1. Home
  2. ਬਾਗਵਾਨੀ

ਆਓ ਜਾਣੀਏ ਫ਼ੁੱਲਾਂ ਦੀ ਤੁੜਾਈ ਤੋਂ ਬਾਅਦ ਸਾਂਭ-ਸੰਭਾਲ ਦੀਆਂ ਇਹ ਖ਼ਾਸ ਤਕਨੀਕਾਂ

ਅੱਜ ਅੱਸੀ ਤੁਹਾਡੇ ਨਾਲ ਫ਼ੁੱਲਾਂ ਦੀ ਤੁੜਾਈ ਤੋਂ ਬਾਅਦ ਸਾਂਭ-ਸੰਭਾਲ ਦੀਆਂ ਕੁਝ ਖ਼ਾਸ ਤਕਨੀਕਾਂ ਸਾਂਝੀਆਂ ਕਰਨ ਜਾ ਰਹੇ ਹਾਂ, ਜੋ ਬਹੁਤ ਹੀ ਫਾਇਦੇਮੰਦ ਸਾਬਤ ਹੋਣਗੀਆਂ।

Gurpreet Kaur Virk
Gurpreet Kaur Virk
ਨਵੀਆਂ ਤਕਨੀਕਾਂ ਰਾਹੀਂ ਕਰੋ ਫ਼ੁੱਲਾਂ ਦੀ ਸੰਭਾਲ

ਨਵੀਆਂ ਤਕਨੀਕਾਂ ਰਾਹੀਂ ਕਰੋ ਫ਼ੁੱਲਾਂ ਦੀ ਸੰਭਾਲ

ਅੱਜਕੱਲ੍ਹ, ਲੋਕ ਵਧੇਰੇ ਵਾਤਾਵਰਣ-ਅਨੁਕੂਲ ਅਤੇ ਕੁਦਰਤ-ਪ੍ਰੇਮੀ ਬਣ ਰਹੇ ਹਨ. ਇਹੀ ਕਾਰਨ ਹੈ ਕਿ ਫਲੋਰੀਕਲਚਰ ਅੱਜਕੱਲ੍ਹ ਬਹੁਤ ਤੇਜ਼ੀ ਨਾਲ ਖੇਤੀ ਉਦਯੋਗ ਵਜੋਂ ਉੱਭਰ ਰਿਹਾ ਹੈ। ਅਜਿਹੇ 'ਚ ਅੱਜ ਅੱਸੀ ਤੁਹਾਡੇ ਨਾਲ ਫੁੱਲਾਂ ਨਾਲ ਜੁੜੀਆਂ ਕੁਝ ਖਾਸ ਤਕਨੀਕਾਂ ਸਾਂਝੀਆਂ ਕਰਨ ਜਾ ਰਹੇ ਹਾਂ, ਜੋ ਬਹੁਤ ਹੀ ਫਾਇਦੇਮੰਦ ਸਾਬਤ ਹੋਣਗੀਆਂ। ਤਾਂ ਆਓ ਜਾਣੀਏ ਫ਼ੁੱਲਾਂ ਦੀ ਤੁੜਾਈ ਤੋਂ ਬਾਅਦ ਸਾਂਭ-ਸੰਭਾਲ ਦੀਆਂ ਇਹ ਖ਼ਾਸ ਤਕਨੀਕਾਂ...

ਉਤਪਾਦਾਂ ਦੀ ਵਿਭਿੰਨ ਸ਼੍ਰੇਣੀਆਂ ਵਿੱਚ ਡੰਡੀ ਵਾਲੇ ਅਤੇ ਬਿਨਾਂ ਡੰਡੀ ਦੇ ਫੁੱਲ, ਗਮਲਿਆਂ ਵਿੱਚ ਲੱਗਣ ਵਾਲੇ ਬੂਟੇ, ਬੀਜ, ਬੱਲਬ, ਕੰਧ, ਸੁੱਕੇ ਪੌਦੇ ਆਦਿ ਫਲੋਰੀਕਲਚਰ ਉਦਯੋਗ ਦੇ ਮਹੱਤਵਪੂਰਨ ਅੰਗ ਹਨ। ਪੰਜਾਬ ਵਿੱਚ ਗੇਂਦਾ, ਗਲੈਡੀਉਲਸ, ਗੁਲਾਬ ਅਤੇ ਗੁਲਦੌਦੀ ਮਹੱਤਵਪੂਰਨ ਫ਼ਸਲਾਂ ਹਨ। ਫੁੱਲਾਂ ਦਾ ਮੰਡੀਕਰਨ ਉਨ੍ਹਾਂ ਦੀ ਤਾਜ਼ਗੀ ਅਤੇ ਸੁੰਦਰਤਾ ’ਤੇ ਅਧਾਰਤ ਹੈ, ਪਰ ਤਾਜ਼ੇ ਫੁੱਲਾਂ ਦੇ ਨਾਸ਼ਵਾਨ ਸੁਭਾਅ ਕਾਰਨ ਤੁੜਾਈ ਤੋਂ ਲੈ ਕੇ ਮੰਡੀਕਰਨ ਤੱਕ ਹੋਣ ਵਾਲਾ ਨੁਕਸਾਨ ਕਿਸਾਨਾਂ ਲਈ ਵੱਡਾ ਖ਼ਤਰਾ ਬਣ ਗਿਆ ਹੈ। ਇਸ ਲਈ ਫੁੱਲਾਂ ਦੀ ਗੁਣਵੱਤਾ ਅਤੇ ਫੁੱਲਦਾਨ ਅਵਧੀ ਨੂੰ ਬਣਾਈ ਰੱਖਣ ਲਈ ਤੁੜਾਈ ਉਪਰੰਤ ਫੁੱਲਾਂ ਦੀ ਸਾਂਭ-ਸੰਭਾਲ ਦੀਆਂ ਉਚਿਤ ਤਕਨੀਕਾਂ ਦੀ ਲੋੜ ਹੈ।

