Tips of Garden Maintenance: ਬਾਗਬਾਨੀ ਵਿਭਾਗ ਨੇ ਬਰਸਾਤ ਦੇ ਮੌਸਮ ਦੌਰਾਨ ਬਾਗਾਂ ਦੀ ਸਾਂਭ-ਸੰਭਾਲ ਸਬੰਧੀ ਕੁਝ ਨੁਕਤੇ ਬਾਗਬਾਨਾਂ ਨਾਲ ਸਾਂਝੇ ਕੀਤੇ ਹਨ ਤਾਂ ਜੋ ਬਾਗਾਂ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾ ਸਕੇ ਅਤੇ ਉਨ੍ਹਾਂ ਤੋਂ ਚੰਗਾ ਝਾੜ ਲਿਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਤਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਭਾਰੀ ਬਰਸਾਤ ਕਾਰਨ ਕਈ ਵਾਰ ਬਾਗਾਂ ਵਿੱਚ ਵਾਧੂ ਪਾਣੀ ਇਕੱਠਾ ਹੋ ਜਾਂਦਾ ਹੈ, ਇਸ ਵਾਧੂ ਪਾਣੀ ਨੂੰ ਬਾਗਾਂ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਕਿਉਂਕਿ ਇਹ ਵਾਧੂ ਖੜ੍ਹਾ ਪਾਣੀ ਬਾਗਾਂ ਨੂੰ ਨੁਕਸਾਨ ਪਹੁੰਚਾਉਂਦਾ ਸਕਦਾ ਹੈ।
ਇਸ ਮੌਕੇ ਤਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਖਾਲੀ ਜ਼ਮੀਨ ਤੇ ਅੰਤਰ ਫਸਲਾਂ ਦੀ ਕਾਸਤ ਅਤੇ ਹਰੀ ਖਾਦ ਲਈ ਸਾਉਣੀ ਦੀਆਂ ਫ਼ਲੀਦਾਰ ਫ਼ਸਲਾਂ ਜਿਵੇਂ ਕਿ ਮੂੰਗੀ, ਮਾਂਹ, ਜੰਤਰ ਆਦਿ ਬੀਜ ਦੇਣਾ ਚਾਹੀਦਾ ਹੈ। ਨਾਖਾਂ ਦੇ ਫ਼ਲਾਂ ਨੂੰ ਬਗੈਰ ਟਾਹਣੀਆਂ ਦੀ ਟੁੱਟ-ਭੱਜ ਦੇ ਤੋੜਨਾ ਚਾਹੀਦਾ ਹੈ। ਪੂਰੀ ਤਰ੍ਹਾਂ ਪੱਕਣ ਵਾਲੇ ਬੇਰ ਦੇ ਰੁੱਖਾਂ ਨੂੰ ਇਸ ਮਹੀਨੇ 500 ਗ੍ਰਾਮ ਯੂਰੀਆ ਪ੍ਰਤੀ ਬੂਟਾ ਦੇਣਾ ਚਾਹੀਦਾ ਹੈ। ਕਿੰਨੂ ਵਿੱਚ ਫਲਾਂ ਦੇ ਝਾੜ ਅਤੇ ਗੁਣਵੱਤਾ ਵਿੱਚ ਸੁਧਾਰ ਲਈ ਪੋਟਾਸ਼ੀਅਮ ਨਾਈਟ੍ਰੇਟ (1.0%) ਦਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ।
ਚੂਨੇ ਦੀ ਕਲੀ ਤਣੇ ਦੁਆਲੇ ਦੂਸਰੀ ਵਾਰ ਫੇਰ ਦਿਓ ਕਿਉਂਕਿ ਅਜਿਹਾ ਕਰਨ ਨਾਲ ਤਣਾ ਗਰਮੀ ਤੋਂ ਬਚਿਆ ਰਹੇਗਾ। ਨਿੰਬੂ ਜਾਤੀ ਦੇ ਕੀੜਿਆਂ ਦੀ ਰੋਕਥਾਮ ਲਈ 200 ਮਿਲੀਲੀਟਰ ਕਰੋਕੋਡਾਈਲ/ਕੌਨਫੀਡੋਰ 17.8 ਐਸਐਲ (ਇਮਿਡਾਕਲੋਪਰਡਿ) ਜਾਂ 160 ਗ੍ਰਾਮ ਐਕਟਾਰਾ (ਥਾਇਆਮੈਥਾਕਸਮ) ਨੂੰ 500 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਇਹ ਘੋਲ ਪੂਰੇ ਇੱਕ ਏਕੜ ਦੇ ਮੁਕੰਮਲ ਬਾਗ ਲਈ ਕਾਫੀ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ ਨੇ ਕਿਹਾ ਕਿ ਨਿੰਬੂ ਅਤੇ ਅੰਗੂਰ ਵਿੱਚ ਮੀਲੀਬੱਗ ਦੀ ਰੋਕਥਾਮ ਲਈ ਸਮੇਂ-ਸਮੇਂ ਤੇ ਪੱਤਿਆਂ ਦੇ ਹੇਠਲੇ ਪਾਸੇ, ਨਰਮ ਸ਼ਾਖਾਵਾਂ, ਜ਼ਮੀਨ ਨਾਲ ਛੂੰਹਦੀਆਂ ਟਹਿਣੀਆਂ ਤੇ ਫਲਾਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਬਾਗਾਂ ਨੂੰ ਸਾਫ-ਸੁਥਰਾ ਰੱਖਣ ਲਈ ਨਦੀਨਾਂ ਅਤੇ ਘਾਹ ਦੀ ਰੋਕਥਾਮ ਕਰਨੀ ਚਾਹੀਦੀ ਹੈ। ਦਰੱਖਤ ਦੀਆਂ ਟਹਿਣੀਆਂ ਦੀ ਕਾਂਟ-ਛਾਂਟ ਇਸ ਢੰਗ ਨਾਲ ਕਰੋ ਕਿ ਉਹ ਜ਼ਮੀਨ ਨੂੰ ਨਾ ਲੱਗਣ।
ਇਹ ਵੀ ਪੜ੍ਹੋ : ਤੇਜ਼ੀ ਨਾਲ ਵਧਣ ਵਾਲੇ ਫ਼ਲ ਦੇ ਰੁੱਖ ਲਗਾਓ, ਘੱਟ ਸਮੇਂ `ਚ ਮਿਲੇਗੀ ਚੰਗੀ ਪੈਦਾਵਾਰ!
