ਇਹ ਮਸ਼ੀਨ ਗਾਜਰ-ਲਸਣ ਦੀ ਬਿਜਾਈ ਕਰੇਗੀ ਆਸਾਨ, ਮਸ਼ੀਨ 'ਚ ਮਟਰ-ਮੂੰਗੀ-ਮੱਕੀ ਬੀਜਣ ਲਈ ਵੀ ਪਲੇਟਾਂ ਉਪਲੱਬਧ
ਕਿਸਾਨ ਭਰਾਵੋ, ਅੱਜ ਅਸੀਂ ਤੁਹਾਡੇ ਲਈ ਅਜਿਹੀਆਂ ਮਸ਼ੀਨਾਂ ਲੈ ਕੇ ਆਏ ਹਾਂ, ਜਿਸ ਨਾਲ ਬਿਜਾਈ ਦਾ ਕੰਮ ਆਸਾਨੀ ਨਾਲ ਪੂਰਾ ਹੋ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਮਸ਼ੀਨਾਂ 'ਚ ਵੱਖ-ਵੱਖ ਪਲੇਟਾਂ ਮੌਜੂਦ ਹਨ, ਜੋ ਇਕ ਨਹੀਂ ਸਗੋਂ ਕਈ ਫਸਲਾਂ ਦੀ ਬਿਜਾਈ ਲਈ ਫਾਇਦੇਮੰਦ ਹੋਣਗੀਆਂ। ਖਾਸ ਗੱਲ ਇਹ ਹੈ ਕਿ ਇਨ੍ਹਾਂ ਮਸ਼ੀਨਾਂ ਦੀ ਸਿਫ਼ਾਰਸ਼ ਪੀਏਯੂ ਵੱਲੋਂ ਕੀਤੀ ਗਈ ਹੈ ਅਤੇ ਇਨ੍ਹਾਂ ਮਸ਼ੀਨਾਂ ਨਾਲ ਗਾਜਰ-ਲਸਣ-ਮਟਰ-ਮੂੰਗੀ-ਮੱਕੀ ਸਮੇਤ ਕਈ ਫ਼ਸਲਾਂ ਦੀ ਬਿਜਾਈ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
ਲਸਣ ਬੀਜਣ ਵਾਲੀ ਮਸ਼ੀਨ
ਇਹ ਇੱਕ ਕਤਾਰ ਵਾਲੀ ਮਸ਼ੀਨ ਇੱਕ ਵੀਲਹੈਂਡ ਹੋ ਤੋਂ ਬਣੀ ਹੁੰਦੀ ਹੈ। ਜਿਸ ਉੱਤੇ ਲੱਸਣ ਦੀ ਬਿਜਾਈ ਦਾ ਸਿਸਟਮ ਲੱਗਾ ਹੁੰਦਾ ਹੈ। ਇਸ ਮਸ਼ੀਨ ਉੱਤੇ ਬੀਜ ਦੀ ਮਾਤਰਾ ਇੱਕਸਾਰ ਰੱਖਣ ਲਈ ਇੱਕ ਚਮਚੇ ਵਰਗੀ ਖੜ੍ਹਵੀਂ ਪਲੇਟ ਹੁੰਦੀ ਹੈ। ਬੀਜ ਵਾਲੇ ਬਕਸੇ ਦੀ ਸਮਰੱਥਾ 3 ਕਿਲੋ ਹੁੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਮਸ਼ੀਨ ਨੂੰ ਦੋ ਆਦਮੀ ਚਲਾ ਸਕਦੇ ਹਨ। ਇੱਕ ਆਦਮੀ ਮਸ਼ੀਨ ਨੂੰ ਅੱਗੇ ਤੋਂ ਰੱਸੀ ਨਾਲ ਖਿੱਚ੍ਹਦਾ ਹੈ ਅਤੇ ਦੂਸਰਾ ਆਦਮੀ ਇਸ ਮਸ਼ੀਨ ਨੂੰ ਸਿੱਧਾ ਚਲਾਉਂਦਾ ਹੈ। ਕਦੇ-ਕਦੇ ਖਾਲੀ ਰਹਿੰਦੀ ਵਿੱਥ ਨੂੰ ਪੂਰਾ ਕਰਨ ਲਈ ਤੀਜੇ ਬੰਦੇ ਦੀ ਲੋੜ ਪੈਂਦੀ ਹੈ।
ਕਤਾਰਾਂ ਦੀ ਡੂੰਘਾਈ ਅਤੇ ਫ਼ਾਸਲਾ ਘੱਟ-ਵੱਧ ਕੀਤਾ ਜਾ ਸਕਦਾ ਹੈ। ਇਸ ਮਸ਼ੀਨ ਵਿੱਚ ਵੱਖ-ਵੱਖ ਫ਼ਸਲਾਂ ਜਿਵੇਂ ਮਟਰ, ਮੂੰਗੀ ਅਤੇ ਮੱਕੀ ਆਦਿ ਬੀਜਣ ਲਈ ਵੱਖਰੀਆਂ-ਵੱਖਰੀਆਂ ਪਲੇਟਾਂ ਹਨ। ਤਿਆਰ ਕੀਤੇ ਖੇਤ ਵਿਚ ਬੀਜ ਦੀ ਡੂੰਘਾਈ ਇੱਕ ਇੰਚ ਤੱਕ ਕੀਤੀ ਜਾ ਸਕਦੀ ਹੈ।
ਮਸ਼ੀਨ ਦਾ ਭਾਰ ਤਕਰੀਬਨ 12 ਕਿਲੋ ਹੈ ਅਤੇ ਆਸਾਨੀ ਨਾਲ ਚਲਾਈ ਜਾ ਸਕਦੀ ਹੈ। ਬਿਜਾਈ ਤੋਂ 20 ਦਿਨਾਂ ਪਿਛੋਂ ਤਕਰੀਬਨ 95 ਪ੍ਰਤੀਸ਼ਤ ਪੌਦੇ ਉੱਗ ਪੈਂਦੇ ਹਨ। ਦੇਖਿਆ ਗਿਆ ਹੈ ਕਿ ਲੱਸਣ ਦੇ ਬੀਜ ਡਿੱਗਣ ਦੀ ਸਥਿਤੀ ਦਾ ਬੀਜ ਦੇ ਉੱਗਣ ਅਤੇ ਉਤਪਾਦਨ ਤੇ ਕੋਈ ਫ਼ਰਕ ਨਹੀਂ ਪੈਂਦਾ।
ਇਸ ਮਸ਼ੀਨ ਨਾਲ ਇੱਕ ਦਿਨ ਵਿਚ ਅੱਧਾ ਤੋਂ ਪੌਣਾ ਏਕੜ ਰਕਬੇ ਤੇ ਬਿਜਾਈ ਹੋ ਸਕਦੀ ਹੈ। ਮਸ਼ੀਨ ਦੀ ਕੀਮਤ ਲਗਭਗ 4200 ਰੁਪਏ ਹੈ। ਮਸ਼ੀਨ ਨਾਲ ਹੱਥੀਂ ਬਿਜਾਈ ਕਰਨ ਦੇ ਮੁਕਾਬਲੇ ਮਜ਼ਦੂਰੀ ਵਿੱਚ 80% ਅਤੇ ਲਾਗਤ ਵਿੱਚ 75% ਬੱਚਤ ਹੁੰਦੀ ਹੈ ।
ਗਾਜਰ ਬੀਜਣ ਵਾਲੀ ਮਸ਼ੀਨ
ਪਹਿਲਾਂ ਗਾਜਰਾਂ ਦੀ ਬਿਜਾਈ ਵੱਟਾਂ ਪਾ ਕੇ ਕਾਮਿਆਂ ਨਾਲ ਕੀਤੀ ਜਾਦੀ ਸੀ ਅਤੇ ਹੁਣ ਇਹ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਟਰੈਕਟਰ ਨਾਲ ਚੱਲਣ ਵਾਲੇ ਇਨਕਲਾਈਂਡ ਪਲੇਟ ਵਾਲੇ ਗਾਜਰ ਪਲਾਂਟਰ ਦੀ ਸਿਫ਼ਾਰਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ: ਨਰਸਰੀ ਤਿਆਰ ਕਰਨ ਵਿੱਚ ਮਦਦਗਾਰ ਇਹ 5 ਖੇਤੀ ਸੰਦ, ਹੁਣ 50 ਮਜ਼ਦੂਰਾਂ ਜਿੰਨਾ ਕੰਮ ਕਰੇਗੀ ਇੱਕ ਮਸ਼ੀਨ