ਫੁੱਲਾਂ ਦੀ ਤੁੜਾਈ ਤੋਂ ਬਾਅਦ ਦੀ ਤਾਜ਼ਗੀ, ਤੁੜਾਈ ਤੋਂ ਪਹਿਲਾਂ, ਤੁੜਾਈ ਵੇਲੇ ਅਤੇ ਤੁੜਾਈ ਉਪਰੰਤ ਦੇ ਕਾਰਕਾਂ ਤੇ ਨਿਰਭਰ ਕਰਦੀ ਹੈ। ਤੁੜਾਈ ਤੋਂ ਪਹਿਲਾਂ ਦੇ ਕਾਰਕਾਂ ਵਿੱਚ ਉਚਿੱਤ ਕਿਸਮਾਂ ਦੀ ਚੋਣ, ਸਹੀ ਵਾਤਾਵਰਣ (ਤਾਪਮਾਨ, ਚਾਨਣ ਆਦਿ), ਪੋਸ਼ਣ ਅਤੇ ਸਿੰਚਾਈ ਸ਼ਾਮਲ ਹੁੰਦੇ ਹਨ। ਜੇ ਫ਼ਸਲਾਂ ਨੂੰ ਖੇਤਾਂ ਵਿੱਚ ਵਾਧੇ ਦੇ ਦੌਰਾਨ ਅਣਉਚਿੱਤ ਤਾਪਮਾਨ, ਨਮੀ, ਸਿੰਚਾਈ, ਪੌਸ਼ਟਿਕ, ਕੀਟ ਜਾਂ ਕੀੜੇ-ਮਕੌੜੇ ਜਾਂ ਕੀੜਿਆਂ ਦੇ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਫੁੱਲਾਂ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ, ਜੋ ਆਖ਼ਰਕਾਰ ਤੁੜਾਈ ਉਪਰੰਤ ਉਨ੍ਹਾਂ ਦੀ ਫੁੱਲਦਾਨ ਅਵਧੀ ਨੂੰ ਘਟਾ ਦਿੰਦਾ ਹੈ।

ਫੁੱਲਾਂ ਦੀ ਤੁੜਾਈ ਦੀਆਂ ਤਕਨੀਕਾਂ

ਫੁੱਲਾਂ ਦੀ ਚੰਗੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਦੀ ਤੁੜਾਈ ਉਚਿਤ ਸਟੇਜ ’ਤੇ ਕੀਤੀ ਜਾਣੀ ਚਾਹੀਦੀ ਹੈ। ਤੋੜਨ ਤੋਂ ਪਹਿਲਾਂ ਪੌਦਿਆਂ ਨੂੰ ਸਿੰਜਿਆ ਜਾਣਾ ਚਾਹੀਦਾ ਹੈ। ਖੇਤ ਦੇ ਸਾਰੇ ਫੁੱਲਾਂ ਦੀ ਕਟਾਈ ਇੱਕੋ ਸਮੇਂ ਨਹੀਂ ਕਰਨੀ ਚਾਹੀਦੀ। ਸਹੀ ਸਟੇਜ ਤੋਂ ਪਹਿਲਾਂ ਜਾਂ ਬਾਅਦ ਵਿੱਚ ਕੱਟੇ ਫੁੱਲ ਛੇਤੀ ਮੁਰਝਾ ਜਾਂਦੇ ਹਨ। ਹਰ ਫੁੱਲ ਦੀ ਕਟਾਈ ਲਈ ਇੱਕ ਨਿਰਧਾਰਿਤ ਸਟੇਜ ਹੁੰਦੀ ਹੈ ਜਿਵੇਂ ਕਿ ਕੁੱਝ ਫੁੱਲਾਂ ਦੀ ਕਟਾਈ ਟਾਈਟ ਬਡ ਸਟੇਜ ’ਤੇ ਕੀਤੀ ਜਾ ਸਕਦੀ ਹੈ ਜਿਸਦਾ ਉਨ੍ਹਾਂ ਦੇ ਜੀਵਨ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ, ਕੁੱਝ ਫੁੱਲਾਂ ਨੂੰ ਇਸ ਸਟੇਜ ਤੇ ਕੱਟਣ ਨਾਲ ਕਈ ਬਿਮਾਰੀਆਂ ਜਿਵੇਂ ਕਿ ਝੁਕੀਆਂ ਹੋਈਆਂ ਗਲੀਆਂ, ਵਿਕਾਸ, ਪਿਗਮੈਂਟੇਸ਼ਨ ਜਾਂ ਅਸਾਧਾਰਨ ਖੁੱਲ੍ਹਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਤੁੜਾਈ ਦੀ ਸਟੇਜ਼, ਸਟੋਰੇਜ ਜਾਂ ਆਵਾਜਾਈ ਦੇ ਸਮੇਂ ਤੇ ਵੀ ਨਿਰਭਰ ਕਰਦੀ ਹੈ। ਬਹੁਤ ਸਾਰੇ ਫੁੱਲ ਜਿਵੇਂ ਕਿ ਗੁਲਾਬ, ਕਾਰਨੇਸ਼ਨ, ਗਲੈਡੀਉਲਸ, ਲੀਲੀਅਮ, ਆਈਰਿਸ, ਫ੍ਰੀਸੀਆ, ਰਜਨੀਗੰਧਾ ਅਤੇ ਡੈਫੋਡਿਲ ਦੀ ਤੁੜਾਈ ਬਡ ਸਟੇਜ ’ਤੇ ਕੀਤੀ ਜਾ ਸਕਦੀ ਹੈ ਕਿਉਂਕਿ ਇਨ੍ਹਾਂ ਫੁੱਲਾਂ ਦੇ ਬਡ ਕਟਾਈ ਤੋਂ ਬਾਅਦ ਖੁੱਲ੍ਹਦੇ ਰਹਿੰਦੇ ਹਨ। ਦੂਜੇ ਪਾਸੇ ਫੁੱਲਾਂ ਜਿਵੇਂ ਕਿ ਜਰਬੇਰਾ, ਕੈਲੰਡੂਲਾ, ਐਸਟਰ, ਜਿਪਸੋਫਿਲਾ, ਜ਼ਿੰਨੀਆਂ ਆਦਿ ਪੂਰੀ ਤਰ੍ਹਾਂ ਖੁੱਲ੍ਹੇ ਪੜਾਅ ’ਤੇ ਕੱਟਣੇ ਚਾਹੀਦੇ ਹਨ।

