ਸੰਨ 1885 ਵਿੱਚ ਪਹਿਲੀ ਵਾਰ ਬੋਰਡੋ ਮਿਸ਼ਰਣ ਨੂੰ ਅੰਗੂਰਾਂ ਦੇ ਪੀਲੇ ਧੱਬਿਆਂ ਦੀ ਬਿਮਾਰੀ ਦੀ ਰੋਕਥਾਮ ਵਾਸਤੇ ਵਰਤਿਆ ਗਿਆ ਸੀ। ਇਸ ਦੀ ਬੂਟੇ ਨਾਲ ਚਿੰਬੜਨ ਦੀ ਸ਼ਕਤੀ ਕਾਰਨ ਇਹ ਬਹੁਤ ਸਾਰੇ ਫਲਦਾਰ ਬੂਟਿਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿੱਧ ਹੋਇਆ ਹੈ। ਇਸ ਕਰਕੇ ਮੀਂਹ ਪੈਣ ਤੋਂ ਬਾਅਦ ਵੀ ਇਹ ਬੂਟੇ ਤੋਂ ਨਹੀਂ ਉਤਰਦਾ ਅਤੇ ਇਸ ਦਾ ਅਸਰ ਕਾਫੀ ਦੇਰ ਤੱਕ ਰਹਿੰਦਾ ਹੈ। ਵਾਰ-ਵਾਰ ਛਿੜਕਾਅ ਕਰਨ ਦੀ ਲੋੜ ਨਹੀਂ ਪੈਂਦੀ ਹੈ।
ਬੋਰਡੋ ਮਿਸ਼ਰਣ ਇੱਕ ਅਜਿਹਾ ਨਿਰਾਲਾ ਉੱਲੀਨਾਸ਼ਕ ਹੈ, ਜੋ ਕਿ ਬੈਕਟੀਰੀਆ ਰਾਹੀਂ ਹੋਣ ਵਾਲੀਆਂ ਬਿਮਾਰੀਆਂ ਦੀ ਵੀ ਰੋਕਥਾਮ ਕਰਦਾ ਹੈ। ਇਹ ਮਿਸ਼ਰਣ ਸਸਤਾ ਹੋਣ ਕਰਕੇ ਵਰਤਣਾ ਬਹੁਤ ਸੌਖਾ ਹੈ। ਇਹ ਬੋਰਡੋ ਮਿਕਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਬਾਗਬਾਨ ਇਸ ਨੂੰ ਬੜੀ ਅਸਾਨੀ ਨਾਲ ਬਣਾ ਸਕਦੇ ਹਨ। ਬੋਰਡੋ ਮਿਸ਼ਰਣ ਦੇ ਬਦਲ ਵਜੋਂ ਬਣੇ-ਬਣਾਏ ਬਜ਼ਾਰ ਵਿਚੋਂ ਮਿਲਣ ਵਾਲੇ ਨੀਲਾ ਥੋਥਾ ਅਧਾਰਿਤ ਉੱਲੀਨਾਸ਼ਕ ਅਜੇ ਤੱਕ ਇਸ ਦੀ ਥਾਂ ਨਹੀਂ ਲੈ ਸਕੇ। ਫ਼ਲਦਾਰ ਬੂਟਿਆਂ ਦੇ ਰੋਗ ਪ੍ਰਬੰਧਨ ਲਈ ਬੋਰਡੋ ਮਿਸ਼ਰਣ ਬਨਾਉਣ ਦੀ ਵਿਧੀ ਅਤੇ ਵਰਤੋਂ ਦੀ ਵਿਸਤ੍ਰਿਤ ਜਾਣਕਾਰੀ ਇਸ ਲੇਖ ਵਿੱਚ ਦਿੱਤੀ ਗਈ ਹੈ।
ਬੋਰਡੋ ਮਿਸ਼ਰਣ (2:2:250) ਦਾ ਘੋਲ ਬਨਾਉਣ ਦੀ ਵਿਧੀ:
ਇਸ ਘੋਲ ਨੂੰ ਬਨਾਉਣ ਲਈ ਹੇਠਾਂ ਲਿਖਿਆ ਸਮਾਨ ਚਾਹੀਦਾ ਹੈ।
ਕਾਪਰ ਸਲਫ਼ੇਟ (ਨੀਲਾ ਥੋਥਾ) : 2 ਕਿਲੋ
ਅਣਬੂਝਿਆਂ ਚੂਨਾ : 2 ਕਿਲੋ
ਪਾਣੀ : 250 ਲਿਟਰ
ਬੋਰਡੋ ਮਿਸ਼ਰਣ ਤਿਆਰ ਕਰਨ ਲਈ 2 ਕਿਲੋ ਕਾਪਰ ਸਲਫ਼ੇਟ ਨੂੰ 125 ਲਿਟਰ ਪਾਣੀ ਵਿੱਚ ਘੋਲੋ। ਸਰਦੀ ਮੌਸਮ ਦੌਰਾਨ ਕਾਪਰ ਸਲਫ਼ੇਟ ਨੂੰ ਗਰਮ ਪਾਣੀ ਵਿੱਚ ਘੋਲੋ ਕਿਉਂਕਿ ਠੰਢੇ ਪਾਣੀ ਵਿੱਚ ਇਹ ਬਹੁਤ ਹੌਲੀ ਘੁਲਦਾ ਹੈ। ਦੂਜੇ ਭਾਂਡੇ ਵਿੱਚ 2 ਕਿਲੋ ਅਣਬੁਝਿਆ ਚੂਨਾ ਲਓ ਅਤੇ ਇਸ ਨੂੰ ਹੌਲੀ-ਹੌਲੀ ਪਾਣੀ ਦੇ ਛਿੱਟੇ ਮਾਰ ਕੇ ਠੰਡਾ ਕਰੋ। ਇਸਦਾ ਪਾਊਡਰ ਬਨਣ ਤੋਂ ਬਾਅਦ ਇਸ ਵਿੱਚ ਪਾਣੀ ਮਿਲਾਓ ਅਤੇ ਪਾਣੀ ਦੀ ਮਾਤਰਾ 125 ਲਿਟਰ ਕਰ ਦਿਓ। ਚੂਨੇ ਦਾ ਘੋਲ ਮਿਲਾਉਣ ਤੋਂ ਪਹਿਲਾਂ ਇਸਨੂੰ ਚੰਗੀ ਤਰ੍ਹਾਂ ਪੁਣ ਲਓ। ਇਹ ਦੋਵੇ ਘੋਲ ਮਿਲਾ ਦਿਓ ਅਤੇ ਦੋਵੇ ਘੋਲ ਮਿਲਾਉਣ ਸਮੇਂ ਘੋਲ ਨੂੰ ਲੱਕੜੀ ਦੀ ਸੋਟੀ ਨਾਲ ਹਿਲਾਉਂਦੇ ਰਹੋ। ਸਪਰੇਅ ਪੰਪ ਵਿੱਚ ਪਾਉਣ ਤੋਂ ਪਹਿਲਾਂ ਵੀ ਘੋਲ ਨੂੰ ਪੁਣ ਲਓ।
ਬੋਰਡੋ ਮਿਸ਼ਰਣ ਦੀ ਪਰਖ
1. ਬੋਰਡੋ ਮਿਸ਼ਰਣ ਦੀ ਪਰਖ ਕਰਨ ਲਈ ਇਸਦੇ ਘੋਲ ਵਿੱਚ ਲੋਹੇ ਦੀ ਵਸਤੂ ਜਿਵੇਂ ਕਿ ਚਾਕੂ, ਕਿੱਲ ਜਾਂ ਬਲੇਡ ਆਦਿ ਨੂੰ ਡੋਬੋ। ਇਹਨਾਂ ਵਸਤੂਆਂ ਉੱਪਰ ਤਾਂਬੇ ਦੀ ਤਹਿ ਜੰਮ ਜਾਵੇਗੀ ਜੇਕਰ ਮਿਸ਼ਰਣ ਵਿੱਚ ਕਾਪਰ ਸਲਫ਼ੇਟ ਦੀ ਮਾਤਰਾ ਜ਼ਿਆਦਾ ਹੋਵੇਗੀ। ਇਹ ਮਿਸ਼ਰਣ ਵਰਤਣ ਦੇ ਅਯੋਗ ਨਹੀਂ ਸੋ ਇਸ ਵਿੱਚ ਹੋਰ ਚੂਨੇ ਦਾ ਘੋਲ ਪਾ ਕੇ ਇਸ ਨੂੰ ਨਿਊਟਰਲ ਕਰਨਾ ਜ਼ਰੂਰੀ ਹੈ।
2. ਬੋਰਡੋ ਮਿਸ਼ਰਣ ਵਿੱਚ ਚੂਨੇ ਦੇ ਕਾਰਨ ਆਮ ਕਰਕੇ ਖਾਰਾਪਣ ਹੁੰਦਾ ਹੈ ਜਿਹੜਾ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ। ਬੋਰਡੋ ਮਿਸ਼ਰਣ ਦੀ ਵਰਤੋਂ ਇਹਨਾਂ ਸਮਿਆਂ ਤੇ ਨਾਂ ਕਰੋ: ਜ਼ਿਆਦਾ ਗਰਮੀ ਸਮੇਂ, ਮੀਂਹ ਪੈਣ ਸਮੇਂ ਅਤੇ ਜਦੋਂ ਬੂਟੇ ਸੋਕਾ ਮਨਾ ਰਹੇ ਹੋਣ। ਇਹ ਜ਼ਰੂਰੀ ਹੈ ਕਿ ਇਸ ਘੋਲ ਨੂੰ ਬਨਾਉਣ ਤੋਂ ਬਾਅਦ ਇਸਦਾ ਜਲਦੀ ਹੀ ਛਿੜਕਾਅ ਕਰ ਦਿਓ ਕਿਉਂਕਿ ਜ਼ਿਆਦਾ ਦੇਰ ਰੱਖਣ ਤੋਂ ਬਾਅਦ ਇਸ ਘੋਲ ਨੂੰ ਵਰਤਿਆਂ ਜਾਵੇ ਤਾਂ ਇਸਦੀ ਉੱਲੀਨਾਸ਼ਕ ਸ਼ਕਤੀ ਘੱਟ ਜਾਂਦੀ ਹੈ।
3. ਬੋਰਡੋ ਮਿਸ਼ਰਣ ਦੀ ਸਹੀ ਪਰਖ ਲਈ ਇੱਕ ਹੋਰ ਢੰਗ ਹੈ। ਜੇਕਰ ਪੋਟਾਸ਼ੀਅਮ ਫੈਰੋਸਾਈਨਾਈਡ ਵਿੱਚ ਕੁਝ ਕੁ ਬੂੰਦਾਂ ਬੋਰਡੋ ਮਿਸ਼ਰਣ ਦੀਆਂ ਪਾਉਣ ਤੇ ਪੋਟਾਸ਼ੀਅਮ ਫੈਰੋਸਾਈਨਾਈਡ ਦਾ ਰੰਗ ਨਹੀਂ ਬਦਲਦਾ ਤਾਂ ਸਮਝੋ ਬੋਰਡੋ ਮਿਸ਼ਰਣ ਛਿੜਕਾਅ ਕਰਨ ਲਈ ਸੁਰੱਖਿਅਤ ਹੈ। ਪਰ ਜੇਕਰ ਇਸ ਦਾ ਰੰਗ ਲਾਲ ਭੂਰਾ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਇਸ ਘੋਲ ਵਿੱਚ ਨੀਲੇ ਥੋਥੇ ਦੀ ਮਾਤਰਾ ਜ਼ਿਆਦਾ ਹੈ।
ਇਹ ਵੀ ਪੜ੍ਹੋ : ਫ਼ਲਦਾਰ ਬੂਟਿਆਂ ਵਿੱਚ ਖਾਦਾਂ ਦੀ ਸਚੁੱਜੀ ਵਰਤੋਂ
ਬੋਰਡੋ ਪੇਸਟ
ਕਾਪਰ ਸਲਫ਼ੇਟ (ਨੀਲਾ ਥੋਥਾ) : 2 ਕਿਲੋ
ਚੂਨਾ : 3 ਕਿਲੋ
ਪਾਣੀ : 30 ਲਿਟਰ
2 ਕਿਲੋ ਕਾਪਰ ਸਲਫ਼ੇਟ ਨੂੰ 15 ਲਿਟਰ ਪਾਣੀ ਵਿੱਚ ਘੋਲਕੇ ਇੱਕ ਹੋਰ ਭਾਂਡੇ ਵਿੱਚ 15 ਲਿਟਰ ਪਾਣੀ ਵਿੱਚ ਘੋਲੋ। ਇਸ ਪਾਣੀ ਵਿਚੋਂ ਥੋੜ੍ਹਾ ਪਾਣੀ ਲੈ ਕੇ ਇਸ ਵਿੱਚ 3 ਕਿਲੋ ਚੂਨਾ ਮਿਲਾਓ ਅਤੇ ਫਿਰ ਇਸ ਚੂਨੇ ਦੇ ਘੋਲ ਵਿੱਚ ਭਾਂਡੇ ਵਿਚਲਾ ਪਾਣੀ ਪਾ ਦਿਓ। ਫਿਰ ਵੱਖ-ਵੱਖ ਤਿਆਰ ਕੀਤੇ ਕਾਪਰ ਸਲਫ਼ੇਟ ਅਤੇ ਚੂਨੇ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਲਾ ਕੇ ਹਿਲਾਓ। ਇਸ ਪੇਸਟ ਨੂੰ ਕੱਟੇ ਹੋਏ ਜਾਂ ਜ਼ਖਮਾਂ ਤੇ ਬੁਰਸ਼ ਨਾਲ ਲਗਾ ਦਿਓ।
ਬੋਰਡੋ ਪੇਂਟ
ਮੋਨੋਹਾਈਡ੍ਰੇਟਿਡ ਕਾਪਰ ਸਲਫ਼ੇਟ (ਨੀਲਾ ਥੋਥਾ) :1 ਕਿਲੋ
ਹਾਈਡ੍ਰੇਟਿਡ ਲਾਈਮ ਡਸਟ (ਚੂਨਾ) : 2 ਕਿਲੋ
ਉਬਲਿਆ ਅਲਸੀ ਦਾ ਤੇਲ : 3 ਕਿਲੋ
ਕਾਪਰ ਸਲਫ਼ੇਟ (ਨੀਲਾ ਥੋਥਾ) ਨੂੰ ਪਾਊਡਰ ਬਨਾਉਣ ਲਈ ਲੋਹੇ ਦੀ ਤਵੀ ਤੇ ਰੱਖ ਭੂਣੋ ਜਦੋਂ ਤੱਕ ਇਸ ਦਾ ਧੂੜਾ ਨਾ ਬਣ ਜਾਵੇ। ਕਾਪਰ ਸਲਫ਼ੇਟ ਦਾ ਧੂੜਾ ਅਤੇ ਚੂਨੇ ਦਾ ਧੂੜਾ ਰਲਾ ਕੇ ਇਸ ਵਿੱਚ ਅਲਸੀ ਦਾ ਤੇਲ ਪਾ ਦਿਓ। ਬੋਰਡੋ ਪੇਂਟ ਬਨਾਉਣ ਲਈ ਇਹ ਤਿੰਨੇ ਚੀਜ਼ਾਂ ਰਲਾ ਕੇ ਇੱਕ ਸਾਰ ਕਰ ਲਵੋ। ਫਿਰ ਇਸ ਦੀ ਬੁਰਸ਼ ਨਾਲ ਜ਼ਖਮਾਂ ਉੱਤੇ ਵਰਤੋਂ ਕੀਤੀ ਜਾ ਸਕਦੀ ਹੈ। ਇਸ ਪੇਂਟ ਨੂੰ ਕਿਸੇ ਮਿੱਟੀ, ਪਲਾਸਟਿਕ ਜਾਂ ਸ਼ੀਸ਼ੇ ਦੇ ਬਰਤਨ ਵਿੱਚ ਹੀ ਸੰਭਾਲੋ। ਇਹ ਪੇਂਟ ਬੂਟੇ ਦੇ ਜ਼ਖਮ ਅਤੇ ਇਸਦੀ ਅੰਦਰਲੀ ਲੱਕੜ ਗਲਣ ਤੋਂ ਬਚਾਉਂਦਾ ਹੈ ਕਿਉਂਕਿ ਬੋਰਡੋ ਪੇਂਟ ਲਗਾਉਣ ਤੇ ਪਾਣੀ ਇਸ ਵਿੱਚੋਂ ਨਹੀਂ ਲੰਘ ਸਕਦਾ। ਇਸ ਤਰ੍ਹਾਂ ਇਹ ਪੇਂਟ ਇੱਕ ਸਾਲ ਜਾਂ ਕੁਝ ਹੋਰ ਵੱਧ ਸਮੇਂ ਤੱਕ ਲੱਗਇਆ ਰਹਿੰਦਾ ਹੈ ਅਤੇ ਪਾਣੀ ਤੇ ਬਾਰਸ਼ ਨਾਲ ਖਰਾਬ ਨਹੀਂ ਹੁੰਦਾ।
ਬੋਰਡੋ ਮਿਸ਼ਰਣ ਦਾ ਛਿੜਕਾਅ ਕਿਸ ਸਮੇਂ ਕਰੀਏ?
