Nutritional Security: ਵਿਸ਼ਵ ਦੀ ਆਬਾਦੀ ਹਰ ਸਾਲ 1.03 ਫੀਸਦ ਦਰ ਨਾਲ ਵਧ ਰਹੀ ਹੈ ਅਤੇ 2050 ਦੇ ਅੰਤ ਤੱਕ ਲਗਭਗ 960 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ। ਭਾਰਤ ਕੁੱਲ ਦੁਨੀਆਂ ਦੀ ਆਬਾਦੀ ਦੇ ਲਗਭਗ 18% ਹਿੱਸੇ ਨੂੰ ਸਿਰਫ ਵਿਸ਼ਵ ਦੇ 2.4 ਫੀਸਦ ਸਤਹ ਖੇਤਰ ਉੱਪਰ ਹੀ ਸਮੋਈ ਬੈਠਾ ਹੈ। ਮੌਜੂਦਾ ਗਲੋਬਲ ਹੰਗਰ ਇੰਡੈਕਸ (ਜੀ.ਐੱਚ.ਆਈ.) 'ਚ ਭਾਰਤ 125 ਦੇਸ਼ਾਂ 'ਚੋਂ 111ਵੇਂ ਸਥਾਨ 'ਤੇ ਹੈ ਤੇ ਅਬਾਦੀ ਦਾ ਬਹੁਤ ਵੱਡਾ ਹਿੱਸਾ ਕੁਪੋਸ਼ਣ ਨਾਲ ਜੂਝ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (WHO) ਨੇ ਵੀ ਭੁੱਖਮਰੀ ਦੇ ਸਬੰਧ ਵਿੱਚ ਭਾਰਤ ਦੀ ਸਥਿਤੀ ਤੇ ਚਿੰਤਾ ਦੇ ਸੰਕੇਤ ਦਿੱਤੇ ਹਨ।
ਸਾਲ 2030 ਤੱਕ ਕੁਪੋਸ਼ਣ ਦੀਆਂ ਗੰਭੀਰ ਸਮੱਸਿਆਵਾਂ ਨਾਲ ਨਜਿੱਠਣ ਲਈ ਸਥਿਰ ਵਿਕਾਸ ਟੀਚਿਆਂ (ਐਸਡੀਜੀ) ਨੂੰ ਅਪਣਾਉਣ ਦਾ ਫੈਸਲਾ ਕੀਤਾ ਹੈ। ਇਹਨਾਂ ਉੱਦਮਾਂ ਵਿੱਚ ਸਿਹਤਯਾਬੀ ਲਈ ਸੰਤੁਲਿਤ ਖੁਰਾਕ ਵਿੱਚ ਫ਼ਲਾਂ ਭੂਮਿਕਾ ਖਪਤਕਾਰਾਂ ਦੀ ਜਾਗਰੂਕਤਾ ਪੈਦਾ ਕਰਨਾ ਅਹਿਮ ਹੈ। ਇਸ ਤੋਂ ਇਲਾਵਾ ਫ਼ਲ ਪੋਸ਼ਣ ਪੱਧਰ ਨੂੰ ਵਧਾਉਣ, ਪਾਚਣ ਸ਼ਕਤੀ ਨੂੰ ਠੀਕ ਕਰਨ, ਸਰੀਰ ਦੀ ਬਿਮਾਰੀਆਂ ਪ੍ਰਤੀ ਲੜਨ ਦੀ ਤਾਕਤ ਵਿੱਚ ਵਾਧਾ ਕਰਨ ਦੇ ਸਮਰੱਥ ਹਨ। ਕੋਵਿਡ-19 ਮਹਾਂਮਾਰੀ ਤੋਂ ਬਾਅਦ ਵੀ ਲੋਕਾਂ ਵਿੱਚ ਫ਼ਲਾਂ ਪ੍ਰਤੀ ਦਿਲਚਸਪੀ ਵਧੀ ਹੈ। ਇਸ ਉਪਰੋਕਤ ਦ੍ਰਿਸ਼ ਤੋਂ ਇਹ ਅਨੁਮਾਨ ਲਗਾਉਣਾ ਸੌਖਾ ਹੈ ਕਿ ਫ਼ਲਾਂ ਦੀ ਮੰਗ ਵਿੱਚ ਹੋਰ ਵਾਧਾ ਹੋਣਾ ਯਕੀਨੀ ਹੈ।
