ਕੋਵਿਡ-19 ਦਾ ਪ੍ਰਕੋਪ ਸਾਰੀ ਦੁਨੀਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸਦੇ ਕਹਿਰ ਅੱਗੇ ਵੱਡੇ-ਵੱਡੇ ਨਾਮੀ ਮੁਲਕਾਂ ਨੇ ਗੋਡੇ ਟੇਕ ਦਿੱੱਤੇ ਹਨ। ਇਸ ਮਹਾਮਾਰੀ ਦਾ ਪ੍ਰਕੋਪ ਚਾਇਨਾ ਦੇ ਸ਼ਹਿਰ ਵੁਹਾਨ ਤੋਂ ਸ਼ੁਰੂ ਹੋਇਆ ਸੀ, ਪਰ ਇਸਨੇ ਕੁਝ ਹੀ ਸਮੇਂ ਵਿੱੱਚ ਪੂਰੇ ਸੰਸਾਰ ਨੂੰ ਪ੍ਰਭਾਵਿਤ ਕਰ ਦਿੱੱਤਾ ਹੈ। ਭਾਰਤ ਵਿੱਚ ਇਸਦੀ ਆਮਦ ਜਨਵਰੀ ਦੇ ਮਹੀਨੇ ਕੇਰਲ ਵਿੱਚ ਹੋਈ ਅਤੇ ਹੌਲੀ-ਹੌਲੀ ਸਾਰਾ ਭਾਰਤ ਇਸਦੀ ਚਪੇਟ ਵਿੱੱਚ ਆ ਗਿਆ। ਪੰਜਾਬ ਵਿੱਚ ਇਸ ਮਹਾਮਾਰੀ ਦਾ ਖਦਸ਼ਾ 19 ਮਾਰਚ 2020 ਨੂੰ ਨਵਾਂ ਸ਼ਹਿਰ ਵਿੱਚ ਪਾਇਆ ਗਿਆ। ਇਸ ਉਪਰੰਤ ਪੰਜਾਬ ਸਰਕਾਰ ਵੱਲੋਂ 21 ਮਾਰਚ 2020 ਤੋਂ ਲਾਕਡਾਉਨ ਲਗਾ ਦਿੱਤਾ ਗਿਆ। ਇਹ ਸਭ ਕੁਝ ਤੇਜ਼ੀ ਨਾਲ ਹੋਣ ਕਾਰਨ ਇਸਦੇ ਬਹੁਤ ਹੀ ਮਾੜੇ ਨਤੀਜੇ ਦੇਖਣ ਨੂੰ ਮਿਲੇ। ਅੱਜ ਅਸੀਂ ਸਾਰੇ ਕੰਮ ਦਾ ਲੇਖਾ-ਜੋਖਾ ਤਾਂ ਨਹੀਂ ਕਰ ਸਕਦੇ ਪਰ ਖੇਤੀਬਾੜੀ ਅਤੇ ਇਸਦੇ ਨਾਲ ਸੰਬੰਧਤ ਸਹਾਇਕ ਧੰਦਿਆਂ ਬਾਰੇ ਗੱਲਬਾਤ ਜ਼ਰੂਰ ਕਰਾਂਗੇ। ਇਸ ਸਮੁੱਚੇ ਲਾਕਡਾਉਨ ਦੌਰਾਨ ਬਹੁਤ ਸਾਰੀਆਂ ਮੁਸ਼ਕਿਲਾਂ ਦਰਪੇਸ਼ ਹੋਈਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ. ਵੀ. ਕੇ) ਬਠਿੰਡਾ ਵੱਲੋਂ ਇਸਦੇ ਸੰਦਰਭ ਵਿੱਚ ਬਹੁਤ ਹੀ ਪ੍ਰਭਾਵਸ਼ਾਲੀ ਨੀਤੀ ਤਿਆਰ ਕੀਤੀ ਗਈ। ਇਸੇ ਨੀਤੀ ਤਹਿਤ-
• ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਦੇ ਬੀਜ, ਸਬਜ਼ੀਆਂ ਦੀਆਂ ਕਿੱਟਾਂ, ਫ਼ਲਦਾਰ ਪੌਦੇ ਆਦਿ ਉਪਲੱਬਧ ਕਰਵਾਏ ਗਏ ਤਾਂ ਜੋ ਕਿ ਲਾਕਡਾਉਨ ਦੌਰਾਨ ਕੋਈ ਵੀ ਮੁਸ਼ਕਿਲ ਦਰਪੇਸ਼ ਨਾ ਆਵੇ।
• ਪਸ਼ੂ ਪਾਲਣ ਧੰਦੇ ਵਿੱਚ ਲਾਕਡਾਉਨ ਦੌਰਾਨ ਨਿਰਵਿਘਨ ਦੁੱਧ ਅਤੇ ਦੁੱਧ ਪਦਾਰਥਾਂ ਦੇ ਮੰਡੀਕਰਨ ਦੀ ਵਿਉਂਤ ਕਰਫ਼ਿਉ ਪਾਸ ਉਪਲਬਧ ਕਰਾਵਾਕੇ ਕੀਤੀ ਗਈ।
• ਮੁਰਗੀ ਪਾਲਣ ਧੰਦੇ ਦੀ ਉਪਜ ਅੰਡੇ ਅਤੇ ਮੀਟ ਦੇ ਸੁਚੱਜੇ ਮੰਡੀਕਰਨ ਵਿੱਚ ਮਦਦ ਕੀਤੀ ਗਈ।
• ਵਾਧੂ ਉਪਜਾਂ ਦਾ ਪ੍ਰਬੰਧ ਆਚਾਰ, ਮੁਰੱਬਾ, ਚਟਣੀਆਂ ਆਦਿ ਬਣਾਕੇ ਕੀਤਾ ਗਿਆ।
• ਫ਼ਲ, ਖੁੰਭਾਂ ਅਤੇ ਸਬਜ਼ੀਆਂ ਦੀ ਕੋਲਡ ਸਟੋਰੇਜ ਅਤੇ ਮੰਡੀਕਰਨ ਵਿੱਚ ਮਦਦ ਕੀਤੀ ਗਈ।
ਪਸ਼ੂ-ਧਨ ਉਤਪਾਦਨ ਵਿੱਚ ਲਾਕਡਾਉਨ ਦੌਰਾਨ ਕੁਝ ਸੁਝਾਅ
ਉਪਰੋਕਤ ਲਿਖੇ ਵੱਖ-ਵੱਖ ਕਿੱਤਿਆਂ ਨਾਲ ਸੰਬੰਧਤ ਪੜਚੋਲ ਤੋਂ ਬਾਅਦ ਪਸ਼ੂਧਨ ਦੀ ਬਿਹਤਰੀ ਅਤੇ ਸੁਚੱਜੀ ਉਪਜ ਲਈ ਪਸ਼ੂ-ਪਾਲਕਾਂ ਨੂੰ ਹੇਠ ਲਿਖੇ ਸੁਝਾਓ ਮੰਨਣ ਦੀ ਬੇਨਤੀ ਕੀਤੀ ਗਈ ਤਾ ਜੋ ਕਿ ਲਾਕਡਾਉਨ ਦੌਰਾਨ ਆਰਥਿਕ ਮੰਦਹਾਲੀ ਤੋਂ ਬਚਿਆ ਜਾ ਸਕੇ
• ਸਮੂਹ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੇ ਮੋਬਾਇਲਾਂ ਵਿੱਚ ਅਰੋਗਿਆ ਸੇਤੂ ਐਪ ਡਾੳਨਲੋਡ ਕਰਕੇ ਰਜਿਸਟਰ ਕਰਨ।
• ਉਹਨਾਂ ਨੂੰ ਸਮਝਾਇਆ ਗਿਆ ਕਿ ਉਹ ਸਾਰੀਆ ਗਤੀਵਿਧੀਆਂ ਵਿੱਚ ਸਮਾਜਿਕ ਦੂਰੀ ਬਣਾਕੇ ਰੱਖਣ ਦੇ ਸਰਕਾਰੀ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ।