ਇਹ ਪਲਾਂਟਰ ਗਾਜਰ ਦੇ ਬੀਜਾਂ ਦੀ ਬੈੱਡਾਂ ਤੇ ਬਿਜਾਈ ਕਰਦਾ ਹੈ। ਇਹ ਬਿਜਾਈ ਵਾਲੀ ਮਸ਼ੀਨ ਇਨਕਲਾਈਂਡ ਪਲੇਟਾਂ ਵਿੱਚ ਬਣੇ ਸੁਰਾਖਾਂ ਦੀ ਮਦਦ ਨਾਲ ਬੀਜਾਂ ਨੂੰ ਲੈ ਕੇ ਅਗੇ ਬੀਜ ਟਿਊਬ ਵਿੱਚ ਸੁੱਟਦੀ ਹੈ। ਇਹ ਮਸ਼ੀਨ 67.5 ਸੈਂਟੀਮੀਟਰ ਦੀ ਚੌੜਾਈ ਵਾਲੇ ਤਿੰਨ ਬੈਡ ਇਕੋ ਸਮੇਂ ਤੇ ਬਣਾਉਂਦੀ ਹੈ।
ਟਰੈਕਟਰ ਨਾਲ ਚਲਣ ਵਾਲੀ ਇਨਕਲਾਈਂਡ ਪਲੇਟ ਪਲਾਂਟਰ ਮਸ਼ੀਨ ਨਾਲ ਗਾਜਰਾਂ ਦੀ ਸਿੱਧੀ ਬਿਜਾਈ ਕੀਤੀ ਜਾਂਦੀ ਹੈ। ਇਹ ਮਸ਼ੀਨ ਇਕ ਬੈਡ ਤੇ 4 ਕਤਾਰਾਂ ਜਿਹਨਾਂ ਵਿਚ ਫਾਸਲਾ 10 ਸੈਂਟੀਮੀਟਰ ਤੇ ਬੂਟੇ ਤੋ ਬੂਟੇ ਦਾ ਫ਼ਾਸਲਾ 8 ਸੈਂਟੀਮੀਟਰ ਰੱਖਿਆ ਜਾਂਦਾ ਹੈ।
ਹਰੇਕ ਕਤਾਰ ਦੇ ਪਿਛੇ ਇਕ ਫਲੈਟ ਪਲੇਟ ਲੱਗੀ ਹੈ ਜੋ ਕਿ ਬੀਜ ਨੂੰ ਮਿੱਟੀ ਨਾਲ ਢਕਣ ਦਾ ਕੰਮ ਕਰਦੀ ਹੈ। ਮਸ਼ੀਨ ਦੀ ਕੰਮ ਕਰਨ ਦੀ ਸਮਰੱਥਾ 1.0-1.5 ਏਕੜ ਪ੍ਰਤੀ ਘੰਟਾ ਮਾਪੀ ਗਈ ਹੈ। ਮਸ਼ੀਨ ਨਾਲ ਬਿਜਾਈ ਕਰਨ ਲਈ ਸਿਰਫ 2.5-3.0 ਕਿੱਲੋ ਪ੍ਰਤੀ ਏਕੜ ਬੀਜ ਦੀ ਜਰੂਰਤ ਪੈਂਦੀ ਹੈ। ਮਸ਼ੀਨ ਨਾਲ ਲਾਈ ਗਈ ਫ਼ਸਲ ਦੀ ਉੱਗਣ ਸ਼ਕਤੀ ਵੀ ਪ੍ਰਚੱਲਿਤ ਵਿਧੀਆਂ ਦੇ ਮੁਕਾਬਲੇ ਵੱਧ ਅਤੇ ਇਕਸਾਰ ਹੁੰਦੀ ਹੈ।
ਮਸ਼ੀਨ ਨਾਲ ਬਿਜਾਈ ਦੌਰਾਨ ਮਜ਼ਦੂਰੀ ਦੀ ਲਾਗਤ ਵਿੱਚ ਲਗਭਗ 50-60% ਤੱਕ ਦੀ ਕਮੀ ਆ ਜਾਂਦੀ ਹੈ। ਵੱਟਾਂ ਅਤੇ ਛੱਟਾ ਮਾਰਕੇ ਕੀਤੀ ਬਿਜਾਈ ਦੇ ਮੁਕਾਬਲੇ ਮਸ਼ੀਨ ਨਾਲ ਕੀਤੀ ਬਿਜਾਈ ਦੀ ਲਾਗਤ ਵਿੱਚ ਬੱਚਤ ਹੁੰਦੀ ਹੈ। ਇਸ ਮਸ਼ੀਨ ਦੀ ਵਰਤੋ ਨਾਲ ਤਕਰੀਬਨ 70 ਪ੍ਰਤੀਸ਼ਤ ਕਾਮਿਆਂ ਦੀ ਬੱਚਤ ਅਤੇ ਤਕਰੀਬਨ 40 ਪ੍ਰਤੀਸ਼ਤ ਝਾੜ ਵਿੱਚ ਵਾਧਾ ਹੁੰਦਾ ਹੈ।
Summary in English: Now many jobs will be done with one machine, PAU recommends easy sowing by this machine