ਤੰਦੁਰਸਤ ਕੱਟੜੂ/ਵੱਛੜੂ ਲਾਹੇਵੰਦ ਡੇਅਰੀ ਕਿੱਤੇ ਦਾ ਅਧਾਰ ਮੰਨੇ ਜਾਂਦੇ ਹਨ। ਇਸ ਲਈ ਤੰਦੁਰਸਤ ਬੱਚਾ ਪਾਲਣ ਲਈ ਹੇਠ ਦਰਸਾਈਆਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੀ ਲੋੜ ਹੈ।
ਤੰਦੁਰਸਤ ਕੱਟੜੂ/ਵੱਛੜੂ ਲਾਹੇਵੰਦ ਡੇਅਰੀ ਕਿੱਤੇ ਦਾ ਅਧਾਰ ਹੈ। ਸੁਚੱਜੀ ਸੇਵਾ ਅਤੇ ਸੰਭਾਲ ਤੇ ਕਾਫੀ ਖਰਚ ਆ ਜਾਂਦਾ ਹੈ ਪਰੰਤੂ ਬੱਚਾ ਵੱਡਾ ਹੋ ਕੇ ਆਪਣੇ ਮੁੱਲ ਦੀ ਰਕਮ ਦੁੱਧ ਦੀ ਪੈਦਾਵਾਰ ਦੀ ਸ਼ਕਲ ਵਿੱਚ ਮੋੜਨਾ ਸ਼ੁਰੂ ਕਰ ਦਿੰਦਾ ਹੈ। ਨਵੇਂ ਜੰਮੇ ਬੱਚਿਆਂ ਦੇ ਪਹਿਲੇ 20 ਕੁ ਦਿਨ ਵਧੇਰੇ ਖਤਰੇ ਵਾਲੇ ਹੁੰਦੇ ਹਨ ਕਿਉਂਕਿ ਇਸ ਵੇਲੇ ਬੱਚਿਆਂ ਵਿੱਚ ਬਿਮਾਰੀ ਆਦਿ ਦਾ ਟਾਕਰਾ ਕਰਨ ਦੀ ਤਾਕਤ ਭਾਵ ਇਮਿਊਨਿਟੀ ਦੀ ਘਾਟ ਹੁੰਦੀ ਹੈ। ਆਮ ਤੌਰ ਤੇ ਪਹਿਲੇ 6 ਮਹੀਨਿਆਂ ਤੱਕ ਦੀ ਉਮਰ ਦੇ ਬੱਚਿਆਂ ਦਾ ਕਾਫ਼ੀ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਤੰਦੁਰਸਤ ਬੱਚਾ ਪਾਲਣ ਲਈ ਹੇਠ ਦਰਸਾਈਆਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੀ ਲੋੜ ਹੈ।
1. ਕੱਟੜੂ/ਵੱਛੜੂ ਦੀ ਜਨਮ ਤੋਂ ਪਹਿਲਾਂ ਦੀ ਸੰਭਾਲ
ਪਸ਼ੂ ਦੇ ਨਵੇਂ ਦੁੱਧ ਹੋਣ ਦੇ ਦਿਨ ਤੋਂ ਹੀ ਬੱਚੇ ਦੀ ਹੋਂਦ ਵੀ ਵਜੂਦ ਵਿੱਚ ਆ ਜਾਂਦੀ ਹੈ ਅਤੇ ਮਾਂ ਦੀ ਬੱਚੇਦਾਨੀ ਵਿੱਚ ਇਸਦਾ ਵਾਧਾ ਹੁੰਦਾ ਹੈ। ਇਹ ਵਾਧਾ ਮਾਂ ਦੀ ਖੁਰਾਕ ਤੇ ਨਿਰਭਰ ਕਰਦਾ ਹੈ। ਇਸ ਲਈ ਮਾਂ ਅਰੋਗ ਅਤੇ ਸਿਹਤਮੰਦ ਹੋਣੀ ਚਾਹੀਦੀ ਹੈ। ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾਂ ਪਸ਼ੂ ਨੂੰ ਰੱਜਵੇਂ ਪੱਠੇ ਛੇਤੀ ਹਜ਼ਮ ਹੋਣ ਯੋਗ ਥੋੜ੍ਹੇ ਥੋੜੇ੍ਹ ਕਰਕੇ ਪਾਉਂਦੇ ਰਹੋ ਭਾਵ ਪੱਠੇ ਫਲੀਦਾਰ ਅਤੇ ਗੈਰ ਫਲ਼ੀਦਾਰ ਹੋਣ ਇਸ ਤੋਂ ਇਲਾਵਾ ਰੋਜ਼ ਦਾ 3 ਕਿੱਲੋ ਦਾਣਾ ਪਾਉਣਾ ਵੀ ਉਚਿਤ ਹੈ। ਪਾਣੀ ਦੇ ਸਾਧਨ ਕੋਲ ਪਸ਼ੂ ਨੂੰ 2-3 ਵਾਰੀ ਲਿਜਾਇਆ ਜਾਵੇ ਜਾਂ ਮੁਹੱਈਆ ਕੀਤਾ ਜਾਵੇ ਤਾਂ ਜੋ ਉਸਨੂੰ ਲੋੜ ਮੁਤਾਬਕ ਪਾਣੀ ਮਿਲ ਜਾਵੇ। ਸੂਣ ਤੋ 2 ਜਾਂ ਢਾਈ ਮਹੀਨੇ ਪਹਿਲਾਂ ਪਸ਼ੂ ਨੂੰ ਦੁੱਧ ਤੋਂ ਹਟਾ ਦੇਣਾ ਬਹੁਤ ਜ਼ਰੂਰੀ ਹੈ।
2. ਪੈਦਾ ਹੋਣ ਤੋ ਤੁਰੰਤ ਬਾਅਦ
ਪਸ਼ੂ ਨੰ ਆਪਣੇ ਆਪ ਸੂਣ ਦਿਉ। ਪਸ਼ੂ ਨੂੰ ਸੁਆਉਣ ਲਈ ਪਸ਼ੂ ਨਾਲ ਜ਼ੋਰ ਜ਼ਬਰਦਸਤੀ ਨਾ ਕਰੋ। ਸੂਣ ਪਿਛੋਂ ਕੱਟੜੂ/ਵੱਛੜੂ ਨੂੰ ਮੱਝ/ਗਾਂ ਅੱਗੇ ਰੱਖੋ ਤਾਂ ਜੋ ਉਸਦੇ ਸਰੀਰ ਨੂੰ ਚੱਟ ਕੇ ਸਾਫ ਰੱਖੇ ਅਤੇ ਜੇਕਰ ਪਸ਼ੂ ਨਾ ਚੱਟੇ ਤਾਂ ਸਾਫ ਤੌਲੀਏ ਨਾਲ ਪੁੂੰਝ ਕੇ ਸਾਫ ਕਰ ਦਿਉ ਅਤੇ ਨੱਕ, ਮੂੰਹ, ਕੰਨਾਂ ਵਿਚੋਂ ਜਾਲੇ ਕੱਢ ਦਿਉ। ਜੇਕਰ ਬੱਚੇ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਉਸਨੂੰ ਪਿਛਲੀਆ ਲੱਤਾਂ ਤੋਂ ਫੜ ਕੇ ਉੱਚਾ ਚੁੱਕੋ ਅਤੇ ਮੂੰਹ ਹੇਠਾਂ ਰੱਖੋ ਅਤੇ ਇੱਕ ਝਟਕਾ ਦੇਵੋ। ਸਾਹ ਚੱਲਣ ਤੱਕ ਇੰਝ ਕਰਦੇ ਰਹੋ। ਛਾਤੀ ਨੂੰ ਵਾਰ ਵਾਰ ਦੱਬਣ ਅਤੇ ਢਿੱਲਾ ਛੱਡਣ ਨਾਲ ਵੀ ਸਾਹ ਚੱਲ ਪੈਂਦਾ ਹੈ। ਉਪਰੰਤ ਬੱਚੇ ਦੇ ਤਾਲੂਏ ਨੂੰ ਗੁੜ ਲਾਵੋ ਤਾਂ ਜੋ ਉਸਦੀ ਜੀਭ ਹਰਕਤ ਵਿੱਚ ਆਵੇ।
3. ਬੱਚੇ ਨੂੰ ਬੌਹਲੀ ਪਿਲਾਉਣੀ
ਬੌਹਲੀ ਨਵੇ ਜੰਮੇ ਬੱਚੇ ਲਈ ਸਭ ਤੋ ਤਾਕਤਵਰ ਖੁਰਾਕ ਹੈ ਅਤੇ ਇਸ ਵਿੱਚ ਬਿਮਾਰੀਆਂ ਦਾ ਟਾਕਰਾ ਕਰਨ ਦੀ ਅਥਾਹ ਤਾਕਤ ਹੈ। ਇਸ ਵਿੱਚ ਪ੍ਰੋਟੀਨ, ਖਣਿਜ ਪਦਾਰਥ ਅਤੇ ਵਿਟਾਮਿਨ ਹੁੰਦੇ ਹਨ। ਜੇਰ ਪਵੇ ਜਾਂ ਨਾ ਪਵੇ ਬੱਚੇ ਨੂੰ ਹਰ ਹਾਲਤ ਵਿੱਚ ਪਹਿਲੇ 2 