ਕੁੱਝ ਫੁੱਲਾਂ ਦੀਆਂ ਡੰਡੀਆਂ ਜਿਵੇਂ ਕਿ ਐਂਟੀਰਿਹਨਮ, ਲਾਰਕਸਪੁਰ ਜਾਂ ਲੂਪਿਨ ਜੋ ਇੱਕੋ ਡੰਡੀ ’ਤੇ ਬਹੁਤ ਸਾਰੇ ਫੁੱਲ ਦਿੰਦੇ ਹਨ, ਨੂੰ ਉਸ ਸਮੇਂ ਕੱਟਣਾ ਚਾਹੀਦਾ ਹੈ, ਜਦੋਂ ਘੱਟੋ-ਘੱਟ ਤੋਂ 1/3 ਫੁੱਲ ਪੂਰੀ ਤਰ੍ਹਾਂ ਖੁੱਲ੍ਹੇ ਹੋਣ। ਆਮ ਤੌਰ ’ਤੇ ਸਪਾਈਕ ਕਿਸਮ ਦੇ ਫੁੱਲਾਂ ਦੀ ਕਟਾਈ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਇੱਕ-ਚੌਥਾਈ ਤੋਂ ਅੱਧੇ ਫੁੱਲਦਾਰ ਖੁੱਲ੍ਹੇ ਹੁੰਦੇ ਹਨ। ਜਦੋਂਕਿ, ਡੇਜ਼ੀ ਕਿਸਮ ਦੇ ਫੁੱਲਾਂ ਦੀ ਕਟਾਈ ਪੂਰੀ ਤਰ੍ਹਾਂ ਖੁੱਲ੍ਹਣ ’ਤੇ ਕੀਤੀ ਜਾਂਦੀ ਹੈ। ਤੁੜਾਈ ਦੀ ਸਹੀ ਸਟੇਜ ਤੋਂ ਇਲਾਵਾ, ਫੁੱਲਾਂ ਦੀ ਕਟਾਈ ਸਵੇਰੇ ਅਤੇ ਸ਼ਾਮ ਦੇ ਸਮੇਂ ਕੀਤੀ ਜਾਣੀ ਚਾਹੀਦੀ ਹੈ ਜਦੋਂ ਤ੍ਰੇਲ ਫੈਲ ਜਾਂਦੀ ਹੈ ਕਿਉਂਕਿ ਸਤਹ ਤੇ ਨਮੀ ਉਨ੍ਹਾਂ ਲਈ ਜਰਾਸੀਮ ਦੇ ਸੰਕਰਮਣ ਦਾ ਕਾਰਣ ਬਣ ਸਕਦੀ ਹੈ।

