪਹਿਲੇ ਹਫਤੇ ਤੋਂ ਲਗਾਤਾਰ ਸਰਵੇਖਣ ਕਰੋ। ਸਰਵੇਖਣ ਲਈ 12-16 ਬੂਟੇ ਪ੍ਰਤੀ ਏਕੜ ਚੁਣੋ। ਇਸ ਵਾਸਤੇ ਖੇਤ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ, ਹਰੇਕ ਹਿੱਸੇ ਚੋਂ ਤਿੰਨ-ਚਾਰ ਬੂਟਿਆਂ ਤੇ ਚੇਪੇ ਦਾ ਹਮਲਾ ਦੇਖੋ। ਜੇਕਰ ਬੂਟੇ ਦੀ ਵਿਚਕਾਰਲੀ ਸ਼ਾਖ ਦੇ ਸਿਰੇ ਤੇ 50 ਤੋਂ 60 ਚੇਪੇ ਪ੍ਰਤੀ 10 ਸੈਂਟੀਮੀਟਰ ਹੋਣ ਜਾਂ ਜਦੋਂ ਬੂਟੇ ਦੀ ਵਿਚਕਾਰਲੀ ਸ਼ਾਖ ਦਾ ਉੱਪਰਲਾ 0.5-1.0 ਸੈਂਟੀਮੀਟਰ ਹਿੱਸਾ ਚੇਪੇ ਨਾਲ ਢੱਕਿਆ ਹੋਵੇ ਜਾਂ ਜਦੋਂ 40-50 ਪ੍ਰਤੀਸ਼ਤ ਬੂਟਿਆਂ ਤੇ ਚੇਪਾ ਨਜ਼ਰ ਆਵੇ (ਇਸ ਲਈ ਪ੍ਰਤੀ ਏਕੜ 100 ਬੂਟਿਆਂ ਦੀ ਪਰਖ਼ ਕਰੋ) ਤਾਂ 40 ਗ੍ਰਾਮ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) ਜਾਂ 400 ਮਿਲੀਲਿਟਰ ਮੈਟਾਸਿਸਟਾਕਸ 25 ਈ ਸੀ (ਔਕਸੀਡੈਮੀਟੋਨ ਮੀਥਾਈਲ) ਜਾਂ 400 ਮਿਲੀਲਿਟਰ ਰੋਗਰ 30 ਈ ਸੀ (ਡਾਈਮੈਥੋਏਟ) ਜਾਂ 600 ਮਿਲੀਲਿਟਰ ਡਰਸਬਾਨ/ਕੋਰੋਬਾਨ 20 ਈ ਸੀ (ਕਲੋਰਪਾਈਰੀਫਾਸ) ਦਾ ਛਿੜਕਾਅ 80 ਤੋਂ 125 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
• ਸੁਰੰਗੀ ਕੀੜੇ ਦੀ ਰੋਕਥਾਮ ਆਮ ਕਰਕੇ ਚੇਪੇ ਦੀ ਰੋਕਥਾਮ ਲਈ ਕੀਤੇ ਛਿੜਕਾਅ ਨਾਲ ਹੀ ਹੋ ਜਾਂਦੀ ਹੈ। ਪਰ ਜਿੰਨ੍ਹਾਂ ਖੇਤਾਂ ਵਿੱਚ ਚੇਪੇ ਲਈ ਕੋਈ ਛਿੜਕਾਅ ਨਾ ਕੀਤਾ ਗਿਆ ਹੋਵੇ ਅਤੇ ਸੁਰੰਗੀ ਕੀੜੇ ਦਾ ਹਮਲਾ ਹੋ ਜਾਵੇ ਤਾਂ ਰੋਗਰ 30 ਈ ਸੀ (ਡਾਈਮੈਥੋਏਟ) ਦਾ ਛਿੜਕਾਅ 400 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਜਾਂ 13 ਕਿਲੋ ਫਿਊਰਾਡਾਨ 3 ਜੀ ਪ੍ਰਤੀ ਏਕੜ ਦਾ ਛਿੱਟਾ ਦੇ ਕੇ ਹਲਕੀ ਸਿੰਚਾਈ ਕਰਨ ਨਾਲ ਇਸਦੀ ਰੋਕਥਾਮ ਕੀਤੀ ਜਾ ਸਕਦੀ ਹੈ।
• ਚਿੱਟੀ ਕੂੰਗੀ ਦੀ ਰੋਕਥਾਮ ਲਈ 250 ਗ੍ਰਾਮ ਰਿਡੋਮਿਲ ਗੋਲਡ (ਮੈਟਾਲੈਕਸਿਲ 4%+ਮੈਂਕੋਜ਼ਿਬ 64%) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਬਿਜਾਈ ਤੋਂ 60 ਅਤੇ 80 ਦਿਨ ਬਾਅਦ ਛਿੜਕਾਅ ਕਰੋ। ਲੋੜ ਪੈਣ ਤੇ 20 ਦਿਨਾਂ ਬਾਅਦ ਇਹ ਛਿੜਕਾਅ ਦੁਹਰਾਇਆ ਜਾ ਸਕਦਾ ਹੈ। ਇਸ ਛਿੜਕਾਅ ਨਾਲ ਝੁਲਸ ਰੋਗ ਦੀ ਵੀ ਕੁਝ ਹੱਦ ਤੱਕ ਰੋਕਥਾਮ ਹੋ ਜਾਂਦੀ ਹੈ।
• ਸਰ੍ਹੋਂ ਦੀਆਂ ਕਈ ਬਿਮਾਰੀਆਂ (ਝੁਲਸ ਰੋਗ, ਚਿੱਟੀ ਕੂੰਗੀ, ਤਣੇ ਦਾ ਗਾਲ਼ਾ ਅਤੇ ਪੀਲੇ ਧੱਬਿਆਂ ਦਾ ਰੋਗ) ਦੇ ਕਣ ਫ਼ਸਲ ਦੀ ਰਹਿੰਦ-ਖੂੰਹਦ ਅਤੇ ਜ਼ਮੀਨ ਵਿੱਚ ਰਹਿ ਜਾਂਦੇ ਹਨ ਜੋ ਕਿ ਅਗਲੇ ਸਾਲ ਬਿਮਾਰੀ ਫੈਲਾਉਂਦੇ ਹਨ। ਇਸ ਲਈ ਹਮੇਸ਼ਾ ਫ਼ਸਲ ਕੱਟਣ ਤੋਂ ਬਾਅਦ ਰਹਿੰਦ-ਖੂੰਹਦ ਨਸ਼ਟ ਕਰ ਦਿਉ।
ਸਰੋਤ: ਸਿਮਰਨਜੀਤ ਕੌਰ ਅਤੇ ਗੁਰਮੇਲ ਸਿੰਘ ਸੰਧੂ, ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ
Summary in English: Adopt these methods for comprehensive control of major pests and diseases of mustard, you will get bumper yield