Best Food for Animal: ਹਰੇ ਚਾਰੇ ਦੁਧਾਰੂ ਪਸ਼ੂਆਂ ਦੀ ਖੁਰਾਕ ਦਾ ਮੁੱਖ ਹਿੱਸਾ ਹਨ ਅਤੇ ਡੇਅਰੀ ਉਦਯੋਗ ਦੀ ਸਫਲਤਾ ਕਾਫੀ ਹੱਦ ਤੱਕ ਹਰੇ ਚਾਰੇ ਦੇ ਉਤਪਾਦਨ ਉੱਤੇ ਨਿਰਭਰ ਕਰਦੀ ਹੈ। ਪਰ ਮਈ-ਜੂਨ ਅਤੇ ਨਵੰਬਰ-ਦਸੰਬਰ ਦੇ ਮਹੀਨਿਆਂ ਵਿੱਚ ਪਸ਼ੂਆਂ ਲਈ ਹਰੇ ਚਾਰੇ ਦੀ ਸਖ਼ਤ ਘਾਟ ਹੁੰਦੀ ਹੈ। ਇਸ ਘਾਟ ਨੂੰ ਚਾਰੇ ਦੇ ਅਚਾਰ ਨਾਲ ਪੂਰਾ ਕੀਤਾ ਜਾ ਸਕਦਾ ਹੈ। ਜਾਣੋ ਚਾਰੇ ਦਾ ਅਚਾਰ ਬਣਾਉਣ ਦਾ ਸਹੀ ਤਰੀਕਾ ਅਤੇ ਉਸ ਦੇ ਲਾਭ...
Pickle for Animals: ਪੰਜਾਬ ਅਤੇ ਦੁੱਧ ਦਾ ਸੰਬੰਧ, ਨਹੁੰ ਮਾਸ ਦੇ ਰਿਸ਼ਤੇ ਵਰਗਾ ਹੈ। ਪੰਜਾਬ ਵਿੱਚ ਵਰਤਮਾਨ ਪਸ਼ੂਆਂ ਦੀ ਗਿਣਤੀ ਲੱਗਭਗ 81.2 ਲੱਖ ਹੈ, ਜਿੰਨਾ ਵਿੱਚੋ 75.0 ਲੱਖ ਵੱਡੇ ਪਸ਼ੂ ਹਨ। ਭਾਰਤ ਵਿੱਚ ਸਲਾਨਾ 176.3 ਮਿਲੀਅਨ ਟਨ ਦੁੱਧ ਉਤਪਾਦਨ ਹੁੰਦਾ ਹੈ, ਜਦੋਂਕਿ ਪੰਜਾਬ ਵਿੱਚ 11.85 ਮਿਲੀਅਨ ਟਨ ਸਲਾਨਾ ਦੁੱਧ ਉਤਪਾਦਨ ਹੁੰਦਾ ਹੈ ਤੇ ਪੰਜਾਬ ਵਿੱਚ ਦੁੱਧ ਉਪਲੱਭਤਾ/ਵਿਅਕਤੀ/ਦਿਨ 1120 ਗ੍ਰਾਮ ਹੈ। ਹਰੇ ਚਾਰੇ ਦੁਧਾਰੂ ਪਸ਼ੂਆਂ ਦੀ ਖੁਰਾਕ ਦਾ ਮੁੱਖ ਹਿੱਸਾ ਹਨ ਅਤੇ ਡੇਅਰੀ ਉਦਯੋਗ ਦੀ ਸਫਲਤਾ ਕਾਫੀ ਹੱਦ ਤੱਕ ਹਰੇ ਚਾਰੇ ਦੇ ਉਤਪਾਦਨ ਉੱਤੇ ਨਿਰਭਰ ਕਰਦੀ ਹੈ। ਜੇਕਰ ਇਕ ਵੱਡੇ ਪਸ਼ੂ ਨੂੰ 40 ਕਿਲੋ ਹਰਾ ਚਾਰਾ ਰੋਜ਼ਾਨਾ ਪਾਇਆ ਜਾਏ ਤਾਂ ਕੁੱਲ 911 ਲੱਖ ਟਨ ਹਰੇ ਚਾਰੇ ਦੀ ਸਾਲਾਨਾ ਲੋੜ ਹੈ। ਪਰ ਨਵੰਬਰ-ਦਸੰਬਰ ਅਤੇ ਮਈ-ਜੂਨ ਦੇ ਮਹੀਨਿਆਂ ਵਿੱਚ ਪਸ਼ੂਆਂ ਲਈ ਹਰੇ ਚਾਰੇ ਦੀ ਸਖ਼ਤ ਘਾਟ ਹੁੰਦੀ ਹੈ। ਇਸ ਘਾਟ ਨੂੰ ਚਾਰੇ ਦੇ ਅਚਾਰ ਨਾਲ ਪੂਰਾ ਕੀਤਾ ਜਾ ਸਕਦਾ ਹੈ। ਅਚਾਰ ਦੀ ਵਰਤੋਂ ਕਰਕੇ ਮਹਿੰਗੇ ਦਾਣੇ ਦੀ ਮਾਤਰਾ ਘਟਾਈ ਜਾ ਸਕਦੀ ਹੈ ਤੇ ਸਸਤਾ ਦੁੱਧ ਪੈਦਾ ਕੀਤਾ ਜਾ ਸਕਦਾ ਹੈ।