ਫੁੱਲ ਕੱਟਣ ਲਈ ਤਿੱਖੀ ਚਾਕੂ ਜਾਂ ਸੇਕਟਰਸ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਡੰਡੀ ਨੂੰ ਕੋਈ ਨੁਕਸਾਨ ਨਾ ਹੋਵੇ। ਪਾਣੀ ਦੇ ਸੋਖਣ ਵਾਲੀ ਸਤਹ ਦੇ ਖੇਤਰ ਨੂੰ ਵਧਾਉਣ ਲਈ ਡੰਡੀ ਨੂੰ ਹਮੇਸ਼ਾਂ ਟੇਡਾ ਕੱਟਣਾ ਚਾਹੀਦਾ ਹੈ। ਲੈਟੇਕਸ (ਡਾਹਲੀਆ, ਪਾਇਨਸਟੀਆ) ਛੱਡਣ ਵਾਲੇ ਫੁੱਲਾਂ ਨੂੰ ਤੁੜਾਈ ਤੋਂ ਤੁਰੰਤ ਬਾਅਦ ਕੁੱਝ ਸਕਿੰਟਾਂ ਲਈ ਗਰਮ ਪਾਣੀ (80-90°C) ਵਿੱਚ ਡੁਬੋਇਆ ਜਾਣਾ ਚਾਹੀਦਾ ਹੈ। ਫੁੱਲਾਂ ਨੂੰ ਸਾਫ਼ ਬਾਲਟੀਆਂ ਵਿੱਚ ਰੱਖਣਾ ਚਾਹੀਦਾ ਹੈ ਜਿਸ ਵਿੱਚ ਪਾਣੀ (ਐਸਿਡਿਕ) ਅਤੇ ਇੱਕ ਬਾਇਓਸਾਈਡ ਹੋਵੇ। ਫੁੱਲਾਂ ਨੂੰ ਛਾਂਵੇ ਰੱਖਣਾ ਚਾਹੀਦਾ ਹੈ। ਫੁੱਲ ਡੰਡੀ ਦੇ ਹੇਠਲੇ ਹਿੱਸੇ ਤੋਂ ਜੋ ਕਿ ਪਾਣੀ ਵਿੱਚ ਰੱਖਣੀ ਹੈ ਉਸ ਤੋਂ ਪੱਤਿਆਂ ਨੂੰ ਤੋੜਨਾ ਚਾਹੀਦਾ ਹੈ।

ਤੁੜਾਈ ਉਪਰੰਤ ਫੁੱਲਾਂ ਦੀ ਸਾਂਭ ਸੰਭਾਲ ਦੀਆਂ ਤਕਨੀਕਾਂ

ਫੁੱਲਾਂ ਦੀ ਤੁੜਾਈ ਤੋਂ ਬਾਅਦ ਦੀ ਸੰਭਾਲ ਵਿੱਚ ਫੁੱਲਾਂ ਦੀ ਕੰਡੀਸ਼ਨਿੰਗ, ਕੂਲਿੰਗ ਅਤੇ ਰਸਾਇਣਕ ਇਲਾਜ਼ ਸ਼ਾਮਲ ਹਨ। ਲੰਬੇ ਅਰਸੇ ਤੱਕ ਫੁੱਲਾਂ ਦੀ ਤਾਜ਼ਗੀ ਬਣਾਈ ਰੱਖਣ ਲਈ ਅਤੇ ਤੁੜਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਕੱਟੇ ਫੁੱਲਾਂ ਦੀ ਕੰਡੀਸ਼ਨਿੰਗ, ਪਹਿਲੇ ਉਨ੍ਹਾਂ ਨੂੰ ਸਿਟਰਿਕ ਐਸਿਡ/ਗਰਮ ਪਾਣੀ ਵਿੱਚ ਕੁੱਝ ਦੇਰ ਰੱਖ ਕੇ ਅਤੇ ਫੇਰ ਠੰਡੇ ਪਾਣੀ ਵਿੱਚ ਰੱਖ ਕੇ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਨ੍ਹੇਰੇ ਕਮਰੇ ਵਿੱਚ ਰੱਖ ਦਿੱਤਾ ਜਾਂਦਾ ਹੈ। ਫਿਰ ਕੰਡੀਸ਼ਨਡ ਫੁੱਲਾਂ ਨੂੰ ਘੱਟ ਤਾਪਮਾਨ (2-3°C) ਤੇ ਸਟੋਰ ਕੀਤਾ ਜਾਂਦਾ ਹੈ ਤਾਂ ਜੋ ਉਹ ਜ਼ਿਆਦਾ ਸਮੇਂ ਤੱਕ ਤਾਜ਼ੇ ਰਹਿਣ।

ਪ੍ਰੀਜ਼ਰਵੇਟਿਵ/ਫੁੱਲਾਂ ਦੇ ਘੋਲ ਦੀ ਵਰਤੋਂ ਕੱਟੇ ਫੁੱਲਾਂ ਦੀ ਫੁੱਲਦਾਨ ਜ਼ਿੰਦਗੀ ਵਧਾਉਣ ਲਈ ਕੀਤੀ ਜਾਂਦੀ ਹੈ ਕਿਉਂਕਿ ਇਸ ਘੋਲ ਵਿੱਚ ਚੀਨੀ ਅਤੇ ਜੀਵਾਣੂਨਾਸ਼ਕ ਹੁੰਦੇ ਹਨ ਜੋ ਕਿ ਮਾਈਕਰੋਬਾਇਲ ਵਾਧੇ ਨੂੰ ਰੋਕਦਾ ਹਨ। ਵਪਾਰਕ ਤੌਰ ਤੇ ਮਹੱਤਵਪੂਰਨ ਫ਼ਸਲਾਂ ਜਿਵੇਂ ਕਿ ਗੇਂਦਾ, ਗਲੈਡਿਓਲਸ, ਗੁਲਾਬ ਅਤੇ ਗੁਲਦੌਦੀ ਦੀ ਸਾਂਭ-ਸੰਭਾਲ ਲਈ ਕੁੱਝ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ ਹਨ। ਇਨ੍ਹਾਂ ਤਕਨੀਕਾਂ ਦੇ ਮੁਤਾਬਿਕ ਫੁੱਲਾਂ ਨੂੰ ਕੱਟਣ ਤੋਂ ਬਾਅਦ ਵਧੇਰੇ ਸਮੇਂ ਲਈ ਤਾਜ਼ਾ ਰੱਖਿਆ ਜਾ ਸਕਦਾ ਹੈ ਅਤੇ ਚੰਗੀ ਗੁਣਵੱਤਾ ਵਾਲੇ ਫੁੱਲਾਂ ਦੀ ਮੰਡੀ ਵਿੱਚ ਚੰਗੀ ਕੀਮਤ ਮਿਲ ਸਕਦੀ ਹੈ ਅਤੇ ਸਪਲਾਈ ਨੂੰ ਨਿਯਮਿਤ ਵੀ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਗੈਂਦੇ ਦੇ ਫੁੱਲਾਂ ਦੀ ਚੰਗੀ ਪੈਦਾਵਾਰ ਲਈ ਅਪਣਾਓ ਇਹ ਵਿਧੀ

