Crop Protection: ਵਪਾਰਕ ਪੱਖੋਂ ਅਮਰੂਦ, ਕਿਨੂੰ ਤੋਂ ਬਾਅਦ ਪੰਜਾਬ ਦਾ ਦੂਜੇ ਨੰਬਰ ਦਾ ਫ਼ਲ ਹੈ। ਇਸ ਸਮੇਂ ਪੰਜਾਬ ਵਿੱਚ 9645 ਹੈਕਟੇਅਰ ਰਕਬੇ ਵਿਚ ਅਮਰੂਦਾਂ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਸ ਤੋਂ 22.57 ਟਨ ਪ੍ਰਤੀ ਹੈਕਟੇਅਰ ਦੀ ਉਤਪਾਦਕਤਾ ਨਾਲ ਕੁੱਲ 2,17,738 ਟਨ ਉਤਪਾਦਨ ਹੁੰਦਾ ਹੈ।
ਉੱਤਰ ਭਾਰਤ ਵਿੱਚ ਅਮਰੂਦ ਸਾਲ ਵਿੱਚ ਦੋ ਫ਼ਸਲਾਂ ਦਿੰਦਾ ਹੈ ਸਰਦੀਆਂ ਦੀ ਫ਼ਸਲ ਦਾ ਫ਼ਲ ਗਰਮੀਆਂ ਦੀ ਰੁੱਤ ਦੇ ਫ਼ਲ ਨਾਲੋਂ ਗੁਣਾਂ ‘ਚ ਚੰਗਾ ਸਮਝਿਆ ਜਾਂਦਾ ਹੈ ਕਿਉਂਕਿ ਬਰਸਾਤ ਦੇ ਮੌਸਮ ਵਿੱਚ ਫ਼ਲਾਂ ਉੱਤੇ ਫ਼ਲ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ। ਪਰ ਜ਼ਿਆਦਾਤਰ ਬਾਗਬਾਨ ਵਪਾਰਕ ਪੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਬਰਸਾਤ ਰੁੱਤ ਦੀ ਫ਼ਸਲ ਵੀ ਲੈਂਦੇ ਹਨ। ਸੋ, ਅਮਰੂਦਾਂ ਦੀਆਂ ਦੋਵੇਂ ਫ਼ਸਲਾਂ ਲੈਣ ਲਈ ਬਰਸਾਤ ਰੁੱਤ ਅਤੇ ਇਸ ਤੋਂ ਬਾਅਦ ਵਾਲੇ ਸਮੇਂ ਵਿਚ ਅਮਰੂਦਾਂ ਦੇ ਬਾਗਾਂ ਵਿੱਚ ਹੇਠ ਲਿਖੇ ਪ੍ਰਬੰਧ ਕਰਨੇ ਚਾਹੀਦੇ ਹਨ।
ਫ਼ਲ ਦੀ ਮੱਖੀ ਦੀ ਰੋਕਥਾਮ
ਫ਼ਲ ਦੀ ਮੱਖੀ, ਅਮਰੂਦ ਦਾ ਆਮ ਤੇ ਬਹੁਤ ਹਾਨੀਕਾਰਕ ਕੀੜਾ ਹੈ ਅਤੇ ਇਸ ਦਾ ਵਾਧਾ ਬੜੀ ਤੇਜ਼ੀ ਨਾਲ ਹੁੰਦਾ ਹੈ ਅਮਰੂਦਾਂ ਵਿਚ ਫ਼ਲਾਂ ਦੇ ਰੰਗ ਬਦਲਣ ਸਮੇਂ ਫ਼ਲ ਦੀ ਮੱਖੀ ਨਰਮ ਛਿਲਕੇ ਤੇ ਆਂਡੇ ਦਿੰਦੀ ਹੈ। ਆਂਡਿਆਂ ‘ਚੋਂ ਬੱਚੇ ਨਿੱਕਲਣ ਤੋਂ ਬਾਅਦ ਇਹ ਫ਼ਲਾਂ ‘ਚ ਛੇਕ ਕਰਕੇ ਅੰਦਰ ਚਲੇ ਜਾਂਦੇ ਹਨ ਅਤੇ ਨਰਮ ਗੁੱਦਾ ਖਾਂਦੇ ਹਨ।
ਹਮਲੇ ਵਾਲੇ ਫ਼ਲ ਧੱਸੇ ਹੋਏ ਤੇ ਕਾਲੇ-ਹਰੇ ਮੋਰੀਆਂ ਵਾਲੇ ਦਿਸਦੇ ਹਨ। ਕੱਟ ਕੇ ਦੇਖਣ ਤੇ ਕੀੜੇ ਦੀਆਂ ਸੁੰਡੀਆਂ ਫ਼ਲ ਦੇ ਅੰਦਰ ਨਜ਼ਰ ਆਉਂਦੀਆਂ ਹਨ ਅਤੇ ਖਰਾਬ ਫ਼ਲ ਗਲ਼ ਕੇ ਹੇਠਾਂ ਡਿੱਗ ਪੈਂਦੇ ਹਨ। ਕੀੜੇ ਦਰਖਤ ਹੇਠ ਜ਼ਮੀਨ ਵਿਚ ਪਲਦੇ ਰਹਿੰਦੇ ਹਨ ਅਤੇ ਕੋਏ ਬਣਾ ਲੈਂਦੇ ਹਨ ਜੋ ਅਗਲੇ ਸਾਲ ਫ਼ਲਾਂ ਦਾ ਫੇਰ ਨੁਕਸਾਨ ਕਰਦੇ ਹਨ। ਬਰਸਾਤ ਰੁੱਤ ਵਿੱਚ ਅਮਰੂਦਾਂ ਦੀ ਫ਼ਸਲ ਲੈਣ ਲਈ ਹੇਠ ਲਿਖੇ ਨੁਕਤੇ ਅਪਨਾੳੇਣੇ ਚਾਹੀਦੇ ਹਨ।
● ਜੂਨ ਮਹੀਨੇ ਅਮਰੂਦਾਂ ਦੇ ਬਾਗਾਂ ਦੀ ਹਲਕੀ ਵਹਾਈ ਕਰ ਦਿਉ ਤਾਂ ਜੋ ਮੱਖੀ ਦੀਆਂ ਸੁੰਡੀਆਂ ਅਤੇ ਕੋਏ ਨੰਗੇ ਹੋ ਕੇ ਖਤਮ ਹੋ ਜਾਣ।
● ਫ਼ਲ ਦੀਆਂ ਮੱਖੀਆਂ ਦੀ ਰੋਕਥਾਮ ਲਈ ਜੁਲਾਈ ਦੇ ਪਹਿਲੇ ਹਫ਼ਤੇ ਪੀ ਏ ਯੂ ਫਰੂਟ ਫਲਾਈ ਟਰੈਪ (16 ਟਰੈਪ ਪ੍ਰਤੀ ਏਕੜ) ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਲਗਾਉ।
● ਬੂਟਿਆਂ ਨੂੰ ਸਿਫ਼ਾਰਸ਼ਾਂ ਮੁਤਬਿਕ ਦੇਸੀ ਅਤੇ ਰਸਾਇਣਕ ਖਾਦਾਂ ਪਾਉ।
● ਬੂਟਿਆਂ ਜਾਂ ਬਾਗਾਂ ਦਾ ਆਲਾ-ਦੁਆਲਾ ਵੀ ਸਾਫ਼-ਸੁਥਰਾ ਰੱਖੋ।
● ਬੂਟੇ ਤੇ ਪੱਕੇ ਹੋਏ ਫ਼ਲਾਂ ਨੂੰ ਜ਼ਿਆਦਾ ਦੇਰ ਤੱਕ ਨਾ ਰਹਿਣ ਦਿਉ।
● ਮੱਖੀ ਦੇ ਹਮਲੇ ਵਾਲੇ ਡਿੱਗੇ ਹੋਏ ਫ਼ਲਾਂ ਨੂੰ ਲਗਾਤਾਰ ਚੁਣ ਕੇ ਜ਼ਮੀਨ ਵਿੱਚ ਘੱਟੋ-ਘੱਟ 60 ਸੈਂਟੀਮੀਟਰ ਡੂੰਘੇ ਦੱਬ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਅਮਰੂਦਾਂ 'ਤੇ ਹਮਲਾ ਕਰਨ ਵਾਲੇ ਕੀੜਿਆਂ ਤੇ ਬਿਮਾਰੀਆਂ ਤੋਂ ਬਚਣ ਲਈ ਸਰਬਪੱਖੀ ਕੀਟ ਪ੍ਰਬੰਧ
ਅਮਰੂਦਾਂ ਉੱਪਰ ਲਿਫ਼ਾਫ਼ੇ ਚੜਾਉਣ (ਬੈਗਿੰਗ) ਦੀ ਤਕਨੀਕ
ਹਾਲਾਂਕਿ ਉਪਰੋਕਤ ਵਿਧੀਆਂ ਨਾਲ ਵਪਾਰਕ ਪੱਧਰ ਵਾਲੇ ਬਾਗਾਂ ਵਿੱਚ ਫ਼ਲ ਦੀ ਮੱਖੀ ਦੇ ਹਮਲੇ ਨੁੰ ਘਟਾ ਕੇ ਕਾਫ਼ੀ ਲਾਹਾ ਲਿਆ ਜਾ ਸਕਦਾ ਹੈ, ਪਰ ਘਰੇਲੂ ਪੱਧਰ ਤੇ ਲੱਗੇ ਅਮਰੂਦਾਂ ਦੇ ਬੂਟਿਆਂ ਦੇ ਉਪਰੋਕਤ ਵਿਧੀਆਂ ਨੂੰ ਅਪਨਾਉਣ ਦਾ ਜ਼ਿਆਦਾ ਫ਼ਇਦਾ ਨਹੀ ਹੁੰਦਾ ਅਤੇ ਕਈ ਵਾਰ ਤਾਂ ਬਰਸਾਤ ਰੁੱਤ ਦੇ ਸਾਰੇ ਦੇ ਸਾਰੇ ਅਮਰੂਦ ਹੀ ਕਾਣੇ ਹੋ ਜਾਂਦੇ ਹਨ। ਇਸ ਲਈ ਘਰੇਲੂ ਪੱਧਰ ਤੇ ਲੱਗੇ ਅਮਰੂਦਾਂ ਤੋਂ ਬਰਸਾਤ ਰੁੱਤ ਵਿੱਚ ਕੀੜਾ ਰਹਿਤ ਵਧੀਆ ਫ਼ਲ ਲੈਣ ਲਈ ਇਕੱਲੇ-ਇਕੱਲੇ ਫ਼ਲ ਉਪਰ ਖਾਸ ਤਰਾਂ ਦੇ ਲਿਫ਼ਾਫ਼ੇ ਚੜਾ ਕੇ ਇਕ ਭੌਤਿਕ ਰੋਕ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ।
ਲਿਫ਼ਾਫ਼ਾ ਚੜਾਏ ਫ਼ਲ ਨਾ ਸਿਰਫ਼ ਮੱਖੀ ਦੇ ਹਮਲੇ ਤੋਂ ਬਚਣਗੇ ਸਗੋਂ ਫ਼ਲਾਂ ਦੇ ਝਾੜ, ਅਕਾਰ ਅਤੇ ਗੁਣਵੱਤਾ ਵਿੱਚ ਵੀ ਵਾਧਾ ਹੋਵੇਗਾ। ਅਜਿਹਾ ਕਰਨ ਨਾਲ ਬਰਸਾਤ ਰੁੱਤ ਦੇ ਫ਼ਲ ਪੈਦਾ ਕਰਨ ਲਈ ਕਿਸੇ ਵੀ ਕੀਟਨਾਸ਼ਕ ਦੀ ਜ਼ਰੂਰਤ ਨਹੀ ਪਵੇਗੀ । ਇਸ ਤੋਂ ਇਲਵਾ ਫ਼ਲ ਸਾਫ਼-ਸੁਥਰੇ, ਧੱਬੇ ਰਹਿਤ ਹੋਣਗੇ ਅਤੇ ਇਨ੍ਹਾਂ ਨੂੰ ਜਾਨਵਰਾਂ ਦਾ ਨੁਕਸਾਨ ਨਹੀ ਹੋਵੇਗਾ। ਪੰਜਾਬ ਵਿੱਚ ਅਮਰੂਦਾਂ ਦੀ ਬਰਸਾਤੀ ਫ਼ਸਲ ਲੈਵ ਲਈ ਫ਼ਲਾਂ ਉੱਪਰ ਚਿੱਟੇ ਰੰਗ ਦੇ ਅਤੇ ਤਕਰੀਬਨ 96 ਇੰਚ ਅਕਾਰ ਦੇ ਨਾਨ-ਵੂਵਨ ਲਿਫ਼ਾਫ਼ੇ ਚੜਾ ਕੇ ਤਕਰੀਬਨ 100 ਪ੍ਰਤਸ਼ਿਤ ਫ਼ਲਾਂ ਨੂੰ ਫ਼ਲ ਦੀ ਮੱਖੀ ਦੇ ਹਮਲੇ ਤੋਂ ਬਚਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਅਮਰੂਦਾਂ ਦੀ ਬਰਸਾਤੀ ਫ਼ਸਲ ਨੂੰ ਕੀੜਿਆਂ ਤੋਂ ਕਿਵੇਂ ਬਚਾਈਏ?
ਬੂਟਿਆਂ ਉੱਪਰ ਬਰਸਾਤ ਰੁੱਤ ਲਈ ਲੱਗੇ ਫ਼ਲਾਂ ਉੱਪਰ ਅਖੀਰ ਜੂਨ ਤੋਂ ਜੁਲਾਈ ਮਹੀਨੇ ਤੱਕ ਚਿੱਟੇ ਰੰਗ ਦੇ ਨਾਨ-ਵੂਵਨ ਲਿਫ਼ਾਫ਼ੇ ਚੜਾਏ ਜਾ ਸਕਦੇ ਹਨ। ਧਿਆਨ ਰੱਖੋ ਕਿ ਲਿਫ਼ਾਫ਼ਾ ਚੜਾਉਣ ਸਮੇ ਫ਼ਲ ਪੂਰੇ ਵੱਡੇ ਪਰ ਅਜੇ ਸਖ਼ਤ-ਹਰੇ ਹੋਣ। ਲਿਫ਼ਾਫ਼ਾ ਸਹੀ ਤਰੀਕੇ ਨਾਲ ਚੜਾਉਣਾ ਚਾਹੀਦਾ ਹੈ ਅਤੇ ਇਸ ਨੂੰ ਇਸ ਤਰਾਂ ਬੰਦ ਕਰੋ ਕਿ ਇਸ ਵਿੱਚ ਫ਼ਲ ਦੀ ਮੱਖੀ ਅੰਦਰ ਨਾ ਜਾ ਸਕੇ ਇਸ ਕੰਮ ਲਈ ਸਟੈਪਲਰ ਜਾਂ ਸੂਈ ਪੈਂਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਪਹਿਲਾਂ ਤੋਂ ਹੀ ਮੱਖੀ ਦੇ ਅੰਡਿਆਂ ਨਾਲ ਗ੍ਰਸੇ ਫ਼ਲਾਂ ਉਪਰ ਲਿਫ਼ਾਫ਼ੇ ਚੜਾਉਣ ਦਾ ਕੋਈ ਫ਼ਇਦਾ ਨਹੀ ਹੋਵੇਗਾ ਅਜਿਹੇ ਫ਼ਲ ਲਿਫ਼ਾਫ਼ਿਆਂ ਅੰਦਰ ਹੀ ਖਰਾਬ ਹੋ ਜਾਣਗੇ। ਧਿਆਨ ਰੱਖੋ ਕਿ ਲਿਫ਼ਾਫ਼ਿਆਂ ਵਿੱਚ ਬਰਸਾਤ ਦਾ ਪਾਣੀ ਨਹੀ ਜਮਾ ਹੋਣਾ ਚਾਹੀਦਾ। ਲਿਫ਼ਾਫ਼ਾ ਚੜਾਏ ਫ਼ਲਾਂ ਨੂੰ ਰੰਗ ਬਦਲਣ ਦੀ ਅਵਸਥਾ ਤੇ ਤੋੜ ਲਵੋ। ਇੱਥੇ ਇਹ ਵੀ ਜਿਕਰਯੋਗ ਹੈ ਕਿ ਅਮਰੂਦਾਂ ਦੇ ਬੂਟਿਆਂ ਨੂੰ ਬਹੁਤਾ ਉੱਚਾ ਨਾ ਜਾਣ ਦਿਉ ਤਾਂ ਕਿ ਘਰੇਲੂ ਪੱਧਰ ਤੇ ਦੋਵੇਂ ਮੌਸਮਾਂ ਦਾ ਫ਼ਲ ਲੈਣ ਲਈ ਇਨ੍ਹਾਂ ਦੀ ਸਾਂਭ-ਸੰਭਾਲ ਸੌਖੀ ਹੋ ਸਕੇ। ਬੂਟਿਆਂ ਦਾ ਅਕਾਰ ਸੀਮਤ ਕਰਨ ਲਈ ਸਿਫ਼ਾਰਸ਼ਾਂ ਮੁਤਬਿਕ ਮਾਰਚ ਮਹੀਨੇ ਬੂਟਿਆਂ ਦੀ ਕਾਂਟ-ਛਾਂਟ ਕੀਤੀ ਜਾ ਸਕਦੀ ਹੈ।
ਸੋ, ਇਸ ਵਿਧੀ ਨਾਲ ਅਮਰੂਦਾਂ ਨੂੰ ਫ਼ਲ ਦੀ ਮੱਖੀ ਦੇ ਹਮਲੇ ਕਾਰਨ ਕਾਣੇ ਹੋਣ ਤੋਂ ਬਚਾ ਕੇ ਵਧੀਆ ਗੁਣਵੱਤਾ ਵਾਲੇ ਫ਼ਲਾਂ ਦੀ ਪੈਦਾਵਾਰ ਕੀਤੀ ਜਾ ਸਕਦੀ ਹੈ ਅਤੇ ਕਿਸੇ ਵੀ ਕੀਟਨਾਸ਼ਕ ਦੀ ਵਰਤੋਂ ਤੋਂ ਬਚਿਆ ਜਾ ਸਕਦਾ ਹੈ।
Summary in English: Protect the guava crop from pests, learn the technique of wrapping the fruit