ਛੋਟੇ ਫਲਾਂ ਦੀ ਸਾਰਥਕਤਾ
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਮੁੱਖ ਫ਼ਲਦਾਰ ਫਸਲਾਂ ਵੱਡੇ ਪੱਧਰ ਤੇ ਲਾਉਣ ਦੀ ਸੰਭਾਵਨਾ ਕਾਰਨ ਵੱਡੇ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਈਆਂ ਹਨ। ਇਹਨਾਂ ਫ਼ਲਾਂ ਦੀ ਕਾਸ਼ਤ ਇੱਕ ਖਾਸ ਰਕਬੇ ਤੋਂ ਘੱਟ ਹਿੱਸੇ ਤੇ ਕਰਨਾ ਵਪਾਰਕ ਤੌਰ ਤੇ ਲਾਹੇਵੰਦ ਨਹੀਂ ਹੈ। ਜਿਵੇਂ ਕਿ ਅਸੀ ਜਾਣਦੇ ਹਾਂ ਕਿ ਮਿੱਟੀ ਦਾ ਖਾਰਾਪਣ, ਮੌਸਮ ਵਿੱਚ ਤਬਦੀਲੀ ਜਿਵੇਂ ਕਿ ਮੀਂਹ ਦਾ ਘਾਟਾ ਤੇ ਅਨਿਸ਼ਚਤਾ, ਤਾਪਮਾਨ ਵਿੱਚ ਵਾਧਾ, ਹੜ੍ਹ ਜਾਂ ਸੋਕੇ ਦਾ ਅਸਰ ਆਦਿ ਵਿੱਚ ਵਾਧਾ ਹੋ ਰਿਹਾ ਹੈ। ਇਹਨਾਂ ਦਾ ਅਸਰ ਵੱਡੇ ਫ਼ਲਾਂ ਤੇ ਜਿਆਦਾ ਪੈਂਦਾ ਹੈ ਜਿਸ ਦੇ ਨਤੀਜੇ ਵਜੋਂ ਕਈ ਵਾਰ ਬਾਗਬਾਨਾਂ ਉਤਪਾਦਨ ਨੂੰ ਲੈ ਕੇ ਅਨਿਸ਼ਚਤਾ ਤੇ ਵਿਤੀ ਲਾਭ ਤੋਂ ਨਾਖੁਸ਼ੀ ਦੇਖੀ ਜਾ ਸਕਦੀ ਹੈ। ਜੇਕਰ ਪ੍ਰਮੁੱਖ ਫ਼ਲਦਾਰ ਫ਼ਸਲਾਂ ਦੇ ਰਕਬੇ ਵਿੱਚ ਫੇਰਬਦਲ ਹੁੰਦਾ ਹੈ ਤਾਂ ਇਹ ਵੱਡੇ ਪੱਧਰ ਤੇ ਹੁੰਦਾ ਹੈ ਜਿਸ ਨਾਲ ਪੋਸ਼ਣ ਸੁਰੱਖਿਆ ਪ੍ਰਤੀ ਵੀ ਚਿੰਤਾ ਪੈਦਾ ਹੋ ਸਕਦੀ ਹੈ।