ਗਲੈਡੀਓਲਸ: ਗਲੈਡੀਓਲਸ ਦੀਆਂ ਸਪਾਈਕਸ ਨੂੰ ਟਾਈਟ ਬਡ ਸਟੇਜ ਤੇ ਕੱਟ ਕੇ ਸਿੱਧਾ ਖੜ੍ਹੇ ਰੱਖਣਾ ਚਾਹੀਦਾ ਹੈ। ਸਪਾਈਕਸ ਨੂੰ ਸੁੱਕਰੋਜ਼ (4%) ਅਤੇ ਅਲਮੀਨੀਅਮ ਸਲਫੇਟ (400 ਪਪਮ) ਜਾਂ ਕਲੋਰੀਨ (100 ਪਪਮ) ਦੇ ਘੋਲ ਵਿੱਚ ਰੱਖਣ ਨਾਲ ਇਨ੍ਹਾਂ ਦੀ ਫੁੱਲਦਾਨ ਅਵਧੀ ਨੂੰ ਵਧਾਇਆ ਜਾ ਸਕਦਾ ਹੈ। ਸਪਾਈਕਸ ਨੂੰ ਸਟੋਰ ਕਰਨ ਲਈ ਇਨ੍ਹਾਂ ਨੂੰ ਪਾਣੀ ਵਿੱਚ ਜਾਂ ਸੁੱਕਾ (ਧਰੇ) ਰੱਖਿਆ ਜਾ ਸਕਦਾ ਹੈ। ਗਿੱਲੇ ਸਟੋਰੇਜ਼ ਵਿੱਚ ਸਪਾਈਕਸ ਦੇ ਹੇਠਲੇ ਹਿੱਸੇ ਨੂੰ ਪਾਣੀ ਵਿੱਚ ਰੱਖਿਆ ਜਾਂਦਾ ਹੈ ਜਦੋਂਕਿ ਸੁੱਕੀ ਸਟੋਰੇਜ ਵਿੱਚ ਸਪਾਈਕਸ ਨੂੰ ਬਿਨਾਂ ਪਾਣੀ ਜਾਂ ਕਿਸੇ ਘੋਲ ਦੇ ਵੱਖ-ਵੱਖ ਸਲੀਵਜ਼ ਵਿੱਚ ਪੈਕ ਕਰਕੇ ਸਟੋਰ ਕੀਤਾ ਜਾਂਦਾ ਹੈ।

ਗਿੱਲੀ ਸਟੋਰੇਜ: ਇਸ ਸਟੋਰੇਜ ਲਈ ਸਪਾਈਕਸ ਦੀ ਕਟਾਈ ਉਦੋਂ ਕੀਤੀ ਜਾਂਦੀ ਹੈ ਜਦੋਂ 5-7 ਹੇਠਲੇ ਫੁੱਲਦਾਰ ਰੰਗ ਦਿਖਾਉਂਦੇ ਹਨ। ਇਨ੍ਹਾਂ ਸਪਾਈਕਸ ਨੂੰ ਫਰਿੱਜ ਵਾਲੀਆਂ ਸਥਿਤੀਆਂ (2-4°C) ਅਧੀਨ ਪਾਣੀ ਵਿੱਚ ਸਿੱਧਾ ਰੱਖ ਦਿੱਤਾ ਜਾਂਦਾ ਹੈ। ਇਸ ਤਰ੍ਹਾਂ 9 ਦਿਨਾਂ ਤੱਕ ਸਟੋਰ ਕਰਨ ਨਾਲ, ਸਪਾਈਕਸ ਦੀ ਗੁਣਵੱਤਾ ਤੇ ਕੋਈ ਅਸਰ ਨਹੀਂ ਪੈਂਦਾ ਅਤੇ ਇਹਨਾਂ ਨੂੰ ਸਜਾਵਟ ਲਈ ਵਰਤਿਆ ਜਾ ਸਕਦਾ ਹੈ।

