Guava Cultivation: ਅਮਰੂਦ ਪੰਜਾਬ ਭਰ ਵਿੱਚ ਆਮ ਖਾਧਾ ਜਾਣ ਵਾਲਾ ਸੁਆਦੀ, ਪੌਸ਼ਟਿਕ ਅਤੇ ਗੁਣਕਾਰੀ ਫਲ ਹੈ, ਜੋ ਕਿ ਆਪਣੇ ਭਰਪੂਰ ਗੁਣਾਂ ਕਰਕੇ ਜਾਣਿਆ ਜਾਂਦਾ ਹੈ। ਇਹ ਵਿਟਾਮਿਨ ਭਰਪੂਰ ਫਲ ਹੈ ਜਿਸ ਵਿੱਚ ਵਿਟਾਮਿਨ `ਸੀ`, `ਏ` ਅਤੇ `ਬੀ` (ਰਾਈਬੋਫਲੋਵਿਨ) ਤੋਂ ਇਲਾਵਾ ਇਸ ਵਿੱਚ ਕੈਲਸ਼ੀਅਮ, ਫਾਸਫੋਰਸ ਅਤੇ ਲੋਹੇ ਦੇ ਤੱਤ ਵੀ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ। ਅਮਰੂਦ ਵਿੱਚ ਐਂਟੀਔਕਸੀਡੈਂਟ ਅੰਸ਼ ਹੁੰਦੇ ਹਨ ਅਤੇ ਇਹ ਖੂਨ ਦੇ ਉੱਪਰਲੇ ਦਬਾਅ ਨੂੰ ਠੀਕ ਰੱਖਦਾ ਹੈ। ਸਰਦੀਆਂ ਵਾਲਾ ਫਲ ਬਰਸਾਤੀ ਫਲ ਨਾਲੋਂ ਬੇਹਤਰ ਹੁੰਦਾ ਹੈ। ਅੱਜ ਅੱਸੀ ਤੁਹਾਨੂੰ ਅਮਰੂਦਾਂ 'ਤੇ ਹਮਲਾ ਕਰਨ ਵਾਲੇ ਕੀੜਿਆਂ ਤੇ ਬਿਮਾਰੀਆਂ ਤੋਂ ਬਚਣ ਲਈ ਸਰਬਪੱਖੀ ਕੀਟ ਪ੍ਰਬੰਧਾਂ ਬਾਰੇ ਦੱਸਣ ਜਾ ਰਹੇ ਹਾਂ।
Guava Pests and Diseases: ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਅਮਰੂਦ ਪੈਦਾ ਕੀਤਾ ਜਾਂਦਾ ਹੈ। ਪੰਜਾਬ ਵਿੱਚ ਅਮਰੂਦ ਹੇਠ 9730 ਹੈਕਟੇਅਰ ਰਕਬਾ ਹੈ ਜਿਸ ਵਿਚੋਂ ਤਕਰੀਬਨ 219850 ਟਨ ਉਤਪਾਦਨ ਹੁੰਦਾ ਹੈ। ਇਸ ਫਲ ਦੇ ਬੂਟਿਆਂ ਨੂੰ ਬਹੁਤ ਘੱਟ ਸਾਂਭ ਸੰਭਾਲ ਦੀ ਲੋੜ ਹੁੰਦੀ ਹੈ ਇਸ ਲਈ ਇਹ ਬਹੁਤ ਹੀ ਘੱਟ ਖਰਚ ਨਾਲ ਪਾਲਿਆ ਜਾ ਸਕਦਾ ਹੈ। ਅਮਰੂਦ ਦੇ ਬੂਟਿਆਂ ਤੇ ਕਈ ਕਿਸਮਾਂ ਦੇ ਕੀੜੇ ਤੇ ਬਿਮਾਰੀਆਂ ਹਮਲਾ ਕਰਦੇ ਹਨ, ਇਨ੍ਹਾਂ ਵਿਚੋਂ ਜੋ ਆਰਥਿਕ ਨੁਕਸਾਨ ਕਰ ਸਕਦੇ ਹਨ ੳਨ੍ਹਾਂ ਬਾਰੇ ਜਾਣਕਾਰੀ ਇਸ ਲੇਖ ਵਿੱਚ ਦਿੱਤੀ ਜਾ ਰਹੀ ਹੈ।