ਇਹਨਾਂ ਹਾਲਤਾਂ ਦੇ ਮੱਦੇਨਜਰ ਲਘੂ ਫ਼ਲਾਂ ਦਾ ਉਤਪਾਦਨ ਤੇ ਭਰੋਸੇਯੋਗਤਾ ਵਧੇਰੇ ਟਿਕਾਊ ਸਮਝੀ ਜਾ ਸਕਦੀ ਹੈ। ਇਹਨਾਂ ਵਿੱਚ ਸਥਾਨਕ ਹਾਲਤਾਂ ਵਿੱਚ ਮੌਸਮ ਦੀਆਂ ਤਬਦੀਲੀਆ ਦੇ ਬਾਵਜੂਦ ਵਧੇਰੇ ਨਿਸ਼ਚਤਾ ਹੁੰਦੀ ਹੈ। ਭਾਵੇਂ ਕਿ ਇਹਨਾਂ ਦੇ ਉਤਪਾਦਨ ਲਈ ਬਹੁਤੀਆਂ ਕਿਸਮਾ ਜਾਂ ਤਕਨੀਕਾਂ ਉਪਲਬਧ ਨਹੀਂ ਹਨ ਪਰ ਇਹ ਫ਼ਲ ਆਮ ਲੋਕਾਂ ਵਿੱਚ ਪ੍ਰਚੱਲਿਤ ਹੋਣ ਕਾਰਨ ਵਧੇਰੇ ਮੰਗ ਵਿੱਚ ਹਨ ਤੇ ਇਹਨਾਂ ਦੀ ਖਪਤ ਵਿੱਚ ਵੀ ਕੋਈ ਵਹਿਮ ਭਰਮ ਨਹੀਂ ਹੈ।
ਇਹਨਾਂ ਵਿਚੋਂ ਬਹੁਤੇ ਫ਼ਲਾਂ ਦੀ ਤਾਜੇ ਫ਼ਲਾਂ ਦੀ ਵਰਤੋਂ ਤੋਂ ਇਲਾਵਾ ਇਹਨਾਂ ਘਰੇਲੂ ਪੱਧਰ ਤੇ ਪ੍ਰੋਸੈਸਿੰਗ ਵੀ ਪ੍ਰਚੱਲਿਤ ਹੈ ਅਤੇ ਇਸ ਤੋਂ ਇਲਾਵਾ ਇਹਨਾਂ ਵਿੱਚ ਦੁਆਈਆਂ ਵਾਲੇ ਗੁਣ ਵੀ ਮੌਜੂਦ ਹਨ। ਛੋਟੇ ਅਤੇ ਸੀਮਾਂਤ ਕਿਸਾਨਾਂ ਵੱਲੋਂ ਇਹਨਾਂ ਫ਼ਲਾਂ ਨੂੰ ਅਸਾਨੀ ਨਾਲ ਅਪਣਾਇਆ ਜਾ ਸਕਦਾ ਹੈ। ਪ੍ਰੋਸੈਸਿੰਗ, ਭੰਡਾਰਨ, ਆਵਾਜਾਈ ਦੇ ਸਾਧਨ ਸੁਖਾਲੇ ਹੀ ਉਪਲਬਧ ਹੋਣ ਕਾਰ ਦੁਰਾਡੀਆਂ ਮੰਡੀਆਂ ਵਿੱਚ ਮੰਡੀਕਰਨ ਰਾਹੀਂ ਵਧੇਰੇ ਮੁੱਲ ਕਾਰਨ ਵਧੇਰੇ ਆਰਥਿਕ ਲਾਹਾ ਵੀ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Profitable Farming: ਵਪਾਰਕ ਪੱਧਰ 'ਤੇ ਕਰੋ Dragon Fruit ਦੀ ਕਾਸ਼ਤ, ਇਨ੍ਹਾਂ ਜ਼ਰੂਰੀ ਨੁਕਤਿਆਂ ਨੂੰ ਕਰੋ ਫੌਲੋ ਅਤੇ ਘੱਟ ਉਪਜਾਊ ਜ਼ਮੀਨ ਤੋਂ ਪ੍ਰਾਪਤ ਕਰੋ ਚੰਗਾ ਝਾੜ
ਇਹਨਾਂ ਫਲਾਂ ਦੀ ਕਾਸ਼ਤ ਅਤੇ ਖਾਸ ਗੁਣ ਇਸ ਤਰ੍ਹਾਂ ਹਨ:
ਆਂਵਲਾ: ਇਸ ਵਿੱਚ ਮੌਜੂਦ ਗੁਣਾ ਕਾਰਨ ਇਸਨੂੰ ‘ਅੰਮ੍ਰਿਤ ਫ਼ਲ’ ਵੀ ਕਿਹਾ ਜਾਂਦਾ ਹੈੈ। ਫ਼ਲਾਂ ਵਿੱਚ ਵਿਟਾਮਿਨ-ਸੀ ਅਤੇ ਖਣਿਜਾਂ ਦੀ ਬਹੁਤਾਤ, ਦਵਾਈਆਂ ਵਾਲੇ ਗੁਣਾਂ, ਬਹੁਮੰਤਵੀ ਤੇ ਸੁਖਾਲੀ ਪ੍ਰੋਸੈਸਿੰਗ ਹੋਣ ਕਾਰਨ ਇਹ ਲੋਕਾਂ ਵਿੱਚ ਬਹੁਤ ਪ੍ਰਚੱਲਿਤ ਹੈ। ਇਸ ਫਸਲ ਮਿੱਟੀ ਦੀ ਮੰਗ ਪੰਜਾਬ ਦੀਆਂ ਹਲਕੀਆਂ ਤੇ ਮਾੜੀਆਂ ਜਮੀਨਾਂ ਨਾਲ ਮੇਲ ਖਾਂਦੀ ਹੈ। ਪੰਜਾਬ ਦੇ ਗਰਮ ਮੌਸਮ ਨਾਲ ਇਸਨੂੰ ਕੋਈ ਸਮੱਸਿਆਂ ਨਹੀਂ ਆਉਂਦੀ ਬਸ਼ਰਤੇ ਸਰਦੀ ਵਿੱਚ ਕੋਹਰੇ ਤੋ ਬਚਾਅ ਲਈ ਉਪਰਾਲੇ ਕਰ ਲਏ ਜਾਣ।
ਬਿਲ: ਇਸ ਫ਼ਲ ਦੀ ਧਾਰਮਿਕ ਰਸਮਾਂ ਵਿੱਚ ਵਰਤੋਂ ਬਹੁਤ ਪ੍ਰਮੁੱਖ ਹੈ ਇਸ ਤੋਂ ਇਲਾਵਾ ਇਸ ਵਿੱਚ ਦਵਾਾਈਆਂ ਵਾਲੇ ਗੁਣ ਮੌਜੂਦ ਹੋਣ ਕਾਰਨ ਇਸਦੀ ਤਸੀਰ ਠੰਡੀ ਮੰਨੀ ਜਾਂਦੀ ਹੈ ਜੋ ਕਿ ਗਰਮੀ ਦੇ ਅਸਰ ਨੂੰ ਬੇਅਸਰ ਕਰਨ ਲਈ ਲਾਹੇਵੰਦ ਮੰਨਿਆਂ ਜਾਂਦਾ ਹੈ। ਇਸ ਵਿੱਚ ਬਹੁਤ ਸਾਰੇ ਖਣਿਜ ਪਦਾਰਥਾਂ ਤੋਂ ਇਲਾਵਾ ਬੀ-1 (ਥਾਇਆਮਿਨ), ਵਿਟਾਮਨ ਬੀ-2 (ਰਾਈਬੋਫਲੇਵਿਨ) ਤੇ ਵਿਟਾਮਿਨ ਬੀ-3 (ਨਾਇਆਸਿਨ) ਅਤੇ ਵਿਟਾਮਿਨ-ਏ , ਅੇਟੀਆਕਸੀਡੈਂਟ ਅਤੇ ਕਾਰਬੋਹਾਈਡਰੇਟ ਮੌਜੂਦ ਹੁੰਦੇ ਹਨ ਜਿਸ ਕਾਰਨ ਇਹ ਗਰਮੀ ਦੇ ਮੌਸਮ ਲਈ ਤੌਹਫਾ ਬਣ ਜਾਂਦਾ ਹੈ। ਮੁੱਖ ਤੌਰ ਤੇ ਇਸਦੀ ਵਰਤੋਂ ਸ਼ਰਬਤ, ਮੁਰੱਬੇ ਤੇ ਕੈਂਡੀ ਦੇ ਤੌਰ ਤੇ ਕੀਤੀ ਜਾਂਦੀ ਹੈ। ਖਾਰੀਆਂ ਜਮੀਨਾਂ ਵਿੱਚ ਇਸਦੀ ਕਾਸ਼ਤ ਸਫਲਤਾਪੂਰਵਕ ਕੀਤੀ ਜਾ ਸਕਦੀ ਹੈ।