ਘੰਟਿਆਂ ਵਿੱਚ ਬੌਹਲੀ ਪਿਲਾ ਦੇਣੀ ਅਤਿ ਜ਼ਰੂਰੀ ਹੈ ਅਤੇ ਇਸ ਤੋ ਬਾਅਦ 12 ਘੰਟੇ ਦੇ ਵਕਫੇ ਨਾਲ ਬੋਹਲੀ ਦੇਵੋ। ਜੇਕਰ ਪਸ਼ੂ ਮਰ ਗਿਆ ਹੈ ਜਾਂ ਹੋਰ ਕਿਸੇ ਕਾਰਨ ਵਜੋਂ ਬੱਚੇ ਨੂੰ ਬੌਹਲੀ ਨਾ ਮਿਲੇ ਤਾਂ ਇਕ ਕਿੱਲੋ ਦੁੱਧ ਵਿੱਚ ਇੱਕ ਪਾ ਕੋਸਾ ਪਾਣੀ, 5 ਮਿਲੀਲਿਟਰ ਮੱਛੀ ਦਾ ਤੇਲ, 10 ਮਿਲੀਲਿਟਰ ਰਿੰਡ ਦਾ ਤੇਲ ਅਤੇ ਇੱਕ ਅੰਡੇ ਦੀ ਜਰਦੀ ਮਿਲਾ ਕੇ 2-3 ਵਾਰ ਪਿਲਾਓ।
4. ਨਾੜੂਆ
ਨਾੜੂਏ ਦੀ ਲੰਬਾਈ 18-20 ਸੈਂਟੀਮੀਟਰ ਹੁੰਦੀ ਹੈ। ਇਸਨੂੰ 8-10 ਸੈਂਟੀਮੀਟਰ ਰੱਖ ਕੇ ਕੈਂਚੀ ਨਾਲ ਕੱਟ ਦਿਓ ਅਤੇ ਕਿਰਮ ਰਹਿਤ ਧਾਗੇ ਨਾਲ ਬੰਨ੍ਹਣ ਪਿੱਛੋਂ ਟਿੰਕਚਰ ਆਇਓਡੀਨ ਲਗਾ ਦਿਓ। ਇਸ ਤਰ੍ਹਾਂ ਇਹ ਕਿਰਮ ਰਹਿਤ ਹੋ ਜਾਵੇਗਾ ਅਤੇ ਬਿਮਾਰੀਆਂ ਦੇ ਜਰਾਸੀਮ ਸਰੀਰ ਵਿੱਚ ਨਹੀਂ ਜਾਣਗੇ। ਕਈ ਵਾਰ ਕੱਟੜੂ/ਵੱਛੜੂ ਇੱਕ ਦੂਜੇ ਦੇ ਨਾੜੂਏ ਨੂੰ ਚੱਟਣ ਲੱਗ ਪੈਂਦੇ ਹਨ। ਜਿਸ ਨਾਲ ਨਾੜੂਆ ਸੁੱਜ ਜਾਂਦਾ ਹੈ। ਇਸ ਤਰ੍ਹਾਂ ਹੋਣ ਤੇ ਡਾਕਟਰ ਤੋਂ ਇਲਾਜ ਕਰਾਉਣਾ
ਜਰੂਰੀ ਹੈ।
5. ਦੁੱਧ ਪੀਣਾ ਸਿਖਾਉਣਾ
ਜਨਮ ਤੋਂ ਤਿੰਨ ਕੁ ਦਿਨ ਤੱਕ ਬੱਚੇ ਨੂੰ ਉਸਦੀ ਮਾਂ ਦਾ ਦੁੱਧ ਚੁੰਘਣ ਦਿਓ। ਇਸ ਉਪਰੰਤ ਛੋਟੀ ਬਾਲਟੀ ਲੈ ਕੇ ਜਾਂ ਬੋਤਲ ਦੇ ਮੂੰਹ ਤੇ ਨਿੱਪਲ ਲਗਾ ਕੇ ਬੱਚੇ ਨੂੰ ਦੁੱਧ ਚੁੰਘਾਓ ਜਾਂ ਬੱਚੇ ਦੇ ਮੂੰਹ ਵਿੱਚ 2 ਉਂਗਲਾਂ ਪਾਓ ਜਦੋਂ ਉਹ ਉਗਲਾਂ ਚੱਟਣ ਲੱਗ ਪਵੇ ਤਾਂ ਦੂਜੇ ਹੱਥ ਨਾਲ ਉਸਦੀ ਗਰਦਨ ਫੜਕੇ ਉਸਦਾ ਮੂੰਹ ਦੁੱਧ ਵਾਲੇ ਭਾਂਡੇ ਕੋਲ ਲਿਜਾਉ ਉੱਤੇ ਇੰਝ ਉਗਲਾਂ ਚੱਟਣ ਦੇ ਨਾਲ ਨਾਲ ਉਹ ਦੁੱਧ ਪੀਣ ਲੱਗ ਜਾਵੇਗਾ। ਇੱਕ ਗੱਲ ਦਾ ਧਿਆਨ ਰੱਖੋ ਕਿ ਨੱਕ ਦੁੱਧ ਵਿੱਚ ਨਾ ਡੁੱਬੇ ਅਤੇ ਦੁੱਧ ਦਾ ਤਾਪਮਾਨ ਪਸ਼ੂ ਦੇ ਸਰੀਰ ਦੇ ਤਾਪਮਾਨ ਦੇ ਬਰਾਬਰ ਹੋਵੇ। ਦੁੱਧ ਪਿਆਉਣ ਤੋਂ ਪਿੱਛੋਂ ਬੱਚੇ ਦੀ ਬੂਥੀ ਦਵਾਈ ਦੇ ਘੋਲ ਜਾਂ ਲੂਣ ਵਾਲੇ ਪਾਣੀ ਨਾਲ ਧੋ ਦੇਣੀ ਚਾਹੀਦੀ ਹੈ। ਖੋਜਾਂ ਤੋਂ ਇਹ ਸਿੱਧ ਹੋਇਆ ਹੈ ਕਿ ਜੇਕਰ 2 ਮਹੀਨੇ ਤੋਂ ਛੋਟੇ ਕੱਟੜੂ/ਵੱਛੜੂ ਨੂੰ ਪੱਠੇ/ਤੂੜੀ ਆਦਿ ਚਾਰਨੇ ਸ਼ੁਰੂ ਕਰ ਦਿੱਤੇ ਜਾਣ ਤਾਂ ਰਿਊਮਨ (ਪਸ਼ੂਆਂ ਦਾ ਮਿਹਦਾ) ਚੰਗੀ ਤਰ੍ਹਾਂ ਵਿਕਸਿਤ ਨਹੀਂ ਹੋ ਪਾਉਂਦਾ। ਅਜਿਹੇ ਬੱਚੇ ਵੱਡੇ ਹੋ ਕੇ ਵਧੀਆ ਉਤਪਾਦਨ ਕਦੇ ਨਹੀਂ ਦੇ ਸਕਦੇ। ਦਰਸਾਏ ਗਏ ਚਿੱਤਰ ਤੋਂ ਇਹ ਸਾਫ਼ ਸਪੱਸ਼ਟ ਹੋ ਜਾਂਦਾ ਹੈ।
6. ਵੱਖਰਾ ਰੱਖਣਾ (ਵੀਨਿੰਗ)
ਦੁੱਧ ਛੁਡਾ ਕੇ ਬੱਚੇ ਨੂੰ ਵੱਖਰਾ ਰੱਖਣਾ ਵੀ ਜ਼ਰੂਰੀ ਹੈ। ਇਸ ਨਾਲ ਪਤਾ ਲੱਗ ਜਾਂਦਾ ਹੈ ਕਿ ਦੁਧਾਰੂ ਪਸ਼ੂ ਕਿੰਨਾ ਕੁ ਦੁੱਧ ਦੇ ਰਿਹਾ ਹੈ ਅਤੇ ਬੱਚੇ ਦੇ ਭਾਰ ਮੁਤਾਬਕ ਦੁੱਧ ਲੋੜੀਂਦੀ ਮਾਤਰਾ ਵਿੱਚ ਦਿੱਤਾ ਜਾ ਸਕੇਗਾ। ਜੇਕਰ ਕੱਟੜੂ/ਵੱਛੜੂ ਮਰ ਜਾਂਦਾ ਹੈ ਤਾਂ ਵੀ ਪਸ਼ੂ ਦਾ ਦੁੱਧ ਚੋਣ ਵਿੱਚ ਵੀ ਕੋਈ ਔਕੜ ਨਹੀਂ ਆਵੇਗੀ ਅਤੇ ਕੱਟੀਆਂ/ਵੱਛੀਆਂ ਨੂੰ ਛੋਟੀ ਉਮਰ ਵਿੱਚ ਵੇਚਿਆ ਜਾ ਸਕਦਾ ਹੈ ਅਤੇ ਇੰਝ ਇਸਦੇ ਪਾਲਣ ਪੋਸ਼ਣ ਵਿੱਚ ਘੱਟ ਖਰਚ ਆਵੇਗਾ।
7. ਨੰਬਰ ਲਾਉਣੇ
ਕੱਟੜੂ/ਵੱਛੜੂ ਦੀ ਪੂਰੀ ਹਿਸਟਰੀ ਅਤੇ ਰਿਕਾਰਡ ਰੱਖਣ ਲਈ ਟੈਟੂਇੰਗ ਮਸ਼ੀਨ ਜਾਂ ਨਾ ਮਿਟਣ ਵਾਲੀ ਕਾਲੀ ਸਿਆਹੀ ਨਾਲ ਨੰਬਰ ਲਗਾ ਦੇਣੇ ਚਾਹੀਦੇ ਹਨ ਜਾਂ ਕੰਨ ਵਿੱਚ ਟੈਗ ਲਗਾ ਦੇਣੇ ਚਾਹੀਦੇ ਹਨ ਤਾਂ ਜੋ ਬੱਚੇ ਦੀ ਸਹੀ ਪਛਾਣ ਹੋ ਸਕੇ। ਇਸ ਤਰ੍ਹਾਂ ਕਰਨ ਨਾਲ ਬੱਚੇ ਦੇ ਲਾਏ ਜਾ ਚੁੱਕੇ ਟੀਕੇ ਅਤੇ ਬਿਮਾਰੀ ਆਦਿ ਦਾ ਰਿਕਾਰਡ ਰੱਖਿਆ ਜਾ ਸਕਦਾ ਹੈ ਅਤੇ ਬੀਮਾ ਕਰਵਾਉਣ ਵਿੱਚ ਵੀ ਇਸਦੀ ਜ਼ਰੂਰਤ ਪੈਂਦੀ ਹੈ। ਇੰਝ ਕਰਨਾ ਪਸ਼ੂਆਂ ਦੇ ਦੁੱਧ ਦਾ ਹਿਸਾਬ-ਕਿਤਾਬ, ਭਾਰ ਵਿੱਚ ਵਾਧੇ ਅਤੇ ਖੁਰਾਕ ਦਾ ਹਿਸਾਬ-ਕਿਤਾਬ ਅਤੇ ਵੰਸ਼ਾਵਲੀ, ਟ੍ਰਾਸਪੋਰਟ ਆਦਿ ਵਾਸਤੇ ਅਤੀ ਜ਼ਰੂਰੀ ਹੈ।
ਇਹ ਵੀ ਪੜ੍ਹੋ: ਡੇਅਰੀ ਫਾਰਮ ਰੋਜ਼ੀ-ਰੋਟੀ ਦਾ ਚੰਗਾ ਵਸੀਲਾ, ਸ਼ੈੱਡ ਬਨਾਉਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
8. ਸਿੰਗ ਦਾਗਣੇ
ਕਈ ਡੇਅਰੀ ਕਿਸਾਨ ਪਸ਼ੂ ਦੇ ਸਿੰਗਾਂ ਨੂੰ ਪਸ਼ੂ ਦਾ ਸ਼ਿੰਗਾਰ ਗਿਣਦੇ ਹਨ। ਪਸ਼ੂਆਂ ਨੂੰ ਸਿੰਗਾਂ ਦਾ ਕੋਈ ਫਾਇਦਾ ਨਹੀ। ਸਿੰਗਾਂ ਵਾਲੇ ਪਸ਼ੂ ਇੱਕ ਦੂਜੇ ਨਾਲ ਭਿੜ ਪੈਂਦੇ ਹਨ। ਦੂਜੇ ਪਸ਼ੂਆਂ ਨੂੰ ਜਾਂ ਕਾਮਿਆਂ ਨੂੰ ਜ਼ਖਮੀ ਕਰ ਸਕਦੇ ਹਨ, ਢਾਰਿਆਂ ਦੀਆਂ ਦੀਵਾਰਾਂ, ਖੁਰਲੀਆਂ ਦਰਵਾਜ਼ੇ ਤੋੜ ਦਿੰਦੇ ਹਨ ਅਤੇ ਦਰਖਤਾਂ ਦਾ ਨਾਸ਼ ਮਾਰ ਦਿੰਦੇ ਹਨ। ਕਈ ਪਸ਼ੂਆਂ ਨੂੰ ਸਿੰਗਾਂ ਦਾ ਕੈਂਸਰ ਹੋ ਜਾਂਦਾ ਹੈ ਪਰੰਤੂ ਘੋਨੇ ਪਸ਼ੂ ਨੂੰ ਇਸਦਾ ਕੋਈ ਅਸਰ ਨਹੀ ਪੈਂਦਾ। ਘੋਨਾ ਪਸ਼ੂ ਸੋਹਣਾ ਅਤੇ ਸੀਲ ਸੁਭਾਅ ਦਾ ਹੁੰਦਾ ਹੈ। ਭੈੜੇ ਸਿੰਗਾਂ ਵਾਲੇ ਪਸ਼ੂ ਦੀ ਕੀਮਤ ਤੇ ਮਾੜਾ ਅਸਰ ਪੈਂਦਾ ਹੈ, ਭਾਵੇਂ ਕਿ ਉਹ ਦੁੱਧ ਜ਼ਿਆਦਾ ਦਿੰਦਾ ਹੋਵੇ।
ਘੋਨੇ ਪਸ਼ੂ ਖੁੱਲ੍ਹੇ ਛੱਡੇ ਜਾ ਸਕਦੇ ਹਨ। ਇਕ ਦੂਸਰੇ ਦੇ ਹਵਾਨੇ ਵਿੱਚ ਸਿੰਗ ਨਹੀ ਮਾਰ ਸਕਦੇ। ਜਦੋਂ ਕੱਟੜੂ 7 ਤੋ 10 ਦਿਨਾਂ ਦਾ ਅਤੇ ਵੱਛੜੂ 15 ਤੋਂ 20 ਦਿਨਾਂ ਦੀ ਉਮਰ ਦਾ ਹੋਵੇ ਤਾਂ ਇਹਨਾਂ ਦੇ ਸਿੰਗਾਂ ਦੇ ਬਟਨ ਨਜ਼ਰ ਆਉਣ ਲੱਗ ਪੈਣ ਤਾਂ ਇਹਨਾਂ ਨੂੰ ਦਾਗਣਾ ਯੋਗ ਹੈ ਕਿਉਂਕਿ ਇਸ ਸਟੇਜ ਤੇ ਦਰਦ ਬਹੁਤ ਘੱਟ ਹੁੰਦਾ ਹੈ ਅਤੇ ਚੰਗੀ ਤਰ੍ਹਾਂ ਇਹਨਾਂ ਬਟਨਾਂ ਨੂੰ ਖਤਮ ਕਰਨ ਤੇ ਦੁਬਾਰਾ ਨਹੀ ਉੱਗਦੇ। ਸਿੰਗ ਦਾਗਣ ਦੀ ਭੌਤਿਕ ਵਿਧੀ ਵਿੱਚ ਸਿੰਗ ਦਾਗਣੀ ਨੂੰ ਸੂਹਾ ਲਾਲ ਕਰਕੇ ਬੱਚੇ ਦੇ ਸਿੰਗਾਂ ਦੇ ਬਟਨਾਂ ਤੇ ਰੱਖ ਕੇ ਪੂਰੀ ਤਰ੍ਹਾਂ ਸਾੜ ਦਿੱਤਾ ਜਾਂਦਾ ਹੈ। ਫਿਰ ਕੋਈ ਕਿਰਮ ਨਾਸ਼ਕ ਮਲ੍ਹਮ ਜਾ ਐਂਟੀ ਸੈਪਟਿਕ ਕਰੀਮ ਜਿਵੇਂ ਕਿ ਲੋਰੈਕਸੀਨ 2-3 ਦਿਨ ਲਗਾਉ। ਜ਼ਖਮ ਨੂੰ ਮੱਖੀਆਂ, ਪਾਣੀ ਅਤੇ ਰਗੜ ਤੋਂ ਬਚਾਉ।
ਬਿਜਲੀ ਨਾਲ ਦਾਗਣ ਦੀ ਵਿਧੀ ਵਿੱਚ ਇਲੈਕਟ੍ਰਿਕ ਡੀਹਾਰਨਰ ਨੂੰ 400 ਤੋਂ 450 ਡਿਗਰੀ ਸੈਂਟੀਗਰੇਡ ਤੱਕ ਬਿਜਲੀ ਨਾਲ ਗਰਮ ਕਰਕੇ ਇਸਦਾ ਗਰਮ ਪਾਸਾ ਸਿੰਗ ਦੀ ਗੁੰਮੀ ਤੇ 10 ਤੋਂ 15 ਸੈਕਿੰਡ ਤੱਕ ਰੱਖਿਆ ਜਾਂਦਾ ਹੈ। ਰਸਾਇਣਿਕ ਵਿਧੀ ਵਿੱਚ ਕੱਟੜੂ/ਵੱਛੜੂ ਦੇ ਸਿੰਗਾਂ ਦੇ ਆਲੇ-ਦੁਆਲੇ ਦੇ ਵਾਲ ਕੱਟ ਕੇ ਵੈਸਲੀਨ ਲਾਈ ਜਾਂਦੀ ਹੈ। ਕਾਸਟਿਕ ਦੀ ਬੱਤੀ ਨੂੰ ਕਾਗਜ਼ ਨਾਲ ਫੜਕੇ ਸਿੰਗਾਂ ਦੀਆਂ ਗੁੰਮੀਆਂ ਦੁਆਲੇ ਚੰਗੀ ਤਰ੍ਹਾਂ ਘੁਮਾਓ। ਇਹ ਗੁੰਮੀ ਨਰਮ ਹੋ ਕੇ ਖਤਮ ਹੋ ਜਾਵੇਗੀ। ਧਿਆਨ ਦਿੱਤਾ ਜਾਵੇ ਕਿ ਕੋਈ ਛਿਲਤਰ ਜਾਂ ਕੋਨਾ ਰਹਿ ਨਾ ਜਾਵੇ ਜਿਸ ਤੋਂ ਸਿੰਗ ਦੁਬਾਰਾ ਫੁੱਟ ਪੈਣ। ਗਲੀ ਹੋਈ ਥਾਂ ਤੇ ਫਿਰ ਵੈਸਲੀਨ ਲਗਾ ਦਿਓ ਤੇ ਪੱਟੀ ਬੰਨ੍ਹ ਦਿਓ। ਬੱਚੇ ਨੂੰ ਮੀਂਹ, ਪਾਣੀ ਤੇ ਹੋਰਾਂ ਪਸ਼ੂਆਂ ਤੋਂ ਬਚਾ ਕੇ ਰੱਖੋ। ਪਸ਼ੂ ਨੂੰ ਘੋਨੇ ਕਰਨ ਲਈ ਗਰਮ ਲੋਹੇ ਦੀ ਦਾਗਣੀ ਵਿਧੀ ਸਭ ਤੋਂ ਵਧੀਆ ਅਤੇ ਸੌਖੀ ਹੈ।
ਇਹ ਵੀ ਪੜ੍ਹੋ: ਬੇਰੋਜ਼ਗਾਰ ਨੌਜਵਾਨਾਂ ਲਈ ਡੇਅਰੀ ਫਾਰਮਿੰਗ ਲਾਹੇਵੰਦ ਕਿੱਤਾ, ਜਾਣੋ ਕਾਰੋਬਾਰ ਸ਼ੁਰੂ ਕਰਨ ਲਈ ਲੋੜੀਂਦੀ ਯੋਜਨਾ
9. ਮਲੱਪਾਂ ਤੋਂ ਬਚਾਓ
ਕਈ ਵਾਰ ਕੱਟੜੂ/ਵੱਛੜੂ ਨੂੰ ਚੰਗੀ ਖੁਰਾਕ ਦੇ ਬਾਵਜੂਦ ਬੱਚੇ ਕਾਫੀ ਕਮਜ਼ੋਰ ਹੁੰਦੇ ਹਨ। ਇਸਦਾ ਮੂਲ ਕਾਰਨ ਹੈ ਬੱਚੇ ਦੇ ਪੇਟ ਵਿੱਚ ਕਈ ਕਿਸਮ ਦੇ ਕੀੜੇ ਅਤੇ ਕਿਰਮ ਹੁੰਦੇ ਹਨ। ਮਲੱਪ ਕੱਢਣ ਲਈ ਦਵਾਈ ਇੱਕ ਕਿੱਲੋ ਵਜ਼ਨ ਪਿੱਛੇ ਅੱਧਾ ਮਿਲੀਲਿਟਰ ਦਿਉ। ਜੇਕਰ ਵਜ਼ਨ 30 ਕਿੱਲੋ ਹੋਵੇ ਤਾਂ 15 ਮਿਲੀਲਿਟਰ ਦਵਾਈ ਪਾਣੀ ਜਾਂ ਹੋਰ ਕਿਸੇ ਤਰਲ ਪਦਾਰਥ ਵਿੱਚ ਮਿਲਾ ਕੇ ਦਿਓ ਅਤੇ ਬਾਅਦ ਵਿੱਚ ਹਫਤੇ ਦੇ ਵਕਫੇ ਨਾਲ ਦੋ ਵਾਰ ਫਿਰ ਦਿਉ। ਮਲ੍ਹੱਪਾਂ ਤੋਂ ਛੁਟਕਾਰੇ ਲਈ ਪਿਪਰਾਜੀਨ ਐਡੀਪੇਟ ਵੀ ਵਰਤੀ ਜਾ ਸਕਦੀ ਹੈ।
10. ਚਿੱਚੜਾਂ ਅਤੇ ਜੂੰਆਂ ਤੋਂ ਬਚਾਓ
ਚਿੱਚੜਾਂ ਤੇ ਜੂੰਆਂ ਪਸ਼ੂਆਂ ਦਾ ਖੂਨ ਚੂਸਣ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲਗਾ ਦਿੰਦੇ ਹਨ। ਜ਼ਿਆਦਾ ਚਿੱਚੜਾਂ ਕਾਰਨ ਕਈ ਵਾਰ ਪਸ਼ੂ ਨੂੰ ਬਹੁਤ ਸਖਤ ਬੁਖਾਰ ਹੋ ਜਾਂਦਾ ਹੈ। ਇਹ ਬੱਚੇ ਦੇ ਸਰੀਰਕ ਵਿਕਾਸ ਵਿੱਚ ਰੋਕ ਪਾਉਣ ਤੋਂ ਇਲਾਵਾ ਕਈ ਕਿਸਮ ਦੀਆਂ ਬਿਮਾਰੀਆਂ ਪੈਦਾ ਕਰਦੇ ਹਨ ਜਿਵੇਂ ਥਲੇਰੀਆ ਅਤੇ ਲਹੂ ਦਾ ਨਾ ਬਣਨਾ ਅਤੇ ਅਖੀਰ ਵਿੱਚ ਪਸ਼ੂ ਦੀ ਮੌਤ ਵੀ ਹੋ ਸਕਦੀ ਹੈ। ਚਿੱਚੜਾਂ ਨੂੰ ਮਾਰਨ ਲਈ ਮੈਲਾਥੀਨ 0.2 ਤੋਂ 0.5 ਪ੍ਰਤੀਸ਼ਤ ਘੋਲ ਵੀ ਅਸਰਦਾਇਕ ਹੁੰਦਾ ਹੈ।
ਵਰਤਣ ਸਮੇਂ ਇਹ ਧਿਆਨ ਰੱਖੋ ਕਿ ਬੱਚਾ ਦਵਾਈ ਨਾ ਚੱਟੇ ਇਸਦੇ ਮੂੰਹ ਤੇ ਛਿੱਕਲੀ ਲਾਕੇ ਦਵਾਈ ਲਾਓ। ਅੱਖ, ਮੂੰਹ, ਕੰਨ, ਨੱਕ ਤੇ ਦਵਾਈ ਨਹੀਂ ਲੱਗਣੀ ਚਾਹੀਦੀ। ਇਸਦੀ ਵਰਤੋਂ ਵਾਲਾ ਦਿਨ ਧੁੱਪ ਵਾਲਾ ਅਤੇ ਘੱਟ ਹਵਾ ਵਾਲਾ ਹੋਵੇ। ਪਸ਼ੂ ਦੇ ਲੇਵੇ ਦੇ ਆਸ-ਪਾਸ ਅਤੇ ਧੌਣ ਤੇ ਚੰਗੀ ਤਰ੍ਹਾਂ ਦਵਾਈ ਲਾਓ। ਪਸ਼ੂ ਢਾਰੇ ਦੀ ਪੂਰੀ ਤਰ੍ਹਾਂ ਸਫਾਈ ਰੱਖੋ। ਇਸਨੂੰ ਖੁੱਲ੍ਹੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ 10 ਪ੍ਰਤੀਸ਼ਤ ਫਿਨਾਇਲ ਦਾ ਘੋਲ ਪਹਿਲਾਂ ਰੋਜ਼ਾਨਾ ਅਤੇ ਫਿਰ ਇੱਕ ਦੋ ਹਫਤੇ ਮਗਰੋਂ ਛਿੜਕੋ। ਤਰੇੜਾਂ ਆਦਿ ਵਿੱਚ ਘੋਲ ਚੰਗੀ ਤਰ੍ਹਾਂ ਛਿੜਕੋ। ਪਸ਼ੂ ਨਾਲੋਂ ਚਿੱਚੜ ਤੋੜ ਕੇ ਗੋਹੇ ਵਗੈਰਾ ਵਿੱਚ ਨਾ ਦੱਬੋ। ਕਿਉਕਿ ਇੰਝ ਕਰਨ ਨਾਲ ਇਹ ਮਰਦੇ ਨਹੀਂ।
11. ਬਿਮਾਰੀਆਂ ਤੋਂ ਬਚਾਓ
ਮੋਕ, ਗੋਡਿਆਂ ਜਾਂ ਜੋੜਾਂ ਦੀ ਸੋਜਿਸ਼, ਨਾੜੂਏ ਦੀ ਸੋਜਿਸ਼, ਨਮੂਨੀਆ ਆਦਿ ਬਿਮਾਰੀਆਂ ਕੱਟੜੂ/ਵੱਛੜੂ ਨੂੰ ਸਹਿਜੇ ਹੀ ਲੱਗ ਜਾਂਦੀਆਂ ਹਨ। ਮੋਕ ਦਾ ਕਾਰਨ ਕੱਟੜੂ/ਵੱਛੜੂ ਨੂੰ ਜ਼ਿਆਦਾ ਦੁੱਧ ਪਿਲਾਉਣ ਨਾਲ, ਖਰਾਬ ਖੁਰਾਕ ਨਾਲ, ਗੰਦੇ ਬਰਤਨ ਨਾਲ ਦੁੱਧ ਪਿਲਾਉਣ ਨਾਲ, ਵੇਲੇ-ਕੁਵੇਲੇ ਖੁਰਾਕ ਦੇਣਾ ਹੋ ਸਕਦਾ ਹੈ। ਰੋਕਥਾਮ ਲਈ ਬੱਚੇ ਨੂੰ ਸਾਫ ਸੁਥਰੀ ਜਗ੍ਹਾ 'ਤੇ ਬੰਨ੍ਹੋ। ਤਾਜ਼ਾ ਪਾਣੀ ਪਿਲਾਉ। ਬੀਮਾਰ ਬੱਚਿਆਂ ਨੂੰ ਦੂਸਰੇ ਬੱਚਿਆਂ ਤੋਂ ਦੂਰ ਰੱਖੋ।
12. ਕੱਟੜੂ/ਵੱਛੜੂ ਦੇ ਸ਼ੈੱਡ
ਤਕਰੀਬਨ 4 ਮਹੀਨੇ ਤੱਕ ਕੱਟੜੂਆਂ/ਵੱਛੜੂਆਂ ਨੂੰ ਅਲੱਗ ਰੱਖੋ ਤਾਂ ਜੋ ਉਹਨਾਂ ਦੀ ਠੀਕ ਤਰੀਕੇ ਨਾਲ ਚੰਗੀ ਖੁਰਾਕ,ਚੰਗੇ ਤਰੀਕੇ ਨਾਲ ਦੇਖਭਾਲ ਅਤੇ ਇਕ ਦੁਸਰੇ ਦੀਆਂ ਧੁੰਨੀਆਂ ਚੱਟਣ ਤੋਂ ਬਚਾਓ ਹੋ ਸਕੇ। ਬੱਚੇ ਨੂੰ 6 ਫੁੱਟ X 4 ਫੁੱਟ ਦਾ ਬਾੜਾ ਬਣਾ ਕੇ ਰੱਖੋ, ਫਰਸ਼ ਪੱਕਾ ਹੋਵੇ ਅਤੇ ਸਫਾਈ ਸੌਖੀ ਤਰ੍ਹਾਂ ਹੋ ਸਕੇ। 2 ਪ੍ਰਤੀਸ਼ਤ ਨੀਲੇ ਥੋਥੇ ਦੇ ਘੋਲ ਜਾਂ 5 ਪ੍ਰਤੀਸ਼ਤ ਫੀਨਾਇਲ ਦੇ ਘੋਲ ਨਾਲ ਕਦੇ-ਕਦੇ ਛਿੜਕਾਓ ਕਰਨਾ ਵੀ ਜ਼ਰੂਰੀ ਹੈ।
Summary in English: Healthy calves are the foundation of a profitable dairy farm, Take care like this