ਹਮਲੇ ਹੇਠ ਆਈਆਂ ਟਹਿਣੀਆਂ ਨੂੰ ਕੱਟ ਕੇ ਨਸ਼ਟ ਕਰ ਦਿਉ। ਬਾਗਾਂ ਵਿੱਚੋਂ ਕੀੜੀਆਂ/ਕਾਡਿਆਂ ਦੇ ਭੌਂਣ ਨੂੰ ਨਸ਼ਟ ਕਰੋ। ਨਿੰਬੂ ਜਾਤੀ ਦੇ ਟਾਹਣੀਆਂ ਸੁੱਕਣ ਦੇ ਰੋਗ, ਸਕੈਬ ਅਤੇ ਕੋਹੜ ਰੋਗ ਨੂੰ ਰੋਕਣ ਲਈ ਬੋਰਡੋ ਮਿਸ਼ਰਣ ਦਾ ਛਿੜਕਾਅ 15 ਦਿਨਾਂ ਦੇ ਵਕਫ਼ੇ ਤੇ ਕਰੋ। ਨਿੰਬੂ ਜਾਤੀ ਦੇ ਪੈਰੋਂ ਗਲਣ ਦੇ ਰੋਗ (ਫ਼ਾਈਟਪਥੋਰਾ ਰੋਗ) ਦੀ ਰੋਕਥਾਮ ਲਈ ਬੂਟਿਆਂ ਦੀ ਛੱਤਰੀ ਹੇਠ ਜਮੀਨ ਅਤੇ ਮੁੱਖ ਤਣਿਆਂ ਉੱਪਰ 50 ਮਿਲੀਲਿਟਰ ਸੋਡੀਅਮ ਹਾਈਪੋਕਲੋਰਾਈਟ (5%) ਨੂੰ 10 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਬੂਟਾ ਪਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਇਨ੍ਹਾਂ ਫੁੱਲਾਂ ਵੱਲ ਮਧੂ-ਮੱਖੀਆਂ ਸਭ ਤੋਂ ਵੱਧ ਹੁੰਦੀਆਂ ਹਨ ਆਕਰਸ਼ਿਤ, ਬਾਗਬਾਨੀ ਅਤੇ ਮਧੂ ਮੱਖੀ ਪਾਲਣ ਲਈ ਲਾਹੇਵੰਦ
ਡਿਪਟੀ ਡਾਇਰੈਕਟਰ ਤਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਅੰਗੂਰਾਂ ਦੇ ਪੌਦਿਆਂ ਨੂੰ ਕੋਹੜ ਤੋਂ ਬਚਾਉਣ ਲਈ ਜੁਲਾਈ ਦੇ ਪਹਿਲੇ ਅਤੇ ਆਖਰੀ ਹਫ਼ਤੇ ਬੋਰਡੋ ਮਿਸ਼ਰਣ (2:2:250) 500 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। ਅਮਰੂਦ ਵਿੱਚ ਫਲ ਦੀ ਮੱਖੀ ਦੀ ਰੋਕਥਾਮ ਲਈ, ਜੁਲਾਈ ਦੇ ਪਹਿਲੇ ਹਫ਼ਤੇ ਪੀਏਯੂ ਫਲਾਈ ਟ੍ਰੈਪ (16 ਟਰੈਪ ਪ੍ਰਤੀ ਏਕੜ) ਲਗਾਓ ਅਤੇ ਲੋੜ ਅਨੁਸਾਰ ਦੁਬਾਰਾ ਲਾਗੂ ਕਰੋ।
ਬਾਗ਼ਾਂ ਵਿੱਚ ਫਲ ਦੀ ਮੱਖੀ ਗ੍ਰਸਤ ਫਲਾਂ ਨੂੰ ਨਿਯਮਤ ਤੌਰ 'ਤੇ ਇਕੱਠਾ ਕਰੋ ਅਤੇ ਦਬਾਓ। ਬਰਸਾਤੀ ਮੌਸਮ ਦੇ ਅਮਰੂਦ ਨੂੰ ਫਲ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਪੂਰੇ ਵੱਡੇ ਪਰ ਸਖ਼ਤ ਹਰੇ ਫਲਾਂ ਨੂੰ ਸਫ਼ੈਦ ਗੈਰ-ਬੁਣੇ ਕਵਰ ਨਾਲ ਢੱਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਸਾਵਧਾਨੀਆਂ ਅਪਣਾ ਕੇ ਬਾਗਬਾਨ ਆਪਣੇ ਬਗੀਚਿਆਂ ਦੀ ਚੰਗੀ ਦੇਖਭਾਲ ਕਰ ਸਕਦੇ ਹਨ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ (District Public Relations Office, Gurdaspur)
Summary in English: horticulture department shared the tips of garden maintenance during rainy season