ਹਰੇ ਚਾਰੇ ਨੂੰ ਆਖਿਆ ਜਾਂਦਾ ਹੈ ਅਚਾਰ/ਸਾਈਲੇਜ
ਨਮੀ (ਸਿੱਲ) ਦੀ ਹਾਲਤ ਵਿਚ ਰੱਖੇ ਹਰੇ ਚਾਰੇ ਨੂੰ ਅਚਾਰ/ਸਾਈਲੇਜ ਆਖਿਆ ਜਾਂਦਾ ਹੈ। ਸਾਈਲੇਜ ਇੱਕ ਉੱਚ-ਗੁਣਵੱਤਾ ਵਾਲੀ ਚਾਰੇ ਦੀ ਫਸਲ ਹੈ, ਜੋ ਕਿ ਬਹੁਤ ਸਾਰੇ ਡੇਅਰੀ ਫਾਰਮਾਂ ਵਿੱਚ ਵਰਤੀ ਜਾਂਦੀ ਹੈ। ਅਚਾਰ ਬਣਾਉਣ ਲਈ ਸਾਉਣੀ ਦੀਆਂ ਗੈਰ ਫਲੀਦਾਰ ਫ਼ਸਲਾਂ ਵਿੱਚੋ ਮੱਕੀ ਦੀ ਫ਼ਸਲ ਢੁਕਵੀਂ ਹੈ, ਇਸ ਵਿੱਚ ਕਾਰਬੋਹਾਇਡ੍ਰੇਟ (Carbohydrate) ਦੀ ਮਾਤਰਾ ਵੱਧ ਅਤੇ ਪ੍ਰੋਟੀਨ (Protein) ਦੀ ਘਾਟ ਹੁੰਦੀ ਹੈ। ਸਾਈਲੇਜ ਬਣਾਉਣ ਦਾ ਉਦੇਸ਼ ਕਟਾਈ ਦੀ ਫਸਲ ਨੂੰ ਐਨਾਇਰੋਬਿਕ (ਆਕਸੀਜਨ ਤੋਂ ਬਿਨਾਂ) ਫਰਮੈਂਟੇਸ਼ਨ ਦੁਆਰਾ ਸੁਰੱਖਿਅਤ ਕਰਨਾ ਹੈ।
ਅਚਾਰ ਬਣਾਉਣ ਦੇ ਲਾਭ
• ਅਚਾਰ ਵਿਚ ਖੁਰਾਕੀ ਤੱਤ ਹਰੇ ਚਾਰੇ ਵਾਲੇ ਹੀ ਹੁੰਦੇ ਹਨ, ਪਰ ਇਸ ਵਿੱਚ ਲੈਕਟਿਕ ਐਸਿਡ (ਤੇਜਾਬ) ਜਿਆਦਾ ਤੇ ਬਿਉਟਾਇਰੀਕ ਐਸਿਡ ਘੱਟ ਹੁੰਦਾ ਹੈ ।
• ਸਾਰਾ ਸਾਲ ਹਰੇ ਚਾਰੇ ਦੀ ਘਾਟ ਨਹੀਂ ਆਉਂਦੀ ।
• ਲੇਬਰ ਦਾ ਘੱਟ ਖਰਚਾ ।
• ਸਮੇਂ ਦੀ ਬੱਚਤ।
• ਗਰਮੀਆਂ ਵਿੱਚ ਦੁੱਧ ਦੀ ਮਾਤਰਾ ਨਿਰੰਤਰ ਰਹਿੰਦੀ ਹੈ।
• ਅਚਾਰ ਇਕ ਸਸਤੀ ਖੁਰਾਕ ਵੀ ਹੈ ।
• ਕਿਸਾਨ ਵੀਰ ਅਚਾਰ ਬਣਾ ਕੇ ਵੇਚ ਵੀ ਸਕਦੇ ਹਨ ਤੇ ਵਾਧੂ ਕਮਾਈ ਕਰ ਸਕਦੇ ਹਨ।
ਜਗ੍ਹਾ ਦਾ ਪ੍ਰਬੰਧ