ਸੁੱਕੀ (ਡਰਾਈ) ਸਟੋਰੇਜ: ਇਸ ਸਟੋਰੇਜ ਵਿੱਚ ਸਪਾਈਕਸ ਨੂੰ ਟਾਈਟ ਬਡ ਸਟੇਜ (ਹੇਠਲੇ 1-2 ਫੁੱਲਦਾਰ ਰੰਗ ਦਿਖਾਉਂਦੇ ਹਨ) ਤੇ ਕੱਟ ਕੇ ਵੱਖ-ਵੱਖ ਸਲੀਵਜ਼ ਵਿੱਚ ਪੈਕ ਕੀਤਾ ਜਾਂਦਾ ਹੈ। ਗਲੈਡੀਓਲਸ ਸਪਾਈਕਸ ਦੀ ਸੋਧੀ ਹੋਈ ਵਾਯੂਮੰਡਲ ਪੈਕਜਿੰਗ (ਐੱਮ.ਏ.ਪੀ.) ਕੀਤੀ ਗਈ ਹੈ ਜਿਸ ਅਨੁਸਾਰ 10 ਫੁੱਲ ਡੰਡੀਆਂ ਨੂੰ ਟਾਈਟ ਬਡ ਸਟੇਜ ਤੇ ਕੱਟਣ ਉਪਰੰਤ 100 ਗੇਜ਼ ਪੌਲੀਪਰੋਪੀਲੇਨ ਸਲੀਵ (120 x 18 ਸੈ.ਮੀ. 50 ਛੇਕ) ਵਿੱਚ ਸਿੱਧਾ ਖੜ੍ਹੇ ਕਰਕੇ 10 ਦਿਨਾਂ ਤੱਕ ਸਟੋਰ ਕੀਤਾ ਜਾ ਸਕਦਾ ਹੈ। ਦਸ ਦਿਨਾਂ ਦੀ ਸਟੋਰੇਜ ਤੋਂ ਬਾਅਦ ਇਹ ਫੁੱਲ ਡੰਡੀਆਂ 13 ਦਿਨ ਤੱਕ ਸਜਾਵਟ ਵਿੱਚ ਵਰਤਣ ਦੇ ਯੋਗ ਰਹਿੰਦੀਆਂ ਹਨ।

ਗੇਂਦਾ: ਗੇਂਦੇ ਦੇ ਫੁੱਲਾਂ ਨੂੰ ਪੂਰਾ ਖੁੱਲ੍ਹਣ ਤੋਂ ਬਾਅਦ ਬਿਨ੍ਹਾਂ ਡੰਡੀ ਦੇ ਕੱਟਿਆ ਜਾਂਦਾ ਹੈ ਤੇ ਕਿਸੀ ਠੰਡੀ ਥਾਂ ਤੇ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਪੱਲੀ ਵਿੱਚ ਜਾਂ ਬਾਂਸ ਦੀ ਟੌਕਰੀ ਵਿੱਚ ਪਾ ਕੇ ਇਸ ਨੂੰ ਮੰਡੀ ਲਿਜਾਇਆ ਜਾਂਦਾ ਹੈ। ਅਜਿਹਾ ਕਰਨ ਨਾਲ ਫੁੱਲਾਂ ਦੀ ਗੁਣਵੱਤਾ ਨੂੰ ਨੁਕਸਾਨ ਹੁੰਦਾ ਹੈ ਅਤੇ ਮੰਡੀ ਵਿੱਚ ਕੀਮਤ ਹੀ ਘੱਟਦੀ ਹੈ। ਗੇਂਦੇ ਦੇ ਫੁੱਲਾਂ ਨੂੰ ਆਵਾਜਾਈ ਦੌਰਾਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਫੁੱਲਾਂ ਨੂੰ ਗੱਤੇ ਦੇ ਰੇਸ਼ ਵਾਲੇ ਬਕਸੇ (ਸੀ.ਐੱਫ.ਬੀ., 3 ਪਲਾਈ) ਵਿੱਚ ਪਾ ਕੇ ਨੇੜੇ ਜਾਂ ਦੂਰ ਦੀ ਮੰਡੀ ਲਿਜਾਇਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਫੁੱਲਾਂ ਨੂੰ 3 ਦਿਨ ਤੱਕ ਪੈਕ ਕਰਕੇ ਰੱਖਿਆ ਜਾ ਸਕਦਾ ਹੈ ਅਤੇ ਉਹਨਾਂ ਦੇ ਭਾਰ ਜਾਂ ਗੁਣਵੱਤਾ ਘੱਟਣ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ ਹੈ।