ਕੀੜੇ :
ਫਲ ਦੀ ਮੱਖੀ (ਫਰੂਟ ਫਲਾਈ): ਇਹ ਮੱਖੀ ਪੱਕ ਰਹੇ ਫ਼ਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਫਲ ਦੀ ਮੱਖੀ ਦੀਆਂ ਪੰਜਾਬ ਵਿੱਚ ਚਾਰ ਕਿਸਮਾਂ ਹਨ ਜੋ ਕਈ ਕਿਸਮ ਦੇ ਫਲਦਾਰ ਬੂਟਿਆ ਤੇ ਹਮਲਾ ਕਰਦੀਆਂ ਹਨ। ਜਿੰਨ੍ਹਾਂ ਵਿੱਚ ਆੜੂ ਅਮਰੂਦ, ਅੰਬ, ਨਾਸ਼ਪਾਤੀ, ਅਲੂਚਾ, ਨਿੰਬੂ ਜਾਤੀ ਦੇ ਫਲ, ਖਰਬੂਜਾ, ਲੁਕਾਠ ਆਦਿ ਸ਼ਾਮਿਲ ਹਨ। ਬਰਸਾਤਾਂ ਦੇ ਮੌਸਮ ਵਿੱਚ ਇਸ ਦਾ ਹਮਲਾ ਬਹੁਤ ਗੰਭੀਰ ਹੁੰਦਾ ਹੈ। ਮਈ ਤੋਂ ਅਗਸਤ ਤੱਕ ਇਹ ਮੱਖੀ ਆੜੂ ਤੇ ਅਮਰੂਦ ਤੇ ਬਰਸਾਤ ਦੀ ਰੁੱਤ ਵਿੱਚ ਫ਼ਲਾਂ ਵਿੱਚ ਹਮਲਾ ਕਰਦੀ ਹੈ।
ਰੋਕਥਾਮ ਦੇ ਢੰਗ-ਤਰੀਕੇ :
• ਬਰਸਾਤੀ ਫ਼ਲਾਂ ਨੂੰ ਪੱਕਣ ਤੋਂ ਪਹਿਲਾਂ ਚਿੱਟੇ ਰੰਗ ਦੇ ਨਾਨ-ਵੂਵਨ ਲਿਫ਼ਾਫ਼ਿਆਂ ਵਿੱਚ ਬੰਨ ਦਿਉ।
• ਫ਼ਲ ਦੀ ਮੱਖੀ ਦੇ ਗੰਭੀਰ ਹਮਲੇ ਵਾਲੇ ਬਾਗਾਂ ਚੋਂ ਵਰਖਾ ਰੁੱਤ ਦੀ ਫ਼ਸਲ ਨਹੀਂ ਲੈਣੀ ਚਾਹੀਦੀ।
• ਪੱਕੇ ਹੋਏ ਜਾਂ ਪੱਕ ਰਹੇ ਫ਼ਲ ਤੁਰੰਤ ਤੋੜ ਲਵੋ।
• ਮੱਖੀ ਦੇ ਹਮਲੇ ਵਾਲੇ ਅਤੇ ਡਿੱਗੇ ਹੋਏ ਸਾਰੇ ਫ਼ਲਾਂ ਨੂੰ ਜ਼ਮੀਨ ਵਿੱਚ ਘੱਟੋ-ਘੱਟ 60 ਸੈਂਟੀਮੀਟਰ ਡੂੰਘੇ ਦੱਬ ਦੇਣਾ ਚਾਹੀਦਾ ਹੈ।
• ਫ਼ਸਲ ਦੀ ਤੁੜਾਈ ਦੇ ਤੁਰੰਤ ਬਾਅਦ ਬਾਗ ਦੀ 4-6 ਸੈਂਟੀਮੀਟਰ ਤੱਕ ਕਲਟੀਵੇਟਰ ਨਾਲ ਹਲਕੀ ਵਹਾਈ ਕਰੋ ਤਾਂ ਜੋ ਮੱਖੀ ਦੀਆਂ ਸੁੰਡੀਆਂ ਬਾਹਰ ਆ ਕੇ ਮਰ ਜਾਣ।
• ਪੀ.ਏ.ਯੂ. (PAU) ਫਰੂਟ ਫਲਾਈ ਟਰੈਪ ਜੁਲਾਈ ਦੇ ਪਹਿਲੇ ਹਫ਼ਤੇ 16 ਟਰੈਪ ਪ੍ਰਤੀ ਏਕੜ ਦੇ ਹਿਸਾਬ ਨਾਲ ਲਗਾਉ ਅਤੇ ਲੋੜ ਪੈਣ ਤੇ ਦੁਬਾਰਾ ਲਗਾਉ।
ਪੀ.ਏ.ਯੂ. ਫ਼ਰੂਟ ਫ਼ਲਾਈ ਟਰੈਪ ਦੀ ਵਰਤੋਂ ਦੇ ਫ਼ਾਇਦੇ :
• ਇਸ ਤਕਨੀਕ ਨਾਲ ਫ਼ਲਾਂ ਅਤੇ ਵਾਤਾਵਰਣ ਵਿੱਚ ਕੀਟਨਾਸ਼ਕਾਂ ਦੇ ਅੰਸ਼ ਨਹੀਂ ਰਹਿੰਦੇ।
• ਵਧੀਆ ਗੁਣਵਤਾ ਵਾਲੇ ਮੰਡੀਕਰਨ ਯੋਗ ਫ਼ਲ ਪੈਦਾ ਹੁੰਦੇ ਹਨ।
• ਇਹ ਕੀਟਨਾਸ਼ਕਾਂ ਦੇ ਮੁਕਾਬਲੇ ਸਸਤੀ ਤਕਨੀਕ ਹੈ।
• ਇਸ ਤਕਨੀਕ ਦੀ ਵਰਤੋਂ ਨਾਲ ਨਰ ਮੱਖੀਆਂ ਬਹੁਤ ਘੱਟ ਸਮੇਂ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਟਰੈਪ ਵਿੱਚ ਫ਼ਸ ਕੇ ਮਰ ਜਾਂਦੀਆਂ ਹਨ, ਜਿਸ ਕਰਕੇ ਮਾਦਾ ਮੱਖੀਆਂ ਨਾਲ ਮਿਲਾਪ ਦੀ ਸੰਭਾਵਨਾ ਕਾਫ਼ੀ ਘੱਟ ਜਾਂਦੀ ਹੈ ਅਤੇ ਨਵੀਆਂ ਮੱਖੀਆਂ ਘੱਟ ਗਿਣਤੀ ਵਿੱਚ ਪੈਦਾ ਹੁੰਦੀਆਂ ਹਨ।
• ਟਰੈਪ ਦੀ ਵਰਤੋਂ ਨਾਲ ਬਾਗਾਂ ਵਿੱਚ ਲੰਬੇ ਸਮੇਂ ਤੱਕ ਮੱਖੀਆਂ ਦੀ ਰੋਕਥਾਮ ਹੁੰਦੀ ਹੈ।
• ਟਰੈਪਾਂ ਦੀ ਵਰਤੋਂ ਮੱਖੀਆਂ ਦੇ ਸੰਯੁਕਤ ਕੀਟ ਪ੍ਰਬੰਧ ਪ੍ਰੋਗਰਾਮ ਵਿੱਚ ਪੂਰੀ ਤਰਾਂ ਸਹਾਈ ਹੁੰਦੀ ਹੈ।
• ਇਹ ਟਰੈਪ ਬਰਸਾਤਾਂ ਵਿੱਚ ਵੀ ਕਾਮਯਾਬੀ ਨਾਲ ਵਰਤੇ ਜਾ ਸਕਦੇ ਹਨ।
• ਟਰੈਪਾਂ ਦੀ ਵਰਤੋਂ ਨਾਲ ਮਿੱਤਰ ਕੀੜਿਆਂ ਤੇ ਕੋਈ ਵੀ ਮਾੜਾ ਅਸਰ ਨਹੀਂ ਪੈਂਦਾ।
• ਇੱਕ ਟਰੈਪ ਵਿੱਚ 6000 ਦੇ ਕਰੀਬ ਨਰ ਮੱਖੀਆਂ ਫ਼ਸ ਕੇ ਮਰ ਜਾਂਦੀਆਂ ਹਨ।
ਤਣੇ ਦਾ ਗੜੂੰਆਂ (ਸ਼ੂਟ ਬੋਰਰ) :
ਤਣੇ ਦੇ ਗੜੂੰਏ ਦਾ ਹਮਲਾ ਮਾਰਚ ਤੋਂ ਦਸੰਬਰ ਤੱਕ ਪਨੀਰੀ ਵਿੱਚ ਜਾਂ ਨਵੇਂ ਲਗਾਏ ਬਾਗਾਂ ਵਿੱਚ ਵਧੇਰੇ ਹੁੰਦਾ ਹੈ। ਇਹ ਸੁੰਡੀ ਨਰਸਰੀ ਵਿੱਚ ਜਾਂ ਨਵੇਂ ਬਾਗ਼ਾਂ ਵਿੱਚ ਅਮਰੂਦ ਦੀਆਂ ਨਰਮ ਟਾਹਣਿਆਂ 'ਤੇ ਹਮਲਾ ਕਰਦੀ ਹੈ ਜਿਥੋਂ ਇਹ ਤਣੇ ਅੰਦਰ ਸੁਰੰਗਾਂ ਬਣਾ ਲੈਂਦੀ ਹੈ। ਮਾਰਚ ਤੋਂ ਦਸੰਬਰ ਤੱਕ ਇਸ ਕੀੜੇ ਦਾ ਗੰਭੀਰ ਹਮਲਾ ਦੇਖਣ ਨੂੰ ਮਿਲਦਾ ਹੈ।
ਰੋਕਥਾਮ ਦੇ ਢੰਗ-ਤਰੀਕੇ :
• ਬਾਗਾਂ ਵਿੱਚ ਸਾਫ ਸਫਾਈ ਰੱਖੋ ਅਤੇ ਬਾਗਾਂ ਨੂੰ ਨਦੀਨਾਂ ਤੋਂ ਮੁਕਤ ਰੱਖੋ।
• ਬੂਟਿਆਂ ਦੀ ਸਮੇਂ ਸਿਰ ਕਾਂਟ-ਛਾਂਟ ਕਰਦੇ ਰਹੋ।
ਅਰਿੰਡ ਦਾ ਗੜੂੰਆਂ (ਕੈਸਟਰ ਕੈਪਸੂਲ ਬੋਰਰ):
ਇਹ ਇੱਕ ਬਹੁ-ਆਹਾਰੀ ਕੀੜਾ ਹੈ, ਜੋ ਅੰਬ, ਆੜੂ, ਨਾਸ਼ਪਾਤੀ, ਹਲਦੀ, ਆਦਿ ਨੂੰ ਨੁਕਸਾਨ ਕਰਦਾ ਹੈ। ਇਹ ਕੀੜਾ ਬਰਸਾਤਾਂ ਵਿੱਚ ਅਮਰੂਦ ਦਾ ਕਾਫੀ ਨੁਕਸਾਨ ਕਰਦਾ ਹੈ। ਇਸ ਕੀੜੇ ਦਾ ਜੀਵਨ ਚੱਕਰ 30-37 ਦਿਨਾਂ ਤੱਕ ਪੂਰਾ ਹੋ ਜਾਂਦਾ ਹੈ। ਇਹ ਕੀੜਾ ਅਪ੍ਰੈਲ ਤੋਂ ਅਕਤੂਬਰ ਤੱਕ ਪਾਇਆ ਜਾਂਦਾ ਹੈ ਪਰ ਗੰਭੀਰ ਹਮਲਾ ਜੁਲਾਈ ਤੋਂ ਸਤੰਬਰ ਤੱਕ ਹੁੰਦਾ ਹੈ।
ਰੋਕਥਾਮ ਦੇ ਢੰਗ-ਤਰੀਕੇ :
• ਬਾਗਾਂ ਵਿਚ ਸਾਫ ਸਫਾਈ ਰੱਖੋ ਅਤੇ ਬਾਗਾਂ ਨੂੰ ਨਦੀਨਾਂ ਤੋਂ ਮੁਕਤ ਰੱਖੋ।
• ਬੂਟਿਆਂ ਦੀ ਸਮੇਂ ਸਿਰ ਕਾਂਟ-ਛਾਂਟ ਕਰਦੇ ਰਹੋ।
ਇਹ ਵੀ ਪੜ੍ਹੋ : ਪੌਦਿਆਂ ਨੂੰ ਉੱਲੀਮਾਰ ਤੋਂ ਬਚਾਉਣ ਲਈ ਕਰੋ ਇਨ੍ਹਾਂ ਘਰੇਲੂ ਉਪਚਾਰਾਂ ਦੀ ਪਾਲਣਾ
ਮਿਲੀ ਬੱਗ :
ਅਮਰੂਦ 'ਤੇ ਮਿਲੀ ਬੱਗ ਦੀਆਂ ਕੁੱਲ ਚਾਰ ਜਾਤੀਆਂ ਹਮਲਾ ਕਰਦੀਆਂ ਹਨ। ਇਨ੍ਹਾਂ ਵਿਚੋਂ ਇਕ, ਜੂਨ ਤੋਂ ਅਕਤੂਬਰ ਤੱਕ ਤੇ ਬਾਕੀ ਕਿਸਮਾਂ ਜੁਲਾਈ ਤੋਂ ਅਕਤੂਬਰ ਤੱਕ ਸਰਗਰਮ ਰਹਿੰਦੀਆਂ ਹਨ। ਮਿਲੀ ਬੱਗ ਦੇ ਬੱਚੇ ਪੱਤਿਆਂ, ਨਰਮ ਸ਼ਾਖਾਵਾਂ, ਟਹਿਣੀਆਂ ਅਤੇ ਫ਼ਲਾਂ ਚੋਂ ਰਸ ਚੂਸ ਕੇ ਨੁਕਸਾਨ ਪਹੁੰਚਾਉਂਦੇ ਹਨ।
ਰੋਕਥਾਮ ਦੇ ਢੰਗ-ਤਰੀਕੇ :
• ਮਿਲੀ ਬੱਗ ਦੇ ਹਮਲੇ ਤੇ ਨਿਗਾਹ ਰੱਖਣ ਲਈ ਸਮੇਂ-ਸਮੇਂ ਤੇ ਪੱਤਿਆਂ ਦੇ ਹੇਠਲੇ ਪਾਸੇ, ਨਰਮ ਸ਼ਾਖਾਵਾਂ, ਜ਼ਮੀਨ ਨਾਲ ਛੂੰਹਦੀਆਂ ਟਹਿਣੀਆਂ ਤੇ ਫ਼ਲਾਂ ਦੀ ਜਾਂਚ ਕਰਦੇ ਰਹੋ।
• ਬਾਗਾਂ ਨੂੰ ਸਾਫ਼ ਸੁਥਰਾ ਰੱਖਣ ਲਈ ਨਦੀਨਾਂ ਅਤੇ ਘਾਹ ਦੀ ਰੋਕਥਾਮ ਕਰੋ।
• ਦਰੱਖਤਾਂ ਦੀਆਂ ਟਹਿਣੀਆਂ ਦੀ ਕਾਂਟ-ਛਾਂਟ ਇਸ ਢੰਗ ਨਾਲ ਕਰੋ ਕਿ ਉਹ ਜ਼ਮੀਨ ਨੂੰ ਨਾ ਲੱਗਣ।
• ਹਮਲੇ ਹੇਠ ਆਈਆਂ ਟਹਿਣੀਆਂ ਨੂੰ ਕੱਟ ਕੇ ਨਸ਼ਟ ਕਰੋ ।
• ਬਾਗਾਂ ’ਚੋਂ ਕੀੜੀਆਂ/ਕਾਢਿਆਂ ਦੇ ਭੌਣ ਨਸ਼ਟ ਕਰੋ।
ਬਿਮਾਰੀਆਂ:
ਮੁਰਝਾਉਣਾ (ਵਿਲਟ)- ਬੂਟੇ ਮੁਰਝਾਉਣ ਦੀ ਬੀਮਾਰੀ ਪੰਜਾਬ ਵਿੱਚ ਅਣਗੌਲੇ ਬਾਗਾਂ ਵਿੱਚ ਆਮ ਆਉਂਦੀ ਹੈ। ਨਿਸ਼ਾਨੀਆਂ-ਬਾਗ ਵਿੱਚ ਬੂਟਿਆਂ ਦੀਆਂ ਟਾਹਣੀਆਂ ਦਾ ਸੁੱਕਣਾ ਅਤੇ ਬੂਟਿਆਂ ਦਾ ਅਚਾਨਕ ਮੁਰਝਾ ਜਾਣਾ ਬੀਮਾਰੀ ਦੀ ਮੁੱਖ ਨਿਸ਼ਾਨੀ ਹੈ। ਜ਼ਿਆਦਾਤਰ ਬੂਟੇ ਬਰਸਾਤ ਦੇ ਮੌਸਮ ਦੌਰਾਨ ਮੁਰਝਾਉਂਦੇ ਹਨ। ਬੀਮਾਰੀ ਅਗਸਤ ਵਿੱਚ ਸ਼ੁਰੂ ਹੋ ਕੇ ਸਤੰਬਰ ਅਕਤੂਬਰ ਤੱਕ ਬਹੁਤੀ ਵਧ ਜਾਂਦੀ ਹੈ।