• ਸਾਫ਼-ਸੁਥਰਾ ਦੁੱਧ ਪੈਦਾ ਕਰਨ ਦੇ ਤਰੀਕੇ ਅਪਨਾਉਣ।
• ਜਾਨਵਰਾਂ ਦੀ ਸਾਂਭ-ਸੰਭਾਲ ਕਰਦੇ ਸਮੇਂ, ਸਾਬਣ/ਸੈਨੀਟਾਈਜ਼ਰ ਨਾਲ ਹੱਥ ਧੋਣ ਅਤੇ ਮਾਸਕ ਦੀ ਵਰਤੋ ਨੂੰ ਜ਼ਰੂਰੀ ਸਮਝਿਆ ਜਾਵੇ
• ਉਤਪਾਦਨ ਅਤੇ ਪ੍ਰਬੰਧਣ ਵਿੱਚ ਵਰਤੇ ਜਾਣ ਵਾਲੇ ਸਾਰੇ ਬਰਤਨਾਂ ਨੂੰ 1 % ਹਾਈਪੋਕਲੋਰਾਇਡ ਨਾਲ ਰੋਗਾਣੂ-ਮੁਕਤ ਕਰਨ ਚਾਹੀਦਾ ਹੈ। ਜੇ ਹਾਈਪੋਕਲੋਰਾਇਡ ਨਾ ਹੋਵੇ ਤਾਂ ਪੋਟਾਸ਼ੀਅਮ ਪਰਮੈਗਾਨੇਟ (ਲਾਲ ਦਵਾਈ) ਦਾ ਘੋਲ ਵੀ ਵਰਤਿਆ ਜਾ ਸਕਦਾ ਹੈ।
• ਜਾਨਵਰਾਂ ਨੂੰ ਸਿਹਤਮੰਦ ਰੱਖਣ ਲਈ, ਢੁੱਕਵੀਂ ਮਾਤਰਾ ਵਿੱਚ ਸਾਫ ਪਾਣੀ ਅਤੇ ਚਾਰਾ ਉਪਲਭਧ ਹੋਣਾ ਚਾਹੀਦਾ ਹੈ
• ਹਰ ਤਿਮਾਹੀ ਬਾਅਦ ਜਾਨਵਰਾਂ ਨੂੰ ਕੀਟ-ਮੁਕਤ ਕਰੋ ਅਤੇ ਲੋੜ ਅਨੁਸਾਰ ਟੀਕਾਕਰਨ ਅਪਣਾਓ।
• ਮਨਸੂਈ ਗਰਭਦਾਨ ਲਈ ਆਪਣੇ ਖੇਤਰ ਦੇ ਵੈਟਰਨਰੀ ਅਫ਼ਸਰ ਨਾਲ ਸੰਪਰਕ ਕਰੋ ਅਤੇ ਸੰਕਰਮਣ ਤੋਂ ਬਚਾਅ ਲਈ ਸਰਕਾਰ ਦੁਆਰਾ ਦੱਸੇ ਗਏ ਸਮਾਜਿਕ ਦੂਰੀ ਬਣਾਏ ਰੱਖਣ ਵਾਲੇ ਨਿਯਮਾਂ ਦੀ ਪਾਲਣਾ ਕਰੋ।
• ਪਿੰਡ ਦੇ ਅੰਦਰ ਜਾਂ ਵਿਕਰੇਤਾਵਾਂ ਤੋਂ ਦੁੱਧ ਅਤੇ ਅੰਡਿਆਂ ਦੀ ਵਿਕਰੀ ਸਮੇਂ ਘੱਟੋ-ਘੱਟ 6 ਫੁੱਟ ਦੂਰੀ ਬਣਾਕੇ ਰੱਖੀ ਜਾਵੇ, ਮਾਸਕ ਵਰਤਿਆ ਜਾਵੇ ਅਤੇ ਜਿੱਥੇ ਵੀ ਸੰਭਵ ਹੋਵੇ ਡਿਜੀਟਲ ਤਰੀਕੇ ਨਾਲ ਕੀਮਤ ਅਦਾ ਕੀਤੀ ਜਾਵੇ।
• ਪਸ਼ੂ ਬਿਮਾਰ ਹੋਣ ਦੀ ਸੂਰਤ ਵਿੱਚ ਆਪਣੇ ਖੇਤਰ ਦੇ ਵੈਟਰਨਰੀ ਅਫ਼ਸਰ ਨਾਲ ਸੰਪਰਕ ਕਰੋ ਅਤੇ ਸਿਰਫ਼ ਉਸਦੇ ਕਹਿਣ ਉੱਤੇ ਹੀ ਪਸ਼ੂ ਨੂੰ ਹਸਪਤਾਲ ਲੈਕੇ ਜਾਓ।