ਬਿਮਾਰ ਅਤੇ ਸੁੱਕੀਆਂ ਟਾਹਣੀਆਂ ਨੂੰ ਕੱਟਣ ਤੋਂ ਤੁਰੰਤ ਬਾਅਦ ਇੱਕਠੇ ਕਰਕੇ ਬਣ ਦਿਓ। ਇਸ ਤੋਂ ਬਾਅਦ ਜ਼ਖਮਾਂ ਉੱਤੇ ਘੱਟੋ ਘੱਟ ਬੋਰਡ ਮਿਸ਼ਰਣ ਦਾ ਇੱਕ ਛਿੜਕਾਅ ਕਰੋ ਤਾਂ ਜੋ ਬਿਮਾਰੀ ਦੀ ਲਾਗ ਅੱਗੇ ਨਾ ਫੈਲ ਸਕੇ। ਹੇਠਾਂ ਦਿੱਤੀ ਸਾਰਣੀ ਵਿੱਚ ਬੂਟਿਆਂ ਦੀਆਂ ਵੱਖੋ ਵੱਖਰੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਬੋਰਡ ਮਿਸ਼ਰਣ ਦੇ ਛਿੜਕਾਅ ਕਰਨ ਦਾ ਸਮਾਂ ਦੱਸਿਆ ਜਾ ਰਿਹਾ ਹੈ ਤਾਂ ਜੋ ਬਾਗਬਾਨ ਇਹ ਜਾਣਕਾਰੀ ਨੂੰ ਵਰਤ ਕੇ ਬੂਟਿਆਂ ਤੋਂ ਵੱਧ ਤੋਂ ਵੱਧ ਝਾੜ ਪ੍ਰਾਪਤ ਕਰ ਸਕਣ।
ਇਹ ਵੀ ਪੜ੍ਹੋ : ਪੱਤਝੜੀ ਕਿਸਮ ਦੇ ਫ਼ਲਦਾਰ ਬੂਟਿਆਂ ਦੀ ਸਿਧਾਈ ਅਤੇ ਕਾਂਟ-ਛਾਂਟ ਲਈ Techniques
ਬੋਰਡੋ ਮਿਸ਼ਰਣ ਦੇ ਛਿੜਕਾਅ ਕਰਨ ਦਾ ਸਮਾਂ:
ਫਲਦਾਰ ਬੂਟੇ |
ਬੀਮਾਰੀ ਦਾ ਨਾਂ |
ਛਿੜਕਾਅ ਕਰਨ ਦਾ ਸਮਾਂ |
ਨਾਸ਼ਪਾਤੀ |
ਕਰੂੰਬਲਾਂ ਤੇ ਫਲਾਂ ਦਾ ਸੜਨਾ ਅਤੇ ਛਿੱਲ ਦਾ ਕੋਹੜ |
ਜਨਵਰੀ, ਮਾਰਚ ਅਤੇ ਜੂਨ |
ਨਿੰਬੂ ਜਾਤੀ |
ਬੂਟਿਆਂ ਦੇ ਜ਼ਮੀਨ ਨਾਲ ਲੱਗਦੇ ਹਿੱਸੇ ਦਾ ਗਲਣਾ (ਪੈਰ ਗਲਣ ਦਾ ਰੋਗ) ਕੋਹੜ ਰੋਗ ਤਣੇ ਅਤੇ ਫਲ ਗਲਣ ਦਾ ਰੋਗ |
ਫਰਵਰੀ, ਮਾਰਚ ਅਤੇ ਜੁਲਾਈ, ਅਗਸਤ
ਮਾਰਚ, ਜੁਲਾਈ ਅਤੇ ਸਤੰਬਰ ਅਕਤੂਬਰ, ਦਸੰਬਰ ਅਤੇ ਫਰਵਰੀ 20 ਦਿਨਾਂ ਦੇ ਵਕਫੇ ਤੋਂ ਜੂਨ ਤੋਂ ਅਗਸਤ ਤੱਕ ਜੁਲਾਈ ਅਗਲਤ ਅਤੇ ਸਤੰਬਰ |
ਅੰਬ |
ਪੱਤਿਆਂ ਦੇ ਧੱਬਿਆਂ ਦਾ ਰੋਗ ਅਤੇ ਟਾਹਣੀਆਂ ਦਾ ਸੁੱਕਣਾ ਤਣੇ ਦਾ ਕੋਹੜ ਅੰਬ ਦੀ ਨੋਕ ਦਾ ਕਾਲਾ ਹੋਣਾ |