• ਅਚਾਰ ਬਣਾਉਣ ਲਈ ਟੋਆ ਪਸ਼ੂਆਂ ਦੇ ਸ਼ੇਡ ਦੇ ਨੇੜੇ ਉੱਚੀ ਜਗ੍ਹਾ ਤੇ ਹੋਣਾ ਚਾਹੀਦਾ ਹੈ ।
• ਧਿਆਨ ਰਹੇ ਕਿ ਮੀNਹ ਵੇਲੇ ਪਾਣੀ ਓਥੇ ਨਾ ਖਲੋਵੇ, ਨਹੀਂ ਤਾ ਅਚਾਰ ਖਰਾਬ ਹੋ ਸਕਦਾ ਹੈ।
ਚਾਰਾ ਕੁਤਰਨ ਅਤੇ ਭਰਾਈ ਲਈ ਮਸ਼ੀਨ
ਕਾਮਿਆਂ ਰਾਹੀਂ ਮੱਕੀ ਦੀ ਫਸਲ ਦੀ ਕਟਾਈ ਛੱਲੀਆਂ ਵਿੱਚ ਸੂਤ ਪੈਣ ਤੋਂ ਦੋਧੇ ਬਣਨ ਵਾਲੇ ਸਮੇਂ ਤੱਕ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਕੱਟੀ ਹੋਈ ਮੱਕੀ ਦੀ ਫਸਲ ਦਾ ਰੁੱਗ ਲਗਾ ਕੇ ਇਸ ਮਸ਼ੀਨ ਵਿੱਚ ਲਾਇਆ ਜਾਂਦਾ ਹੈ ਅਤੇ ਕੁਤਰੀ ਹੋਈ ਮੱਕੀ ਦੀ ਫਸਲ ਨਾਲ ਦੀ ਨਾਲ ਟਰਾਲੀ ਵਿੱਚ ਭਰੀ ਜਾਂਦੀ ਹੈ। ਇਸ ਮਸ਼ੀਨ ਨੂੰ 35 ਹਾਰਸ ਪਾਵਰ ਟਰੈਕਟਰ ਦੀ ਲੋੜ੍ਹ ਹੁੰਦੀ ਹੈ ਅਤੇ ਟਰੈਕਟਰ ਦੀ ਪੀ.ਟੀ.ਓ ਤੋਂ ਇਸ ਨੂੰ ਪਾਵਰ ਦਿੱਤੀ ਜਾਂਦੀ ਹੈ। ਇਹ ਮਸ਼ੀਨ ਇੱਕ ਘੰਟੇ ਵਿੱਚ 12 ਤੋਂ 18 ਟਨ ਚਾਰੇ ਵਾਲੀ ਫਸਲ ਦਾ ਕੁਤਰਾ ਕਰਨ ਦੇ ਸਮੱਰਥ ਹੈ।
ਚਾਰਾ ਕਟਾਈ ਅਤੇ ਭਰਾਈ ਦੀ ਮਸ਼ੀਨ:
ਇਸ ਮਸ਼ੀਨ ਦੀ ਵਰਤੋਂ ਨਾਲ ਇੱਕ ਘੰਟੇ ਵਿੱਚ ਲੱਗਭਗ ਅੱਧੇ ਏਕੜ ਦਾ ਚਾਰਾ ਕੱਟਿਆ ਜਾ ਸਕਦਾ ਹੈ ਅਤੇ ਨਾਲ ਹੀ ਕੁਤਰਾ ਵੀ ਕੀਤਾ ਜਾਂਦਾ ਹੈ। ਮਸ਼ੀਨ ਦੀ ਕਾਰਗੁਜਾਰੀ ਕਾਫੀ ਤਸੱਲੀਬਖਸ਼ ਹੈ। 80 ਤੋਂ 100 ਪਸ਼ੂਆਂ ਵਾਸਤੇ ਇੱਕ ਟਰਾਲੀ ਚਾਰੇ ਦੀ ਜ਼ਰੂਰਤ ਪੈਂਦੀ ਹੈ, ਇੰਨਾ ਕੰਮ ਕਰਨ ਵਾਸਤੇ ਕਾਮਿਆਂ ਦੁਆਰਾ ਕਟਾਈ ਲਈ 3 ਤੋਂ 4 ਦਿਨ ਲੱਗ ਜਾਂਦੇ ਹਨ ਜਦਕਿ ਇਸ ਮਸ਼ੀਨ ਦੀ ਵਰਤੋਂ ਨਾਲ 20 ਤੋਂ 25 ਮਿੰਟਾਂ ਵਿੱਚ ਚਾਰਾ ਕੱਟਿਆ ਜਾ ਸਕਦਾ ਹੈ । ਕੁਤਰੇ ਹੋਏ ਚਾਰੇ ਦੀ ਲੰਬਾਈ 5 ਤੋਂ 12 ਸੈਂਟੀਮਟਰ ਵਿੱਚ ਹੁੰਦੀ ਹੈ। ਇਸ ਮਸ਼ੀਨ ਨਾਲ ਕਾਫੀ ਮਜ਼ਦੂਰੀ ਅਤੇ ਖਰਚੇ ਦੀ ਬੱਚਤ ਹੁੰਦੀ ਹੈ। ਚਾਰੇ ਦੀ ਕਟਾਈ, ਕੁਤਰਾ ਕਰਨਾ ਅਤੇ ਕੁਤਰਾ ਹੋਇਆ ਚਾਰਾ ਟਰਾਲੀ ਵਿੱਚ ਨਾਲ ਦੀ ਨਾਲ ਭਰਿਆ ਜਾਂਦਾ ਹੈ। ਇਸ ਮਸ਼ੀਨ ਨੂੰ 45 ਹਾਰਸ ਪਾਵਰ ਟਰੈਕਟਰ ਦੀ ਲੋੜ੍ਹ ਹੁੰਦੀ ਹੈ ਅਤੇ ਟਰੈਕਟਰ ਦੀ ਪੀ.ਟੀ.ਓ. ਤੋਂ ਇਸ ਨੂੰ ਪਾਵਰ ਦਿੱਤੀ ਜਾਂਦੀ ਹੈ। ਇਹ ਮਸ਼ੀਨ ਇੱਕ ਘੰਟੇ ਵਿੱਚ ਔਸਤਨ ਅੱਧਾ ਏਕੜ ਮੱਕੀ ਦੀ ਫਸਲ ਦੀ ਕਟਾਈ ਅਤੇ ਕੁਤਰਾ ਕਰਕੇ ਟਰਾਲੀ ਵਿੱਚ ਭਰਨ ਦੇ ਸਮੱਰਥ ਹੈ।
ਅਚਾਰ ਲਈ ਚਾਰਾ ਕੱਟਣ ਦਾ ਸਹੀ ਸਮਾਂ
• ਮੱਕੀ ਦਾ ਅਚਾਰ ਬਣਾਉਣ ਲਈ ਬੀਜਣ ਤੋਂ 50-60 ਦਿਨ ਬਾਅਦ ਉਸ ਦੀ ਕਟਾਈ ਕਰਨੀ ਚਾਹੀਦੀ ਹੈ ਜਦੋਂ ਦਾਣੇ ਦੋਧੀਆ ਬਣਨ ਲੱਗ ਜਾਣ ਤੇ ਦਾਣਿਆਂ ਉੱਪਰ ਮਿਲਕ ਲਾਈਨ (Milk line) 2/3rd ਬਣ ਜਾਵੇ। ਇਸ ਸਮੇਂ ਫ਼ਸਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਚਾਰੇ ਵਿਚ ਸੁੱਕੇ ਮਾਦੇ (Dry matter) ਦੀ ਮਾਤਰਾ 30-35 ਫੀਸਦੀ ਹੋਣੀ ਚਾਹੀਦੀ ਹੈ ਤੇ ਨਮੀ (Moisture) ਦੀ ਮਾਤਰਾ 65-70 ਫੀਸਦੀ ਹੋਣੀ ਚਾਹੀਦੀ ਹੈ ।
• ਜੇਕਰ ਹਰਾ ਚਾਰਾ ਪਾਣੀ ਨਾਲ ਵਧੇਰੇ ਸੰਤਰਿਪਤ ਜਾਪੇ ਤਾਂ ਕੱਟੀ ਹੋਈ ਫ਼ਸਲ ਨੂੰ 1-2 ਦਿਨ ਖੇਤ ਵਿੱਚ ਹੀ ਪਈ ਰਹਿਣ ਦੇਵੋ ।
• ਫ਼ਸਲ ਨੂੰ 1-3 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰ ਲਓ।
ਅਚਾਰ ਬਣਾਉਣ ਲਈ ਸਾਇਲੋਪਿਟ (ਟੋਏ) ਦੀ ਤਿਆਰੀ
• ਜਿਸ ਥਾਂ ਤੇ ਅਚਾਰ ਬਣਾਇਆ ਜਾਂਦਾ ਹੈ ਉਸਨੂੰ ਸਾਇਲੋਪਿਟ (Silo pit) ਕਹਿੰਦੇ ਹਨ। ਟੋਆ (ਸਾਇਲੋਪਿਟ) ਪਸ਼ੂਆਂ ਦੀ ਗਿਣਤੀ ਅਤੇ ਜਿੰਨੇ ਸਮੇਂ ਵਾਸਤੇ ਅਚਾਰ ਬਣਾਉਣਾ ਹੈ ਉਸ ਤੇ ਨਿਰਭਰ ਕਰਦਾ ਹੈ।
• ਟੋਏ ਦੀ ਲੰਬਾਈ ਜਾਂ ਚੌੜਾਈ ਘੱਟ ਜਾਂ ਵੱਧ ਕੀਤੀ ਜਾ ਸਕਦੀ ਹੈ ਪਰ ਟੋਏ ਦੀ ਡੂੰਘਾਈ ਹਮੇਸ਼ਾ 1.5-2.0 ਮੀਟਰ ਹੋਣੀ ਚਾਹੀਦੀ ਹੈ।
• ਆਮ ਤੋਰ ਤੇ ਇਕ ਕਿਊਬਿਕ ਮੀਟਰ ਵਿਚ 5 ਤੋਂ 6 ਕੁਅੰਟਲ ਚਾਰਾ ਪਾਇਆ ਜਾ ਸਕਦਾ ਹੈ ।
• 10 ਮੀਟਰ ਲੰਬਾਈ, 3 ਮੀਟਰ ਚੌੜਾਈ ਅਤੇ 1.5 ਮੀਟਰ ਡੂੰਘਾਈ ਵਾਲੇ ਟੋਏ ਵਿੱਚ 350 ਤੋਂ 400 ਕuਇੰਟਲ ਕੁਤਰਿਆ ਚਾਰਾ ਪਾਇਆ ਜਾ ਸਕਦਾ ਹੈ, ਜੋ ਕਿ 5 ਮੱਝਾਂ/ਗਾਵਾਂ ਨੂੰ ਚਾਰੇ ਦੀ ਘਾਟ ਵਾਲੇ 4 ਮਹੀਨਿਆਂ ਦੌਰਾਨ 25-30 ਕਿਲੋ ਹਰ ਰੋਜ਼ ਦੇ ਹਿਸਾਬ ਨਾਲ ਪਾਉਣ ਲਈ ਕਾਫੀ ਹੈ। ਟੋਏ ਨੂੰ ਭਰਨ ਲਈ ਵੱਧ ਤੋਂ ਵੱਧ 2 ਦਿਨ ਦਾ ਸਮਾਂ ਲਗਾਓ।
• ਧਿਆਨ ਰਹੇ ਕਿ ਕਦੇ ਵੀ ਅਚਾਰ ਬਾਰਿਸ਼ ਦੇ ਦਿਨਾਂ ਵਿਚ ਨਹੀਂ ਬਣਾਉਣਾ ਚਾਹੀਦਾ, ਅਚਾਰ ਹਮੇਸ਼ਾ ਖੁਸ਼ਕ ਦਿਨਾਂ ਵਿੱਚ ਬਣਾਉਣਾ ਚਾਹੀਦਾ ਹੈ।
• ਟੋਏ ਵਿੱਚ ਕੁਤਰੇ ਚਾਰੇ ਨੂੰ ਹਰ ਅੱਧਾ ਮੀਟਰ ਭਰਨ ਦੇ ਬਾਅਦ ਖੂਬ ਲਤਾੜੋ। ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਨਾਲ ਚੰਗੀ ਤਰਾਂ ਦਬਾ ਦਿਓ ਕਿ ਉਸ ਵਿਚ ਹਵਾ ਬਿਲਕੁਲ ਵੀ ਨਾ ਰਹੇ।
• ਟੋਏ ਨੂੰ ਤਰਪਾਲ ਜਾ ਪੋਲੀਥੀਨ ਸ਼ੀਟ ਨਾਲ ਚੰਗੀ ਤਰਾਂ ਉਪਰੋਂ ਢੱਕ ਦਿਓ।
• ਇਸਤੋਂ ਬਾਅਦ, ਉੱਪਰ ਤੂੜੀ ਜਾ ਪਰਾਲੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ।