ਗੁਲਾਬ: ਡੰਡੀ ਵਾਲੇ ਫੁੱਲਾਂ ਦੇ ਤੌਰ ਤੇ ਇਸਤੇਮਾਲ ਕੀਤੇ ਜਾਣ ਵਾਲੇ ਗੁਲਾਬ ਦੀ ਕਟਾਈ ਟਾਈਟ ਬਡ ਸਟੇਜ ਤੇ ਕੀਤੀ ਜਾਂਦੀ ਹੈ। ਗੁਲਾਬ ਦੀ ਡੰਡੀ ਨੂੰ ਅਲਮੀਨੀਅਮ ਸਲਫੇਟ (300 ਪਪਮ) ਜਾਂ ਕਲੋਰੀਨ (50 ppm) ਅਤੇ 1.5% ਸੁਕਰੋਸ ਦੇ ਘੋਲ ਵਿੱਚ ਪਾ ਕੇ ਰੱਖਣ ਨਾਲ, ਇਸਦੀ ਫੁੱਲਦਾਨ ਅਵਧੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਗੁਲਾਬ ਨੂੰ 7 ਦਿਨਾਂ ਲਈ ਗਿੱਲੀ ਸਟੋਰੇਜ ਕਰਕੇ ਰੱਖਿਆ ਜਾ ਸਕਦਾ ਹੈ। ਗੁਲਾਬ ਦੀਆਂ ਡੰਡੀਆਂ ਨੂੰ ਅਲਮੀਨੀਅਮ ਸਲਫੇਟ (300 ppm) ਜਾਂ ਕਲੋਰੀਨ (50 ppm) ਦੇ ਘੋਲ ਵਿੱਚ ਪਾ ਕੇ ਫਰਿੱਜ ਵਾਲੀਆਂ ਸਥਿਤੀਆਂ (2-4°C) ਵਿੱਚ 7 ਦਿਨ ਤੱਕ ਰੱਖਣ ਨਾਲ ਕੋਈ ਗੁਣਵੱਤਾ ਤੇ ਮਾੜਾ ਅਸਰ ਨਹੀਂ ਹੁੰਦਾ।

ਗੁਲਦੌਦੀ: ਗੁਲਦੌਦੀ ਦੇ ਫੁੱਲਾਂ ਦੀ ਫੁੱਲਦਾਨ ਅਵਧੀ ਨੂੰ ਘਟਾਉਣ ਦਾ ਮੁੱਖ ਕਾਰਨ ਪੱਤੇ ਹਨ। ਇਸ ਦੇ ਪੱਤੇ, ਫੁੱਲਾਂ ਤੋਂ ਪਹਿਲੇ ਪੀਲੇ ਪੈ ਜਾਂਦੇ ਹਨ ਜਿਸ ਕਾਰਨ ਫੁੱਲਾਂ ਦੀ ਗੁਣਵੱਤਾ ਤੇ ਅਸਰ ਹੁੰਦਾ ਹੈ। ਇਸ ਲਈ ਜੇ ਪੱਤਿਆਂ ਤੇ ਸਾਇਟੋਕਿਨੀਨਜ਼ ਦਾ ਸਪਰੇਅ ਕੀਤਾ ਜਾਵੇ ਜਾਂ ਡੰਡੀਆਂ ਨੂੰ ਇਸਦੇ ਘੋਲ ਵਿੱਚ ਰੱਖਿਆ ਜਾਵੇ ਤਾਂ ਪੱਤੇ ਪੀਲੇ ਦੇਰ ਨਾਲ ਪੈਣ ਕੇ ਅਤੇ ਫੁੱਲਾਂ ਦੀ ਫੁੱਲਦਾਨ ਅਵਧੀ ਤੇ ਵੀ ਕੋਈ ਪ੍ਰਭਾਵ ਨਹੀਂ ਪਏਗਾ।

ਰਜਨੀਗੱਧਾ (ਟਿਊਬਰੋਜ਼): ਟਿਊਬਰੋਜ਼ ਦੀਆਂ ਸਪਾਈਕਸ ਸਿੰਗਲ ਫੁੱਲਾਂ ਵਾਲੀਆਂ ਨੂੰ ਟਾਈਟ ਬਡ ਸਟੇਜ ਅਤੇ ਡਬਲ ਫੁੱਲ ਵਾਲੀਆਂ ਕਿਸਮਾਂ ਨੂੰ 3-4 ਫੁੱਲਦਾਰ ਖੁੱਲ੍ਹੇ ਵਾਲੀ ਸਟੇਜ ਤੇ ਕੱਟਿਆ ਜਾਂਦਾ ਹੈ। ਸਪਾਈਕਜ ਦੀ ਫੁੱਲਦਾਨ ਅਵਧੀ ਵਧਾਉਣ ਲਈ ਫੁੱਲਦਾਨ ਦੇ ਘੋਲ ਵਿੱਚ ਸੁਕਰੋਜ਼ ਪਾਈ ਜਾਂਦੀ ਹੈ। ਟਿਊਬਰੋਜ਼ ਸਪਾਈਕਸ ਚਿੱਟੇ ਰੰਗ ਵਿੱਚ ਉਪਲਬਧ ਹੁੰਦੀਆਂ ਹਨ। ਅਲੱਗ-ਅਲੱਗ ਤਰ੍ਹਾਂ ਦੇ ਰੰਗਾਂ ਨਾਲ ਸਪਾਈਕਸ ਦੀ ਪਰਿਵਰਤਨਸ਼ੀਲਤਾ ਰੰਗਾਈ ਕੀਤੀ ਜਾ ਸਕਦੀ ਹੈ। ਟਿਊਬਰੋਜ਼ ਦੀਆਂ ਡੰਡੀਆਂ ਨੂੰ ਰੰਗਣ ਲਈ ਡੰਡੀ ਦਾ ਹੇਠਲਾ (5-7 ਚਮ) ਹਿੱਸਾ ਰੰਗਾਈ ਵਾਲੇ ਘੋਲ, ਜਿਸ ਵਿੱਚ 1% ਢੋਦ ਦੇੲ; 2% ਸੁਕਰੋਜ਼ ਅਤੇ 300 ਮਗ/ਲ ਸਿਟਰਿਕ ਐਸਿਡ ਹੁੰਦਾ ਹੈ, ਵਿੱਚ 2 ਘੰਟੇ ਲਈ ਡੁਬੋ ਕੇ ਰੱਖਣਾ ਪੈਂਦਾ ਹੈ। 2 ਘੰਟਿਆਂ ਬਾਅਦ ਸਪਾਈਕਸ ਦੇ ਫੁੱਲਦਾਰ ਤੇ ਲੋੜੀਂਦਾ ਰੰਗ ਆ ਜਾਂਦਾ ਹੈ। ਇਸ ਤਕਨੀਕ ਨਾਲ ਕਿਸਾਨਾਂ/ਫੁੱਲ ਮਾਲਕਾਂ ਦੀ ਸਜਾਵਟੀ ਸਕੀਮਾਂ ਲਈ ਲੋੜੀਂਦੇ ਰੰਗ ਦੀ ਮੰਗ ਪੂਰੀ ਹੋਣ ਦੇ ਨਾਲ-ਨਾਲ, ਸਪਾਈਕਸ ਦੀ ਕੀਮਤਾਂ ਵਿੱਚ ਵੀ ਵਾਧਾ ਹੁੰਦਾ ਹੈ।