ਰੋਕਥਾਮ ਦੇ ਢੰਗ-ਤਰੀਕੇ :
• ਰੋਗੀ ਬੂਟਿਆਂ ਨੂੰ ਜੜੋਂ ਪੁੱਟ ਕੇ ਸਾੜ ਦਿਉ।
• ਅਮਰੂਦ ਦੇ ਬੂਟੇ ਚੰਗੇ ਜਲ ਨਿਕਾਸ ਵਾਲੀ ਜ਼ਮੀਨ ਵਿੱਚ ਲਾਉ।
• ਅਮਰੂਦ ਦੇ ਬਾਗ ਨੂੰ ਰੂੜੀ ਤੇ ਦੂਜੀਆਂ ਖਾਦਾਂ ਚੰਗੀ ਮਾਤਰਾ `ਚ ਪਾਓ।
• ਮੁਰਝਾਏ ਬੂਟੇ ਪੁੱਟ ਕੇ ਸਾੜ ਦਿਓ ਅਤੇ ਦੁਬਾਰਾ ਬੂਟਾ ਲਾਉਣ ਤੋਂ ਪਹਿਲਾਂ ਮਿੱਟੀ ਨੂੰ 2 ਪ੍ਰਤੀਸ਼ਤ ਫਾਰਮਾਲੀਨ ਨਾਲ ਸੋਧ ਲਓ ਅਤੇ ਉੱਪਰੋਂ ਸਰਕੰਡੇ ਜਾਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ। ਮਿੱਟੀ ਨੂੰ ਘੱਟੋ ਘੱਟ ਦੋ ਹਫਤੇ ਧੁੱਪ ਲੁਆਉ ਤੇ ਫਿਰ ਅਮਰੂਦ ਦੇ ਸਿਹਤਮੰਦ ਬੂਟੇ ਲਾਉ।
• ਪਿਊਂਦੀ ਬੂਟਿਆਂ ਲਈ ਸਰਦਾਰ ਜਾਂ ਪੁਰਤਗਾਲ ਕਿਸਮ ਦੇ ਜੜ-ਮੁੱਢ ਦੀ ਵਰਤੋਂ ਕਰੋ।
ਫਲਾਂ ਦਾ ਗਾਲਾ / ਟਾਹਣੀਆਂ ਦਾ ਸੁੱਕਣਾ (ਐਨਥਰਾਕਨੌਜ):
ਇਹ ਉੱਲੀ ਕਾਰਨ ਹੋਣ ਵਾਲੀ ਬਿਮਾਰੀ ਹੈ ਜੋ ਪੱਕੇ ਹੋਏ ਫਲਾਂ 'ਤੇ ਹਮਲਾ ਕਰਦੀ ਹੈ। ਪੂਰੇ ਬਣੇ ਫਲਾਂ ਨੂੰ ਗਾਲ਼ਾ ਆਮ ਹੀ ਹੋ ਜਾਂਦਾ ਹੈ ਫਲ ਦੀ ਡੰਡੀ ਵਾਲੇ ਪਾਸੇ ਦੇ ਉਲਟ ਫਲਾ ਉਪਰ ਜ਼ਰਾ ਕੁ ਚਿੱਬੇ, ਡੂੰਘੇ ਗੋਲ ਭੂਰੇ ਰੰਗ ਦੇ ਕੰਢਿਆਂ ਵਾਲੇ ਚਟਾਖ਼ ਪੈ ਜਾਂਦੇ ਹਨ। ਬੀਮਾਰੀ ਲੱਗਣ ਦੇ ਹਫਤੇ ਦੇ ਅੰਦਰ ਫਲ ਗਲ ਜਾਂਦੇ ਹਨ ਫਲਾਂ ਉੱਤੇ ਭੂਰੇ ਰੰਗ ਦੇ ਹੇਠਾਂ ਵੱਲ ਧਸੇ ਹੋਏ ਚਟਾਖ ਜਿਨਾਂ ਵਿਚਕਾਰ ਗੁਲਾਬੀ ਰੰਗ ਦੇ ਚਿਪਕਦੇ ਜਿਹੇ ਜੀਵਾਣੂ ਜਮ੍ਹਾਂ ਹੋ ਜਾਂਦੇ ਹਨ, ਪੈ ਜਾਂਦੇ ਹਨ ਜਿਹੜੇ ਕਿ ਐਨਥਰਾਕਨੌਜ ਦੀਆਂ ਨਿਸ਼ਾਨੀਆਂ ਹਨ। ਧੱਬੇ ਵੱਡੇ ਹੋ ਕੇ ਸਾਰੇ ਫਲ ਨੂੰ ਗਾਲ ਦਿੰਦੇ ਹਨ ਇਹ ਉੱਲੀ ਬਰਸਾਤ ਵਿਚ ਬੂਟਿਆਂ ਦੀਆਂ ਨਵੀਆਂ ਟਾਹਣੀਆਂ ਤੇ ਹਮਲਾ ਕਰਦੀ ਹੈ ਅਤੇ ਕਰੂੰਬਲਾਂ ਸੁੱਕ ਕੇ ਮੁਰਝਾ ਜਾਂਦੀਆਂ ਹਨ। ਬੀਮਾਰੀ ਗਰਮ ਤੇ ਸਿੱਲੇ ਮੌਸਮ ਵਿਚ ਬਹੁਤ ਵਧਦੀ ਹੈ। ਬੀਮਾਰੀ ਨਾਲ ਮਰੀਆਂ ਟਾਹਣੀਆਂ ਅਤੇ ਹੇਠਾਂ ਡਿੱਗੇ ਬੀਮਾਰ ਫਲਾਂ ਤੋਂ ਬੀਮਾਰੀ ਦੀ ਲਾਗ ਲੱਗਦੀ ਹੈ।
ਰੋਕਥਾਮ ਦੇ ਢੰਗ-ਤਰੀਕੇ :
• ਬੀਮਾਰ ਟਾਹਣੀਆਂ ਨੂੰ ਕੱਟ ਦਿਓ ਅਤੇ ਬੀਮਾਰੀ ਵਾਲੇ ਬੂਟਿਆਂ ਨਾਲ ਲਟਕਦੇ ਫਲਾਂ ਨੂੰ ਤੋੜ ਕੇ ਸਾੜ ਦਿਓ।
• ਕਾਂਟ-ਛਾਂਟ ਤੋਂ ਬਾਅਦ ਬੂਟਿਆਂ ਤੇ 300 ਗ੍ਰਾਮ ਕਾਪਰ ਆਕਸੀਕਲੋਰਾਈਡ 50 ਘੁਲਣਸ਼ੀਲ ਦੀ ਸੁਪਰੇ ਫਲ ਬਣਨ ਤੋਂ ਸ਼ੁਰੂ ਕਰਕੇ 14 ਦਿਨਾਂ ਦੇ ਵਕਫੇ ਤੇ ਫਲ ਪੱਕਣ ਤੱਕ ਕਰਦੇ ਰਹੇ। ਸਪਰੇਅ ਲਈ 100 ਲਿਟਰ ਪਾਣੀ ਵਰਤੋ ਗਲੇ ਸੜੇ ਅਤੇ ਹੇਠਾਂ ਡਿੱਗੇ ਫਲਾਂ ਨੂੰ ਚੁਗ ਕੇ ਡੂੰਘਾ ਦੱਬ ਦਿਓ।
• ਫਲਾਂ ਤੇ ਹੋਏ ਜਖਮਾਂ ਤੋਂ ਇਹ ਬਿਮਾਰੀ ਛੇਤੀ ਸ਼ੁਰੂ ਹੁੰਦੀ ਹੈ ਇਸਲਈ ਫਲਾਂ ਤੇ ਜਖਮ ਨਾ ਹੋਣ ਦਿਓ।
Summary in English: Comprehensive pest management to avoid pests and diseases that attack guavas