• ਜੇ ਕਿਸਾਨ ਬਿਮਾਰ ਮਹਿਸੂਸ ਕਰ ਰਿਹਾ ਹੋਵੇ ਤਾਂ ਉਸਨੂੰ ਪਸ਼ੂਆਂ ਦੀ ਸਾਂਭ-ਸੰਭਾਲ ਦੇ ਕੰਮ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਜਲਦੀ ਤੋਂ ਜਲਦੀ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ।
ਪਸ਼ੂ-ਪਾਲਣ ‘ਤੇ ਲਾੱਕਡਾਉਨ ਦਾ ਆਰਥਿਕ ਪ੍ਰਭਾਵ
1. ਡੇਅਰੀ ਫ਼ਾਰਮਿੰਗ:
• ਸ਼ਹਿਰ ਤੋਂ ਦਵਾਈਆਂ ਅਤੇ ਫ਼ੀਡ ਲਿਆਉਣ ਲਈ ‘ਮਾਈਗ੍ਰੇਸ਼ਨ ਪਾਸ’ ਉਪਲਬਧ ਨਾ ਹੋਣਾ।
• ਲ਼ਾੱਕਡਾਉਨ ਕਾਰਨ ਉੱਚ ਗੁਣਵੱਤਾ ਵਾਲੇ ਸੀਮਨ ਅਤੇ ਜੰਮੇ ਹੋਏ ਸੀਮਨ ਲਈ ਲੋੜੀਂਦੀ ਤਰਲ ਨਾਈਟ੍ਰੋਜਨ ਦੀ ਢੋਅ-ਢੁਆਈ ਦੀ ਸਮੱਸਿਆਂ ਦੇ ਨਤੀਜੇ ਵਜੋਂ ਪ੍ਰਜਨਣ ਸੰਬੰਧੀ ਕਾਫ਼ੀ ਮੁਸ਼ਕਿਲਾਂ ਆਈਆਂ।
• ਪਸ਼ੂਆਂ ਦੀ ਖ਼ਰੀਦ ਅਤੇ ਵਿੱਕਰੀ ਬੰਦ ਹੋਈ।
• ਸਥਾਨਕ ਡੇਅਰੀਆਂ, ਮਿਠਿਆਈ ਦੀਆਂ ਦੁਕਾਨਾਂ, ਹੋਟਲਾਂ, ਰੈਸਟੋਰੈਂਟਾਂ ਅਤੇ ਵਿਆਹਾਂ ਦੇ ਬੰਦ ਹੋਣ ਨਾਲ ਬਜ਼ਾਰ ਵਿੱਚ ਦੁੱਧ ਦੀ ਮੰਗ ਘਟ ਗਈ ,ਜਿਸਦੇ ਨਤੀਜੇ ਵਜੋਂ 10 ਰੁਪਏ ਪ੍ਰਤੀ ਲੀਟਰ ਦਾ ਨੁਕਸਾਨ ਹੋਇਆ।
• ਸ਼ਹਿਰਾਂ ਨੇੜਲੇ ਪੇਂਡੂ ਖੇਤਰ, ਦੂਰ-ਦੁਰਾਡੇ ਇਲਾਕਿਆਂ ਨਾਲੋਂ ਘੱਟ ਪ੍ਰਭਾਵਿਤ ਹੋਏ।
2. ਮੁਰਗੀ ਪਾਲਣ:
• ਕੋਵਿਡ-19 ਦੇ ਸ਼ੁਰੂਆਤੀ ਪੜਾਅ ਵਿੱਚ ਅੰਡੇ ਅਤੇ ਮੀਟ ਦੀ ਵਿੱਕਰੀ ਕਾਫ਼ੀ ਪ੍ਰਭਾਵਿਤ ਹੋਈ ਜੋ ਕਿ ਮਾਸਾਹਾਰੀ ਭੋਜਨ ਵਿੱਚ ਵਾਇਰਸ ਮੌਜੂੁਦ ਹੋਣ ਦੇ ਭੁਲੇਖੇ ਕਾਰਨ ਹੋਇਆ।