ਜਰਬੇਰਾ: ਜਰਬੇਰਾ ਦੇ ਫੁੱਲਾਂ ਨੂੰ ਪੂਰਾ ਖੁੱਲਣ ਤੇ ਕੱਟਿਆ ਜਾਂਦਾ ਹੈ। ਤੋੜਨ ਤੋਂ ਬਾਅਦ ਫੁੱਲ ਦੇ ਸਿਰ ਨੂੰ ਡੰਡੀ ਤੇ ਸਿੱਧਾ ਰੱਖਣ ਲਈ, ਸਿਰ ਤੇ ਪਤਲੀ ਪਲਾਸ਼ਟਿਕ ਸਲੀਵ ਨੂੰ ਰਬੜ ਨਾਲ ਡੰਡੀ ਤੇ ਬੰਨਿਆ ਜਾਂਦਾ ਹੈ। ਜਰਬੇਰਾ ਦਾ ਫੁੱਲ ਤੋੜਨ ਤੋਂ ਬਾਅਦ ਛੇਤੀ ਝੁੱਕ ਜਾਂਦਾ ਹੈ ਜਾਂ ਸਿਰ ਸੁੱਟ ਦਿੰਦਾ ਹੈ। ਇਸ ਨੂੰ ਰੋਕਣ ਲਈ ਤੋੜਦੇ ਸਾਰ ਫੁੱਲ ਡੰਡੀ ਨੂੰ ਇੱਕ ਮਿੰਟ ਲਈ ਸੋਡੀਅਮ ਹਾਈਪੋਕਲੋਰਾਈਟ ਦੇ 1% ਘੋਲ ਵਿੱਚ ਡਬੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਫੁੱਲਾਂ ਨੂੰ ਵਧੇਰੇ ਸਮੇਂ ਲਈ ਬਿਨ੍ਹਾਂ ਨੁਕਸਾਨ ਤੋਂ ਸਟੋਰ ਕੀਤਾ ਜਾ ਸਕਦਾ ਹੈ ਜਾਂ ਆਵਾਜਾਈ ਕੀਤੀ ਜਾ ਸਕਦੀ ਹੈ।

ਫਲੋਰਿਸ਼ਟ ਗ੍ਰੀਨਜ਼ (ਹਰੇ ਪੱਤੇਦਾਰ ਪੌਦੇ): ਫਰਨ ਦੇ ਪੱਤਿਆਂ ਦੀਆਂ ਫੁੱਲਦਾਨ ਅਵਧੀ ਚੰਗੀ ਹੈ ਪਰ ਸਟੋਰੇਜ ਜਾਂ ਆਵਾਜਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਇਹਨਾਂ ਦੀ ਸੁੱਕੀ ਸਟੋਰੇਜ ਅਤੇ ਪੈਕਿੰਗ ਨੂੰ ਤਰਜੀਹ ਦਿੱਤੀ ਜਾਂਦੀ ਹੈ। 50 ਜਾਂ 100 ਪੱਤਿਆਂ ਦੇ ਬੰਡਲ ਨੂੰ 100 ਗਜ ਦੀ ਪੌਲੀਪ੍ਰੋਪਾਈਲੀਨ (ਪੀ.ਪੀ.) ਜਾਂ ਪੌਲੀਥੀਲੀਨ (ਪੀ.ਈ.) ਸਲੀਵਜ਼ ਵਿੱਚ ਪੈਕ ਕਰਕੇ ਫਰਿੱਜ ਵਾਲੀਆਂ ਸਥਿਤੀਆਂ (2-4°C) ਵਿੱਚ 20 ਦਿਨ ਤੱਕ ਸਟੋਰ ਕੀਤਾ ਜਾ ਸਕਦਾ ਹੈ। 20 ਦਿਨਾਂ ਬਾਅਦ ਵੀ ਇਹਨਾਂ ਪੱਤਿਆਂ ਨੂੰ ਸਜਾਵਟ ਲਈ ਵਰਤਿਆ ਜਾ ਸਕਦਾ ਹੈ।

Summary in English: Let's know these special maintenance techniques after picking flowers

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters