
ਲੀਚੀ ਦੀ ਖੇਤੀ ਨਾਲ ਜੁੜੀਆਂ ਖ਼ਾਸ ਗੱਲਾਂ
Lychee Fruit: ਲੀਚੀ ਇੱਕ ਬਹੁਤ ਹੀ ਸਵਾਦਿਸ਼ਟ ਅਤੇ ਠੰਡੀ ਤਸੀਰ ਵਾਲਾ ਫ਼ਲ ਹੈ। ਦੇਸ਼ ਦੇ ਕਈ ਸੂਬਿਆਂ ਵਿੱਚ ਇਸ ਫ਼ਲ ਦੀ ਪੈਦਾਵਾਰ ਹੁੰਦੀ ਹੈ। ਇਨ੍ਹਾਂ ਸੂਬਿਆਂ ਵਿੱਚ ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸ਼ਾਮਲ ਹਨ। ਪਰ ਇਸ ਦੀ ਵਧਦੀ ਮੰਗ ਨੂੰ ਦੇਖਦਿਆਂ ਹੁਣ ਬਿਹਾਰ, ਝਾਰਖੰਡ, ਛੱਤੀਸਗੜ੍ਹ, ਉੜੀਸਾ, ਪੰਜਾਬ, ਹਰਿਆਣਾ, ਉਤਰਾਂਚਲ, ਅਸਾਮ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਆਦਿ ਸੂਬਿਆਂ 'ਚ ਵੀ ਇਸ ਦੀ ਕਾਸ਼ਤ ਕੀਤੀ ਜਾ ਰਹੀ ਹੈ।
Lychee Crop: ਗਰਮੀਆਂ ਵਿੱਚ ਲੀਚੀ ਦੇ ਦਰਖਤ ਦੇ ਫਲ ਲੱਗਣੇ ਸ਼ੁਰੂ ਹੋ ਜਾਂਦੇ ਹਨ। ਇਹ ਅਪ੍ਰੈਲ ਅਤੇ ਮਈ ਵਿੱਚ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ। ਜਿਵੇਂ ਹੀ ਫਲ ਆਉਂਦਾ ਹੈ, ਉਸ ਵਿੱਚ ਕੀੜਿਆਂ ਅਤੇ ਬਿਮਾਰੀਆਂ ਦਾ ਪ੍ਰਕੋਪ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਲੀਚੀ ਉਤਪਾਦਕ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਸਮੇਂ ਸਿਰ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਉਪਾਅ ਕਰਨ ਅਤੇ ਫ਼ਸਲ ਨੂੰ ਬਚਾਉਣ ਤਾਂ ਜੋ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕੇ। ਅੱਜ ਅਸੀਂ ਤੁਹਾਨੂੰ ਗਰਮੀਆਂ ਵਿੱਚ ਲੀਚੀ ਦੀ ਫ਼ਸਲ ਦੇ ਕੀੜਿਆਂ ਅਤੇ ਬਿਮਾਰੀਆਂ ਅਤੇ ਇਨ੍ਹਾਂ ਤੋਂ ਬਚਾਅ ਦੇ ਉਪਾਅ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।
ਲੀਚੀ ਦੀ ਫ਼ਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਦੇ ਤਰੀਕੇ:
1. ਫਲ ਦਾ ਗੜੂੰਆਂ: ਇਹ ਕੀੜਾ ਫਲ ਦੇ ਉੱਪਰਲੇ ਛਿਲਕੇ ਤੋਂ ਭੋਜਨ ਲੈਂਦਾ ਹੈ ਅਤੇ ਫਲ ਨੂੰ ਨੁਕਸਾਨ ਪਹੁੰਚਾਉਦਾ ਹੈ। ਜਿਸਦੇ ਚਲਦਿਆਂ ਨਿੱਕੇ-ਨਿੱਕੇ ਬਰੀਕੀ ਸੁਰਾਖ ਫਲਾਂ ਦੇ ਉੱਤੇ ਦੇਖਣ ਨੂੰ ਮਿਲਦੇ ਹਨ।
ਰੋਕਥਾਮ: ਸਭ ਤੋਂ ਪਹਿਲਾਂ ਤਾਂ ਬਾਗ ਨੂੰ ਸਾਫ ਰੱਖੋ ਅਤੇ ਨੁਕਸਾਨੇ ਅਤੇ ਡਿੱਗੇ ਹੋਏ ਫ਼ਲਾਂ ਨੂੰ ਦੂਰ ਲਿਜਾ ਕੇ ਨਸ਼ਟ ਕਰ ਦਿਓ। ਟਰਾਈਕੋਡਰਮਾ 20000 ਅੰਡੇ ਪ੍ਰਤੀ ਏਕੜ ਜਾਂ ਨਿੰਬੀਸਾਈਡਿਨ 50 ਗ੍ਰਾਮ ਪ੍ਰਤੀ 10 ਲੀਟਰ ਪਾਣੀ + ਸਾਈਪਰਮੈਥਰਿਨ 25 ਈ ਸੀ 8 ਮਿਲੀਲੀਟਰ ਪ੍ਰਤੀ 10 ਲੀਟਰ ਅਤੇ ਡਾਈਕਲੋਰੋਵਾਸ 20 ਮਿਲੀਲੀਟਰ ਪ੍ਰਤੀ 10 ਲੀਟਰ ਫਲ ਬਣਨ ਸਮੇਂ ਅਤੇ ਰੰਗ ਬਣਨ ਸਮੇਂ ਸਪਰੇਅ ਕਰੋ। 7 ਦਿਨਾਂ ਦੇ ਫਾਸਲੇ ਤੇ ਦੁਬਾਰਾ ਸਪਰੇਅ ਕਰੋ। ਫਲ ਬਣਨ ਸਮੇਂ ਡਾਈਫਲੂਬੈਨਜ਼ਿਊਰੋਨ 25 ਡਬਲਿਯੂ ਪੀ 2 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਕੀਤੀ ਗਈ ਸਪਰੇਅ ਪ੍ਰਭਾਵਸ਼ਾਲੀ ਹੁੰਦੀ ਹੈ। ਆਖਰੀ ਸਪਰੇਅ ਕਟਾਈ ਤੋਂ 15 ਦਿਨ ਪਹਿਲਾਂ ਕਰੋ।
2. ਜੂੰ: ਇਹ ਲੀਚੀ ਦੀ ਫਸਲ ਨੂੰ ਲੱਗਣ ਵਾਲਾ ਸਭ ਤੋਂ ਖਤਰਨਾਕ ਕੀੜਾ ਹੈ। ਇਸ ਦਾ ਲਾਰਵਾ ਅਤੇ ਕੀੜਾ ਪੱਤਿਆਂ ਦੇ ਹੇਠਲੇ ਪਾਸੋਂ ਅਤੇ ਤਣਿਆਂ ਆਦਿ ਦਾ ਰਸ ਚੂਸ ਲੈਂਦਾ ਹੈ। ਇਸ ਦੇ ਹਮਲੇ ਕਾਰਨ ਪੱਤਿਆਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਦਾ ਸ਼ਿਕਾਰ ਹੋਏ ਪੱਤੇ ਮੁੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਬਾਅਦ ਵਿੱਚ ਝੜ ਕੇ ਡਿੱਗ ਪੈਂਦੇ ਹਨ।
ਰੋਕਥਾਮ: ਇਸ ਬਿਮਾਰੀ ਦੇ ਸ਼ਿਕਾਰ ਹਿੱਸਿਆਂ ਦੀ ਛਗਾਂਈ ਕਰਕੇ ਉਨ੍ਹਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ। 3 ਮਿਲੀਲੀਟਰ ਡੀਕੋਫੋਲ 17.8 ਈ.ਸੀ 3 ਮਿ:ਲੀ ਪ੍ਰਤੀ ਲੀਟਰ ਜਾਂ ਪ੍ਰੋਪਰਗਾਈਟ 57 ਈ.ਸੀ 2.5 ਮਿ:ਲੀ ਪ੍ਰਤੀ ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ 7 ਦਿਨਾਂ ਦੇ ਵਕਫੇ ਦੌਰਾਨ ਸਪਰੇਅ ਕਰੋ। ਇਸ ਘੋਲ ਦਾ ਛਿੜਕਾਅ ਕਰੂੰਬਲਾਂ ਫੁੱਟਣ ਤੋਂ ਪਹਿਲਾਂ ਨਵੇਂ ਤਣਿਆਂ ਤੇ ਕਰਨਾ ਚਾਹੀਦਾ ਹੈ।
3. ਪੱਤੇ ਵਿੱਚ ਸੁਰਾਖ ਕਰਨ ਵਾਲਾ ਕੀੜਾ: ਇਸ ਦਾ ਹਮਲਾ ਦਿਖਾਈ ਦੇਣ ਤੇ ਨੁਕਸਾਨੇ ਪੱਤਿਆਂ ਨੂੰ ਤੋੜ ਦੇਣਾ ਚਾਹੀਦਾ ਹੈ।
ਰੋਕਥਾਮ: ਡਾਈਮੈਥੋਏਟ 30 ਈ.ਸੀ. 200 ਮਿ.ਲੀ. ਜਾਂ ਇਮੀਡਾਕਲੋਪਰਿਡ 17.8 ਐਸ.ਐਲ. 60 ਮਿ:ਲੀ: ਦਾ 150 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਫਲ ਪੈਣ ਵੇਲੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ। ਦੂਜੀ ਸਪਰੇਅ 15 ਦਿਨਾਂ ਦੇ ਅੰਤਰਾਲ ਦੌਰਾਨ ਕਰਨੀ ਚਾਹੀਦੀ ਹੈ।
4. ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਧੱਬੇ: ਇਸ ਨੂੰ ਭੂਰੇਪਣ ਦਾ ਰੋਗ ਵੀ ਕਿਹਾ ਜਾਂਦਾ ਹੈ। ਪੱਤਿਆਂ, ਫੁੱਲਾਂ ਅਤੇ ਕੱਚੇ ਫਲਾਂ ਦੇ ਉੱਪਰ ਚਿੱਟੇ ਧੱਬਿਆਂ ਦੇ ਨਾਲ ਭੂਰੇ ਦਾਗ ਨਜ਼ਰ ਆਉਦੇ ਹਨ। ਇਹ ਪੱਕੇ ਫਲਾਂ ਉੱਤੇ ਵੀ ਹਮਲਾ ਕਰਦੀ ਹੈ। ਦਿਨ ਵੇਲੇ ਜਿਆਦਾ ਤਾਪਮਾਨ ਅਤੇ ਰਾਤ ਵੇਲੇ ਘੱਟ ਤਾਪਮਾਨ, ਜਿਆਦਾ ਨਮੀ ਅਤੇ ਲਗਾਤਾਰ ਮੀਂਹ ਦਾ ਪੈਣਾ ਇਸ ਬਿਮਾਰੀ ਦੇ ਫੈਲਣ ਦਾ ਕਾਰਨ ਹੁੰਦਾ ਹੈ।
ਰੋਕਥਾਮ: ਕਟਾਈ ਤੋਂ ਬਾਅਦ ਬਾਗਾਂ ਨੂੰ ਚੰਗੀ ਤਰਾਂ ਸਾਫ ਕਰ ਦਿਓ। ਸਰਦੀਆਂ ਵਿੱਚ ਇਸ ਬਿਮਾਰੀ ਤੋਂ ਬਚਣ ਲਈ ਕੋਪਰ ਆਕਸੀਕਲੋਰਾਈਡ ਦੀ ਸਪਰੇਅ ਕਰੋ।
5. ਐਂਥਰਾਕਨੋਸ: ਚਾਕਲੇਟੀ ਰੰਗ ਦੇ ਬੇਢੰਗੇ ਆਕਾਰ ਦੇ ਪੱਤਿਆਂ, ਟਹਿਣੀਆਂ, ਫੁੱਲਾਂ ਅਤੇ ਫਲਾਂ ਉੱਤੇ ਧੱਬੇ ਨਜ਼ਰ ਆਉਦੇ ਹਨ।
ਰੋਕਥਾਮ: ਫਾਲਤੂ ਟਹਿਣੀਆ ਨੂੰ ਹਟਾ ਦਿਓ ਅਤੇ ਪੌਦੇ ਦੀ ਵਧੀਆ ਢੰਗ ਨਾਲ ਛੰਗਾਈ ਕਰੋ। ਫਰਵਰੀ ਦੇ ਮਹੀਨੇ ਵਿੱਚ ਬੋਰਡਿਊਕਸ ਦੀ ਸਪਰੇਅ ਕਰੋ, ਅਪ੍ਰੈਲ ਅਤੇ ਅਕਤੂਬਰ ਮਹੀਨੇ ਵਿੱਚ ਕਪਤਾਨ ਡਬਲਿਯੂ ਪੀ 0.2 % ਇਸ ਬਿਮਾਰੀ ਦੀ ਰੋਕਥਾਮ ਲਈ ਵਰਤੋ।
6. ਪੌਦੇ ਦਾ ਸੁੱਕਣਾ ਅਤੇ ਜੜਾਂ ਗਲਣ: ਇਹ ਬਿਮਾਰੀ ਦੇ ਕਾਰਨ ਪੌਦੇ ਦੀਆਂ 1 ਜਾਂ 2 ਟਹਿਣੀਆਂ ਜਾਂ ਸਾਰਾ ਪੌਦਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਪੌਦੇ ਵਿੱਚ ਅਚਾਨਕ ਸੋਕਾ ਆਉਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਜੇਕਰ ਇਸ ਬਿਮਾਰੀ ਦਾ ਇਲਾਜ ਜਲਦੀ ਨਾ ਕੀਤਾ ਜਾਵੇ ਤਾਂ ਜੜਾਂ ਗਲਣ ਦੀ ਬਿਮਾਰੀ ਦਰੱਖਤ ਨੂੰ ਬਹੁਤ ਤੇਜ਼ੀ ਨਾਲ ਮਾਰ ਦਿੰਦੀ ਹੈ।
ਰੋਕਥਾਮ: ਨਵੇਂ ਬਾਗ ਲਗਾਉਣ ਤੋਂ ਪਹਿਲਾਂ ਖੇਤ ਨੂੰ ਸਾਫ ਕਰੋ ਅਤੇ ਪੁਰਾਣੀ ਫਸਲ ਦੀਆਂ ਜੜਾਂ ਨੂੰ ਖੇਤ ਵਿੱਚੋ ਬਾਹਰ ਕੱਢ ਦਿਓ।ਪੌਦੇ ਦੇ ਆਸੇ ਪਾਸੇ ਪਾਣੀ ਖੜਾ ਨਾ ਹੋਣ ਦਿਓ ਅਤੇ ਸਹੀ ਜਲ ਨਿਕਾਸ ਦਾ ਢੰਗ ਅਪਣਾਓ। ਪੌਦੇ ਦੀ ਛੰਗਾਈ ਕਰੋ ਅਤੇ ਫਾਲਤੂ ਟਹਿਣੀਆਂ ਨੂੰ ਕੱਟ ਦਿਓ।
7. ਲਾਲ ਕੁੰਗੀ: ਪੱਤਿਆਂ ਦੇ ਹੇਠਲੇ ਪਾਸੇ ਗੂੜੇ ਉੱਲੀ ਦੇ ਧੱਬੇ ਨਜ਼ਰ ਆਉਦੇ ਹਨ। ਇਹ ਬਹੁਤ ਤੇਜ਼ੀ ਨਾਲ ਫੈਲਦੀ ਹੈ ਅਤੇ ਬਾਅਦ ਵਿੱਚ ਜਾਮਣੀ ਲਾਲ ਭੂਰੀ ਤੋਂ ਸੰਤਰੀ ਰੰਗ ਦੀ ਹੋ ਕੇ ਵੱਧਦੀ ਹੈ। ਨੁਕਸਾਨੇ ਪੱਤੇ ਮੁੜ ਜਾਂਦੇ ਹਨ।
ਰੋਕਥਾਮ: ਇਸ ਦੀ ਰੋਕਥਾਮ ਲਈ ਜੂਨ ਤੋਂ ਅਕਤੂਬਰ ਮਹੀਨੇ ਵਿੱਚ ਕੋਪਰ ਆਕਸੀ ਕਲੋਰਾਈਡ 0.3% ਦੀ ਸਪਰੇਅ ਕਰੋ। ਜੇਕਰ ਖੇਤ ਵਿੱਚ ਨੁਕਸਾਨ ਜਿਆਦਾ ਦਿਖੇ ਤਾਂ ਬੋਰਡਿਊਕਸ ਘੋਲ ਦੀ ਸਤੰਬਰ ਤੋਂ ਅਕਤੂਬਰ ਮਹੀਨੇ ਅਤੇ ਫਰਵਰੀ ਤੋਂ ਮਾਰਚ ਮਹੀਨੇ ਵਿੱਚ ਸਪਰੇਅ ਕਰੋ। ਜਰੂਰਤ ਪੈਣ ਤੇ 15 ਦਿਨਾਂ ਦੇ ਫਾਸਲੇ ਤੇ ਸਪਰੇਅ ਕਰਦੇ ਰਹੋ।
ਇਹ ਵੀ ਪੜ੍ਹੋ: World Most Expensive Mango: ਦੁਨੀਆ ਦੇ ਸਭ ਤੋਂ ਮਹਿੰਗੇ ਅੰਬ ਦੀ ਕੀਮਤ ਜਾਣ ਕੇ ਉੱਡ ਜਾਣਗੇ ਹੋਸ਼!
8. ਫਲ ਗਲਣ: ਇਹ ਲੀਚੀ ਦੀ ਫਸਲ ਦੀ ਕਟਾਈ ਤੋਂ ਬਾਅਦ ਦੀ ਖਤਰਨਾਕ ਬਿਮਾਰੀ ਹੈ। ਜੇਕਰ ਸਟੋਰੇਜ ਸਹੀ ਢੰਗ ਨਾਲ ਨਹੀਂ ਕੀਤੀ ਗਈ ਤਾਂ ਫਲਾਂ ਉੱਤੇ ਪਾਣੀ ਦੇ ਰੂਪ ਦੇ ਧੱਬੇ ਬਣ ਜਾਂਦੇ ਹਨ ਅਤੇ ਬਾਅਦ ਵਿੱਚ ਉਹਨਾਂ ਵਿੱਚੋ ਗੰਦੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ।
ਰੋਕਥਾਮ: ਕਟਾਈ ਤੋਂ ਬਾਅਦ ਫਲਾਂ ਨੂੰ ਘੱਟ ਤਾਪਮਾਨ ਤੇ ਸਟੋਰ ਕਰੋ। ਘੱਟ ਤਾਪਮਾਨ ਫਲ ਗਲਣ ਦੀ ਦਰ ਨੂੰ ਘਟਾ ਦਿੰਦਾ ਹੈ।
ਲੀਚੀ ਨੂੰ ਨੁਕਸਾਨ ਤੋਂ ਬਚਾਉਣ ਲਈ ਕੁਝ ਹੋਰ ਖਾਸ ਗੱਲਾਂ ਦਾ ਧਿਆਨ ਰੱਖੋ:
-ਫੁੱਲ ਦੇ ਖਿੜਨ ਤੋਂ ਲੈ ਕੇ ਫਲਾਂ ਦੇ ਦਾਣੇ ਬਣਨ ਤੱਕ ਲੀਚੀ ਵਿੱਚ ਕਿਸੇ ਵੀ ਤਰ੍ਹਾਂ ਦੇ ਰਸਾਇਣਕ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਇਸ ਨਾਲ ਮਧੂ ਮੱਖੀਆਂ 'ਤੇ ਇਸ ਦਾ ਅਸਰ ਪੈਂਦਾ ਹੈ। ਜੋ ਕਿ ਲੀਚੀ ਵਿੱਚ ਪਰਾਗਣ ਲਈ ਜ਼ਰੂਰੀ ਹਨ।
-ਜਦੋਂ ਵੀ ਤੁਸੀਂ ਰਸਾਇਣਕ ਦਵਾਈਆਂ ਦਾ ਛਿੜਕਾਅ ਕਰੋ ਤਾਂ ਘੋਲ ਵਿੱਚ ਇੱਕ ਸਟਿੱਕਰ (ਇੱਕ ਚੱਮਚ ਪ੍ਰਤੀ 15 ਲੀਟਰ ਘੋਲ) ਲਗਾਓ। ਕਦੇ ਵੀ ਸਰਫ ਜਾਂ ਡਿਟਰਜੈਂਟ ਦੀ ਵਰਤੋਂ ਨਾ ਕਰੋ।
-ਰਸਾਇਣਕ ਕੀਟਨਾਸ਼ਕਾਂ ਦਾ ਛਿੜਕਾਅ ਦੁਪਹਿਰ ਦੇ ਸਮੇਂ ਕਰਨਾ ਬਿਹਤਰ ਹੈ। ਸਵੇਰੇ ਅਤੇ ਸ਼ਾਮ ਨੂੰ ਛਿੜਕਾਅ ਕਰਨ ਤੋਂ ਬਚੋ।
-ਰੋਕਥਾਮ ਵਾਲੇ ਰਸਾਇਣਕ ਕੀਟਨਾਸ਼ਕਾਂ ਦੀ ਵਰਤੋਂ ਦੇ ਸਬੰਧ ਵਿੱਚ, ਧਿਆਨ ਵਿੱਚ ਰੱਖੋ ਕਿ ਇੱਕ ਹੀ ਕੀਟਨਾਸ਼ਕ ਦੀ ਵਰਤੋਂ ਵਾਰ-ਵਾਰ ਨਾ ਕਰੋ। ਕਿਉਂਕਿ ਅਜਿਹਾ ਵਾਰ-ਵਾਰ ਕਰਨ ਨਾਲ ਕੀੜੇ ਅਤੇ ਰੋਗਾਣੂਆਂ ਵਿਚ ਇਨ੍ਹਾਂ ਰਸਾਇਣਕ ਕੀਟਨਾਸ਼ਕਾਂ ਪ੍ਰਤੀ ਰੋਧਕ ਸ਼ਕਤੀ ਪੈਦਾ ਹੋ ਜਾਂਦੀ ਹੈ, ਜਿਸ ਨਾਲ ਉਨ੍ਹਾਂ 'ਤੇ ਕੀਟਨਾਸ਼ਕਾਂ ਦਾ ਪ੍ਰਭਾਵ ਬੰਦ ਹੋ ਜਾਂਦਾ ਹੈ।
Summary in English: Lychee Fruit: How to Protect Litchi from Heavy Loss in Summer! Know the right way!