Farm Machinery: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀਆਂ ਗਈਆਂ ਮਸ਼ੀਨਾਂ ਰਾਹੀਂ ਪਰਾਲੀ ਨੂੰ ਖੇਤ ਵਿੱਚ ਹੀ ਸਾਂਭਣ ਵਿੱਚ ਮਦਦ ਮਿਲਦੀ ਹੈ। ਤਜਰਬੇ ਇਹ ਦੱਸਦੇ ਹਨ ਕਿ ਝੋਨੇ-ਕਣਕ ਫ਼ਸਲੀ ਚੱਕਰ ਵਿੱਚ ਝੋਨੇ ਦੀ ਪਰਾਲੀ ਲਗਾਤਾਰ ਤਿੰਨ ਸਾਲ ਲਈ ਖੇਤ ਵਿੱਚ ਵਾਹੁਣ ਜਾਂ ਰੱਖਣ ਨਾਲ ਕਣਕ ਦਾ ਝਾੜ ਵੱਧਦਾ ਹੈ, ਜ਼ਮੀਨ ਦੀ ਸਿਹਤ ਸੁਧਰਦੀ ਹੈ ਅਤੇ ਖਾਦਾਂ ਦੀ ਵਰਤੋਂ ਵੀ ਘੱਟਦੀ ਹੈ। ਅਜਿਹੇ 'ਚ ਅੱਜ ਅਸੀਂ ਸੁਪਰ ਐਸ.ਐਮ.ਐਸ. ਵਾਲੀ ਕੰਬਾਈਨ ਬਾਰੇ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ।
ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦਰਮਿਆਨ ਸਮੇਂ ਦੀ ਘਾਟ ਕਾਰਨ ਝੋਨੇ ਦੀ ਪਰਾਲੀ ਨੂੰ ਲਗਾਈ ਜਾਂਦੀ ਅੱਗ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਸੂਬਿਆਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਬਹੁਮੁੱਲੇ ਖੁਰਾਕੀ ਤੱਤ ਸੜ ਜਾਂਦੇ ਹਨ ਅਤੇ ਨਾਲ ਹੀ ਵਾਤਾਵਰਣ ਵੀ ਪਲੀਤ ਹੁੰਦਾ ਹੈ। ਇਸ ਨਾਲ ਧਰਤੀ ਵਿਚਲੇ ਸੂਖਮ ਜੀਵ ਨਸ਼ਟ ਹੋਣ ਦੇ ਨਾਲ-ਨਾਲ ਰੁੱਖਾਂ, ਪਸ਼ੂਆਂ ਅਤੇ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਹੈ।
ਜੇਕਰ ਇਸ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਲਿਆ ਜਾਵੇ ਤਾਂ ਮਿੱਟੀ ਦੀ ਗੁਣਵੱਤਾ ਵਿੱਚ ਚੰਗਾ ਸੁਧਾਰ ਆਉਂਦਾ ਹੈ ਅਤੇ ਫ਼ਸਲਾਂ ਦੇ ਝਾੜ ਵਿੱਚ ਵਾਧਾ ਹੁੰਦਾ ਹੈ। ਪਰਾਲੀ ਨੂੰ ਖੇਤ ਵਿੱਚ ਸੰਭਾਲਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਈ ਤਰ੍ਹਾਂ ਦੀਆਂ ਮਸ਼ੀਨਾਂ ਈਜ਼ਾਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਸੁਪਰ ਐਸ.ਐਮ.ਐਸ. ਵਾਲੀ ਕੰਬਾਈਨ ਇੱਕ ਵਧੀਆ ਮਸ਼ੀਨ ਹੈ। ਵੇਰਵਾ ਅਤੇ ਵਰਤਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ:
ਇਹ ਵੀ ਪੜ੍ਹੋ: Harvester Machines 'ਤੇ ਸਰਕਾਰ ਵੱਲੋਂ Subsidy, ਜਾਣੋ ਮਸ਼ੀਨਾਂ ਦੀਆਂ ਵਿਸ਼ੇਸ਼ਤਾਵਾਂ
ਸੁਪਰ ਐਸ. ਐਮ. ਐਸ. ਵਾਲੀ ਕੰਬਾਈਨ
ਇਸ ਕੰਬਾਈਨ ਨਾਲ ਝੋਨੇ ਦੀ ਵਾਢੀ ਕਰਨ ਤੇ ਕੰਬਾਈਨ ਦੇ ਪਿੱਛੇ ਨਿਕਲਣ ਵਾਲੇ ਪਰਾਲ ਦਾ ਕੁਤਰਾ ਹੋ ਜਾਂਦਾ ਹੈ ਅਤੇ ਖੇਤ ਵਿੱਚ ਇਕਸਾਰ ਖਿੱਲਰ ਜਾਂਦਾ ਹੈ। ਜਿਸ ਤੋਂ ਬਾਅਦ ਖੇਤ ਵਿੱਚ ਪਰਾਲੀ ਸਮੇਤ ਕਣਕ ਦੀ ਬਿਜਾਈ ਕਰਨ ਲਈ ਕੋਈ ਵੀ ਮਸ਼ੀਨ ਵਰਤਣ ਵਿੱਚ ਦਿੱਕਤ ਨਹੀਂ ਆਉਂਦੀ। ਇਸ ਮਸ਼ੀਨ ਦੇ ਸਹੀ ਤਰੀਕੇ ਨਾਲ ਕੰਮ ਕਰਨ ਲਈ ਇਸ ਦਾ ਪਿਛਲਾ ਰੋਟਰ 1600-1800 ਚੱਕਰਾਂ ਤੇ ਚੱਲਣਾ ਚਾਹੀਦਾ ਹੈ ਅਤੇ ਇਸ ਦੀ ਵਾਈਬ੍ਰੇਸ਼ਨ ਘਟਾਉਣ ਲਈ ਡਾਇਨਾਮਿਕ ਬੈਲੇਂਸਿੰਗ ਹੋਣੀ ਬਹੁਤ ਜ਼ਰੂਰੀ ਹੈ। ਰੋਟਰ ਦੇ ਬਲੇਡਾਂ ਅਤੇ ਫਿਕਸ ਬਲੇਡਾਂ ਵਿਚਲੀ ਦੂਰੀ ਸਹੀ ਹੋਣੀ ਚਾਹੀਦੀ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Manage paddy straw through Super SMS Combine