• ਇਸ ਉਪਰੰਤ 2-3 ਇੰਚ ਮਿੱਟੀ ਦੀ ਮੋਟੀ ਤਹਿ ਪਾਓ ਤੇ ਕਿਨਾਰਿਆਂ ਨੂੰ ਗੋਹੇ ਵਾਲੀ ਮਿੱਟੀ ਨਾਲ ਬੰਦ ਕਰ ਦਿਓ।
• ਟੋਆ ਚੰਗੀ ਤਰਾਂ ਹਵਾ ਬੰਦ ਹੋਣਾ ਚਾਹੀਦਾ ਹੈ, ਜੇਕਰ ਚਾਰੇ ਦੇ ਲੇਪ ਉੱਪਰ ਕੋਈ ਤ੍ਰੇੜ ਜਾਂ ਖੁੱਡ ਦਿਖੇ ਤਾਂ ਉਹਨੂੰ ਸਮੇਂ-ਸਮੇਂ ਤੇ ਬੰਦ ਕਰਦੇ ਰਹੋ ।
• 45-50 ਦਿਨਾਂ ਵਿਚ ਅਚਾਰ ਤਿਆਰ ਹੋ ਜਾਂਦਾ ਹੈ ।
ਵਧੀਆ ਅਚਾਰ ਦੀ ਪਹਿਚਾਣ
• ਵਧੀਆ ਕਿਸਮ ਦੇ ਅਚਾਰ ਵਿੱਚੋ ਸਿਰਕੇ ਵਰਗੀ ਖੁਸ਼ਬੂ ਆਉਂਦੀ ਹੈ ਤੇ ਇਸ ਦਾ ਰੰਗ ਚਮਕਦਾਰ ਹਰਾ-ਪੀਲਾ ਹੁੰਦਾ ਹੈ[
• ਚੰਗਾ ਅਚਾਰ ਨਾ ਬਹੁਤ ਗਿੱਲਾ ਤੇ ਨਾ ਬਹੁਤ ਸੁੱਕਾ ਹੁੰਦਾ ਹੈ।
• ਇਸ ਦੀ ਪੀ. ਐਚ. (ਤੇਜ਼ਾਬੀਪਣ) 3.7-4.5 ਹੁੰਦੀ ਹੈ।
ਅਚਾਰ ਕੱਢਣ ਦਾ ਤਰੀਕਾ
• ਅਚਾਰ ਜਦੋਂ ਵੀ ਵਰਤਣਾ ਹੈ, ਉਸ ਨੂੰ ਟੋਏ ਦੇ ਇਕ ਪਾਸੇ ਤੋਂ ਖੋਲੋ ਤਾਂ ਕਿ ਹਵਾ ਘੱਟ ਤੋਂ ਘੱਟ ਇਸ ਦੇ ਅੰਦਰ ਜਾਵੇ।
• ਚਾਰਾ ਕੱਢਣ ਤੋਂ ਬਾਅਦ ਇਸ ਨੂੰ ਫਿਰ ਚੰਗੀ ਤਰਾਂ ਬੰਦ ਕਰ ਦਿਓ ਤਾਂ ਜੋ ਅਚਾਰ ਖਰਾਬ ਨਾ ਹੋਵੇ ਤੇ ਜਿਆਦਾ ਸਮੇਂ ਤਕ ਵਰਤਿਆ ਜਾ ਸਕੇ ।
ਪਸ਼ੂਆਂ ਲਈ ਪ੍ਰਤੀ ਦਿਨ ਅਚਾਰ ਦੀ ਮਾਤਰਾ:
ਲੜੀ ਨੰ: |
ਪਸ਼ੂ ਦੀ ਕਿਸਮ |
ਪ੍ਰਤੀ ਦਿਨ ਅਚਾਰ ਦੀ ਮਾਤਰਾ |
1. |
ਦੁਧਾਰੂ ਗਾਵਾਂ/ਮੱਝਾਂ |
20-30 ਕਿਲੋ |
2. |
ਝੋਟੀਆਂ/ ਵਿਹੜੀਆਂ |
10-12 ਕਿਲੋ |
3. |
ਗੱਭਣ ਪਸ਼ੂ |
15-20 ਕਿਲੋ |
4. |
ਝੋਟਾ/ਸਾਨ |
20-25 ਕਿਲੋ |
ਇਹ ਵੀ ਪੜ੍ਹੋ : Top 10 Most Profitable Livestock Farming: ਹੁਣ ਪਸ਼ੂ ਪਾਲਕ ਹੋ ਜਾਂਣਗੇ ਮਾਲਾਮਾਲ!