ਅੰਜੀਰ: ਇਸ ਦੇ ਫਲਾਂ ਵਿੱਚ ਬਹੁਤ ਸਾਰੇ ਖਣਿਜ ਪਦਾਰਥਾਂ ਤੋਂ ਇਲਾਵਾ ਐਂਟੀਆਕਸੀਡੈਂਟ ਪਦਾਰਥ ਪਾਏ ਜਾਂਦੇ ਹਨ। ਇਹ ਫ਼ਲ ਬਹੁਤ ਮਿੱਠਾ ਹੋਣ ਕਾਰਨ ਪੰਜਾਬੀਆਂ ਦੇ ਮਨ ਭਾਉਂਦਾ ਫ਼ਲ ਹੈ। ਇਸਦੀ ਵਰਤੋਂ ਤਾਜੇ ਫ਼ਲਾਂ ਤੋਂ ਇਲਾਵਾ ਸੁੱਕੇ ਫ਼ਲਾਂ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਜੋ ਕਿ ਬਜਾਰ ਵਿੱਚ ਬਦਾਮ ਤੋਂ ਵੀ ਮਹਿੰਗੇ ਹੁੰਦੇ ਹਨ।
ਫਾਲਸਾ: ਇਸਦੇ ਫ਼ਲਾਂ ਦਾ ਗਲਾਈਸੀਮਿਕ ਇੰਡੈਕਸ ਘੱਟ ਹੋਣ ਕਾਰਨ ਸ਼ੂਗਰ ਦੇ ਮਰੀਜ ਵੀ ਇਸਨੂੰ ਬਹੁਤ ਪਸੰਦ ਕਰਦੇ ਹਨ। ਇਸ ਵਿੱਚ ਇਲੈਕਟਰੋਲਾਈਟਿਕ ਗੁਣ ਹੋਣ ਕਾਰਨ ਇਹ ਗਰਮੀਆਂ ਵਿੱਚ ਪਾਣੀ ਦੀ ਕਮੀ ਤੋਂ ਬਚਾਉਂਦਾ ਹੈ। ਇਸ ਬਾਰੇ ਗੱਲ ਮਸ਼ਹੂਰ ਹੈ ਕਿ “ਠੰਡਾ ਮਿੱਠਾ ਖਾਹ ਫਾਲਸਾ, ਗਰਮੀ ਦੀ ਦਵਾ ਫਾਲਸਾ”। ਇਸਦੀ ਵਰਤੋਂ ਤਾਜੇ ਫ਼ਲਾਂ ਤੋਂ ਇਲਾਵਾ ਜੂਸ ਜਾਂ ਸ਼ਰਬਤ ਦੇ ਰੂਪ ਵਿੱਚ ਵੀ ਕੀਤੀ ਜਾਂਦੀ ਹੈ। ਸਰਦੀ ਵਿੱਚ ਇਸ ਦੇ ਪੱਤੇ ਡਿੱਗ ਪੈਂਦੇ ਹਨ ਜੋ ਕਿ ਠੰਡ ਤੋਂ ਬਚਣ ਦਾ ਇੱਕ ਤਰੀਕਾ ਹੈ ਤੇ ਇਹ ਫਸਲ ਅਸਾਨੀ ਨਾਲ ਗਰਮੀ ਤੇ ਖੁਸ਼ਕੀ ਵੀ ਸਹਾਰ ਲੈਂਦੀ ਹੈ।
ਲੁਕਾਠ: ਇਹ ਫ਼ਲ ਵਿਟਾਮਿਨ ਏ ਅਤੇ ਐਂਟੀ ਆਕਸੀਡੈਂਟਾਂ ਦਾ ਚੰਗਾ ਸਰੋਤ ਹੈ। ਇਹ ਫ਼ਸਲ ਭਾਵੇਂ ਸੇਬ ਦੇ ਪਰਿਵਾਰ ਵਿੱਚੋਂ ਹੈ ਜਿਸਦੇ ਬਹੁਤੇ ਫ਼ਲ ਠੰਡੇ ਇਲਾਕਿਆਂ ਵਿੱਚ ਹੀ ਹੁੰਦੇ ਹਨ ਪਰ ਇਹ ਫਸਲ ਸਦਾਬਹਾਰ ਹੈ ਅਤੇ ਅਸਾਨੀ ਨਾਲ ਗਰਮੀ ਤੇ ਸੋਕੇ ਨੂੰ ਸਹਾਰ ਲੈਂਦੀ ਹੈ। ਪੰਜਾਬ ਵਿੱਚ ਇਸਦੇ ਪੱਕਣ ਦਾ ਸਮਾਂ ਹੀ ਇਸਦਾ ਗੁਣ ਹੈ ਇਹ ਫਸਲ ਮਾਰਚ ਦੇ ਅਖੀਰਲੇ ਹਫਤੇ ਤੋਂ ਤੁੜਾਈ ਲਈ ਤਿਆਰ ਹੋ ਜਾਂਦੀ ਹੈ ਜਦੋਂ ਕਿ ਇਸ ਸਮੇਂ ਵਿੱਚ ਹੋਰ ਤਾਜੇ ਫ਼ਲ ਬਹੁਤੇ ਮੰਡੀ ਵਿੱਚ ਮੌਜੂਦ ਨਹੀਂ ਹੁੰਦੇ।
ਖਜੂਰ: ਖਜੂਰ ਦੇ ਫ਼ਲਾਂ ਵਿੱਚ 15 ਤਰ੍ਹਾਂ ਤੇ ਤੱਤ ਅਤੇ 7 ਤਰ੍ਹਾਂ ਦੇ ਵਿਟਾਮਨ ਅਤੇ ਕਈ ਅੇਟੀ-ਆਕਸੀਡੈਂਟ ਹੋਣ ਕਾਰਨ ਇਹ ਬਹੁਤਾਤ ਦਾ ਪਸੰਦੀਦਾ ਫਲ ਹੈ। ਇਸ ਵਿੱਚ ਮੌਜੂਦ ਕੁਦਰਤੀ ਮਿਠਾਸ ਕਾਰਨ ਇਸਨੂੰ ਕਈ ਪਕਵਾਨਾ ਵਿੱਚ ਕੁਦਰਤੀ ਖੰਡ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਇਸਦੇ ਗੁਣਾ ਦੀ ਗਵਾਹੀ ਧਾਰਮਿਕ ਤੇ ਪੁਰਾਣਕ ਅਯੁਰਵੈਦਿਕ ਲਿਖਤਾਂ ਵਿੱਚ ਵੀ ਮਿਲਦੀ ਹੈ। ਇਸਦੇ ਤਾਜੇ ਫ਼ਲਾਂ ਦੀ ਵਰਤੋਂ ਤੋਂ ਇਲਾਵਾ ਛੁਹਾਰੇ, ਜੈਮ, ਚਟਨੀ, ਅਚਾਰ, ਜੂਸ ਆਦਿ ਦੇ ਰੂਪ ਵਿੱਚ ਕੀਤੀ ਜਾਂਦੀ ਹੈ।
ਜਾਮਨ: ਇਸਦੇ ਫ਼ਲਾਂ ਵਿੱਚ ਬਹੁਤ ਸਾਰੇ ਦਵਾਈਆਂ ਵਾਲੇ ਗੁਣ ਮੌਜੂਦ ਹੁੰਦੇ ਹਨ ਤੇ ਇਸ ਦਾ ਇੱਕ ਵੱਖਰਾ ਸੁਆਦ ਹੁੰਦਾ ਹੈ ਜੋ ਇਸਨੂੰ ਹਰ ਉਮਰ ਵਰਗ ਦੇ ਲੋਕਾਂ ਦੀ ਪਸੰਦ ਬਣਾਉਦਾ ਹੈ। ਇਸਦੇ ਫ਼ਲਾਂ ਤੋਂ ਇਲਾਵਾ ਇਸਦੀਆਂ ਸੁਕੀਆਂ ਗਿਟਕਾਂ ਦੀ ਵਰਤੋਂ ਵੀ ਕਈ ਰੂਪਾਂ ਵਿੱਚ ਕੀਤੀ ਜਾਂਦੀ ਹੈ।
ਸਰੋਤ: ਕੁਲਦੀਪ ਸਿੰਘ ਭੁੱਲਰ, ਫ਼ਲ ਵਿਗਿਆਨੀ, ਸਕੂਲ ਆਫ ਆਰਗੈਨਿਕ ਫਾਰਮਿੰਗ
Summary in English: Profitable Business For Small Farmers: Cultivation of these fruits will bring huge profit to small and marginal farmers, economic situation will improve.