ਅਕਸਰ ਅੱਸੀ ਲੋਕਾਂ ਮੂੰਹੋਂ ਸੁਣਦੇ ਹਾਂ ਕਿ ਹਵਾ-ਪਾਣੀ ਚੰਗਾ ਨਹੀਂ ਹੈ, ਇਸ ਕਰਕੇ ਰੋਗਾਂ ਵਿੱਚ ਦਿਨੋਂ-ਦਿਨੀਂ ਵਾਧਾ ਹੋ ਰਿਹਾ ਹੈ। ਦੂਸ਼ਿਤ ਵਾਤਾਵਰਨ ਦਾ ਦੋਸ਼ ਖਾਦਾਂ-ਕੀਟਨਾਸ਼ਕਾਂ ਤੇ ਆ ਕੇ ਮੁੱਕਦਾ ਹੈ। ਹਾਲਾਂਕਿ, ਇੱਕ ਹੱਦ ਤੱਕ ਤਾਂ ਇਹ ਦੋਸ਼ ਲਾਉਣਾ ਸਹੀ ਹੈ, ਪਰ ਕਾਫੀ ਹੱਦ ਤੱਕ ਸਾਡਾ ਰਹਿਣ-ਸਹਿਣ ਇਸ ਲਈ ਜਿੰਮੇਵਾਰ ਹੈ। ਪਹਿਲਾਂ ਜਿੱਥੇ ਮਿੱਟੀ ਦੇ ਭਾਂਡਿਆਂ ਵਿੱਚ ਖਾਣਾ ਖਾਉਂਣਾ ਅਤੇ ਪਕਾਉਣਾ ਸਾਡਾ ਸਭਿਆਚਾਰ ਸੀ, ਅੱਜ ਉਨ੍ਹਾਂ ਦੀ ਥਾਂ ਕਿਸੇ ਹੋਰ ਨੇ ਲੈ ਲਈ ਹੈ।
ਪਲਾਸਟਿਕ ਤੇ ਹੋਰ ਚੀਜ਼ਾਂ ਨਾਲ ਬਣੇ ਬਰਤਨਾਂ ਦੇ ਇਸ ਯੁੱਗ ਵਿੱਚ ਮਿੱਟੀ ਦੇ ਬਰਤਨਾਂ ਦਾ ਅੱਜ ਪਹਿਲਾਂ ਵਾਲਾ ਮਹੱਤਵ ਨਹੀਂ ਰਿਹਾ। ਗਰਮੀਆਂ ਆਉਂਦੀਆਂ ਹਨ ਤਾਂ ਮਿੱਟੀ ਦੇ ਬਣੇ ਘੜਿਆਂ ਦੀ ਥੋੜ੍ਹੀ ਬਹੁਤ ਬੁੱਕਤ ਪੈਂਦੀ ਹੈ। ਘਰ-ਘਰ ਵਿੱਚ ਫਰਿੱਜ ਹੋਣ ਦੇ ਕਾਰਨ ਘੜਿਆਂ ਦੀ ਕੋਈ ਬਹੁਤੀ ਪੁੱਛਗਿੱਛ ਨਹੀਂ ਰਹੀ। ਬਹੁਤੇ ਲੋਕ ਮਿੱਟੀ ਦੇ ਭਾਂਡੇ ਵਿੱਚ ਖਾਣਾ ਪਕਾਉਣਾ ਗਰੀਬੀ ਦੀ ਨਿਸ਼ਾਨੀ ਮੰਨਦੇ ਹਨ, ਪਰ ਜੇਕਰ ਸਿਹਤ ਪੱਖੋਂ ਦੇਖੀਏ ਤਾਂ ਇਹ ਮਿੱਟੀ ਦੇ ਭਾਂਡੇ ਬੇਹੱਦ ਲਾਭਕਾਰੀ ਹਨ।
ਅਖੌਤੀ ਆਧੁਨਿਕਤਾ ਦੀ ਦੌੜ ਦੇ ਸ਼ਾਹ ਅਸਵਾਰ ਬਣਦੇ-ਬਣਦੇ ਜਾਂਬਾਜ ਪੰਜਾਬ ਦੇ ਲੋਕ ਕੈਂਸਰ, ਕਾਲੇ ਪੀਲੀਏ ਅਤੇ ਹੋਰ ਦਰਜਨਾਂ ਲਾਇਲਾਜ਼ ਬੀਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਕੈਂਸਰ ਨਾਲ ਹੋ ਰਹੀਆਂ ਮੌਤਾਂ ਨੂੰ ਦੇਖਦਿਆਂ ਹੋਇਆਂ ਹੁਣ ਬਥੇਰੇ ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਲੱਗੇ ਹਨ। ਜਿਸਦੇ ਚਲਦਿਆਂ ਹੁਣ ਲੋਕ ਮਿੱਟੀ ਦੇ ਭਾਂਡਿਆਂ ਵੱਲ ਪਰਤ ਰਹੇ ਹਨ। ਅੱਜ ਕੱਲ ਪੰਜਾਬ ਦੇ ਪਿੰਡਾਂ ਵਿੱਚ ਮਿੱਟੀ ਦੇ ਬਣੇਂ ਭਾਂਡਿਆਂ ਦੀ ਖੂਬ ਵਿੱਕਰੀ ਹੋ ਰਹੀ ਹੈ, ਲੋਕ ਆਪਣੇਂ ਤੌਰ ਤੇ ਬਿਮਾਰੀਆਂ ਤੋਂ ਬਚਣ ਲਈ ਇਹਨਾਂ ਮਿੱਟੀ ਦੇ ਭਾਂਡਿਆਂ ਨੂੰ ਵੱਡੇ ਪੱਧਰ ਤੇ ਵਰਤੋਂ ਵਿੱਚ ਲਿਆ ਰਹੇ ਹਨ।
ਆਯੁਰਵੇਦ ਇਲਾਜ
ਆਯੁਰਵੇਦ ਮੁਤਾਬਕ ਭੋਜਨ ਨੂੰ ਹਮੇਸ਼ਾ ਹੌਲੀ-ਹੌਲੀ ਪਕਾਉਣਾ ਚਾਹੀਦਾ ਹੈ। ਜਲਦੀ ਪੱਕਣ ਵਾਲੇ ਭੋਜਨ ਸਿਹਤ ਲਈ ਕਾਫ਼ੀ ਨੁਕਸਾਨਦੇਹ ਹੁੰਦੇ ਹਨ। ਜਦਕਿ, ਮਿੱਟੀ ਦੇ ਤਵੇ ਤੇ ਪਕਾਈ ਰੋਟੀ ਦੀ ਮਹਿਕ ਹੀ ਕੁੱਝ ਹੋਰ ਹੁੰਦੀ ਹੈ, ਜਿਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਿੱਟੀ ਨਾਲ ਬਣੇਂ ਤਵੇ ਵੇਚ ਰਹੇ ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਮਿੱਟੀ ਦੇ ਤਵਿਆਂ ਬਾਰੇ ਲੋਕਾਂ ਨੂੰ ਬਹੁਤ ਸਮਝਾਉਣਾਂ ਪੈਂਦਾ ਸੀ, ਪਰ ਹੁਣ ਲੋਕ ਬਿਮਾਰੀਆਂ ਤੋਂ ਬਚਣ ਸਬੰਧੀ ਜਾਗਰੂਕ ਹੋ ਰਹੇ ਹਨ ਅਤੇ ਮਿੱਟੀ ਦੇ ਭਾਂਡਿਆਂ ਵੱਲ ਰੁੱਖ ਕਰ ਰਹੇ ਹਨ।
ਬੀਮਾਰੀਆਂ ਤੋਂ ਰਹੋ ਦੂਰ
ਆਧੁਨਿਕ ਯੁੱਗ ਵਿੱਚ ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਮਿੱਟੀ ਦੇ ਭਾਂਡਿਆਂ ਵਿੱਚ ਖਾਣਾ ਪਕਾਉਣ ਦੀ ਵਜ੍ਹਾ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਜੇਕਰ ਪਹਿਲੇ ਸਮੇਂ ਦੀ ਗੱਲ ਕਰੀਏ ਤਾਂ ਐਲੂਮੀਨੀਅਮ ਦੇ ਭਾਂਡਿਆਂ ਦੇ ਅਵਿਸ਼ਕਾਰ ਤੋਂ ਪਹਿਲਾਂ ਲੋਕ ਮਿੱਟੀ ਦੇ ਭਾਂਡਿਆਂ ਵਿੱਚ ਹੀ ਖਾਣਾ ਪਕਾਇਆ ਕਰਦੇ ਸਨ। ਇਹ ਉਸ ਵੇਲੇ ਦੇ ਲੋਕਾਂ ਦੀ ਚੰਗੀ ਸਿਹਤ ਦੀ ਨਿਸ਼ਾਨੀ ਸੀ। ਦੱਸ ਦਈਏ ਕਿ ਅਜਿਹਾ ਸਿਰਫ ਮਿੱਟੀ ਦੇ ਭਾਂਡਿਆਂ ਵਿੱਚ ਖਾਣਾ ਪਕਾਉਣ ਨਾਲ ਹੀ ਸੰਭਵ ਹੋ ਸਕਦਾ ਹੈ।
ਮਾਹਿਰਾਂ ਦਾ ਪੱਖ