• ਕਈ ਪਸ਼ੂ ਅਚਾਰ ਪਸੰਦ ਨਹੀਂ ਕਰਦੇ, ਉਹਨਾਂ ਨੂੰ ਅਚਾਰ ਸ਼ੁਰੂ ਕਰਨ ਸਮੇਂ, ਪਹਿਲੇ 6-7 ਦਿਨ ਅਚਾਰ ਨੂੰ ਹਰੇ ਚਾਰੇ ਨਾਲ ਰਲਾ ਕੇ ਪਾਉ।
• ਬਾਅਦ ਵਿੱਚ ਪਸ਼ੂਆਂ ਨੂੰ ਅਚਾਰ, ਉਪਰ ਲਿਖੀ ਅਚਾਰ ਦੀ ਮਾਤਰਾ ਦੇ ਹਿਸਾਬ ਨਾਲ ਦਿੱਤਾ ਜਾ ਸਕਦਾ ਹੈ।
• ਦੁੱਧ ਚੋਣ ਸਮੇਂ ਅਚਾਰ ਨਹੀਂ ਪਾਉਣਾ ਚਾਹੀਦਾ ਨਹੀਂ ਤਾਂ ਇਸਦੀ ਖੁਸ਼ਬੂ ਦੁੱਧ ਵਿੱਚ ਆ ਸਕਦੀ ਹੈ। ਹਮੇਸ਼ਾ ਅਚਾਰ ਦੁੱਧ ਚੋਣ ਤੋਂ ਬਾਅਦ ਜਾਂ 5-6 ਘੰਟੇ ਪਹਿਲਾਂ ਪਾਉਣਾ ਚਾਹੀਦਾ ਹੈ ।
• ਮੱਕੀ ਤੋਂ ਇਲਾਵਾ ਚਰੀ, ਬਾਜਰਾ, ਜਵੀਂ, ਗਿੰਨੀ ਘਾਹ, ਨੇਪੀਅਰ ਬਾਜਰੇ ਦਾ ਅਚਾਰ ਵੀ ਬਣਾਇਆ ਜਾ ਸਕਦਾ ਹੈ। ਇਹ ਨੁਕਤੇ ਡੇਅਰੀ ਫਾਰਮਰਾਂ ਲਈ ਲਾਭਦਾਇਕ ਸਿੱਧ ਹੁੰਦੇ ਹਨ, ਜੋ ਕਿ ਪਸ਼ੂਆਂ ਦੀ ਖੁਰਾਕ ਦਾ ਖਰਚਾ ਘਟਾਉਣ ਦੇ ਨਾਲ ਨਾਲ ਨਿਰੰਤਰ ਦੁੱਧ ਉਤਪਾਦਨ ਵਿੱਚ ਵੀ ਮੱਦਦ ਕਰਦੇ ਹਨ।
ਕੰਵਰਪਾਲ ਸਿੰਘ ਢਿੱਲੋਂ1*, ਅਜੈਬ ਸਿੰਘ1, ਮਨਿੰਦਰ ਸਿੰਘ ਬੌਂਸ1, ਸਿਮਰਨਜੋਤ ਕੌਰ2
ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ1, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ2
Summary in English: Pickle for Animals: Make Pickles for Animals! Learn the right way to make and benefit!