• ਸਥਾਨਕ ਬਜ਼ਾਰਾਂ ਵਿੱਚ ਅੰਡੇ ਦੀ ਵਿੱਕਰੀ ਕਾਫੀ ਹੱਦ ਤੱਕ ਸਥਿਰ ਰਹੀ ਪਰ ਕੀਮਤ ਵਿੱਚ 40-50 ਫ਼ੀਸਦੀ ਕਮੀ ਦੇਖੀ ਗਈ।
• ਬਜ਼ਾਰ ਵਿੱਚ ਮੀਟ ਦੀ ਖਰੀਦ ਨਾ ਹੋਣ ਕਾਰਨ ਬ੍ਰੋਇਲਰ ਕਿਸਾਨਾਂ 70-80 ਫ਼ੀਸਦੀ ਤੱਕ ਨੁਕਸਾਨ ਹੋਇਆ।
• ਨੁਕਸਾਨ ਤੋਂ ਬਚਣ ਲਈ ਅੰਡੇ ਦੇਣ ਵਾਲੀਆਂ ਮੁਰਗੀਆਂ ਨੂੰ 7-8 ਦਿਨ ਲਈ ਬਿਨ੍ਹਾਂ ਫ਼ੀਡ ਤੋਂ ਰੱਖਿਆ ਗਿਆ। ਫ਼ਿਰ 10 ਗ੍ਰਾਮ/ਮੁਰਗੀ/ਦਿਨ ਦੇ ਹਿਸਾਬ ਨਾਲ ਫ਼ੀਡ ਸ਼ੁਰੂ ਕੀਤੀ ਗਈ ਅਤੇ 10 ਗ੍ਰਾਮ ਫ਼ੀਡ ਰੋਜ਼ਾਨਾ ਵਧਾਕੇ 22 ਦਿਨਾਂ ਵਿੱਚ ਆਮ ਵਾਂਗ ਕਰ ਦਿੱਤੀ ਗਈ। ਇਸ ਤਰ੍ਹਾਂ ਅੰਡੇ ਦੇਣ ਦੀ ਕਿਰਿਆ ਨੂੰ 28 ਦਿਨਾਂ ਵਿੱਚ ਦੁਬਾਰਾ ਸ਼ੂਰੂ ਕੀਤਾ ਗਿਆ ਅਤੇ ਨਾਲ ਹੀ ਫ਼ੀਡ ਦੀ ਲਾਗਤ ਵੀ ਬਚਾਈ ਗਈ।
• ਸਥਾਨਕ ਸਮੱਗਰੀ ਫ਼ੀਡ ਤਿਆਰ ਕਰਨ ਲਈ ਵਰਤੀ ਗਈ ਜਿਵੇਂ ਕਿ ਕਣੀ, ਨੱਕੂ ਆਦਿ।
3. ਸੂਰ ਪਾਲਣ:
• ਵਿੱਕਰੀ ਦੀ ਘਾਟ ਕਾਰਨ ਸੂਰ ਦੇ ਮਾਸ ਦੀ ਕੀਮਤ ਘਟਕੇ 50 % ਰਹਿ ਗਈ। ਜਿਸ ਕਾਰਨ ਸੂਰ ਪਾਲਕਾ ਨੂੰ 40 ਫ਼ੀਸਦੀ ਤੱਕ ਦਾ ਵੱਡਾ ਘਾਟਾ ਪਿਆ
• ਪੰਜਾਬ ਵਿੱਚ ਖ਼ਰੀਦਦਾਰਾਂ ਦੀ ਘਾਟ ਕਾਰਨ ਕਿਸਾਨ ਦੂਜੇ ਸੂਬਿਆਂ ਜਿਵੇਂ ਕਿ ਆਸਾਮ ਆਦਿ ਨੂੰ ਘੱਟ ਕੀਮਤ ਤੇ ਸੂਰ ਵੇਚਣ ਲਈ ਮਜਬੂਰ ਸਨ।
• ਹੋਟਲਾਂ, ਰੈਸਟੋਰੈਟਾਂ ਆਦਿ ਤੋਂ ਕੂੜਾ ਨਾ ਮਿਲਣ ਕਾਰਨ ਫ਼ੀਡ ਲਾਗਤ ਵਿੱਚ ਵਾਧਾ ਹੋਇਆ
• ਮਾਦਾ ਸੂਰਾਂ ਨੂੰ ਖੱਸੀ ਕਰਕੇ ਫਾਰਮ ਪੱਧਰ ਤੇ ਬ੍ਰੀਡਿੰਗ ਰੋਕੀ ਗਈ