ਮਿੱਟੀ ਦੇ ਬਰਤਨਾਂ ਦੀ ਵਰਤੋਂ ਸਬੰਧੀ ਮਾਹਿਰਾਂ ਦਾ ਕਹਿਣਾਂ ਹੈ ਕਿ ਪੁਰਾਤਨ ਸਮਿਆਂ ਵਿੱਚ ਸਾਡੇ ਬਜੁਰਗਾਂ ਦੀ ਚੰਗੀ ਸਿਹਤ ਦਾ ਰਾਜ ਖਾਣ ਪੀਣ ਵਿੱਚ ਸੰਜਮ ਵਰਤਨਾਂ ਅਤੇ ਖਾਣਾ ਬਣਾਉਣ ਲਈ ਮਿੱਟੀ ਦੇ ਬਰਤਨਾ ਦੀ ਵਰਤੋਂ ਕਰਨਾ ਸੀ। ਠੰਢੇ ਪਾਣੀ ਲਈ ਪਹਿਲਾਂ ਹੁਣ ਦੀ ਤਰ੍ਹਾਂ ਫਰਿੱਜ ਨਹੀਂ ਸੀ ਹੁੰਦੇ ਅਤੇ ਲੋਕ ਕੋਰੇ ਘੜੇ ਦਾ ਠੰਢਾ ਠਾਰ ਪਾਣੀ ਓਕ ਲਾ ਕੇ ਪੀ ਜਾਉਂਦੇ ਸਨ। ਪਰ ਆਧੁਨਿਕਤਾ ਦੇ ਦੌਰ ਵਿੱਚ ਅਸੀਂ ਆਪਣਾਂ ਪੁਰਾਤਨ ਖਾਣ ਪੀਣ ਦਾ ਢੰਗ ਅਤੇ ਪੁਰਾਣਾਂ ਪੌਸ਼ਟਿਕ ਭੋਜਨ ਛੱਡ ਚੁੱਕੇ ਹਾਂ, ਜਿਸ ਕਰਕੇ ਅੱਜ ਅੱਸੀ ਨਵੇਂ-ਨਵੇਂ ਰੋਗਾਂ ਦਾ ਸ਼ਿਕਾਰ ਹੋ ਰਹੇ ਹਾਂ। ਲੋੜ ਹੈ ਸਾਨੂੰ ਖਾਣ ਪੀਣ ਦੇ ਪੁਰਾਤਨ ਢੰਗ ਅਪਨਾਉਣ ਦੀ, ਤਾਂ ਜੋ ਅੱਸੀ ਆਪਣੀ ਸਿਹਤ ਨੂੰ ਬਿਹਤਰ ਬਣਾ ਸਕੀਏ।
ਮਿੱਟੀ ਦੇ ਭਾਂਡਿਆਂ ਦੇ ਫਾਇਦੇ
-ਮਿੱਟੀ ਦੇ ਭਾਂਡਿਆਂ 'ਚ ਬਣਨ ਵਾਲਾ ਭੋਜਨ ਸਿਹਤਮੰਦ ਹੁੰਦਾ ਹੈ।
-ਭੋਜਨ ਸੁਆਦ ਬਣਦਾ ਹੈ।
-ਖਾਣਾ ਜਲਦੀ ਖ਼ਰਾਬ ਨਹੀਂ ਹੁੰਦਾ।
-ਕੈਂਸਰ ਹੋਣ ਦਾ ਖਤਰਾ ਘੱਟ ਹੁੰਦਾ ਹੈ।
-ਭੋਜਨ ਮਿਨਰਲਸ ਅਤੇ ਵਿਟਾਮਿਨਸ ਨਾਲ ਭਰਪੂਰ ਹੁੰਦਾ ਹੈ।
-ਖਾਣੇ ਵਿੱਚ ਤੇਲ ਦੀ ਵਰਤੋਂ ਘੱਟ ਹੁੰਦੀ ਹੈ।
-ਖਾਣੇ ਨੂੰ ਦੋਬਾਰਾ ਗਰਮ ਕਰਨ ਦੀ ਲੋੜ ਨਹੀਂ ਪੈਂਦੀ।
ਇਹ ਵੀ ਪੜ੍ਹੋ : Jungle Jalebi: ਇਸ ਫ਼ਲ ਦੇ ਫਾਇਦੇ-ਨੁਕਸਾਨ ਸੁਣ ਕੇ ਹੈਰਾਨ ਰਹਿ ਜਾਓਗੇ! ਸ਼ਾਇਦ ਹੀ ਕੋਈ ਜਾਣਦਾ ਹੋਵੇ!
ਜਾਣਕਾਰੀ ਹੀ ਬਚਾਓ ਹੈ
ਦਰਜਨਾਂ ਬਿਮਾਰੀਆਂ ਦਾ ਇਲਾਜ਼ ਮਿੱਟੀ ਦੇ ਭਾਂਡਿਆਂ 'ਚ ਹੀ ਛੁਪਿਆ ਹੈ, ਮਰਜ਼ੀ ਹੁਣ ਤੁਹਾਡੀ ਹੈ ਕਿ ਬੀਮਾਰ ਰਹਿਣਾ ਹੈ ਜਾਂ ਲੰਬੀ ਉਮਰ ਜਿਉਣੀ ਹੈ।
Summary in English: Cure Diseases with Pottery! Find out how!