ਕਾਂਟ-ਛਾਂਟ ਤੋਂ ਤੁਰੰਤ ਬਾਅਦ
ਹਰ 15 ਦਿਨਾਂ ਪਿੱਛੋਂ ਕਰੋ ਅਤੇ ਲੋੜ ਪੈਣ ਤੇ ਜੁਲਾਈ ਵਿਚ ਫੁੱਲ ਪੈਣ ਤੋਂ ਬਾਅਦ |
ਅੰਗੂਰ |
ਟਾਹਣੀਆਂ ਸੁੱਕਣ ਦਾ ਰੋਗ ਪੱਤਿਆਂ ਦੇ ਧੱਬੇ ਪੀਲੇ ਧੱਬਿਆਂ ਦਾ ਰੋਗ |
ਜਨਵਰੀ-ਫਰਵਰੀ ਕਾਂਟ-ਛਾਂਟ ਤੋਂ ਤੁਰੰਤ ਬਾਅਦ ਅਖੀਰ ਮਾਰਚ, ਅਖੀਰ ਅਪ੍ਰੈਲ, ਅਖੀਰ ਮਈ, |
ਅਨਾਰ |
ਕਾਲੇ ਧੱਬਿਆਂ ਨਾਲ ਗਲਣਾ |
ਮਈ, ਜੂਨ ਅਤੇ ਜੁਲਾਈ |
ਇਹ ਵੀ ਪੜ੍ਹੋ : ਕਿਸਾਨ ਭਰਾਵੋਂ ਢੁੱਕਵੀਂ ਅਵਸਥਾ ਦੌਰਾਨ ਕਰੋ ‘ਕਿੰਨੂ' ਤੁੜਾਈ
ਬੋਰਡੋ ਮਿਸ਼ਰਣ ਬਨਾਉਣ ਅਤੇ ਛਿੜਕਾਅ ਵੇਲੇ ਧਿਆਨ ਦੇਣ ਯੋਗ ਗੱਲਾਂ:
1. ਬੋਰਡੋ ਮਿਸ਼ਰਣ ਬਨਾਉਣ ਲਈ ਕਦੇ ਵੀ ਲੋਹੇ ਦੇ ਭਾਂਡੇ ਨਾ ਵਰਤੋ।
2. ਮੀਂਹ ਵਾਲੇ ਮੌਸਮ ਵਿੱਚ ਬੋਰਡੋ ਮਿਸ਼ਰਣ ਦਾ ਛਿੜਕਾਅ ਨਾ ਕਰੋ।
3. ਕਦੇ ਵੀ ਜ਼ਿਆਦਾ ਗਰਮੀ ਵਾਲੇ ਦਿਨਾਂ ਵਿੱਚ ਬੋਰਡੋ ਮਿਸ਼ਰਣ ਦਾ ਛਿੜਕਾਅ ਨਾ ਕਰੋ।
4. ਬੋਰਡੋ ਮਿਸ਼ਰਣ ਕਦੇ ਵੀ ਕਿਸੇ ਹੋਰ ਰਸਾਇਣਾਂ ਨਾਲ ਮਿਲਾ ਕੇ ਨਾ ਛਿੜਕੋ।
5. ਹਮੇਸ਼ਾ ਬੋਰਡੋ ਮਿਸ਼ਰਣ ਨੂੰ ਪੰਪ ਵਿੱਚ ਪਾਉਣ ਤੋਂ ਪਹਿਲਾਂ ਪੁਣ ਲਵੋ ਤਾਂ ਜੋ ਨੋਜਲ ਵਿੱਚ ਨਾ ਫਸੇ।
6. ਬੋਰਡੋ ਮਿਸ਼ਰਣ ਦੇ ਛਿੜਕਾਅ ਤੋਂ ਪੂਰਾ ਲਾਭ ਲੈਣ ਲਈ ਹਮੇਸ਼ਾ ਤਾਜ਼ਾ ਘੋਲ ਤਿਆਰ ਕਰੋ।
ਪਰਮਿੰਦਰ ਕੌਰ ਅਤੇ ਸਵਰੀਤ ਖਹਿਰਾ, ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Bordeaux mixture: A miracle for management of fruit diseases