• ਛੋਟੇ ਸੂਰਾਂ ਤੱਕ ਦੀ ਵਿੱਕਰੀ ਰੁੱਕ ਜਾਣ ਕਾਰਨ, ਕਿਸਾਨ ਮੋਜੂਦਾ ਸਟਾਕ ਨੂੰ ਮੋਟਾ ਕਰਨ ਤੇ ਧਿਆਨ ਦੇਣ ਲੱਗੇ।
ਭਵਿੱਖ ਦੀ ਵਿਉਂਤਬੰਦੀ
ਉਪਰੋਕਤ ਦਰਸਾਏ ਤੱਥਾਂ ਅਨੁਸਾਰ ਅਸੀਂ ਸਾਰੇ ਹੀ ਭਲੀ ਭਾਂਤ ਜਾਣਦੇ ਹਾਂ ਕਿ ਲਾਕਡਾਉਨ ਦੌਰਾਨ ਪੂਰੀ ਸਮਝਦਾਰੀ ਵਰਤਣ ਤੇ ਵੀ ਨਾ-ਸਹਿਣਯੋਗ ਘਾਟਾ ਪਿਆ ਹੈ। ਆਉਣ ਵਾਲੇ ਸਮੇਂ ਲਈ ਪਸ਼ੂ-ਪਾਲਣ ਦੇ ਕੰਮ ਵਿੱਚ ਇਹਨਾਂ ਨੁਕਤਿਆਂ ਤੇ ਧਿਆਨ ਦੇਣਾ ਅਤਿ ਜ਼ਰੂਰੀ ਹੈ:- ਚੰਗੀ ਖੁਰਾਕ ਤਿਆਰ ਕਰਨਾ, ਸਾਰੇ ਪਸ਼ੂਆਂ ਦਾ ਲਗਾਤਾਰ ਚੈੱਕਅੱਪ ਕਰਵਾਉਣਾ, ਮਲੱਪ-ਰਹਿਤ ਕਰਨਾ, ਨਸਲ ਅਤੇ ਨਸਲਕਸ਼ੀ ਦਾ ਧਿਆਨ ਰੱਖਣਾ, ਟੀਕਾਕਰਨ ਕਰਨਾ ਅਤੇ ਸਾਫ਼-ਸੁਧਰਾ ਦੁੱਧ ਪੈਦਾ ਕਰਨਾ।
ਮੁਰਗੀ ਪਾਲਣ ਦੇ ਕੰਮ ਵਿੱਚ ਚੰਗੀ ਨਸਲ ਦੇ ਚੂਚੇ ਬੁੱਕ ਕਰਵਾਉਣਾ, ਅੰਡੇ ਵਾਲੀਆਂ ਮੁਰਗੀਆਂ ਦੀ ਛਾਂਟੀ ਕਰਨਾ, ਗਰਮੀ ਤੋਂ ਬਚਾਉਣਾ, ਟੀਕਾਕਰਨ ਕਰਨਾ ਅਤੇ ਸੁਚੱਜਾ ਮੰਡੀਕਰਨ ਕਰਨਾ ਇਸ ਧੰਦੇ ਦੀ ਕਾਮਯਾਬੀ ਦੇ ਨੁਕਤੇ ਹਨ। ਇਸੇ ਤਰ੍ਹਾਂ ਸੂਰ-ਪਾਲਣ ਦੇ ਕਿੱਤੇ ਵਿੱਚ ਵਾਧੂ ਪਦਾਰਥ ਕੱਠੇ ਕਰਨਾ, ਨਸਲ ਅਤੇ ਨਸਲਕਸ਼ੀ ਕਰਨਾ, ਟੀਕਾਕਰਨ ਕਰਨਾ ਅਤੇ ਸੁਚੱਜਾ ਮੰਡੀਕਰਨ ਕਰਨਾ ਅਹਿਮ ਨੁਕਤੇ ਹਨ।
ਉਮੀਦ ਹੈ ਕਿ ਇਹ ਸਾਰੇ ਤੱਥ ਕਿਸਾਨ ਵੀਰਾਂ ਅਤੇ ਭੈਣਾਂ ਦੀ ਕਾਮਯਾਬੀ ਲਈ ਚਾਨਣ ਮੁਨਾਰਾ ਸਿੱਧ ਹੋਣਗੇ।
ਪਲਵਿੰਦਰ ਸਿੰਘ ਅਜੀਤਪਾਲ ਧਾਲੀਵਾਲ ਅਤੇ ਸਰਵਪ੍ਰੀਆ ਸਿੰਘ
ਕ੍ਰਿਸ਼ੀ ਵਿਗਿਆਨ ਕੇਂਦਰ,ਬਠਿੰਡਾ